ਪੰਜਾਬ ਦੀ ਕਿਸਮਤ ਬਦਲਣ ਲਈ ਇੱਕ ਵਾਰ ਝਾੜੂ ਦਾ ਬਟਨ ਦਬਾਓ: ਅਨਮੋਲ ਗਗਨ ਮਾਨ
ਅਨਮੋਲ ਗਗਨ ਮਾਨ ਨੇ ਕੁਰਾਲੀ ਵਿਖੇ ਕੀਤਾ ਡੋਰ-ਟੂ-ਡੋਰ ਪ੍ਰਚਾਰ
…ਪੰਜਾਬ ਦੀ ਕਿਸਮਤ ਬਦਲਣ ਲਈ ਇੱਕ ਵਾਰ ਝਾੜੂ ਦਾ ਬਟਨ ਦਬਾਓ: ਅਨਮੋਲ ਗਗਨ ਮਾਨ
ਕੁਰਾਲੀ, 14 ਜਨਵਰੀ 2022 (ਪੰਜਾਬੀ ਅਖ਼ਬਾਰ ਬਿਊਰੋ) ਆਮ ਆਦਮੀ ਪਾਰਟੀ ਪੰਜਾਬ ਦੀ ਖਰੜ ਹਲਕੇ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਕੁਰਾਲੀ ਵਿਖੇ ਡੋਰ-ਟੂ-ਡੋਰ ਪ੍ਰਚਾਰ ਨੂੰ ਜਾਰੀ ਰੱਖਦਿਆਂ ਹਲਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਪੰਜਾਬ ਦੀ ਕਿਸਮਤ ਬਦਲਣ ਲਈ ਵਸਨੀਕਾਂ ਨੂੰ ਸਿਰਫ ਇੱਕ ਵਾਰ ਝਾੜੂ ਦਾ ਬਟਨ ਦਬਾਕੇ ਸਕਰਾਤਮਕ ਬਦਲਾਅ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਲਾਂ ਬੱਧੀ ਚਲਦੀ ਮਾੜੀ ਰਾਜਨੀਤੀ ਦਾ ਅੰਤ ਕਰਦੇ ਹੋਏ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ਤੇ ਲਿਜਾਵੇਗੀ।
ਸ਼ੁੱਕਰਵਾਰ ਨੂੰ ਕੁਰਾਲੀ ਵਿਖੇ ਡੋਰ-ਟੂ-ਡੋਰ ਪ੍ਰਚਾਰ ਦੌਰਾਨ ਮਾਨ ਨੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਚੰਡੀਗੜ੍ਹ ਵਰਗੇ ਵਿਕਸਿਤ ਸ਼ਹਿਰ ਦੇ ਨੇੜੇ ਹੋਣ ਦੇ ਬਾਵਜੂਦ ਵੀ ਖਰੜ ਹਲਕੇ ਦੇ ਲੋਕ ਮੁਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ। ਪਿਛਲੀਆਂ ਸਰਕਾਰਾਂ ਵੱਲੋਂ ਕੰਮ ਦੇ ਨਾਂ ‘ਤੇ ਵੋਟਾਂ ਲੈਕੇ ਸਰਕਾਰ ਬਣਾਉਣ ਪਿੱਛੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੂਰੀ ਤਰਾਂ ਅੱਖੋਂ ਪਰੋਖੇ ਕਰ ਦਿੱਤਾ ਗਿਆ। ਜਿੱਥੇ ਇੱਕ ਪਾਸੇ ਸਿਹਤ ਅਤੇ ਸਿੱਖਿਆ ਦੇ ਪ੍ਰਬੰਧਾਂ ਦੀ ਫੂਕ ਨਿਕਲ ਚੁੱਕੀ ਹੈ ਉੱਥੇ ਹੀ ਇਲਾਕੇ ਦੇ ਨੌਜਵਾਨਾਂ ਦੀ ਜ਼ਿੰਦਗੀ ਸਰਕਾਰ ਦੀ ਨਲਾਇਕੀ ਕਾਰਨ ਬੇਰੋਜ਼ਗਾਰੀ ਦੀ ਮਾਰ ਝੱਲਣ ਲਈ ਮਜਬੂਰ ਹਨ। ਵੱਖ ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਆਪਣਿਆਂ ਹੱਕਾਂ ਲਈ ਲਾਏ ਜਾਂਦੇ ਧਰਨਿਆਂ ਦਾ ਸਰਕਾਰ ਉੱਤੇ ਕੋਈ ਅਸਰ ਨਹੀਂ ਹੋਇਆ। ਇਹੋ ਜਿਹੇ ਹਲਾਤਾਂ ਵਿੱਚ ਆਮ ਆਦਮੀ ਪਾਰਟੀ ਦੇ ਰੂਪ ‘ਚ ਇੱਕ ਸਮਰੱਥ ਸਰਕਾਰ ਆਉਣ ‘ਤੇ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਨਸੀਬ ਹੋਵੇਗਾ।
ਮਾਨ ਨੇ ਇਲਾਕਾ ਨਿਵਾਸੀਆਂ ਦੀ ਹਰ ਮੁਸ਼ਕਿਲ ਦਾ ਹੱਲ ਕੱਢਣ ਦਾ ਪ੍ਰਣ ਲੈਂਦਿਆਂ ਕਿਹਾ ਕੇ ਉਨ੍ਹਾਂ ਨੇ ਆਮ ਲੋਕਾਂ ਦੀ ਭਲਾਈ ਹਿਤ ਕੰਮ ਕਰਨ ਲਈ ਹੀ ਰਾਜਨੀਤੀ ਦਾ ਪੱਲਾ ਫੜਿਆ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੇ ਲੋਕਾਂ ਨੂੰ ਹਰ ਸੁੱਖ ਸੁਵਿਧਾ ਦਵਾਉਣੀ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੋਵੇਗੀ। ਜ਼ਿਕਰਯੋਗ ਹੈ ਕਿ ਮਾਨ ਵੱਲੋਂ ਬੀਤੇ ਕੁਝ ਸਮੇਂ ਤੋਂ ਲਗਾਤਾਰ ਹਲਕੇ ‘ਚ ਪੈਂਦੇ ਪਿੰਡਾਂ ‘ਤੇ ਵਾਰਡਾਂ ‘ਚ ਡੋਰ-ਟੂ-ਡੋਰ ਪ੍ਰਚਾਰ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਲੋਕਾਂ ‘ਚ ਵੀ ਮਾਨ ਪ੍ਰਤੀ ਕਾਫੀ ਉਤਸ਼ਾਹ ਅਤੇ ਸਮਰਥਨ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।