ਗੁਰਪ੍ਰੀਤ ਸਿੰਘ ਤੂਰ ਆਈ ਪੀ ਐਸ 98158-00405
ਪਰਵਾਸ ਨੂੰ ਕੁਦਰਤੀ ਵਰਤਾਰਾ ਆਖਿਆ ਗਿਆ ਹੈ। ਜਦੋਂ ਮਨੁੱਖ ਰੁਜ਼ਗਾਰ ਦੇ ਚੰਗੇ ਮੌਕਿਆਂ ਤੇ ਜੀਵਨ ਜਿਊਣ ਦੀਆਂ ਬਿਹਤਰ ਹਾਲਤਾਂ ਦੀ ਭਾਲ ‘ਚ ਆਪਣਾ ਮੂਲ ਸਥਾਨ ਛੱਡ ਕੇ ਦੇਸ਼ ਵਿਚ ਇਕ ਥਾਂ ਤੋਂ ਦੂਜੀ ਥਾਂ ਜਾਂ ਇਕ ਦੇਸ਼ ਤੋਂ ਦੂਜੇ ਦੇਸ਼ ਜਾ ਵਸਦੇ ਹਨ, ਪਰਵਾਸ ਕਹਾਉਂਦਾ ਹੈ। ਸਦੀਆਂ ਤੋਂ ਪ੍ਰਚੱਲਿਤ ਪਰਵਾਸ ਨੂੰ ਸੁਭਾਵਿਕ ਵਰਤਾਰਾ ਮੰਨਿਆ ਗਿਆ ਹੈ।
ਪੰਜਾਬ ‘ਚੋਂ ਪਰਵਾਸ ਦੀਆਂ ਪੈੜਾਂ ਪਿਛਲੀ ਸਦੀ ਦੇ ਸ਼ੁਰੂ ‘ਚ ਵੇਖੀਆਂ ਜਾ ਸਕਦੀਆਂ ਹਨ। ਗ਼ਦਰੀ ਬਾਬਿਆਂ ਤੇ ਸਿੱਖ ਫ਼ੌਜੀਆਂ ਨੇ ਪਰਵਾਸ ਦੀ ਪੰਜਾਬੀਆਂ ਨਾਲ ਜਾਣ-ਪਛਾਣ ਕਰਵਾਈ। ਕਲਕੱਤਾ ਬੰਦਰਗਾਹ ਅੱਜ ਤੱਕ ਪੰਜਾਬੀਆਂ ਦੇ ਚੇਤਿਆਂ ‘ਚ ਖੁਣੀ ਹੋਈ ਹੈ। ਕਮਾਈ ਕਰਨ ਗਏ ਇਹ ਲੋਕ ਮਹੀਨਿਆਂ ਬਾਅਦ ਹੀ ਪਰਿਵਾਰ ਲਈ ਪੈਸੇ ਭੇਜਣ ਲੱਗ ਜਾਂਦੇ ਸਨ। ਇਵੇਂ ਲੋਕ ਘਰਾਂ ਨੂੰ ਰੰਗ ਕਰਾ ਲੈਂਦੇ, ਸਾਈਕਲ-ਸਕੂਟਰ ਖਰੀਦ ਲੈਂਦੇ, ਕੋਈ ਕਮਰਾ ਛੱਤ ਲੈਂਦੇ ਅਤੇ ਕਈ ਨਵੇਂ ਘਰ ਵੀ ਬਣਾ ਲੈਂਦੇ ਸਨ। ਇਵੇਂ ਵਿਦੇਸ਼ਾਂ ਤੋਂ ਆਏ ਪੈਸੇ ਨੇ ਪੰਜਾਬੀ ਜੀਵਨ ਨੂੰ ਖੁਸ਼ੀਆਂ ਤੇ ਖੁਸ਼ਹਾਲੀ ਪ੍ਰਦਾਨ ਕੀਤੀ। ਕਈ ਘਰ ਅਜਿਹੀ ਆਰਥਿਕ ਮਦਦ ਨਾਲ ਜ਼ਮੀਨ ਵੀ ਖਰੀਦ ਲੈਂਦੇ ਅਤੇ ਕਈ ਰੌਣਕ ਮੇਲੇ ਵਾਲਾ ਵਿਆਹ ਕਰ ਲੈਂਦੇ। ਪਿੰਡਾਂ ‘ਚ ਅੱਜ ਵੀ ਕਈ ਘਰ ਵੇਖੇ ਜਾ ਸਕਦੇ ਹਨ, ਜਿਨ੍ਹਾਂ ਉਪਰ ‘ਬਰਮਾ ਵਾਲੇ’, ‘ਮਲਾਇਆ ਵਾਲੇ’ ਲਿਖਿਆ ਮਿਲਦਾ ਹੈ। ‘ਕੈਨੇਡਾ ਤੇ ਅਮਰੀਕਾ ਵਾਲੇ’ ਇਹ ਨਾਂਅ ਕਈ ਪਰਿਵਾਰਾਂ ਦੀ ਪਹਿਚਾਣ ਬਣੇ ਹੋਏ ਹਨ। ਕਈ ਪਰਿਵਾਰਾਂ ਦਾ ਇਕ ਭਰਾ ਇੱਧਰ ਕੰਮ ‘ਚ ਰੁੱਝ ਗਿਆ ਤੇ ਇਕ ਵਿਦੇਸ਼ ਚਲਾ ਗਿਆ। ਇਵੇਂ ਪਰਿਵਾਰ ਦੇ ਇਸ ਰੂਪ ਨੇ ਪਿੰਡਾਂ ਨੂੰ ਸੋਹਣੇ ਰੰਗਾਂ ‘ਚ ਰੰਗਿਆ। ਕਈ ਵਿਅਕਤੀ ਵਿਦੇਸ਼ਾਂ ‘ਚ ਅੱਠ-ਦਸ ਸਾਲ ਕਮਾਈ ਕਰਕੇ ਵਾਪਸ ਵੀ ਮੁੜ ਆਉਂਦੇ ਸਨ। ਪਰ ਪਰਵਾਸ ਦੀ ਕਤਾਰ, ਡਾਰ ਕਿਵੇਂ ਤੇ ਕਦੋਂ ਬਣੀ ਇਹ ਅੱਜ ਵਿਚਾਰਨ ਦਾ ਵਿਸ਼ਾ ਹੈ?
1990 ਤੱਕ ਪ੍ਰਾਂਤ ਪ੍ਰਤੀ ਵਿਅਕਤੀ ਆਮਦਨੀ ਦੇ ਆਧਾਰ ‘ਤੇ ਸਿਖਰ ‘ਤੇ ਰਿਹਾ। ਲੇਕਿਨ ਉਸ ਤੋਂ ਬਾਅਦ ਨਿਘਾਰ ਸ਼ੁਰੂ ਹੋਇਆ। ਹਾਕਮਾਂ ਨੇ ਆਪਣੀਆਂ ਕੁਰਸੀਆਂ ਬਰਕਰਾਰ ਰੱਖਣ ਲਈ ਪਹਿਲਾਂ ਖੇਤੀ ਸੈਕਟਰ ਲਈ ਬਿਜਲੀ ਮੁਫ਼ਤ ਕਰ ਦਿੱਤੀ, ਫਿਰ ਚੋਣਵੇਂ ਉਦਯੋਗਿਕ ਸੈਕਟਰ ਲਈ ਬਿਜਲੀ ਸਬਸਿਡੀ ਲਾਗੂ ਹੋਈ। ਅਜਿਹੀਆਂ ਨੀਤੀਆਂ ਕਾਰਨ ਪ੍ਰਾਂਤ ‘ਤੇ ਕਰਜ਼ੇ ਦੇ ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਵਿਆਜ ਮੋੜਨ ਲਈ ਵੀ ਵਿਆਜ ‘ਤੇ ਪੈਸੇ ਚੁੱਕਣੇ ਪੈ ਰਹੇ ਹਨ। ਹੁਣ ਸਾਲਾਨਾ ਬਜਟ ਦਾ ਲਗਭਗ ਤਿਮਾਹੀ ਹਿੱਸਾ ਕਰਜ਼ਾ ਮੋੜਨ ਲਈ ਖਰਚਿਆ ਜਾ ਰਿਹਾ ਹੈ, ਲਗਭਗ ਅੱਧਾ ਹਿੱਸਾ ਪੱਕੇ ਖਰਚਿਆਂ ‘ਤੇ ਖਰਚ ਹੁੰਦਾ ਹੈ। ਇਵੇਂ ਬਹੁਤ ਥੋੜ੍ਹੀ ਰਕਮ ਵਿੱਦਿਆ, ਸਿਹਤ, ਰੈਗੂਲਰ ਨੌਕਰੀਆਂ ਤੇ ਵਿਕਾਸ ਦੇ ਕੰਮਾਂ ਲਈ ਬਾਕੀ ਬਚਦੀ ਹੈ। 1990 ਤੱਕ ਵਿੱਦਿਆ ਅਤੇ ਸਿਹਤ ‘ਤੇ ਸਾਲਾਨਾ ਬਜਟ ਦਾ ਕ੍ਰਮਵਾਰ 22 ਤੇ 12 ਪ੍ਰਤੀਸ਼ਤ ਖਰਚਿਆ ਜਾਂਦਾ ਸੀ, ਜੋ 2022-23 ਦੇ ਬਜਟ ‘ਚ ਘਟ ਕੇ ਕ੍ਰਮਵਾਰ 13 ਤੇ 5 ਪ੍ਰਤੀਸ਼ਤ ਰਹਿ ਗਿਆ ਹੈ।
ਸਰਹੱਦੀ ਤੇ ਸੀਮਾਬੱਧ ਪ੍ਰਾਂਤ ਹੋਣ ਕਰਕੇ ਪ੍ਰਾਂਤ ‘ਚ ਉਦਯੋਗ ਦੀਆਂ ਸੰਭਾਵਨਾਵਾਂ ਪਹਿਲਾਂ ਹੀ ਘੱਟ ਸਨ, ਜ਼ਮੀਨ ਦੀ ਵੱਧ ਕੀਮਤ ਤੇ ਕੱਚੇ ਮਾਲ ਦੀ ਥੋੜ ਨੇ ਇਨ੍ਹਾਂ ਸੰਭਾਵਨਾਵਾਂ ਨੂੰ ਹੋਰ ਸੀਮਤ ਕਰ ਦਿੱਤਾ। ਅਜਿਹੀਆਂ ਹਾਲਤਾਂ ‘ਚ ਪੰਜਾਬ ਨੂੰ ਆਈ.ਟੀ. ਸੈਕਟਰ ਦੀ ਵੱਡੀ ਲੋੜ ਸੀ। ਮਾਹਿਰਾਂ ਅਨੁਸਾਰ ‘ਹਵਾਈ ਸੰਪਰਕ, ਤਕਨੀਕੀ ਮਾਨਵੀ ਸਰੋਤ ਅਤੇ ਮਦਦਗਾਰ ਰਾਜਨੀਤਕ ਤੇ ਪ੍ਰਸ਼ਾਸਨਿਕ ਰਵੱਈਆ ਆਈ.ਟੀ. ਸੈਕਟਰ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।’ ਸਾਡੇ ਕੋਲ ਮੁਹਾਲੀ ਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਹੋਣ ਦੇ ਬਾਵਜੂਦ ਵੀ ਅਸੀਂ ਆਈ.ਟੀ. ਸੈਕਟਰ ਵਿਕਸਿਤ ਨਹੀਂ ਕਰ ਸਕੇ। ਭਾਵੇਂ ਕਿ ਪਿਛਲੀ ਸਦੀ ਦੇ ਆਖਰੀ ਦਹਾਕੇ ‘ਚ ਸਾਨੂੰ ਇਹ ਮੌਕਾ ਮਿਲਿਆ ਸੀ, ਜਦੋਂ ਕਿ ਕਈ ਅੰਤਰਰਾਸ਼ਟਰੀ ਕੰਪਨੀਆਂ ਨੇ ਮੁਹਾਲੀ ਵਿਖੇ ਦਫ਼ਤਰ ਵੀ ਖੋਲ੍ਹੇ ਸਨ। ਦੂਜੇ ਪਾਸੇ ਹੈਦਰਾਬਾਦ, ਚੇਨਈ, ਮੁੰਬਈ ਤੇ ਗੁੜਗਾਓਂ ਵਰਗੇ ਸ਼ਹਿਰਾਂ ਨੇ ਇਸੇ ਮੌਕੇ ਦਾ ਭਰਪੂਰ ਲਾਭ ਉਠਾਇਆ। ਨੌਜਵਾਨਾਂ ਲਈ ਰੁਜ਼ਗਾਰ ਪੱਖੋਂ ਇਹ ਇਕ ਵੱਡਾ ਪਛਤਾਵਾ ਹੈ। ਇਸ ਦਾ ਪੰਜਾਬ ‘ਤੇ ਵੱਡਾ ਨਾਂਹਪੱਖੀ ਪ੍ਰਭਾਵ ਪਿਆ।
ਸਰਕਾਰੀ, ਅਰਧ ਸਰਕਾਰੀ ਨੌਕਰੀਆਂ ਤੇ ਆਈ.ਟੀ. ਰੁਜ਼ਗਾਰ ਦਾ ਪਰਦੇ ਤੋਂ ਅਲੋਪ ਹੋ ਜਾਣਾ, ਘੱਟੋ-ਘੱਟ ਨੌਕਰੀਆਂ ਦਾ ਪ੍ਰਬੰਧ ਉਹ ਵੀ ਠੇਕੇ ‘ਤੇ ਹੋਣਾ, ਲੋਕ ਪੱਖੀ ਸਰਕਾਰੀ ਨੀਤੀਆਂ ਦੀ ਅਣਹੋਂਦ ਤੇ ਬੇਪ੍ਰਵਾਹ ਪ੍ਰਸ਼ਾਸਨਿਕ ਰਵੱਈਆ, ਭ੍ਰਿਸ਼ਟਾਚਾਰ ਦਾ ਬੋਲਬਾਲਾ, ਕਾਮਿਆਂ ਨੂੰ ਘੱਟ ਵੇਤਨ ਦਰ ਆਦਿ ਕਾਰਨਾਂ ਕਰਕੇ ਨੌਜਵਾਨ ਹਰ ਹਾਲਤ ‘ਚ ਵਿਦੇਸ਼ ਜਾਣ ਲਈ ਮਜਬੂਰ ਹੋਣ ਲੱਗੇ। ਪ੍ਰਾਂਤ ‘ਚ ਨਸ਼ਿਆਂ ਦੀ ਮਾਰ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੇ ਇਸ ਮਜਬੂਰੀ ਨੂੰ ਗੂੜ੍ਹਾ ਕਰ ਦਿੱਤਾ। ਕਾਲੇ ਧਨ ਨੇ ਬੇਰੁਜ਼ਗਾਰ ਨੌਜਵਾਨਾਂ ਦਾ ਸਾਹ ਘੁੱਟ ਲਿਆ। ਸਾਲ 2015-16 ਦੌਰਾਨ ਵਿਕਸਿਤ ਦੇਸ਼ਾਂ ਖ਼ਾਸ ਤੌਰ ‘ਤੇ ਕੈਨੇਡਾ ਵਲੋਂ ਸਟੱਡੀ ਵੀਜ਼ੇ ਦੀਆਂ ਨਰਮ ਨੀਤੀਆਂ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਮਨਾਂ ‘ਚ ਵਿਦੇਸ਼ ਜਾਣ ਦੀ ਕਾਹਲ ਪਾ ਦਿੱਤੀ। ਇਵੇਂ ਆਇਲੈਟਸ ਪਾਸ ਕਰਵਾਉਣ ਵਾਲੇ ਸੈਂਟਰ ਅਤੇ ਇਮੀਗ੍ਰੇਸ਼ਨ ਕੰਪਨੀਆਂ ਖੁੰਬਾਂ ਵਾਂਗ ਹੋਂਦ ‘ਚ ਆ ਗਈਆਂ।
ਲੁਧਿਆਣਾ ਤੋਂ ਬਠਿੰਡਾ ਜਾਂਦਿਆਂ ਰਾਏਕੋਟ ਸ਼ਹਿਰ ਦੇ ਬਾਈਪਾਸ (1.2 ਕਿ.ਮੀ.) ‘ਤੇ ਖੱਬੇ ਪਾਸੇ 32 ਅਤੇ ਸੱਜੇ ਪਾਸੇ 28 ਆਇਲੈਟਸ ਤੇ ਇਮੀਗ੍ਰੇਸ਼ਨ ਸੈਂਟਰ ਹਨ। ਇਵੇਂ ਮੋਗਾ ਸ਼ਹਿਰ ਵਿਚੋਂ ਲੁਧਿਆਣਾ ਤੋਂ ਫਿਰੋਜ਼ਪੁਰ ਵੱਲ ਨੂੰ ਲੰਘਦਿਆਂ (1.5 ਕਿ.ਮੀ.) ਖੱਬੇ ਤੇ ਸੱਜੇ ਪਾਸੇ ਕ੍ਰਮਵਾਰ 25 ਅਤੇ 32 ਅਜਿਹੇ ਸੈਂਟਰ ਹਨ। ਪੰਜਾਬ ਦੇ ਕਈ ਕਸਬਿਆਂ, ਹਰ ਤਹਿਸੀਲ ਅਤੇ ਜ਼ਿਲ੍ਹਾ ਹੈਡਕੁਆਟਰਾਂ ਦੀਆਂ ਮੁੱਖ ਸੜਕਾਂ ਅਤੇ ਬੱਸ ਅੱਡਿਆਂ ਨੇੜੇ ਅਜਿਹੇ ਸੈਂਟਰਾਂ ਦੀ ਭਰਮਾਰ ਹੈ। ਪ੍ਰਾਂਤ ਦੀਆਂ ਮੁੱਖ ਸੜਕਾਂ ਅਤੇ ਸ਼ਹਿਰਾਂ ‘ਚੋਂ ਲੰਘਦੇ ਹਾਈਵੇਜ਼ ਤੋਂ ਇਨ੍ਹਾਂ ਇਮੀਗ੍ਰੇਸ਼ਨ ਸੈਂਟਰਾਂ ਦੀ ਇਸ਼ਤਿਹਾਰਬਾਜ਼ੀ ਪ੍ਰਤੱਖ ਨਜ਼ਰ ਆਉਂਦੀ ਹੈ। ਵੱਡੀਆਂ-ਵੱਡੀਆਂ ਇਮੀਗ੍ਰੇਸ਼ਨ ਕੰਪਨੀਆਂ ਅਖ਼ਬਾਰਾਂ ‘ਚ ਸਫੇ-ਸਫੇ ਦਾ ਇਸ਼ਤਿਹਾਰ ਦਿੰਦੀਆਂ ਹਨ ਅਤੇ ਲਗਾਤਾਰ ਵੱਖੋ-ਵੱਖ ਸ਼ਹਿਰਾਂ ਦੇ ਨਾਮਵਰ ਹੋਟਲਾਂ ‘ਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਜਾਣਕਾਰੀ ਸੈਸ਼ਨ ਲਾਉਂਦੀਆਂ ਹਨ। ਕਈ ਕਾਲਜਾਂ ਦਾ ਸਟਾਫ਼ ਵੀ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਅਜਿਹੀਆਂ ਮੰਜ਼ਿਲਾਂ ਤੱਕ ਪਹੁੰਚਾਉਂਦਾ ਹੈ। ਇਨ੍ਹਾਂ ਆਇਲੈਟਸ ਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਹੋਂਦ ਟਿਊਬਵੈੱਲ ਪੰਪਾਂ ਵਾਂਗ ਹੈ, ਜੋ ਧਰਤੀ ਹੇਠਲੇ ਪਾਣੀ ਨੂੰ ਮਨੁੱਖੀ ਪਹੁੰਚ ਤੋਂ ਦੂਰ ਲਿਜਾ ਰਹੇ ਹਨ, ਇਵੇਂ ਹੀ ਇਹ ਸੈਂਟਰ ਪੰਜਾਬ ਦੀ ਜਵਾਨੀ ਨੂੰ ਵਿਦੇਸ਼ਾਂ ‘ਚ ਕੋਹਾਂ ਦੂਰ ਪਹੁੰਚਾ ਰਹੇ ਹਨ। ਜਦੋਂ ਕਿ ਸਿਸਟਮ ਘੂਕ ਸੁੱਤਾ ਪਿਆ ਹੈ ਅਤੇ ਬੁੱਧੀਜੀਵੀ ਚੁੱਪ ਹਨ।
ਡੇਢ ਵਰ੍ਹੇ ਪਹਿਲਾਂ ਅਸੀਂ ਹਾਕੀ ਵਰਲਡ ਕੱਪ ਵੇਖਣ ਓਡੀਸ਼ਾ ਦੇ ਸ਼ਹਿਰ ਭੁਵਨੇਸ਼ਵਰ ਗਏ। ਉੱਥੇ ਅਜਿਹੇ ਆਇਲੈਟਸ ਤੇ ਇਮੀਗ੍ਰੇਸ਼ਨ ਇਸ਼ਤਿਹਾਰਾਂ ਵਾਲਾ ਇਕ ਵੀ ਬੋਰਡ ਨਜ਼ਰ ਨਹੀਂ ਆਇਆ, ਜਦੋਂ ਕਿ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਵਾਲੇ ਇਸ਼ਤਿਹਾਰੀ ਬੋਰਡਾਂ ਦੀ ਭਰਮਾਰ ਸੀ। ਸ਼ਹਿਰ ਦੀ ਪਬਲਿਕ ਲਾਇਬ੍ਰੇਰੀ ਨੌਜਵਾਨ ਮੁੰਡੇ-ਕੁੜੀਆਂ ਨਾਲ ਤੂਸੀ ਪਈ ਸੀ। ਲਾਇਬ੍ਰੇਰੀਅਨ ਨੇ ਦੋਵਾਂ ਹੱਥਾਂ ‘ਚ ਸਿਰ ਫੜ ਕੇ ਹੌਲੀ ਜਿਹੇ ਦੱਸਿਆ ਕਿ ਸਾਨੂੰ ਵਾਧੂ ਮੇਜ਼ ਕੁਰਸੀਆਂ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ, ਫਿਰ ਉਹ ਇਸ਼ਾਰੇ ਨਾਲ ਸਾਨੂੰ ਦੋ-ਤਿੰਨ ਕਮਰਿਆਂ ਵੱਲ ਲੈ ਗਈ, ਜਿਨ੍ਹਾਂ ਨੂੰ ਆਰਜ਼ੀ ਤੌਰ ‘ਤੇ ਰੀਡਿੰਗ ਰੂਮਜ਼ ਵਿਚ ਬਦਲਿਆ ਹੋਇਆ ਸੀ। ਪੰਜਾਬ ‘ਚ ਅਜਿਹਾ ਇਕੱਠ ਪਾਸਪੋਰਟ ਦਫ਼ਤਰਾਂ ਤੇ ਆਇਲੈਟਸ ਸੈਂਟਰਾਂ ‘ਤੇ ਵੇਖਿਆ ਜਾਂਦਾ ਹੈ।
ਵਿੱਦਿਅਕ ਖੇਤਰ ਦਾ ਲੰਬਾ ਤਜਰਬਾ ਰੱਖਣ ਵਾਲੇ ਇਕ ਵਿੱਦਿਆ ਸ਼ਾਸਤਰੀ ਅਨੁਸਾਰ ‘ਸਾਲ 2004-05 ਦੌਰਾਨ ਕਾਲਜ ‘ਚ ਨਵੇਂ ਦਾਖਲਿਆਂ ਦੀ ਰੌਣਕ ਘਟਣ ਲੱਗ ਪਈ ਸੀ। ਸਾਲ 2007-08 ਦੇ ਸੈਸ਼ਨ ਤੋਂ ਕਾਲਜਾਂ ਦੇ ਹਾਜ਼ਰੀ ਰਜਿਸਟਰਾਂ ‘ਚ ਪਰਵਾਸ ਦੇ ਪ੍ਰਭਾਵ ਪ੍ਰਤੱਖ ਨਜ਼ਰ ਆਉਣ ਲੱਗ ਪਏ ਸਨ। ਜਦੋਂ ਸੌਖੇ ਸਟੱਡੀ ਵੀਜ਼ੇ ਦੀ ਸ਼ੁਰੂਆਤ ਹੋਈ ਤਾਂ 2016 ਤੋਂ ਬਾਅਦ ਇਹ ਪ੍ਰਭਾਵ ਤੇਜ਼ੀ ਨਾਲ ਵਧਿਆ ਅਤੇ ਹੁਣ ਕਈ ਕਾਲਜਾਂ ਦੀ ਦਾਖਲਾ ਦਰ 50 ਪ੍ਰਤੀਸ਼ਤ ਡਿਗ ਚੁੱਕੀ ਹੈ। ਪੇਂਡੂ ਅਤੇ ਸਬ-ਅਰਬਨ ਖੇਤਰ ਦੇ ਕਾਲਜ ਵੱਧ ਪ੍ਰਭਾਵਿਤ ਹੋਏ ਹਨ।’ ਲੁਧਿਆਣਾ ਨੇੜਲੇ ਇਕ ਨਾਮਵਰ ਕਾਲਜ ਦੇ ਸਟਾਫ਼ ਨੂੰ ਪਿਛਲੇ 18 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਸ ਕਾਲਜ ਦੀ ਪ੍ਰਬੰਧਕ ਕਮੇਟੀ ਕਾਲਜ ਦੇ ਖੇਡ ਮੈਦਾਨਾਂ ਨੂੰ ਵੇਚਣ ਦਾ ਵਿਚਾਰ ਕਰ ਰਹੀ ਹੈ। ਇਸੇ ਜ਼ਿਲ੍ਹੇ ਦੇ ਇਕ ਹੋਰ ਕਾਲਜ ਦੇ ਸਟਾਫ਼ ਤੇ ਪ੍ਰਬੰਧਕ ਕਮੇਟੀ ਵਿਚਕਾਰ ਝਗੜਾ ਚੱਲ ਰਿਹਾ ਹੈ। ਪ੍ਰਬੰਧਕ ਕਮੇਟੀ ਕੁਝ ਕੋਰਸਾਂ/ਵਿਸ਼ਿਆਂ ਨੂੰ ਬੰਦ ਕਰਨ ਦਾ ਨੋਟਿਸ ਦੇ ਚੁੱਕੀ ਹੈ। ਜਦੋਂ ਕਿ ਸਟਾਫ਼ ਦੀ ਇਹ ਮੰਗ ਹੈ ਕਿ ਉਹ ਜੀਵਨ ਦੇ ਅੱਧ ਵਿਚਕਾਰ ਕਿੱਧਰ ਜਾਣ, ਉਨ੍ਹਾਂ ਅਨੁਸਾਰ ਪ੍ਰਬੰਧਕ ਕਮੇਟੀ ਦਾ ਇਹ ਫ਼ੈਸਲਾ ਸਮੁੰਦਰ ਦੇ ਅੱਧ ਵਿਚਕਾਰ ਕਿਸ਼ਤੀ ਵਾਪਸ ਮੰਗਣ ਵਾਂਗ ਹੈ। ਦੇਸ਼ ਵੰਡ ਸਮੇਂ ਕੁਝ ਪਰਿਵਾਰਾਂ ਵਲੋਂ ਜੁਲਾਈ ਮਹੀਨੇ ਤੇ ਅਗਸਤ ਦੇ ਪਹਿਲੇ ਦਸ-ਬਾਰਾਂ ਦਿਨਾਂ ਦੌਰਾਨ ਉੱਠ ਜਾਣ ਵਾਂਗ ਅਜਿਹੇ ਕਾਲਜਾਂ ਦੇ ਕਈ ਅਧਿਆਪਕ ਚੁੱਪ-ਚਾਪ ਵਿਦੇਸ਼ ਜਾਣ ਦੀਆਂ ਤਿਆਰੀਆਂ ਲਈ ਤੁਰ ਪਏ ਹਨ। ਪੰਜਾਬ ਦੇ ਬਹੁਤੇ ਕਾਲਜਾਂ ਦੀ ਹੋਂਦ ਖ਼ਤਰੇ ‘ਚ ਹੈ। ਇਸ ਵੱਡੇ ਦੁਖਾਂਤ ਲਈ ਜ਼ਿੰਮੇਵਾਰ ਕੌਣ ਹੈ?
10+2 ਤੋਂ ਬਾਅਦ ਜਿਹੜੇ ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ, ਉਨ੍ਹਾਂ ਦਾ ਟੀਚਾ ਉਸ ਦੇਸ਼ ਦੀ ਨਾਗਰਿਕਤਾ ਹਾਸਲ ਕਰਨਾ ਹੈ। ਆਇਲੈਟਸ ਤੇ ਦਾਖ਼ਲਾ ਫ਼ੀਸ, ਹਵਾਈ ਸਫ਼ਰ ਦਾ ਖਰਚਾ ਤੇ ਉੱਥੇ ਜਾ ਕੇ ਰਹਿਣ ਦਾ ਮੁੱਢਲਾ ਖਰਚਾ ਤੇ ਕਾਲਜ ਫ਼ੀਸਾਂ, ਮਾਪੇ ਪਹਿਲੇ ਸਮੈਸਟਰ ਜਾਂ ਪਹਿਲੇ ਸਾਲ ਦੇ ਖਰਚੇ ਦਾ ਹੀ ਪ੍ਰਬੰਧ ਕਰਦੇ ਹਨ। ਅਗਲਾ ਭਾਰ ਵਿਦਿਆਰਥੀ ਆਪ ਚੁੱਕਦੇ ਹਨ, ਇਹ ਸਫ਼ਰ ਇਕ ਵੱਖਰੀ ਦੁੱਖਦਾਇਕ ਕਹਾਣੀ ਹੈ। ਟੋਰਾਂਟੋ ਦੇ ਇਕ ਫਿਊਨਰਲ ਮਾਲਕ ਨੇ ਉਦਾਸ ਮੁਦਰਾ ਵਿਚ ਦੱਸਿਆ ਕਿ ਘੋਰ ਨਿਰਾਸ਼ਾ ਕਾਰਨ ਹੁੰਦੀਆਂ ਮੌਤਾਂ ਕਰਕੇ ਉਹ ਪ੍ਰਤੀ ਮਹੀਨਾ ਚਾਰ ਤੋਂ ਛੇ ਮੁੰਡਿਆਂ ਦੀਆਂ ਲਾਸ਼ਾਂ ਪੰਜਾਬ ਭੇਜਣ ਦਾ ਪ੍ਰਬੰਧ ਕਰਦੇ ਹਨ। ਧੀਆਂ ਦਾ ਦੁੱਖ ਅਜਿਹੀਆਂ ਮੌਤਾਂ ਤੋਂ ਵੀ ਗਹਿਰਾ ਹੈ। ਜਿਹੜੇ ਬੱਚੇ ਨਾਨਕੇ ਵੀ ਇਕੱਲੇ ਨਹੀਂ ਗਏ ਸਨ, ਅਸੀਂ ਉਨ੍ਹਾਂ ਨੂੰ ਵਿਕਸਿਤ ਅੰਤਰਰਾਸ਼ਟਰੀ ਪਲੇਟਫਾਰਮ ‘ਤੇ ਇਕੱਲਮ-ਇਕੱਲੇ ਜੀਣ ਲਈ ਉਤਾਰ ਦਿੱਤਾ ਹੈ। ਜ਼ਿੰਦਗੀ ਦੇ ਦਸ ਵਰ੍ਹਿਆ ਜਿੰਨਾ ਆਰਥਿਕ ਤੇ ਸਮਾਜਿਕ ਬੋਝ ਅਸੀਂ ਕੁਝ ਮਹੀਨਿਆਂ ‘ਚ ਹੀ ਸਹਿਣ ਲਈ ਉਨ੍ਹਾਂ ਦੇ ਮੋਢਿਆਂ ‘ਤੇ ਪਾ ਦਿੱਤਾ ਹੈ। ਅਜਿਹੇ ਸਫ਼ਰ ਤੋਂ ਪਹਿਲਾਂ ਉਨ੍ਹਾਂ ਨਾਲ ਬਹੁਤ ਗੱਲਾਂ ਕਰਨ ਦੀ ਲੋੜ ਸੀ। ਜੇ ਇੱਧਰ ਸਿਸਟਮ ਠੀਕ ਰਹਿੰਦਾ ਤੇ ਉਹੀ ਮੁੰਡੇ-ਕੁੜੀਆਂ ਗ੍ਰੈਜੂਏਸ਼ਨ ਕਰਕੇ ਜਾਂਦੇ ਅਤੇ ਮੁਕਾਬਲੇ ਰਾਹੀਂ ਉੱਚ ਵਿੱਦਿਆ ਲਈ ਯੂਨੀਵਰਸਿਟੀਆਂ ‘ਚ ਪੜ੍ਹਾਈ ਕਰਦੇ ਤਾਂ ਜ਼ਿੰਦਗੀ ਦੇ ਰੰਗ ਹੀ ਕੁਝ ਹੋਰ ਹੋਣੇ ਸਨ। ਇੱਧਰ ਚਾਰ-ਚਾਰ, ਪੰਜ-ਪੰਜ ਪੈਨਸ਼ਨਾਂ ਹਾਸਲ ਕਰਦੇ ਧਨ ਤੇ ਸੱਤਾ ਦੇ ਲਾਲਚੀ ਲੋਕਾਂ ਨੇ ਵਿੱਦਿਆ ਤੇ ਕਿਰਤ ਦੇ ਮੌਕੇ ਧੂਹ ਕੇ ਉਨ੍ਹਾਂ ਤੋਂ ਪਾਸੇ ਕਰ ਲਏ।
ਪਿਛਲੇ 30 ਵਰ੍ਹਿਆਂ ‘ਚ ਹੋਏ ਪਰਵਾਸ ਦਾ 73 ਪ੍ਰਤੀਸ਼ਤ 2016 ਤੋਂ ਬਾਅਦ ਹੋਇਆ (ਡਾ. ਸ਼ਾਲਿਨੀ ਸ਼ਰਮਾ ਤੇ ਹੋਰ, 2023)। ਪੰਜਾਬੀਆਂ ਵਲੋਂ ਸਾਲ 2023 ‘ਚ ਦੇਸ਼ ‘ਚੋਂ ਸਭ ਤੋਂ ਵੱਧ (ਵਸੋਂ ਦਾ ਪ੍ਰਤੀਸ਼ਤ) 11,94,000 ਪਾਸਪੋਰਟ ਬਣਵਾਏ ਗਏ। ਇਹ ਗਿਣਤੀ 2013 ‘ਚ ਬਣਵਾਏ ਗਏ ਪਾਸਪੋਰਟਾਂ ਦੀ ਦੁੱਗਣੀ ਗਿਣਤੀ ਤੋਂ ਵੀ ਵੱਧ ਹੈ। ਵਿਦੇਸ਼ ਮੰਤਰਾਲੇ ਅਨੁਸਾਰ 2016 ਤੋਂ 2021 ਪੰਜ ਵਰ੍ਹਿਆਂ ਦੌਰਾਨ 10 ਲੱਖ ਤੋਂ ਵੱਧ ਪੰਜਾਬੀ ਪਰਵਾਸ ਕਰ ਗਏ। ਇਨ੍ਹਾਂ ‘ਚੋਂ ਚੋਖੀ ਗਿਣਤੀ ‘ਚ ਸਟੱਡੀ ਵੀਜ਼ੇ ਰਾਹੀਂ ਵਿਦੇਸ਼ ਪਹੁੰਚੇ ਵਿਦਿਆਰਥੀਆਂ ਦੀ ਹੈ। ਵਿਦਿਆਰਥੀਆਂ ਵਲੋਂ ਵਿਦੇਸ਼ ਜਾਣ ਲਈ ਚਾਹਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪ੍ਰਾਂਤ ‘ਚ 20 ਹਜ਼ਾਰ ਦੇ ਲਗਭਗ ਆਇਲੈਟਸ ਸੈਂਟਰ ਅਤੇ 1200 ਤੋਂ ਵੱਧ ਇਮੀਗ੍ਰੇਸ਼ਨ ਸੰਸਥਾਵਾਂ ਹਨ। ਸਾਲ 2022-23 ਦੌਰਾਨ ਪੰਜਾਬ ਦੇ 6 ਲੱਖ ਵਿਦਿਆਰਥੀਆਂ ਨੇ ਆਇਲੈਟਸ ਟੈਸਟ ਦਿੱਤਾ। ਸਾਲ 2023 ਦੇ ਅੰਕੜੇ ਭਾਵੇਂ ਹਾਲੇ ਸਾਹਮਣੇ ਨਹੀਂ ਆਏ ਪਰ ਇਸ ਵਰ੍ਹੇ ਦੌਰਾਨ ਪਰਵਾਸ ‘ਚ ਰਿਕਾਰਡ ਵਾਧਾ ਹੋਇਆ। ਇਹ ਵਰ੍ਹਾ ਪੰਜਾਬ ਦੀ ਜਵਾਨੀ ਨੂੰ ਹੂੰਝ ਕੇ ਲੈ ਗਿਆ।
ਪਰਵਾਸ ਦਾ ਸਭ ਤੋਂ ਵੱਧ ਅਸਰ ਪਿੰਡਾਂ ‘ਤੇ ਹੋਇਆ। ਉਹ ਥਾਵਾਂ ਜਿੱਥੋਂ ਦੇ ਬਸ਼ਿੰਦੇ ਉੱਥੋਂ ਉੱਠ ਜਾਣ, ਆਪਣਾ ਸੁਹੱਪਣ ਗੁਆ ਬੈਠਦੀਆਂ ਹਨ। ਪਿੰਡ ਦੀ ਰੂਹ ਉਦਾਸ ਹੈ। ਪਿੰਡਾਂ ‘ਚ ਜਿੰਦੇ ਲੱਗੇ ਘਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵੱਡੇ ਪਿੰਡਾਂ ਦੀਆਂ ਕਈ ਪੱਤੀਆਂ ਦੇ ਸਾਰੇ ਦੇ ਸਾਰੇ ਘਰ ਹੀ ਬੰਦ ਹੋ ਚੁੱਕੇ ਹਨ। ਉਹ ਪਿੰਡ ਜਿਨ੍ਹਾਂ ਦਾ ਮੂੰਹ-ਮੱਥਾ ਸੰਵਾਰਨ ਲਈ ਸਦੀਆਂ ਲੱਗੀਆਂ, ਕੁਝ ਵਰ੍ਹਿਆਂ ‘ਚ ਹੀ ਉੱਜੜਦੇ ਜਾ ਰਹੇ ਹਨ। ਇਹ ਪਿੰਡ ਅੰਦਰੋ-ਅੰਦਰ ਸਿਉਂਕ ਖਾਧੇ ਰੁੱਖਾਂ ਵਾਂਗ ਡਿਗ ਰਹੇ ਹਨ। ਸ਼੍ਰੋਮਣੀ ਕਵੀ ਸੁਰਜੀਤ ਪਾਤਰ ਅਨੁਸਾਰ:
‘ਇਹ ਬਾਤ ਨਿਰੀ ਏਨੀ ਹੀ ਨਹੀਂ,
ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ।
ਇਹ ਪਿੰਡ ਦੇ ਵਸਦੇ ਰਹਿਣ ਦਾ ਏ,
ਜਿਹਨੂੰ ਤੌਖ਼ਲਾ ਉੱਜੜ ਜਾਣ ਦਾ ਏ।।’
ਮੌਜੂਦਾ ਪਰਵਾਸ ਖੌਫ਼ਨਾਕ ਹੜ੍ਹ ਹੈ, ਜਿਸ ਦੀਆਂ ਤਾਕਤਵਰ ਛੱਲਾਂ ਪੰਜਾਬ ਨੂੰ ਰੋੜ੍ਹ ਕੇ ਲੈ ਗਈਆਂ, ਇਹ ਪਰਵਾਸ ਅੱਗ ਦੀਆਂ ਭਿਆਨਕ ਲਾਟਾਂ ਹਨ, ਜੋ ਬਚੇ-ਖੁਚੇ ਨੂੰ ਸਾੜ ਰਹੀਆਂ ਹਨ। ਢਿੱਡ, ਭੁੱਖ, ਰੋਟੀ, ਅਰਥ-ਸ਼ਾਸਤਰੀ ਅਜਿਹੇ ਲਫਜ਼ਾਂ ਨਾਲ ਪਰਵਾਸ ਦੀ ਪਰਿਭਾਸ਼ਾ ਬਿਆਨ ਕਰਕੇ ਸੁਰਖਰੂ ਤਾਂ ਹੋ ਰਹੇ ਹਨ, ਪਰ ਉਹ ਪਰਿਭਾਸ਼ਾਵਾਂ ਜੋ ਕਿਸੇ ਖਿੱਤੇ ਨੂੰ ਹੀ ਨਿਗਲ ਜਾਣ ਕੇਵਲ ਪਰਿਭਾਸ਼ਾਵਾਂ ਹੀ ਨਹੀਂ ਹੁੰਦੀਆਂ, ਪਰਿਭਾਸ਼ਾਵਾਂ ਦੇ ਰੂਪ ‘ਚ ਦੈਂਤ ਹੁੰਦੀਆਂ ਨੇ।
ਕੋਈ ਢੋਲ ਵਜਾਵੋ
ਕੋਈ ਚੀਕਾਂ ਮਾਰੋ
ਕੋਈ ਕੋਠੇ ਚੜ੍ਹ ਕੇ
ਰੌਲਾ ਪਾਵੋ।
ਓਜੜ ਰਹੇ ਪੰਜਾਬ ਨੂੰ ਬਚਾਵੋ।