ਕਲਮੀ ਸੱਥ

ਫਨੀਅਰ –ਕਹਾਣੀ — ਦਰਸ਼ਨ ਜੋਗਾ

‘ਸਿਖ਼ਰ ਦੁਪਹਿਰੇ ਵੀ ਟਿਕਣ ਨੀਂ ਦਿੰਦੇ। ਨਾ ਆਪ ਟਿਕਦੇ ਨੇ। ਪਤਾ ਨੀਂ ਕਿਹੜੈ?’ ਫੋਨ ਦੀ ਵੱਜਦੀ ਰਿੰਗ ਟੋਨ ਸੁਣਕੇੇ ਨੀਂਦ ਚੋਂ ਉਠਦੇ ਦੇ ਮਨਚ ਗੁੱਸਾ ਆਉਂਦੈ। ਜੀਨਾ ਚਾਹਲ, ਟਰਿਊਕਾਲਰ ਇਹ ਨਾਂਮ ਮੈਨੂੰ ਸਕਰੀਨ ਤੇ ਵਿਖਾਅ ਰਿਹੈ।ਹੇਠਾਂ ਉੱਤੇ ਭੱਜੇ ਫਿਰਦੇ ਗੋਲ ਹਰੇ ਰੰਗ ਦੇ ਨਿਸ਼ਾਨਤੇ ਅਗੂੰਠੇ ਦੇ ਨਾਲ ਵਾਲੀ ਉਂਗਲ ਘਿਸਰ ਜਾਂਦੀ ਐ। ਫੋਨ ਆਨ ਹੁੰਦਿਆਂ ਹੀ ਆਵਾਜ਼ ਕੰਨਾਂ ਚ ਪੈਂਦੀ ਐ। “ਮੈਂ ਜੀਨਾ ਚਾਹਲ ਸੰਵਾਦ ਟੀ.ਵੀ. ਤੋਂ। ਸਾਡੇ ਮੁੱਖ ਕਾਰਜਕਾਰੀ ਅਫ਼ਸਰ ਰਵਾਇਤ ਸੰਧੂ ਹੋਰਾਂ ਦੀ ਵੀ ਆਪ ਨਾਲ ਗੱਲ ਹੋਈ ਹੋਵੇਗੀ।ਅਸੀਂ ਤੁਹਾਡੇ ਪਿੰਡਚ ਲਗਦੇ ਮੇਲੇ ਦੀ ਕਵਰਿੰਗ ਕਰਨ ਆਏ ਹਾਂ। ਉਹਨਾਂ ਸਾਨੂੰ ਕਿਹਾ ਸੀ ਕਿ ਕੋਈ ਲੋੜ ਹੋਵੇ ਤਾਂ ਮਲਕੀਤ ਸਰ ਨਾਲ ਗੱਲ ਕਰ ਲੈਣਾ”
“ਹਾਂ, ਰਵਾਇਤ ਸੰਧੂ ਮੇਰਾ ਜਮਾਤੀ ਐ, ਬਠਿੰਡੇ ਕਾਲਜ ਦਾ। ਪਹਿਲਾਂ ਪੰਜਾਬੀ ਯੂਨੀਵਰਸਿਟੀ ਰਿਹੈ।ਅੱਜ ਕੱਲ੍ਹ ਤਾਂ ਇੰਗਲੈਂਡ ਰਹਿੰਦੈ।”
“ਹਾਂ ਜੀ ਓਹੀ ਨੇ। ਅਸੀਂ ਤੁਹਾਡੇ ਸ਼ਹਿਰ ਪਹੁੰਚੇ ਹੋਏ ਹਾਂ।ਜੇ ਤੁਸੀਂ ਸਾਡੇ ਨਾਲ ਚੱਲੋਂ ਸਰ। ਸਾਨੂੰ ਕਾਫ਼ੀ ਸਪੋਰਟ ਮਿਲੇਗੀ।ਤੁਹਾਨੂੰ ਉਥੋਂ ਬਾਰੇ ਜਾਣਕਾਰੀ ਵੀ ਹੈ।” ਉਸ ਦੀ ਗੱਲ ਸੁਣਕੇ ਸੰਧੂ ਦੀ ਮਿੱਤਰਤਾ ਦੀਆਂ ਕਿੰਨੀਆਂ ਯਾਦਾਂ ਮਨ ਚ ਘੁੰਮਣ ਲੱਗੀਆਂ ਨੇ। “ਕਿੱਥੇ ਹੋ ਤੁਸੀ?" “ਜੀ ਵਿਰਾਸਤ ਹੋਟਲ ਠਹਿਰੇ ਆਂ।" “ਕਿੰਨਾ ਕੁ ਵਕਤ ਲੱਗੂ ਮੇਲੇ ਦੀ ਕਵਰਿੰਗ ਲਈ?” “ਸਰ ਹਾਰਡਲੀ ਦੋ ਘੰਟੇ।” “ਮਿੱਤਰ ਦੇ ਹੁਕਮ ਨੂੰ ਥੋੜ੍ਹੋ ਟਾਲ ਸਕਦਾਂ। ਮੈਨੂੰ ਘਰ ਤੋਂ ਲੈ ਲਵੋਂਗੇ।” “ਜੀ ਸ਼ੋਅਰ.........ਸ਼ੋਅਰ।” “ਮੈਂ ਚਲਦਾਂ ਥੋਡੇ ਨਾਲ। ਮੇਰੇ ਸ਼ਹਿਰ ਵਾਲੇ ਘਰ ਤੋਂ ਸਾਡੇ ਪਿੰਡ ਦਾ ਅੱਧੇ ਘੰਟੇ ਦਾ ਸਫ਼ਰ ਐ, ਕਾਰ ਦਾ, ਤੁਸੀਂ ਆ ਜਾਣਾ। ਘਰ ਦੀ ਲੋਕੇਸ਼ਨ ਮੈਂ ਤੁਹਾਨੂੰ ਸੈਂਡ ਕਰ ਦਿੰਨਾ।” ਕਹਿ ਫੋਨ ਕੱਟਦਾਂ। ਪੱਗ ਬੰਨ੍ਹ ਤਿਆਰ ਹੋਣ ਲਗਦਾਂ।ਇਹ ਸੰਧੂ ਪਤਾ ਨੀ ਕਿੱਥੋਂ-ਕਿੱਥੋਂ ਖ਼ਬਰਾਂ ਰੱਖਦੈ। ਪਹਿਲਾਂ ਤੋਂ ਉਸ ਨੂੰ ਨਵੇਂ-ਨਵੇਂ ਕੰਮਾਂ ਦਾ ਸ਼ੌਕ ਰਿਹੈ।ਘੁਮੱਕੜ ਵੀ ਪੂਰੈ। ਆਪ ਵੀ ਸ਼ੌਕੀਨਤੇ ਉਸਦਾ ਸਾਥ ਵੀ ਸ਼ੌਕੀਨਾਂ ਦਾ ਹੀ ਰਿਹੈ।ਪੈਸਾ ਫ਼ੂਕ ਤਮਾਸ਼ਾ ਵੇਖਣ ਵਾਲੈ। ਕੋਈ ਪਰਵਾਹ ਨੀਂ ਚੜ੍ਹੀ ਲੱਥੀ ਦੀ। ਵੱਡੀ ਗੱਲ ਯਾਰੀ ਲਾਉਣੀ ਤੇ ਨਿਭਾਉਣੀ ਕੋਈ ਉਸਤੋਂ ਸਿੱਖੇ। ਪਹਿਲਾਂ-ਪਹਿਲ ਹਫ਼ਤਾਵਾਰੀ ਅਖ਼ਬਾਰ ਕੱਢਿਆ ਸੀ। ਫੇਰ ਮੈਗਜ਼ੀਨ ਕੱਢਦਾ ਰਿਹਾ। ਪਿੱਛੇ ਜਿਹੇ ਜਦ ਟੀ.ਵੀ. ਚੈਨਲ ਚਲਾਉਣ ਬਾਰੇ ਫੋਨ ਤੇ ਗੱਲ ਕਰਦਾ ਸੀ, ਮੇਰੀ ਰਾਇ ਸੀ, ‘ਕਿਉਂ ਪੰਗੇ ਲੈਨੈ.... ਪਰ ਪਤਾ ਸੀ ਕੋਈ ਨਾ ਕੋਈ ਨਵਾਂ ਸੱਪ ਜ਼ਰੂਰ ਕੱਢੂ। ਸ਼ੁਰੂ ਕਰਕੇ ਹੀ ਰਿਹੈ। ਚੈਨਲ ਵਧੀਆ ਚੱਲ ਗਿਆ। ਵਲੈਤ ਬੈਠੇ ਨੂੰ ਹਾਲੇ ਵੀ ਆਪਣੀ ਧਰਤੀ ਆਪਣੇ ਲੋਕਾਂ ਦਾ ਮੋਹ ਐ।ਵਥੇਰੇ ਧਮਾਕੇ ਕਰਦੈ। ਫੁੱਲਝੜੀਆਂ ਨੂੰ ਵੀ ਦੂਰ ਨੀ ਹੋਣ ਦਿੰਦਾ। ਆਪ ਹੁਣ ਭਾਵੇ ਸੁੱਕ ਕੇ ਤਾਂਬੜ ਬਣਿਆ ਪਿਐ। ਟਲਦਾ ਫੇਰ ਵੀ ਨੀਂ, ਸ਼ੁਕੀਨੀ ਤੋਂ। ਸ਼ੀਸ਼ੇ ਮੂਹਰੇ ਪੱਗ ਦਾ ਆਖਰੀ ਲੜ ਲਾਉਂਦੇ ਦੀ ਹਾਸੀ ਨਿੱਕਲ ਜਾਂਦੀ ਐ। ਮਨ ਚ ਆਉਂਦੈ, ਸੋਚੀਂਦਾ ਕੁਸ਼ ਐ, ਬਣਦਾ ਕੁਛ ਐ। ਸੰਧੂ ਜੋ ਸੋਚਦੈ, ਵਿਊਂਤਦੈ ਓਹੀ ਬਣਦੈ। ਕਿਸਮਤ ਦਾ ਧਨੀ ਐ। ਐਥੇ ਤਾਂ ਕਿਸਮਤ ਨੇ ਖੂੰਜੇ ਲਾਇਆ ਪਿਐ। ਓਹਦੇ ਮੂੰਹ ਨੂੰ ਹਾਂ ਕਹਿਤੀ।ਰੂਹ ਤਾਂ ਵੱਢੀ ਨੀਂ ਕਰਦੀ ਜਾਣ ਨੂੰ।ਹੁਣ ਜਾਣਾਂ ਤਾਂ ਪੈਣੈ। ਸੋਚਦਾਂ ਕੀ ਕਰੂੰ ਉੱਜੜੀਆਂ ਖੱਡਾਂਚ ਹੱਥ ਮਾਰਕੇ। ਕੋਈ ਹੋਰ ਸੱਪ ਸਲੂਤਾ ਈ ਨਿੱਕਲੂ। ਇਹ ਗੱਲਾਂ ਜਦੋਂ ਮਨ ਤੇ ਭਾਰੂ ਹੁੰਦੀਐਂ.... ਕਿੰਨੇ-ਕਿੰਨੇ ਦਿਨ ਮੰਜੇਚ ਡਿੱਗਿਆ ਰਹਿੰਨਾ। ਉੱਥੋਂ ਦੇ ਭੂਤ ਮੇਰਾ ਸਾਰੀ ਉਮਰ ਪਿੱਛਾ ਨੀ ਛੱਡਣਗੇ, ਜਿੰਨਾਂ ਚਿਰ ਜੀਊਂ। ਕੀ ਰੰਗ ਬਦਲਦੀ ਐ ਜ਼ਿੰਦਗੀ। ਬੰਦਾ ਵਟੇ ਖਾਂਦਾ ਤੁਰ ਜਾਂਦੈ। ਇਹਨਾਂ ਵਟਿਆਂ ਨੇ ਤਰੇਲੀਆਂ ਆਉਣ ਲਾਤੀਆਂ। ਪੱਖੇ ਦੀ ਹਵਾ ਵੀ ਗਰਮ ਲੱਗਦੀ ਹੈ। ਚਲੋ! ਵੇਖਦੇ ਆਂ…. ਪੈਰਾਂ ਚ ਪਾਈਆਂ ਬੇੜੀਆਂ ਨਾਲ ਤੁਰਕੇ। ਤਿਆਰ ਹੋ ਸੜਕਤੇ ਜਾ ਖੜ੍ਹਿਆਂ। ਲੰਮੀ ਚਿੱਟੀ ਕਾਰ ਮੇਰੇ ਐਨ ਪੈਰਾਂ ਕੋਲ ਆ ਰੁੱਕਦੀ ਐ। ਪਿਛਲੀ ਬਾਰੀ ਦਾ ਸ਼ੀਸ਼ਾ ਖੁੱਲਣਸਾਰ ਗੋਰੀ ਨਿਸ਼ੋਹ ਮੁਟਿਆਰ ਦੀ ਚੁਲਬੁਲੇ ਅੰਦਾਜ਼ ਵਾਲੀ ਤਿੱਖੀ ਮਿੱਠੀ ਆਵਾਜ਼ ਕੰਨੀਂ ਪੈਂਦੀ ਐ।

ਆਜੋ ਸਰ!” ਸੁਣਕੇ ਉਸਦਾ ਇਸ਼ਾਰਾ ਵੇਖ ਖੁੱਲਦੀ ਅਗਲੀ ਤਾਕੀ ਡਰਾਇਵਰ ਨਾਲ ਦੀ ਸੀਟ ਤੇ ਬਹਿ ਜਾਨਾਂ। “ਮੈਂ ਤੁਹਾਡੀ ਡੀ.ਪੀ. ਵੇਖ ਲਈ ਸੀ ਸਰ, ਵਟਸਐਪਤੇ।….ਪਛਾਣਕੇ ਰਵੀ ਨੂੰ ਦੱਸਤਾ, ….ਔਹ ਸਾਹਮਣੇ ਵਾਲੇ ਨੇ ਸਰ।”
“ਹਾਂ….ਹਾਂ…. ਤੁਹਾਨੂੰ ਮੀਡੀਏ ਵਾਲਿਆਂ ਨੂੰ ਇਸ ਤਰ੍ਹਾਂ ਦੇ ਨੁੱਕਤੇ ਬਹੁਤ ਫੁਰਦੇ ਨੇ। ਇਹਨਾਂ ਗੁਰਾਂ ਨਾਲ ਤਾਂ ਗੱਲਾਂ ਕਢਵਾ ਲੈਨੇ ਓਂ…ਕੱਚ ਖਾ ਕੇ ਵੀ ਹਜ਼ਮ ਕਰਨ ਵਾਲੇ ਲੋਕਾਂ ਦੇ ਅੰਦਰੋਂ।” ਮੈਂ ਆਪਣੇ ਅੰਦਰ ਚੱਲਦੀ ਚੱਕੀ ਚੋਂ ਸਹਿਜ ਹੋਣ ਦੀ ਕੋਸ਼ਿਸ਼ ਕਰਦਾਂ। ਮੇਰੀ ਗੱਲ ਸੁਣ ਉਹ ਆਪਣੀ ਵਾਰਤਾ ਜਾਰੀ ਰੱਖਦੀ ਐ, “ਸੰਧੂ ਸਰ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਹਨਾਂ ਪਿੰਡਾਂ ਬਾਰੇ ਮਲਕੀਤ ਸਰ ਤੋਂ ਵੱਧ ਕਿਸੇ ਨੂੰ ਨੀਂ ਪਤਾ।.....ਮੇਰੇ ਹੋਰ ਵੀ ਜਾਣੂ ਨੇ ਉਹਨਾਂ ਨੂੰ ਇਹਨਾਂ ਕੰਮਾਂ ਵਿੱਚ ਰੁਚੀ ਨਹੀਂ।....ਸਭ ਪੋਲੀਆਂ ਕੁਰਸੀਆਂ ਦਾ ਅਨੰਦ ਲੈਂਦੇ ਐ।....ਉਹਨਾਂ ਦੇ ਗੱਲ ਕਰਨ ਦੇ ਅੰਦਾਜ਼ ਨੂੰ ਤਾਂ ਸਰ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਓਂ।.....ਉਹਨਾਂ ਈ ਦੱਸਿਆ ਸੀ, .....ਤੁਹਾਡਾ ਜੱਦੀ ਪਿੰਡ ਵੀ ਇਹੋ ਮੇਲੇ ਵਾਲਾ ਈ ਐ।....ਨਾਲ ਹੀ ਤੁਹਾਡਾ ਫੋਨ ਦਿੱਤਾ ਸੀ।” ਜੀਨਾ ਆਪਣੀ ਗੱਲ ਪੂਰੀ ਖੁਸ਼ੀ ਦੇ ਰੌਅ ਵਿੱਚ ਦੱਸ ਰਹੀ ਐ। ਉਸਦਾ ਫੋਨ ਆਏ ਤੋਂ ਮਨਚ ਆਇਆ ਗੁੱਸਾ ਕਿਧਰੇ ਕਫ਼ੂਰ ਹੋ ਗਿਐ। ‘ਇਹਤਾਂ ਆਪ ਈ ਸਿ਼ਖਰ ਦੁਪਹਿਰੈ। ਇਹਨੇ ਦੁਪਹਿਰੇ ਕੀ ਟਿਕਣੈ।ਤੇਰਾ ਅੰਦਾਜ਼ ਵੀ ਕਿਹੜਾ ਸੰਧੂ ਤੋਂ ਘੱਟ ਐ। ਮੈਂ ਆਪਣੇੇ ਅੰਦਾਜ਼ੇ ਲਾਉਂਦਾ ਕਿਤੇ ਹੋਰ ਤੁਰਿਆ ਫਿਰਦਾ ਗਰਦਨ ਪਿੱਛੇ ਨੂੰ ਘੁੰਮਾਅ ਮੁੜ ਉਸ ਨਾਲ ਜੁੜ ਗਿਆ। “ਹਾਂ, ਉਹ ਮੇਰਾ ਪੂਰਾ ਭੇਤੀ ਐ।” ‘ਭੇਤੀ’ ਸ਼ਬਦ ਸੁਣਕੇ ਉਹ ਹਲਕਾ ਜਿਹਾ ਮੁਸਕਰਾਉਂਦੀ ਐ। ਉਸਦੇ ਹਲਕੇ ਰੰਗ ਦੀ ਲਿਪਸਟਿਕ ਵਾਲੇ ਪਤਲੇ-ਪਤਲੇ ਬੁੱਲਾਂ ਦੀ ਮੁਸਕਰਾਹਟ ਮਨ ਨੂੰ ਭਾਅ ਜਾਂਦੀ ਐ। ਮਨ ਦੀਆਂ ਭੰਬੀਰੀਆਂ ਟਿਕਣ ਦਾ ਨਾਂ ਨੀਂ ਲੈਂਦੀਆਂ। ਇਸੇ ਤਰ੍ਹਾਂ ਦੇ ਪਤਲੇ ਬੁੱਲਾਂ ਦਾ ਕੀਲਿਆ ਲਟਭੌਰਾ ਹੋਇਆ ਮੈਂ ਵੀ ਉਸੇ ਮੇਲੇ ਵਿੱਚ ਘੁੰਮ ਰਿਹਾਂ, ਜਿੱਥੇ ਜੀਨਾ ਮੈਨੂੰ ਲੈ ਚੱਲੀ ਐ। ਕਾਰ ਘੂਕ ਬੰਨੀਂ ਪੂਰੀ ਰਫ਼ਤਾਰ ਨਾਲ ਦੌੜ ਰਹੀ ਐ। ਮਨ ਉਸਤੋਂ ਕਿਤੇ ਜਿਆਦਾ ਘੁੰਮਦੀਆਂ ਉਦਾਸੀਆਂ ਦੇ ਚੱਕਰਾਂਚ ਵਰੋਲਾ ਬਣਿਆ ਪਿਐ। ਪਿੰਡ ਆਲੇ ਮੇਲੇ ਵਾਲੀ ਥਾਂ ਤੇ ਕਾਰ ਦੀਆਂ ਦੂਰੀਆਂ ਘੱਟ ਰਹੀਆਂ ਨੇ। ਮਨ ਦੀਆਂ ਦੂਰੀਆਂ ਇਹਨਾਂ ਤੋਂ ਵੱਧ ਰਹੀਆਂ ਨੇ।ਇਹ ਲਫ਼ਜ ‘ਜੱਦੀ ਵਰਤਦੀ ਐ।ਜਿਹੜੇ ਜਖ਼ਮ ਇਸ ਜੱਦੀ ਪਿੰਡੋਂ ਮਿਲੇ, ਅੱਜ ਫੇਰ ਭਰਿਆੜ ਹੋਈਂ ਜਾਂਦੇ ਨੇ।ਸਾਹਮਣੇ ਉੱਚੇ-ਉੱਚੇ ਦਰਖ਼ਤਾਂ ਵਾਲਾ ਹਰਿਆ-ਭਰਿਆ ਜੰਗਲ ਦਿਸਦੈ। ਮਨ ਅੰਦਰ ਉਜਾੜ ਬੀਆਬਾਨ, ਅੱਤ ਦੀ ਖੁਸ਼ਕੀ ਤੇ ਨੇਸਤੀ ਛਾਈ ਪਈ ਐ।
ਕਾਰ ਚੋਂ ਉਤਰਕੇ ਭੀੜ ਦੇ ਪੈਰਾਂ ਨਾਲ ਮਿੱਧੀ ਘਾਹਤੇ ਖੜ੍ਹੀ ਜੀਨਾ ਦੇ ਨਾਲ ਜਾ ਖੜ੍ਹਾਂ।
“ਬਹੁਤ ਰਮਣੀਕ ਥਾਂ ਹੈ ਇਹ।” ਜੀਨਾ ਚਾਹਲ ਗੂੜੀ ਨੀਲੀ ਜੀਨ ਟਾਪ ਵਿੱਚ ਸਜੀ ਬੁੱਲਬੁਲ ਵਾਂਗ ਉੱਛਲਦੀ ਫਿਰਦੀ ਕਹਿ ਰਹੀ ਐ। ਪੂਰੇ ਭਰੇ ਮੇਲੇ ਵਿੱਚ ਖੜ੍ਹੇ ਦੀ ਮੇਰੀ ਨਿਗਾਹ ਉੱਚੀ ਬਲਿੰਦ ਤੇ ਚਮਕਦੇ ਮਰਕਰੀ ਬੱਲਬਤੇੇ ਜਾ ਰਹੀ ਐ। ਵੱਡੇ-ਵੱਡੇ ਬੋਹੜਾਂ-ਪਿੱਪਲਾਂ ਦੀ ਛਾਂਅ ਹੇਠ ਖੜ੍ਹਿਆਂ ਨੂੰ ਠੰਢੀ ਹਵਾ ਦੇ ਬੁੱਲੇ ਆ ਰਹੇ ਨੇ।
ਭਾਦੋਂ ਦੀ ਹੰੁਮਸ ਭਰੀ ਦੁਪਹਿਰ ਚ ਮੈਂ ਚੜ੍ਹਦੇ ਚੇਤ ਦੀ ਕੋਸੀ-ਕੋਸੀ ਧੁੱਪ ਸੇਕਦਾ ਉਸੇ ਗੁਆਚੀ ਮੁੰਦਰੀ ਨੂੰ ਭਾਲਦਾ ਭਰੇ ਮੇਲੇ ‘ਚ ਟਿਕਟਿਕੀ ਲਾਈਂ ਖੜ੍ਹਾਂ।ਜੀਨਾ ਦੇ ਦਰਮਿਆਨੇ ਕੱਦ, ਫ਼ਸਵੀਂ ਜੀਨ ਵਿੱਚੋਂ ਦੀ ਓਹੀ ਵੱਡੇ-ਵੱਡੇ ਗੁਲਾਬੀ ਫੁੱਲਾਂ ਵਾਲੀ ਕਮੀਜ਼ ਸਲਵਾਰਚ, ਤਲਾਅ ਨਾਲ ਲੱਗਦੇ ਤੀਮੀਆਂ ਵਾਲੇ ਪੋਣੇ ਚੋਂ ਨਹਾਕੇ ਮੇਰੇ ਵੱਲ ਆਉਂਦੀ ਦਿਸਦੀ ਐ। ਮੇਰੇ ਅੰਦਰ ਹੁੰਦੀ ਦੌੜ ਭੱਜ ਤੋਂ ਬੇਖ਼ਬਰ ਜੀਨਾ ਫੇਰ ਬੋਲਦੀ ਐ, “ਸਰ! ਅਸੀਂ ਕਈਆਂ ਨਾਲ ਇਸ ਕੰਮ ਬਾਰੇ ਗੱਲ ਕਰਦੇ ਰਹੇ ਆਂ। ਸਭ ਹੱਥ ਖੜ੍ਹੇ ਕਰ ਜਾਂਦੇ ਨੇ। ਇਸੇ ਕਰਕੇ ਤੁਹਾਨੂੰ ਤਕਲੀਫ਼ ਦਿੱਤੀ ਐ।” ਹੱਥ ਵਿੱਚ ਫੜੇ ਮਾਈਕ ਨੂੰ ਘੁੰਮਾਉਂਦੀ ਆਪਣੀ ਹੱਲ ਹੋਈ ਮੁਸ਼ਕਿਲਤੇ ਸਤੁੰਸ਼ਟੀ ਜ਼ਾਹਰ ਕਰ ਰਹੀ ਐ।
“ਨਹੀਂ ! ਨਹੀਂ ! ਤਕਲੀਫ਼ ਕਾਹਦੀ। ਇਕ ਦੂਜੇ ਦੇ ਕੰਮ ਆਉਣਾ ਆਪਣੇ ਫਰਜ਼ ਹੁੰਦੇ ਨੇ। ਤੁਸੀਂ ਤਾਂ ਐਨੀ ਦੂਰੋਂ ਚੰਡੀਗੜ੍ਹੋਂ ਆਏ ਓਂ। ਨਾਲੇ ਚਾਹਲ ਵਰਗੀ ਕੁੜੀ ਤੋਂ ਕੁਛ ਸਿੱਖਕੇ ਈ ਜਾਵਾਂਗੇ।” ਅੰਦਰਲੀ ਗੱਲ ਨੂੰ ਢਿੱਡ ਚ ਬਿਠਾਅ ਜੀਨਾ ਨੂੰ ਖੁਸ਼ ਕਰਨ ਲਈ ਕਹਿ ਰਿਹਾਂ। ਮੇਰੀ ਗੱਲ ਨਾਲ ਉਹ ਹੋਰ ਖਿੜ ਗਈ ਐ। ਮੇਰੇ ਅੰਦਰਲਾ ਫੁੱਲ ਛਾਊਂ-ਮਾਊਂ ਦੀ ਬੂਟੀ ਵਾਂਗ ਪਲਚ ਖਿੜ ਜਾਂਦੈ। ਟੀਸ ਦੀ ਉਂਗਲੀ ਛੂਹਣ ਨਾਲ ਘਾਊ-ਮਾਊਂ ਹੋ ਜਾਂਦੈ। ਅਜੀਬ ਸਥਿੱਤੀ ਵਿੱਚ ਖੜ੍ਹਾਂ ਹਾਂ ਮੈਂ। ਕੈਮਰਾਮੈਨ ਆਪਣਾ ਕੈਮਰਾ ਮੋਢੇ ਤੇ ਸੈੱਟ ਕਰਕੇ ਜੀਨਾ ਦੇ ਮਗਰ-ਮਗਰ ਪੈਰ ਪੁੱਟ ਰਿਹੈ। ਤੋਤਿਆਂ ਦੀ ਟੈਂਅ੍ਟੈਂਅ ਤੇ ਮੋਰਾਂ ਦੇ ਕੂਕਣ ਦੀ ਆਵਾਜ਼ ਸੁਣਕੇ ਮੈਂ ਹੈਰਾਨ ਹੁੰਨਾ। ਇਹ ਐਨੇ ਇਕੱਠਚ ਨਿੱਡਰ ਹੋਏ ਬੈਠੇ ਨੇ। ਵੱਡੇ ਤਲਾਅ ’ਚ ਨਹਾਉਂਦੇ ਮੁੰਡਿਆਂ ਦੀਆਂ ਕਿਲਕਾਰੀਆਂ ਨਾਲ ਪਾਣੀ ਵੀ ਛੱਲਾਂ ਮਾਰਦਾ ਖੁਸ਼ ਹੋਇਆ ਲੱਗਦੈ। ….ਜਿੰਨੀ ਦਿਨੀਂ ਇਹਨਾਂ ਮੋਰਾਂ ਵਾਂਗ ਪੈਲਾਂ ਪਾਉਣ ਨੂੰ ਚਿੱਤ ਉਡੂੰ-ਉਡੂੰ ਕੀਤਾ ਸੀ, ਉਦੋਂ ਮੋਰਨੀ ਪੂਰੀ ਮੈਲ ਹੋਈ ਫਿਰਦੀ ਸੀ। ਗੂੰਗੇ ਦੇ ਗੁੜ ਆਲਾ ਸੁਆਦ ਸਾਰਾ ਦਿਨ ਸਰੀਰ ਨੂੰ ਖ਼ੁਮਾਰੀ ਚੜ੍ਹਾਈਂ ਰੱਖਦਾ। ਅੱਡੀ ਨੀਂ ਲੱਗਦੀ ਸੀ ਧਰਤੀ ਤੇ। ਜੀਨਾ ਵੀ ਹਿਰਨੀ ਵਾਂਗ ਤੁਰਦੀ ਉਸੇ ਮੂਨ ਦੀ ਭੈਣ ਲੱਗਦੀ ਐ। ਜਿਸ ਦੀਆਂ ਅੱਖਾਂ ਨੇ ਮੱਤ ਮਾਰੀ ਪਈ ਸੀ। ਦੁਨੀਆਂ ਤਾਂ ਦੀਹਦੀ ਨੀਂ ਸੀ।ਐਂ ਕੀ ਪਤਾ ਸੀ ਸਾਰੀ ਉਮਰ ਦੇ ਪੁੱਠੇ ਜਿੰਦੇ ਲਾਜੂ। ਇਹ ਮੈਨੂੰ ਇਤਿਹਾਸ ਪੁੱਛਦੀ ਐ। ਮੇਰਾ ਤਾਂ ਆਪਣਾ ਈ ਇਕ ਵੱਡਾ ਕਿੱਸਾ ਬਣਿਆ ਪਿਐ ਜ਼ਿੰਦਗੀ ਦਾ। ਜਿਹੜੀ ਹੀਰ ਮੇਰੇ ਅੰਦਰ ਚੱਲ ਰਹੀ ਐ, ਉਸ ਦਾ ਵਾਰਿਸ ਮੈਂ ਆਪ ਬਣਿਆ ਖੜ੍ਹਾਂ। ਓਹਦੀ ਖਰਚ-ਵਿੱਦਿਆ ਦੀ ਗੱਲ ਉਦੋਂ ਖ਼ਾਨੇ ਵੜੀ ਜਦੋਂ ਸਾਰੀ ਖੇਡ ਖੇਡਕੇ ਔਹ ਗਈ। ਇਹ ਗੱਲਾਂ ਦੀ ਸੋਝੀ ਉਦੋਂ ਨਹੀਂ ਸੀ। ਚਲੋ ਕੁਸ਼ ਇਹਦੀਆਂ ਸੁਣਾਂਗੇ। ਜਿੰਨਾ ਕੁ ਹੋਇਆ ਮੈਂ ਗੱਲ ਕਰੂੰ। ਜੀਨਾ ਨੇ ਮਾਈਕ ਆਪਣੇ ਗੁਲਾਬੀ ਚਿਹਰੇ ਦੇ ਨੇੜੇ ਕਰ ਲਿਐ। ਮੇਲੇ ਦੀ ਭੀੜ ਉਸਦੇ ਰੰਗ-ਰੂਪ ਨੂੰ ਵੇਖਕੇ ਪੈਰ ਮਲਣਾਂ ਤਾਂ ਕੀ, ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਾਂਗਕੱਠੀ ਹੋਣੀ ਸ਼ੁਰੂ ਹੋਗੀ ਐ।
“ਦੋਸਤੋ ਖਾਓ-ਪੀਓ ਮੌਜ ਕਰੋ ਵਾਲਾ ਕੰਮ ਤਾਂ ਪੰਜਾਬੀ ਕਰਦੇ ਐ। ਪਰ ਇਹਨਾਂ ਥਾਵਾਂ ਦੀ ਇਤਿਹਾਸਿਕ ਮਹੱਤਤਾ ਬਾਰੇ ਅਸੀਂ ਬਹੁਤ ਘੱਟ ਜਾਣੂ ਹੋਣ ਦੀ ਕੋਸ਼ਿਸ਼ ਕਰਦੇ ਆਂ।….ਇਹ ਜੰਗਲ ਵਾਲੀ ਥਾਂ ਜਿੱਥੇ ਐਡਾ ਮੇਲਾ ਭਰਿਐ, ਇਸ ਤੀਰਥ ਅਸਥਾਨ ਤੇ ਤਿੰਨ ਪਿੰਡਾਂ ਦੀ ਜੂਹ ਪੈਂਦੀ ਐ।....ਦੋ ਰਿਆਸਤਾਂ ਦੀ ਹੱਦ ਹੰੁਦੀ ਸੀ, ਇਹਦੇ ਨੇੜੇ।....ਰਾਜਿਆਂ ਤੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਖਹਿੜਾ ਛੁਡਾਉਣ ਵਾਲੇ ਲੋਕਾਂ ਦੇ ਆਗੂ ਇੱਥੇ ਰਾਤਾਂ ਕੱਟਦੇ ਸੀ।....ਜੇ ਨਾਭਾ ਰਿਆਸਤ ਦੀ ਪੁਲਸ ਪੈਂਦੀ ਤਾਂ ਪਟਿਆਲੇ ਦੇ ਪਿੰਡਾਂ ਬੰਨੀ ਰਿਸਕ ਜਾਂਦੇ।....ਜੇ ਪਟਿਆਲੇ ਦੀ ਪੈਗੀ ਤਾਂ ਨਾਭੇ ਦੇ ਪਿੰਡਾਂਚ ਖਿਸਕ ਜਾਂਦੇ।”
ਮਲਵਈ ਤਾਂ ਇਹਨਾਂ ਸਭ ਗੱਲਾਂ ਦੇ ਜਾਣੀ-ਜਾਣ ਨੇ। ਇਹ ਤਾਂ ਉਹਦੇ ਵਿਦੇਸ਼ੀ ਸੈਂਟ ਦੀ ਖੁਸ਼ਬੋ ਲੈਂਦੇ, ਨਾਜ਼ੁਕ ਅਦਾਵਾਂ ਵੇਖਣ ਦੇ ਮਾਰੇ ਘੇਰਾ ਬੰਨੀਂ ਖੜੇ੍ਹ ਐ। ਮੇਰੇ ਅੰਦਰ ਹੋਰ ਗ਼ੁਬਾਰੇ ਭਰਨੇ-ਫੁੱਟਣੇ ਸ਼ੁਰੂ ਹੋ ਗਏ ਨੇ। ਅੱਖਾਂ ਲਾਲੀ ਫੜਨ ਲੱਗੀਆਂ ਨੇ। ਇਸ ਜੰਗਲ ਵਾਲੇ ਬਾਬੇ ਦੀ ਨਰਗਿਸ ਨੇ ਮੇਰਾ ਇਤਿਹਾਸ ਹੋਰ ਈ ਬਣਾਤਾ। ਮੈਨੂੰ ਤਾਂ ਐਸੀ ਪੁਲਸ ਪਈ ਉਹਨੇ ਨਾ ਕਿਸੇ ਰਿਆਸਤ ਦੀ ਵਰਦੀ ਪਾਈ। ਬੱਸ! ਐਸੀ ਹਨੇਰ ਕੋਠੜੀ ਚ ਸਿੱਟਿਆ। ਹੁਣ ਤੱਕ ਅੰਦਰੋਂ-ਅੰਦਰੀਂ ਸੜ ਰਿਹਾਂ। ਮੇਰੀ ਤਾਂ ਪੂਰੀ ਰਿਆਸਤ ਈ ਉਜੜਗੀ। ਅੰਗਰੇਜ਼ ਤੁਰਗੇ। ਲੋਕ ਸੌਖੇ ਹੋਗੇ। ਰਹਿੰਦ-ਖੂੰਹਦ ਫੇਰ ਵੀ ਰਹਿਗੀ। ਉਹਨਾਂ ਦੀ ਔਲਾਦ ਨਾਲ ਈ ਮੇਲਾ ਵੇਖਣ ਤੁਰ ਪਿਆ।ਉਸੇ ਮੇਲੇਚ ਲੁੱਟਿਆ ਗਿਆ।ਆਪ ਉਹ ਫੇਰ ਅੰਗਰੇਜ਼ਾਂ ਦੀ ਝੋਲੀ ਚ ਜਾ ਡਿੱਗੇ। ਜੀਨਾ ਇਸ ਇਤਿਹਾਸ ਨੂੰ ਨਹੀਂ ਸਾਂਭੂੰਗੀ। ਇਹਦਾ ਤਾਂ ਰੋਟੀ ਦਾ ਮਸਲੈ। ਮੈਂ ਵੀ ਇਹ ਇਤਿਹਾਸ ਗਲੇਚੋ ਬਾਹਰ ਕੱਢਕੇ ਹੁਣ ਕੀ ਕਰੂੰ ਪਰ ਅੰਦਰੋਂ ਖੂਨ ਚੋਂ ਥੋੜੋ ਖਾਰਜ਼ ਹੋਜੂ। ਇਹਨਾਂ ਭੰਬੀਰੀਆਂਚ ਘੁੰਮਦੇ ਦੀ ਨਿਗ੍ਹਾ ਜੀਨਾ ਬੰਨੀ ਜਾਂਦੀ ਐ। ਉਸ ਦੇ ਉੱਚੀ ਹੀਲ ਵਾਲੇ ਸੈਂਡਲ ਵੇਖਕੇ ਮਨ ਦੇ ਗੇੜੇ ਹੋਰ ਵੱਧ ਜਾਂਦੇ ਨੇ। ਓਹੀ ਮੋਡੀ ਜਨਾਨਾ ਜੁੱਤੀ ਤੇ ਤੰਗ ਮੂਹਰੀ ਦੀ ਸਲਵਾਰ ਇਹਨਾਂ ਬੋਹੜਾਂ ਹੇਠ ਫਿਰਦੀ ਨਜ਼ਰੀ ਪੈਂਦੀ। ਸੁੰਡੀ ਵਾਲੀ ਕਢਾਈ ਵੇਖਕੇ ਮੈਂ ਕਿਤੇ ਕਹਿ ਬੈਠਾ, ‘ਤੇਰੇ ਵਾਂਗ ਇਹ ਸੁੰਡੀਆਂ ਵੀ ਮੜਕ ਵਾਲੀਆਂ ਨੇ….ਤਾਂ ਚੁੰਨੀ ਦੇ ਲੜਾਂ ਨੂੰ ਆਪਣੀਆਂ ਉਂਗਲੀਆਂਤੇ ਵਲੇਟੇ ਮਾਰਦੀ ਇਕੋ ਅੱਡੀ ਤੇ ਗੇੜਾ ਖਾਂਦੀ, ਬੁੱਲ ਚੱਬਦੀ ਬੋਲਦੀ ਐ, ‘ਤੈਨੂੰ ਵੀ ਬਣਵਾ ਦਿਆਂ ਪੱਕੀ ਸੋਲੀ ਕੱਢਵੀਂ ਇਹੋ ਜੀ।....ਥੋਡੇ ਘਰਾਂਚੋਂ ਜੈਲਾ ਸਾਡੇ ਸਾਰੇ ਟੱਬਰ ਦੀਆਂ ਜੁੱਤੀਆਂ ਬਣਾਉਂਦੈ। …ਮੇਰੇ ਪਾਪਾ ਉਸਨੂੰ ਕਹਿ ਆਉਂਦੇ ਨੇ। ਸਾਡੇ ਘਰੇ ਆਉਂਦਾ ਕੱਢਾਈ ਦੇ ਡਿਜ਼ਾਇਨਾਂ ਵਾਲੇ ਪੱਤੇ ਨਾਲ ਲਿਆਉਂਦੈ।…ਅਸੀਂ ਵੇਖਕੇ ਪਸੰਦ ਕਰ ਲੈਨੀਆਂ।ਜਿਹੜੀ ਕਢਾਈ ਪਸੰਦ ਆਏ ਦੱਸ ਦਿੰਨੀਆਂ।…ਮੇਚਾ ਲੈ ਕੇ ਬਣਾਅ ਦਿੰਦੈ।ਮੇਰੀ ਛੋਟੀ ਭੈਣ ਤੇ ਮੰਮੀ ਦੇ ਵੀ ਪਾਈ,….ਤੂੰ ਕਦੇ ਵੇਖੀ ਵੀ ਹੋਊ। ਇਸੇ ਕਢਾਈ ਆਲੀ ਜੁੱਤੀ। ਉਸਦੀ ਗੱਲ ਸੁਣਕੇ ‘ਥੋਡੇ ਘਰਾਂਚੋਂ…।’ ਮੇਰੇ ਅੰਦਰ ਵੱਢ ਮਾਰ ਗਿਐ, ਬੌਂਦਲ ਜਾਨਾਂ। ਮੇਰਾ ਹਾਲ ਵੇਖਕੇ ਭਾਂਪ ਗਈ, ‘ਨਰਾਜ਼ ਕਿਉਂ ਹੁੰਨੈ, ਚਲ ! ਸ਼ੂਅ-ਮੇਕਰ ਕਹਿ ਲੈ।ਮੇਰੇ ਸੱਜੇ ਹੱਥਤੇ ਖੁਣੇ ਚੰਦ ਤੇ ਆਪਣੇ ਵਧਾਏ ਹੋਏ ਤਿੱਖੇ ਨੌਹਾਂ ਨਾਲ ਚੂੰਡੀ ਭਰ ਉਹ ਖਿੱਦ-ਖਿੱਦ ਹੱਸ ਪਈ। ਚਲੂੰਅ-ਚਲੂੰਅ ਕਰਦੇ ਹੱਥ ਨੂੰ ਪਲੋਸਦਾ ਮੈਂ ਮਿੰਨਾ-ਮਿੰਨਾ ਹੱਸਦਾ ਰਿਹਾ। ਉਸ ਦੀ ਕਮਰਚ ਪੈਂਦੇ ਵਲ ਮੈਨੂੰ ਮਖੌਲ ਕਰਦੇ ਰਹੇ। ਓਹੀ ਮਖੌਲ ਹਾਲੇ ਤਾਈਂ ਮੈਨੂੰ ਤੰਗ ਕਰ ਰਹੇ ਨੇ।
ਮੇਰੀਆਂ ਅੰਦਰਲੀਆਂ ਤੰਗੀਆਂ ਤੋਂ ਮੁਕਤ ਜੀਨਾ ਮਾਈਕ ਨੂੰ ਭੰਬੀਰੀ ਵਾਂਗ ਘੁੰਮਾਉਂਦੀ ਆਪਣੀ ਕਥਾ ਦਾ ਅਗਲਾ ਪੰਨਾ ਪਲਟਦੀ ਐ, “ਰਾਜੇ-ਰਾਣੀਆਂ ਤਾਂ ਬਾਅਦ ਚ ਆਏ, ...ਇਸ ਪਿੰਡ ਦੇ ਮੇਲੇ ਦੀ ਖ਼ੂਬਸੂਰਤ ਗੱਲ ਦੱਸਾਂ, ਕਹਿੰਦੇ,...ਆਹ ਸਾਹਮਣੇ ਤਲਾਅਚ ਪਰੀਆਂ ਨਹਾਉਦੀਆਂ ਸੀ। ਪਿੰਡ ਦੇ ਕਿਸੇ ਬੰਦੇ ਨੇ ਬੋਚਕੇ ਪਰੀ ਦੇ ਕੱਪੜੇ ਲਕੋਲੇ।….ਨਹਾਕੇ ਬਾਹਰ ਆਈ ਨੇ ਵੇਖਿਆ….ਕੋਈ ਮਾਣਸ ਜਾਤ ਕੱਪੜੇ ਹੱਥ ਚ ਚੁੱਕੀ ਦਰਖ਼ਤ ਓਹਲੇ ਖੜ੍ਹੀ ਸੀ। ...ਪਰੀ ਨੇ ਆਪਣੇ ਬਸਤਰ ਮੰਗੇ। ...ਓਹ ਆਂਹਦਾ, ‘ਕੱਪੜੇ ਤਾਂ ਦਿਉਂ ਜੇ ਮੇਰੇ ਨਾਲ ਵਿਆਹ ਕਰਵਾਏਂਗੀ। ….ਪਰੀ ਨੇ ਵਥੇਰਾ ਕਿਹਾ, ‘ਸਾਡਾ ਆਦਮ ਜਾਤ ਨਾਲ ਵਿਆਹ ਨੀਂ ਹੋ ਸਕਦਾ।....ਨਾ ਮੰਨਿਆ, ....ਅਖੀਰ ਪਰੀ ਨੇ ਵਿਆਹ ਕਰਵਾ ਲਿਆ। ਇਸ ਪਿੰਡ ਦੇ ਲੋਕ ਉਹਨਾਂ ਪਰੀਆਂ ਦੀ ਔਲਾਦ ਨੇ।ਇਸੇ ਕਰਕੇ ਇਥੋਂ ਦੇ ਮੁੰਡੇ-ਕੁੜੀਆਂ ਸੋਹਣੇ-ਸੁਨੱਖੇ, ਛੈਲ ਜਵਾਨ ਨਿਖਰਦੇ ਨੇ।" ਜੀਨਾ ਦੀ ਗੱਲ ਸੁਣਕੇ ਅੰਦਰ ਚੀਨਾ-ਚੀਨਾ ਹੋ ਗਿਐ। ਜੇ ਇੱਥੋਂ ਦੀ ਔਲਾਦ ਹੋਵੇ ਤਾਂ ਹੀ ਸੀ। ਇਸੇ ਧੋਖੇਚ ਤਾਂ ਮਾਰਿਆ ਗਿਆ। ਪਤਾਂ ਨੀਂ ਕਿੱਥੋਂ ਦੇ ਕੱਢੇ-ਵੱਢੇ ਐ, ਮੇਰੀ ਦੁਨੀਆਂ ਤਬਾਹ ਕਰ ਗਏ। ਚੰਗੀਆਂ ਧਰਤੀਆਂ ਜਦੋਂ ਠੱਗਾਂ ਦੇ ਹੱਥਾਂ ਹੇਠਾਂ ਆ ਜਾਣ ਤਾਂ ਮਨ ਆਈਆਂ ਤਾਂ ਕਰਨਗੇ ਈ। ਓਹੀ ਮਨ ਆਈਆਂ ਉਸ ਠੱਗਣੀ ਨੇ ਮੇਰੇ ਨਾਲ ਕੀਤੀਆਂ। ਤਲਾਅ ਦੇ ਪਾਣੀ ਦੇ ਛਿੱਟੇ ਵੀ ਮੈਨੂੰ ਤਾਂ ਤੇਜ਼ਾਬ ਵਾਂਗੂੰ ਲੱਗਦੇ ਨੇ।

ਇਹਨਾਂ ਘੁੰਮਣ-ਘੇਰੀਆਂ ਚ ਫਸੇ ਨੂੰ ਸਾਹਮਣਿਓਂ ਬਾਬੇ ਦੀ ਸਰਾਂ ਵਾਲੇ ਲੰਗਰਚੋਂ ਕੋਈ ਜਾਣਾਂ ਸਾਨੂੰ ਵਾਹਵਾ ਚਿਰ ਦਿਆਂ ਨੂੰ ਖੜ੍ਹੇ ਵੇਖਕੇ, ਚਾਹ ਦਾ ਜੱਗ ਤੇ ਗਿਲਾਸ ਫੜੀਂ ਸਾਡੇ ਬੰਨੀਂ ਤੁਰਿਆ ਆਉਂਦੈ।ਨੇੜੇ ਆਏ ਨੂੰ ਮੈਂ ਪਛਾਣ ਲਿਆ ਜੱਗਰ ‘ਰਾਜਾਐ। ਬੜੀ ਸੇਵਾ ਕਰਦੈ ਲੋਕਾਂ ਦੀ।ਮਖੌਲੀ ਵੀ ਪੂਰੈ।ਅਸੀਂਕੱਠੇ ਪੜ੍ਹੇ ਆਂ ਸਕੂਲ ਚ। ਮੇਰੀਆਂ ਘਤਿਤਾਂ ਦਾ ਵੀ ਇਹਨੂੰ ਪਤੈ। “ਮੈਂ ਪਛਾਣ ਲਿਆ ਤੈਨੂੰ... ਸਰਾਂ ਆਲੇ ਬਰਾਂਡੇਚ ਖੜ੍ਹੇ ਨੇ। ਮਖਿਆਂ, ਆਪਣਾ ਬੰਦੈ। …ਚਾਹ ਲੈ ਜਾਵਾਂ। ਓ ਮੀਤ ਜਿੱਦੇ ਦਾ ਤੂੰ ਅਫ਼ਸਰ ਬਣਿਐਂ, ..ਮੁੜਕੇ ਪਿੰਡ ਚ ਪੈਰ ਈ ਨੀਂ ਧਰਦਾ। ਕਦੇ ਪੁਰਾਣੇ ਆੜੀਆਂ ਨੂੰ ਵੀ ਮਿਲ ਲਿਆ ਕਰ।...ਅੱਜ ਤੂੰ ਬੜਾ ਦਿਲ ਕੱਢਿਐ। ਨਹੀਂ ਤਾਂ ਸ਼ਹਿਰੀਏ ਇਸ ਰੋਹੀ ਬੀਆਬਾਨਚ ਕਿੱਥੇ ਆਉਂਦੈ ਨੇ। …ਵਰੇ੍ਹ ਦਿਨਾਂ ਦਾ ਦਿਨ ਐ। ਮੱਥਾ ਟੇਕ ਜਾਂਈ, ਬਾਬੇ ਸੀਸ ਦੇਣਗੇ। ਸਭ ਪੁਰਾਣੀਆਂ ਗੁਆਚੀਆਂ ਚੀਜਾਂ ਥਿਆ ਜਾਦੀਆਂ ਨੇ। …ਜਦ ਬਾਬੇ ਦੀ ਨਿਗਾਹ ਸਿੱਧੀ ਹੋਜੇ।”
“ਓ ਮਖਿਆ ਜੱਗਰਾ ਪਿੰਡ ਦਾ ਮੋਹ ਥੋੜੋ ਜਾਂਦੈ। ਪਹਿਲਾਂ ਨੌਕਰੀਆਂ ਦੇ ਰੁਝੇਵੇਂ ਚ ਉਲਝੇ ਰਹਿੰਦੇ ਸੀ, ਹੁਣ ਜੁਆਕਾਂ ਦੇ ਕੰਮ ਈ ਵਿਹਲ ਨੀਂ ਲੈਣ ਦਿੰਦੇ।” ਚਾਹ ਵਾਲਾ ਜੱਗ ਤੇ ਗਲਾਸ ਉਸਦੇ ਹੱਥੋਂ ਫੜਕੇ ਮੈਂ ਪਰੇ੍ਹ ਖੜ੍ਹੇ ਮੁੰਡਿਆਂ ਬੰਨੀਂ ਹੋ ਗਿਆਂ।ਮੈਂ ਸਮਝ ਗਿਆ ਜੇ ਇਹ ਹੋਰ ਰੁੱਕਿਆ ਮੇਰੇ ਪੋਤੜੇ ਫਰੋਲਣ ਨੂੰ ਤਿਆਰ ਖੜ੍ਹੈ।ਚਾਹ ਦੀਆਂ ਚੁਸਕੀਆਂ ਵਿਚਲੀ ਮਿਠਾਸ ਮੇਰੇ ਮੂੰਹਚ ਘੁੱਲ ਰਹੀ ਐ। ਪਰ ਕਿਤੇ-ਕਿਤੇ ਕੁੜੱਤਣ ਆਪਣੀ ਵਾਰੀ ਵੀ ਖੁੰਝਣ ਨੀਂ ਦੇ ਰਹੀ।ਚਾਹ ਵਾਲਾ ਗਲਾਸ ਫੜਦਿਆਂ ਹੱਥ ਕੰਬਦੇ ਨੇ। ਇਹੀ ਜੱਗ ਗਲਾਸ ਇੱਜਤ ਦਾ ਮਸਲਾ ਬਣੇ ਖੜ੍ਹੇ ਸੀ।ਮਨ ਚ ਆਉਂਦੈ, ‘ਜੱਗਰਾ ਢਕੀ ਰਿੱਝਣਦੇ ਕਿਹੜੀਆਂ ਥਿਉਂਦੀਆਂ ਨੇ ਗੁਆਚੀਆਂ ਚੀਜ਼ਾਂ। ਮੈਨੂੰ ਐਕਸਾਇਜ਼ ਮਹਿਕਮੇ ਚ ਨੌਕਰੀ ਮਿਲੀ। ਬਾਪੂ ਤੋਂ ਚਾਅ ਚੱਕਿਆ ਨੀਂ ਸੀ ਜਾਂਦਾ। ਆਖੇ, ‘ਖੁਸ਼ੀ ਮਿਲੀ ਐ। ਦੋ ਸਾਲ ਹੋਗੇ। ਐਂਤਕੀ ‘ਖੰਡ-ਪਾਠ ਕਰਵਾਂਗੇ ਮੇਲੇ ਆਲੇ ਡੇਰੇ ਚੋਂ ਬਾਬੇ ਦੀ ਬੀੜ ਲੈਣ ਗਿਆਂ ਨੇ ਸਾਂਝੀ ਵੇਲ ਦੇ ਭਾਂਡੇ ਵੀ ਪੁੱਛੇ। ਓਹੀ ਬੈਠਾ ਸੀ ਮੂਹਰੇ ਕੈਨੇਡਾ ਦੀ ਕਮਾਈ ਖਾਣ ਆਲਾ ਕੁਤਰੀ ਦਾੜੀ ਵਾਲਾ।ਅਕੇ, ‘ਇਹਨਾਂ ਨੂੰ ਭਾਂਡੇ ਨੀਂ ਦੇਣੇ। ਬਾਪੂ ਨੇ ਕੀਤੀ ਧਰਨ ਟਿਕਾਣੇ। ਉਹ ਵੀ ਫੌਜੀ ਸੀ।‘ਜਦੋਂ ਬਰਾਂਡਿਆਂ ਦੀਆਂ ਛੱਤਾਂ ਪੈਂਦੀਆਂ ਸੀ, ਉਦੋਂ ਮੁੰਡੇ ਮੂਹਰੇ ਹੱਥ ਅੱਡੀਂ ਖੜ੍ਹੇ ਸੀ ਸਾਰੇ, ਅਫ਼ਸਰ ਐਂ।…ਬਾਸ਼ ਤੋਂ ਵੱਧ ਦੇ। ਦਿੱਤੇ ਵੀ।ਅੰਦਰ ਬੈਠੇ ਗਿੰਦ ਪ੍ਰਧਾਨ ਨੇ ਰੌਲਾ ਸੁਣ ਲਿਆ, ਬਾਹਰ ਆਕੇ ਕਹਿੰਦਾ, ‘ਇੱਥੇ ਕਿਸੇ ਦਾ ਜਾਤੀ ਰੌਲਾ ਨੀਂ ਹੋਣਾ ਚਾਹੀਦਾ। ਸਭ ਦਾ ਸਾਂਝੈ ਡੇਰਾ। ਸਭ ਬਰੋਬਰ ਨੇ। ਰਜ਼ਾਦਾ ਮੱਥਾ ਟੇਕਣ ਆਇਆ ਰਾਜ ਘੋਨਾ ਮੈਨੂੰ ਪਰ੍ਹੇ ਖੜੇ੍ਹ ਨੂੰ ਵੇਖਕੇ ਕਹਿੰਦਾ, ‘ਇੰਸਪੈਕਟਰ ਸਾਹਬ ਜੇ ਹੋਰ ਕਿਸੇ ਦੇਗ ਕੜਾਹੀ ਜਾਂ ਕਨਾਤਾਂ ਸ਼ਾਇਆਮਾਨ ਦੀ ਜਰੂਰਤ ਹੋਵੇ, ਸਾਡੀ ਸੰਦਲੀ ਕੀ ਧਰਮਸ਼ਾਲਾ ਚ ਵੀ ਹੈਗਾ ਸਮਾਨ। ...ਕਿਸੇ ਮੁੰਡੇ ਨੂੰ ਭੇਜ ਦਿਓ, ...ਉੱਥੋਂ ਲੈ ਆਉਣ ਜਦੋਂ ਮਰਜ਼ੀ। ਕੰੁਜੀਆਂ ਮੇਰੇ ਕੋਲ ਹੰੁਦੀਐਂ। ਮਹਾਰਾਜ ਦੀ ਸਵਾਰੀ ਲਈਂ ਜਾਦਿਆਂ ਬੰਨੀ ਕਣੱਖਾ ਜਾਹ ਝਾਕੇ ਬੇਸ਼ਰਮ ਹੋਇਆ।
‘ਓ ਸਾਡਾ ਮੀਤ ਈ ਗਿੱਲਾ ਗੋਹੈ, ਮੈ ਤਾਂ ਕਿਹਾ ਸੀ, ਲੈ ਕੇ ਬਣ ਜਾ ਹਵਾ ਬੀਕਾਨੇਰ ਬੰਨੀਂ। ਦੇਖੀ ਜਾਊ।ਚੰਗਿਆੜਾ ਵੈਲੀ ਆਵਦੇ ਸੁਭਾਅ ਮੁਤਾਬਕ ਬੋਲਦੈੈ।ਮਖਿਆਂ, ...‘ਓ ਚੁੱਪ ਰਹਿ ਟੈਂਮ ਵੇਖੀਂਦਾ ਹੁੰਦੈ। ਸੱਪ ਲੰਘੇ ਤੋਂ ਲੀਹ ਨੂੰ ਕੁੱਟੀ ਜਾਣ ਦਾ ਕੀ ਫਾਇਦੈ। ਉਹਨੂੰ ਉਦੋਂ ਕਹਿ ਤਾਂ ਦਿੱਤਾ ਸੀ। ਉਸੇ ਲੀਹ ਕਰਕੇ ਅਜੇ ਵੀ ਗੱਡੀ ਲੀਹ ਤੇ ਨੀਂ ਆਉਂਦੀ।ਮਨਚ ਭੰਬੂਕੇ ਉੱਠਦੇ ਨੇ। ਤੰਗ ਲਿਬਾਸ ਚ ਕਸੀ ਜੀਨਾ ਚਾਹ ਵਾਲਾ ਖਾਲੀ ਗਿਲਾਸ ਮਸਾਂ ਈ ਹੇਠਾਂ ਝੁਕਕੇ ਰੱਖਦੀ ਐ। ਪਰਸਚੋਂ ਨੈਪਕਿਨ ਕੱਢਕੇ ਬਹੁਤ ਹੌਲੀ-ਹੌਲੀ ਹਲਕੀ ਲਿਪਸਟਿਕ ਦੇ ਰੰਗ ਨੂੰ ਖਰਾਬ ਹੋਣ ਤੋਂ ਬਚਾਉਂਦੀ ਬੁੱਲਾਂ ਨੂੰ ਸਾਫ ਕਰ ਰਹੀ ਐ।ਪਤਲੀਆਂ-ਪਤਲੀਆਂ ਬਾਹਵਾਂ ਚ ਚਮਕਦੇ ਦੋ ਸੋਨੇ ਦੇ ਕੰਗਣਾਂ ਨੂੰ ਸੱਜੇ ਹੱਥ ਦੇ ਗੁੱਟ ਤੋਂ ਝਣਕਾਅ ਕੇ ਪਿਛਾਂਹ ਕਰਦੀ ਮਾਈਕ ਨਾਲ ਫੇਰ ਜੁਗਲਬੰਦੀ ਲਈ ਤਿਆਰ ਬਰ ਤਿਆਰ ਐ। ਉਹ ਆਪਣੀ ਗੱਲ ਨੂੰ ਅੱਗੇ ਤੋਰਦੀ ਐ।ਮੇਰੀ ਨਿਗ੍ਹਾ ਉਸਦੇ ਚਮਕਦੇ ਗੂੜੇ ਭੂਰੇ-ਕਾਲੇ ਸਟਰੇਟ ਕਰਵਾਏ ਖੁੱਲੇ ਛੱਡੇ ਵਾਲਾਂਤੇ ਵਾਰ-ਵਾਰ ਜਾ ਰਹੀ ਐ। ਜੀਨਾ ਵਾਲਾਂ ਨੂੰ ਪਲ ਭਰ ਮਗਰੋਂ ਝਟਕਕੇ ਮੱਥੇ ਤੋਂ ਪਰੇ੍ਹ ਕਰ ਰਹੀ ਐ। ਉਸਦੇ ਵਾਲ ਐਡੇ ਜਿੱਦੀ ਐ, ਉਸਦੀ ਇਕ ਨੀਂ ਸੁਣ ਰਹੇ।ਵਾਰ-ਵਾਰ ਉਸਦੀਆਂ ਅੱਖਾਂ ਅਤੇ ਮੱਥੇ ਤੇ ਘਟਾ ਬਣ ਛਾਅ ਜਾਂਦੇ ਨੇ। ਪਰ ਜੀਨਾ ਆਪਣੇ ਰੌਅਚ ਖੁਣੀਏ ਦੀ ਦੁਕਾਨ ਮੂਹਰੇ ਮਸਤੀ ਮਾਰਦੀ ਕਹਿ ਰਹੀ ਐ, “ਆਹ ਮੇਰੇ ਆਲੇ-ਦੁਆਲੇ ਖੜ੍ਹੇ ਸਾਰੇ ਨੌਜਵਾਨ ਇਸ ਕਲਾ ਦੇ ਮਸਤਾਨੇ ਨੇ। …ਇਹ ਕਲਾ ਕੋਈ ਨਵੀਂ ਨਹੀਂ।… ਜੁੱਗਾਂ ਤੋਂ ਆਮ ਲੋਕਾਂ ਤੇ ਰਾਜੇ-ਰਾਣੀਆਂ ਦੇ ਸ਼ਿੰਗਾਰ ਵਿੱਚ ਵਾਧਾ ਕਰਦੀ ਤੁਰੀ ਆਉਂਦੀ ਐ।.... ਕਿੰਨੇ ਕਬੀਲੇ ਖਾਸ ਕਰ ਰਾਜਪੂਤ ਜਿੰਨਾਂ ਨੂੰ ਅਸੀਂ ਪਿੰਡਾਂਚ ਗੱਡੀਆਂ ਆਲੇ ਕਹਿੰਦੇ ਆਂ।…ਅੰਗ-ਅੰਗ ਤੇ ਇਹ ਕਾਲਾ ਸੁਰਮਾ ਸੂਰਮਗਤੀ ਤੇ ਸੁਹਜ ਨਾਲ ਖੁਣਵਾਉਂਦੇ ਨੇ।...ਪਿੰਡਾਂ ਦੇ ਭਲਵਾਨ ਲਿਸ਼-ਲਿਸ਼ ਕਰਦੇ ਪੱਟਾਂਤੇ ਸੱਪ ਮੋਰਨੀਆਂ ਖੁਣਵਾਉਂਦੇ ਆਪਣੇ ਅੰਗਾਂ ਦੀ ਤਾਕਤ ’ਤੇ ਮਾਣ ਕਰਦੇ ਵੇਖੇ ਜਾਂਦੇ ਰਹੇ ਨੇ।ਸਮੇੇਂ-ਸਮੇਂ ਮੁਤਾਬਕ ਬੰਦੇ ਦੇ ਸ਼ੌਕ ਦੀ ਗੱਲ ਹੰੁਦੀ ਐ।”
ਮੈਨੂੰ ਨੇੜਿਓਂ ਵੇਖਕੇ ਮੇਰੇ ਹੱਥ ਬੰਨੀ ਹੱਥ ਕਰਕੇ ਸਾਹਮਣੇ ਖੜ੍ਹਿਆਂ ਨੂੰ ਦੱਸਦੀ ਐ, “ਜਿਵੇਂ ਸਾਡੇ ਸਰ ਦੇ ਹੱਥ ਤੇ ਮੂਨ ਖੁਣਿਐ।... ਬੱਸ ਉਦੋਂ ਇੰਨਾਂ ਹੀ ਸ਼ਫੀਸੈਂਟ ਸੀ।ਸ਼ੌਕ ਪੂਰੇ ਕਰਨ ਲਈ। ...ਅੱਜ ਬਦਲਾਅ ਆਇਐ, ...ਹੱਥਾਂ ਤੋਂ ਲੈ ਕੇ ਮੋਢਿਆਂ-ਡੌਲਿਆਂ ਤੇ ਪੱਟਾਂ ਨੂੰ ਪੂਰਾ੍ਪੂਰਾ ਟੈਟੂਆਂ ਨਾਲ ਭਰ ਲੈਂਦੇ ਨੇ।...ਅਸਲੀ ਫੋਟੋ ਵਾਲੇ ਤੇ ਮਨਚ ਆਏ ਖਿਆਲਾਂ ਵਾਲੇ ਟੈਟੂਆਂ ਦੀ ਗੱਲ ਪੂਰੀ ਦੁਨੀਆਂ ਵਿੱਚ ਛਾਅ ਗਈ ਐ। …ਚੌਵੀ-ਚੌਵੀ ਘੰਟੇ ਟੈਟੂ ਸਟੂਡੀਓ ਚ ਬੈਠਾ ਰਹਿੰਦੈ ਅੱਜ ਦਾ ਯੂਥ। ...ਅਗਲੀ ਕਮਾਲ ਦੀ ਗੱਲ ਐ..... ਬਲੈਕ ਹੀ ਨਹੀਂ ਕਲਰਡ ਟੈਟੂ ਖੁਣਵਾਉਣ ਦੇ ਸ਼ੌਕੀਨ ਬਹੁਤ ਨੇ। ...ਪੈਸਾ ਪਾਣੀ ਵਾਗੂੰ ਵਹਾਉਂਦੇ ਨੇ ਇਹਨਾਂ ਕੰਮਾਂਤੇ।…ਪਹਿਲੀ ਉਮਰ ਦੇ ਲੋਕਾਂ ਦੇ ਮੂਨ, ਮੋਰ ਜਾਂ ਸਨ ਹੀ ਵੇਖਦੇ ਆਂ। ਹੁਣ ਸ਼ੌਕ ਦਾ ਕੋਈ ਮੁੱਲ ਨੀਂ।”
ਉਹ ਆਪਣੀ ਬਾਂਹ ਨੂੰ ੳੁੱਚਾ ਚੁੱਕਕੇ ਗੋਲ-ਗੋਲ ਘੁੰਮਾਉਂਦੀ ਐ। ਮੁਸਕਰਾਉਂਦੀ ਐ। ਟੈਟੂ ਵਾਲੀ ਬਾਹ ਤੋਂ ਮੁੜਕਾ ਪੂੰਝ ਸਾਫ ਕਰਕੇ ਰੁਮਾਲ ਫੇਰ ਪਰਸ ਚ ਅੜੁੰਗ ਲੈਂਦੀ ਐ। ਉਸਦੀਆਂ ਬੇਬਾਕ ਗੱਲਾਂ ਦਾ ਕੀਲਿਆ ਮੈਂ ਵੱਖਰੀ ਦੁਨੀਆਂਚ ਲਟਕਿਆ ਖੜ੍ਹਾਂ। ਉਸਦੀਆਂ ਅਦਾਵਾਂ ਵੇਖਕੇ ਸੰਧੂ ਫੇਰ ਯਾਦ ਆਉਦੈ, ਇਹ ਪਤਾ ਨੀਂ ਕਿਥੋਂ ਸੱਤ ਸਮੁੰਦਰੋਂ ਪਾਰ ਬੈਠਾ ਇਹੋ ਜੀਆਂ ਨਟਣੀਆਂ ਨੂੰ ਹੱਥ ਹੇਠ ਕਰ ਲੈਦੈਂ। ਐਥੇ ਤਾਂ ਇਹਨਾਂ ਗੱਲਾਂ ਨਾਲ ਮਨ ਦੇ ਸੱਥਰ ਵਿਛ ਗਏ ਨੇ। ਇਹਨੂੰ ਕੀ ਦੱਸਾਂ ਇਹ ਚੰਦ ਖੁਣਨ ਵੇਲੇ ਇਸੇ ਮੇਲੇ ਵਿੱਚ ਨਿਗਾਹਾਂ ਕਿੰਨੀਆਂ ਇੱਧਰ-ਉੱਧਰ ਉਡਾਰੀਆਂ ਭਰਦੀਆਂ ਸੀ।ਤਸੱਲੀ ਤਾਂ ਉਦੋਂ ਵੀ ਕਿੱਥੇ ਸੀ।ਵਣਾਂ ਦੇ ਸਲਾਗੜਾਂ ਵਿਚੋਂ ਦੀ ਝਾਤੀਆਂ ਮਾਰਦੇ ਪੂਰਨਮਾਸ਼ੀ ਦੇ ਚੰਦ ਦੀਆਂ ਹੱਸਦੀਆਂ ਅੱਖਾਂ ਦੀ ਪਰਵਾਨਗੀ ਲੈ ਰਹੀਆਂ ਸੀ। ਦੂਜੇ ਪਾਸੇ ਖੁਣੀਏ ਨਾਲ ਗੱਲਾਂ। ਉਦੋਂ ਮਸ਼ੀਨ ਦੀ ਤਿੱਖੀ ਸੂਈ ਦੀ ਚੋਭ ਭੋਰਾ ਭਰ ਮਹਿਸੂਸ ਨੀਂ ਹੋਈ। ਹੁਣ ਜਦੋਂ ਇਸੇ ਚੰਦ ਬੰਨੀਂ ਵੇਖਦਾਂ। ਉਸੇ ਵੇਲੇ ਸੂਲਾਂ ਦੀ ਸੇਜ ਤੇ ਜਾ ਡਿਗਦੀ ਐ ਰੂਹ। ਤੜਫਦਾਂ।ਇਲਾਜ ਕੋਈ ਨੀਂ।ਸਭ ਵੈਦ ਮਰ ਮੁੱਕ ਗਏ ਉਸੇ ਦਿਨ।ਜਦੋਂ ਬੇ-ਆਬਰੂ ਹੋਕੇ ਉਸਦੇ ਕੂਚੇਚੋਂ ਨਿਕਲ ਤੁਰਿਆ ਸਾਂ। ਰਾਂਝਾ ਇਹਨਾਂ ਖੇੜਿਆਂ ਦਾ।
“ਸਰ ਮੈ ਤਾਂ ਤੁਹਾਡੇ ਮੂਨ ਦੀ ਵੀ ਤਰੀਫ ਕੀਤੀ।ਤੁਸੀਂ ਪਤਾ ਨੀ ਕਿੱਥੇ ਖੋ ਗਏ। ਸੁਣਾਓ ਕੋਈ ਵਧੀਆ ਜਿਹੀ ਕਹਾਣੀ।”
ਜੀਨਾ ਦੀ ਗੱਲ ਸੁਣਕੇ ਸਿਰਫ ਮੁਸਕਰਾਇਆ ਹੀ ਹਾਂ। ਅੰਦਰ ਤਾਂ ਅੱਗ ਦੇ ਦਰਿਆ ਵਗੀਂ ਜਾਂਦੇ ਨੇ। ਕਿਹੜੇ ਪੂਰਨਮਾਸੀ ਦੇ ਚੰਦ? ਸਭ ਵੜਗੇ ਮੁੜ ਓਥੇ ਜਿਥੋਂ ਨਿਕਲੇ ਸੀ। ਕਿਓਂ ਜੀਨਾ ਬਲਦੀ ਤੇ ਤੇਲ ਪਾਉਂਨੀ ਐਂ।ਤੂੰ ਆਵਦੇ ਜਣੇ ਤਾਂ ਮੈਨੂੰ ਖੁਸ਼ ਕਰਦੀ ਐਂ। ਇਹ ਚੰਦ ਤਾਂ ਡੰਗ ਮਾਰਦੇ ਨੇ, ਹੁਣ ਵੀ ਖੜ੍ਹੇ ਦੇ.... ਜਦੋਂ ਪਿਛਲਾ ਯਾਦ ਆਉਂਦੈ। ਭੋਲ਼ੀ ਜੀਨਾ ਮੂਠੀ ਮੀਚਕੇ ਅਗੂੰਠੇ ਦਾ ਚਿੰਨ ਬਣਾਅ ਬਾਂਹ ਉਤਾਂਹ ਕਰਦੀ ਐ। ਉਸਦਾ ਸੰਬੋਧਨੀ ਮੂਡ ਲਹਿਰਚ ਹੋ ਉਠਦੈ। “ਮਿੱਤਰ ਪਿਆਰਿਓ, ਗੱਲਾਂ ਤੁਸੀਂ ਇਤਿਹਾਸ ਵਿਰਾਸਤ ਤੇ ਕਲਾਵਾਂ ਦੀਆਂ ਸੁਣੀਆਂ ਨੇ,….ਪਰ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਐ। ਇਸ ਦਾ ਪਰਪੱਕ ਪਰਮਾਣ ਤਾਂ ਦਿਖਾਅ ਨੀ ਸਕਦੀ।…ਪਰ ਲੋਕ ਮਨਾਂ ਅੰਦਰ ਇਹ ਚਲਦੀ ਐ।…ਸਾਡੇ ਇਸ ਵੱਡੇ ਮੇਲੇ ਵਾਲੇ ਤੀਰਥ ਦੇ ਮਾਣ ਦੀ ਸ਼ਾਨ ਨੂੰ ਚਾਰ ਚੰਨ ਲਾਉਂਦੀ ਐ।”
ਗਰਮੀ ਨਾਲ ਤਰ ਹੋਈ ਆਪਣੀ ਲੰਡੀ ਕੁੜਤੀ ਨੂੰ ਬਾਂਹ ਤੋਂ ’ਕੱਠੀ ਕਰਦੀ ਗੱਲ ਅਗਾਂਹ ਤੋਰਦੀ ਐ, “ਆਹ ਤਾਂ ਹੁਣ ਕਿਹੜੀ ਗਰਮੀ ਐ! ….ਹਰ ਵਕਤ ਪੱਖੇ ਕੂਲਰ ਤਾਂ ਕੀ ਏ. ਸੀ. ਚੱਲਦੇ ਨੇ। ਰਾਤ ਨੂੰ ਬਲਿੰਦ ਦਾ ਮਰਕਰੀ ਬੱਲਬ ਦੂਰ-ਦੂਰ ਤੱਕ ਦੁੱਧ ਚਿੱਟੀ ਰੋਸ਼ਨੀ ਸੁੱਟਦੈ।…ਪਰ ਜਦੋਂ ਇਹ ਸਾਰਾ ਕੁਛ ਨਹੀਂ ਸੀ, …ਸੈਕੜੇ ਸਾਲ ਪਹਿਲਾਂ…. ਇਹਨਾਂ ਘੁੱਪ ਹਨੇਰੇ ਜੰਗਲਾਂ ਤੇ ਸ਼ੇਰਾਂ ਚੀਤਿਆਂ ਦੀ ਗਰਜਨਾ ਵਾਲੇ ਮਹੌਲ ਚ...ਪਾਂਡਵਾਂ ਨੇ ਆਪਣੇ ਬਣਵਾਸ ਦਾ ਇੱਕ ਵਰ੍ਹਾਂ ਇਸੇ ਜੰਗਲਾਂਚ ਗੁਜਾਰਿਆ। …ਨਵੇਂ ਸੰਮਤ ਦਾ ਮੇਲਾ ਹੁੰਦੈ।…ਹੁਣ ਬਾਬਾ ਰੰਗੀ ਰਾਮ ਮਗਰੋਂ ਉਨ੍ਹਾਂ ਦੀ ਬਰਸੀ ’ਤੇ ਭਾਦੋਂ ਦੀ ਮੱਸਿਆ ਵੀ ਭਰਦੀ ਐ।”
ਉਸ ਵੱਲ ਵੇਖਦਾਂ, ਗੱਲ ਕਰਦਿਆਂ ਜੀਨਾ ਨੇ ਤਿੱਖੇ ਤੀਰਾਂ ਵਰਗੇ ਭਰਵੱਟੇ ਉਤਾਂਹ ਖਿੱਚਕੇ ਸੰਗੋੜ ਲਏ ਨੇ। ਲੱਕ ਨੂੰ ਝਣਕਦੀ ਇਕੱਠੀ ਜਿਹੀ ਹੋ ਜਾਂਦੀ ਹੈ।ਉਸਦੀ ਇਸੇ ਹਰਕਤ ਨਾਲ ਮੈਂ ਵੀ ਝੰਜੋੜਿਆ ਗਿਆਂ। ਮਨ ਚ ਆਉਂਦੈ ਪਾਂਡਵਾਂ ਨੇ ਬਣਵਾਸ ਕੱਟਕੇ ਆਪਣਾ ਰਾਜਭਾਗ ਸੰਭਾਲ ਲਿਆ।ਇਹਨਾਂ ਵਣਾਂਚ ਕੀਤੀਆਂ ਕਲੋਲਾਂ ਨੇ ਮਿੱਤਰਾਂ ਨੂੰ ਬਣਵਾਸੀ ਬਣਾਤਾ। ਉਸੇ ਨਵੇਂ ਸੰਮਤ ਦਾ ਡੰਗਿਆ ਤਾਂ ਕਾਲਾ ਕੀਤਾ ਖੜ੍ਹਾਂ। ਪਿੰਡ ਵੱਢ-ਵੱਢ ਖਾਂਦੈ ਜੇ ਕਿਤੇ ਆਵਾਂ।ਅਸਮਾਨੀ ਉੱਡੇ ਜਾਂਦੇ ਜਹਾਜ਼ ਬੰਨੀ ਵੇਖਦੇ ਪਿੰਡ ਦੇ ਜੁਆਕਾਂ ਨਾਲ ਕਿਲਕਾਰੀਆਂ ਮਾਰਦੇ ਹੁੰਦੇ ਸੀ। ਪਰ ਹੁਣ ਇਹ ਕਿਲਕਾਰੀਆਂ ਨੀਂ…. ਹਾੳਂੁਕੇ ਜਰੂਰ ਲੈਨਾਂ, ਜਹਾਜ਼ ਵੇਖਕੇ।
ਗੱਲਾਂ ਯਾਦ ਆਉਂਦੀਐਂ, ‘ਮੀਤ ਮੈਂ ਬੇਬੱਸ ਹੋਈ ਪਈ ਆਂ।ਤੈਨੂੰ ਛੱਡਣ ਦਾ ਉੱਕਾ ਮਨ ਨੀਂ ਮੇਰਾ। ਦੋ ਪੁੜਾਂ ਚ ਪਿਸ ਰਹੀ ਆਂ। ਪਾਪਾ ਨੇ ਵੈਨਕੂਵਰ ਵਾਲੀ ਭੂਆ ਦੀ ਗੱਲ ਨੀਂ ਮੋੜੀ। ਕਹਿੰਦੇ, ‘ਮੁੰਡਾ ਕੈਨੇਡਾ ਦਾ ਪੀ.ਆਰ ਐ। ਆਹ ਅਗਲੀ ਤੀਹ ਦੀ ਫਲਾਈਟ ਐ। ਜੇ ਕਿਤੇ ਆਪਣੀ ਕਾਸਟ ਇਕ ਹੁੰਦੀ। ਮੈਂ ਪਾਪਾ ਅੱਗੇ ਅੜ ਜਾਂਦੀ। ਅਮੀਰੀ- ਗਰੀਬੀ ਦੀ ਮੈਨੂੰ ਪਰਵਾਹ ਨੀਂ ਸੀ ਪਰ….’ ਐਨਾ ਕਹਿ ਉਹ ਚੁੱਪ ਹੋਗੀ। ਮੇਰੇ ਸਿਰ ਤੇ ਐਸਾ ਪਰਮਾਣੂ ਬੰਬ ਡਿੱਗਿਆ ਸਾਰਾ ਸਰੀਰ ਹੀਰੋਸ਼ੀਮਾ ਹੋ ਗਿਆ। ਉਸਦੀ ਉੱਡਦੀ ਰਾਖਚੋਂ ਹੱਡੀਆਂ ਦੇ ਟੋਟੇ ੳੁੱਡੀਂ ਜਾ ਰਹੇ ਨੇ ਇੱਥੇ। ਕਦੇ-ਕਦੇ ਇਹਨਾਂ ਫੰਬਿਆਂ ਚੋਂ ਨਿਕਲਦੀਆਂ ਸਿਸਕੀਆਂ ਸ਼ਬਦ ਬਣ ਕਾਗਜਾਂਤੇ ਰੋਦੀਆਂ ਦਿਸਦੀਆਂ ਸੁਣਦੀਆਂ ਨੇ ਲੋਕਾਂ ਨੂੰ। ਪਿੱਛੇ ਜਿਹੇ ਇਕ ਈ-ਪੇਪਰ ਚ ਇਹਨਾਂ ਸ਼ਬਦਾਂ ਦੀ ਡਾਰ ਵੈਨਕੂਵਰ ਜਾ ਪਹੁੰਚੀ।ਫੈਲਗੀ। ਮੇਰਾ ਨੰਬਰ ਹੇਠਾਂ ਛਪਿਆ ਸੀ।ਕਿੰਨੇ ਮਿੱਤਰਾਂ ਦੇ ਫੋਨ ਆਏ। ਉਹਦੀ ਨਿਗ੍ਹਾ ਵੀ ਪਈ ਹੋਣੀ ਐ। ਮਰਿਆਂ ਮੁੱਕਿਆਂ ਨੂੰ ਕਹਿ ਤਾਂ ਦਿੰਦੇ ਐ, ‘ਕੀ ਯਾਦ ਕਰਨੈ। ਪਰ ਜਿਹੜੇ ਜਖ਼ਮ ਰਿਸਦੇ ਨੇ ਓਹੀ ਸਦਮਿਆਂ ਨੂੰ ਤਾਜ਼ਾ ਕਰਨ ਆਇਆਂ ਮੈਂ ਤਾਂ। ਹੋਰ ਕਿਹੜੇ ਸ਼ਿਲਾਲੇਖ ਲਿਖਣੇ ਨੇ ਮੈਂ। ਸ਼ਿਲਾਲੇਖ ਤਾਂ ਉਦੋਂ ਲਿਖੇ ਵੀ ਗਏ ਸੀ। ਫੌਜ ਚੋਂ ਪੈਨਸ਼ਨ ਆ ਕੇ। ਬਾਪੂ ਨੇ ਨਹਿਰੀ ਕੋਠੀ ਬੰਨੀਂ ਸਾਡੇ ਤਿੰਨ ਕਿਲਿਆਂ ਚੋਂ ਡੇਢ ਕਿਲੇਚ ਬੇਰੀਆਂ ਤੇ ਅਮਰੂਦਾਂ ਦੇ ਬੂਟੇ ਲਾ ਲਏ। ਸਬਜ਼ੀਆਂ ਵੀ ਬੀਜ ਲੈਂਦਾ। ਦੁਪਹਿਰੋਂ ਬਾਅਦ ਬਾਪੂ ਘਰੇ ਆ ਜਾਂਦਾ। ਸਕੂਲ ਮਗਰੋਂ ਮੇਰਾ ਪੱਕਾ ਟਿਕਾਣਾ ਬੇਰੀਆਂ ਹੇਠ ਹੁੰਦਾ। ਸ਼ੇਰਪੁਰ ਤੋਂ ਆਵਦੀ ਜ਼ਮੀਨ ਵੇਚਕੇ ਓਹਦੇ ਦਾਦੇ ਨੇ ਸਾਡੇ ਖੇਤਾਂ ਕੋਲ ਜ਼ਮੀਨ ਆ ਖਰੀਦੀ ਸੀ, ਅਕੇ, ‘ਇੱਥੇ ਸਸਤੀ ਕਰਕੇ ਵੱਧ ਬਣਗੀ।ਆਪਣੇ ਖੇਤ ਦਾ ਬਹਾਨਾ ਲਾ ਕੇ ਮੇਰੇ ਕੋਲ ਆ ਖੜ੍ਹੀ। ‘ਮੇਰੀ ਡਰਾਇੰਗ ਵਧੀਆ ਨਹੀਂ। ਬਣਾਦੇਗਾਂ ਮੇਰੀ ਸਾਇੰਸ ਦੇ ਪਰੈਕਟੀਕਲ ਦੀ ਕਾਪੀ। ਉਸੇ ਕਾਪੀ ਹੇਠ ਦੀ ਕੀਤੀ ਕੁਤਕੁਤੀ ਨੇ ਸਰੀਰ ਚ ਐਸੀਆਂ ਝਰਨਾਟਾਂ ਛੇੜੀਆਂ, ਬਸ! ਫੇਰ ਤਾਂ ਧੂੜ ਵੀ ਸ਼ਿਮਲੇ ਦੀ ਧੁੰਦ ਵਰਗੀ ਦਿਸਦੀ ਸੀ। ਗੜ੍ਹੇ ਤਾਂ ਜਦੋਂ ਪਏ, ਸਭ ਉਲਟਾ ਹੋ ਗਿਆ।ਆਥਣੇ ਆਪਣੀ ਉਸੇ ਕੱਢਵੀਂ ਜੁੱਤੀ ਆਲੀ ਛੋਟੀ ਭੈਣ ਨਾਲ ਆਗੀ। ਲਾਗੀ ਪੋਚੇ ਮਾਰਨ। ਮੈਂ ਨੀ ਭੁੱਲਦੀ।ਤੂੰ ਯਾਦ ਰੱਖੀਂ। ਝੂਠ ਦੇ ਪਰੌਠੇ ਕਿਥੋਂ ਸੰਘੋਂ ਲੰਘਦੇ। ਸੁਣੀ ਤਾਂ ਗਿਆ, ਮਨ ਸੀ ਕਿ ਤੁਰ ਜਾਵੇ ਇਥੋਂ। ਨਿੱਕੀ ਨੇ ਪਰੋਤੀਆਂ ਆਪਣੀ ਮਾਂ ਦੇ ਕੰਨਾਂਚ। ਉਸਨੇ ਗਹਾਂ ਘੋਗਲ ਕੰਨੇ ਖ਼ਸਮ ਨੂੰ ਪਰਵਾਨੇ ਸੁਣਾਤੇ। ਅਗਲੇ ਦਿਨ ਥਾਈ ਆਲੇ ਤਖ਼ਤਪੋਸ਼ ਕੋਲ ਦੀ ਲੰਘਦੇ ਬਾਪੂ ਨੂੰ ਆਵਾ-ਤਾਬਾ ਜਾਹ ਬੋਲਦਾ ਕਹਿੰਦਾ, ‘ਵਾੜੀ ਆਲੇ ਦਾ ਮੁੰਡਾ ਹੁਣ ਬਾਗਾਂ ਦਾ ਮਾਲਕ ਬਣਜੂ।’ ਬਾਪੂ ਵੀ ਫੌਜੀ ਸੁਭਾਅ ਦਾ ਕੱਬਾ ਸੀ। ਕਹਿੰਦਾ, ‘ਆਪਣੀ ਔਲਾਦ ਦੇ ਛਿੱਕਲੀ ਪਾ ਕੇ ਰੱਖ। ਜਿਹਡੀ ਮੂੰਹ ਮਾਰਦੀ ਫਿਰਦੀ ਐ।’ ਜਿਦ-ਜਿਦਾਈ ਕਰਦਿਆਂ ਦੋਹਾਂ ਨੂੰ ਨੰਬਰਦਾਰ ਨੇ ਆਪਣੇ ਘਰੇ ਲਿਜਾਕੇ ਸਮਝਾਇਆ, ‘ਕਿਓਂ ਸੱਥਚ ਖੜ੍ਹਕੇ ਆਪ ਨੂੰ ਹੌਲੇ ਕਰਦੇ ਓਂ।ਥੋਡਾ ਦੋਵਾਂ ਦਾ ਕਸੂਰ ਨੀਂ। ਆਪੋ-ਆਪਣੇ ਮੁੰਡੇ ਕੁੜੀ ਨੂੰ ਅੰਦਰ ਬੈਠਾਕੇ ਸਮਝਾਓ।’ ਬਾਪੂ ਘਰੇ ਆ ਕੇ, ਬੀਬੀ ਨੂੰ ਦੱਸਦਾ, ਮੈਂ ਸੁਣਿਆ। ਮਨ ਬਹੁਤ ਦੁਖੀ ਰਿਹਾ। ਬਾਹਰ ਜਾਣ ਨੂੰ ਵੀ ਚਿੱਤ ਨਾ ਕਰਦਾ। ਜਹਾਜ਼ ਉੱਡ ਗਿਆ।ਬਾਪੂ ਦੀ ਓਹੀ ਸਮਝੌਤੀ, ‘ਚੌਕਸ ਰਹੀਂ।’ ਇਸੇ ਚੌਕਸੀ ਨੇ ਮੇਰੀਆਂ ਗਲੀਆਂ ਸੁੰਨੀਆਂ ਕਰਵਾਤੀਆਂ।ਨਾਲੇ ਮਨ ਤਾਂ ਅੱਜ ਤਾਈਂ ਨੀਂ ਸਮਝਿਆ।ਅਖੀਰ ਬਾਪੂ ਨੇ ਕਹਿਤਾ, ਰੋਜ਼-ਰੋਜ਼ ਨੇਰੇ੍ਹ- ਸਵੇਰੇ ਆਉਂਨੈ। ਤੜਕੇ ਉਠਣਸਾਰ ਫੇਰ ਭੱਜਦੈਂ। ਸਕੂਟਰ ਭਜਾਉਂਨੈ। ਸ਼ਹਿਰ ਰਾਮ ਨਾਲ ਕਰਲਾ ਪੱਕਾ ਟਿਕਾਣਾ ਨਾਲੇ ਅਸੀਂ ਵੀ ਕਦੇ-ਕਦਾਂਈਂ ਸ਼ਹਿਰ ਦੀ ਹਵਾ ਲੈ ਲਿਆ ਕਰਾਂਗੇ।’ ਮੈਨੂੰ ਪਤੈ ਜਦੋਂ ਗਲੀ ਦੇ ਰੁਲਦੇ ਕੱਖਾਂ ਵਾਂਗ ਉੱਡਕੇ ਜਾ ਡਿੱਗਿਆ ਸੀ ਸ਼ਹਿਰ। ਉਹਨਾਂ ਜ਼ਖਮਾਂ ਦੀ ਚੀਸ ਅੱਜ ਵੀ ਕਲੇਜਾ ਚੀਰਦੀ ਐ, ਇਥੇ ਫਿਰਦੇ ਦਾ।
ਦਹਾਕਿਆਂ ਮਗਰੋਂ ਜਦ ਬਲਿੰਦ ਦੀਆਂ ਪੌੜੀਆਂ ਚੜ੍ਹਨ ਲੱਗਿਆਂ।ਜੀਨਾ ਹੇਠਾਂ ਕਿਆਰੀਆਂ ਚ ਨਿਗਾਹ ਮਾਰਦੀ ਪੁੱਛਦੀ ਐ, “ਆਹ ਫੁੱਲਾਂ ਵਾਲੇ ਬੂਟਿਆਂਚ ਹਰਾ-ਕਚਾਰ ਨਿੱਕੇ-ਨਿੱਕੇ ਫੁੱਲਾਂ ਅਤੇ ਬੀਆਂ ਦੇ ਗੁੱਛਿਆਂ ਨਾਲ ਭਰਿਆ ਕਾਹਦਾ ਪੌਦੈ?”
“ਮਖਿਆਂ ਇਹ ਮਰੂਏ ਦਾ ਬੂਟੈ।” ਸੁਣਕੇ ਇਕਦਮ ਚਹਿਕ ਉਠੀ ਐ।
“ਫੋਕਲੋਰ ਵਿੱਚ ਇਸ ਬੂਟੇ ਦਾ ਨਾਂ ਬਹੁਤ ਆਉਂਦੈ ਸਰ, ਪਿੱਛੇ ਜੇ ਇਕ ਪੰਜਾਬੀ ਮੂਵੀ ਵੇਖ ਰਹੀ ਸਾਂ।….ਉਹਦੇ ਵਿੱਚ ਕੁੜੀਆਂ ਗੀਤ ਗਾਉਂਦੀਆਂ ਸੀ,…‘ਪਾ ਦੇ ਭਾਬੀਏ ਪਾਣੀ, ਨੀ ਮਰੂਏ ਦੇ ਬੂਟੇ ਨੂੰ।ਇਹਦੇ ਪੱਤਿਆਂ ਦੀ ਚਟਣੀ ਵੀ ਰਗੜਦੇ ਵਿਖਾਏ ਨੇ ਪਿੰਡਾਂ ਵਾਲੇ।” ਉਹ ਪੁੱਛਦੀ ਦੱਸਦੀ ਗੇਂਦ ਵਾਂਗ ਉਛਲਦੀ ਪੌੜੀਆਂ ਚੜ੍ਹ ਜਾਂਦੀ ਐ। ਮੈਂ ਉਤਾਂਹ ਜਾ ਕੇ ਵੀ ਉਹਦੀ ਗੱਲ ਸੁਣਕੇ ਭੋਰੇਚ ਗਰਕ ਜਾਨਾਂ। ਭਾਬੀ ਤੇਰੀ ਨੇ ਮਰੂਏ ਦੇ ਬੂਟੇ ਨੂੰ ਪਾਣੀ ਤਾਂ ਕੀ ਪਾਉਣਾ ਸੀ। ਮਰੂਏ ਦੀ ਜੜ੍ਹ ਪੱਟਤੀ। ਤੂੰ ਤਾਂ ਫ਼ਿਲਮ ਚ ਚਟਣੀ ਰਗੜਦੇ ਵੇਖੇ। ਐਥੇ ਤਾਂ ਆਵਦੀ ਚਟਣੀ ਬਣਾਈ ਪਈ ਐ। ਮਾਨ ਦੇ ਗੀਤ ਵਾਂਗੂੰ ‘ਅੱਖਾਂ ਸਾਡੇ ਨਾਲ ਦਿਲ ਕਿਸੇ ਹੋਰ ਨਾਲ, ਬੱਲੇ ਉਏ ਚਲਾਕ ਸੱਜਣਾ....। ਬਲਿੰਦ ਤੋਂ ਹਰਿਆ ਭਰਿਆ ਨਜ਼ਾਰਾ ਦੂਰ ਤੱਕ ਦਿਸਦੈ ਪਰ ਇਹਨਾਂ ਨਜ਼ਾਰਿਆਂ ਚੋਂ ਮਾਰਦਾ ਸੇਕ ਮੈਨੂੰ ਬੌਦਲਾਈਂ ਖੜ੍ਹੈ। ਜੀਨਾ ਦੀ ਖੁਸ਼ੀ ਵਿੱਚੋਂ ਈ ਖੁਸ਼ੀ ਭਾਲਦਾਂ ਅੱਜ ਤਾਂ। ਇਹ ਤਪਦਾ ਤੰਦੂਰ ਤਾਂ ਸਾਰੀ ਉਮਰ ਠੰਡਾ ਨੀਂ ਹੋ ਸਕਿਆ। ਇਹਦੀ ਲੋਅ ਨਾਲ ਕਿਸੇ ਨੂੰ ਸਕੂਨ ਮਿਲਦੈ। ਤਾਂਹੀ ਇਸ ਘੜਮੱਸਚ ਤੁਰਿਆਂ ਫਿਰਦਾਂ।
ਸਹਿਜ ਨਾਲ ਕਦਮ ਭਰਦੀ ਉਹ ਆਪਣੇ ਨਾਲ ਮੰਡੀਰ ਨੂੰ ਖਿੱਚੀ ਫਿਰਦੀ ਪੁਰਾਣੇ ਦਰਖਤ ਤੇ ਪੋਲਾ-ਪੋਲਾ ਹੱਥ ਫੇਰਦੀ ਪੁੱਛਦੀ ਐ, ....“ਇਹ ਦਰਖਤ ਦੀ ਛਾਂ ਬੜੀ ਪਿਆਰੀ ਐ। ਹਰੇ-ਹਰੇ ਪੱਤੇ ਨੇ। ਵਿਚਾਰਾ ਬਜੁਰਗਾਂ ਵਾਂਗ ਲੱਗਦੈ। ਫਲ ਫੁੱਲ ਕੋਈ ਨਜ਼ਰ ਨਹੀਂ ਆ ਰਿਹਾ।” ਨਵੇਂ ਮੁੰਡਿਆਂ ਵੱਲ ਮਾਈਕ ਘੁੰਮਾਉਂਦੀ ਉਹ ਹਸਦੀ ਵੀ ਐ। ਅਲੂੰਏ ਖਿਡਾਰੀ ਉਸਦੀਆਂ ਅੱਖਾਂ ਦੀ ਝਾਲ ਨਾ ਝਲਦੇ ਸੰਗਦੇ ਸੁੰਗੜ ਜਿਹੇ ਜਾਂਦੇ ਨੇ। ਫੇਰ ਮੇਰੇ ਵੱਲ ਮੂੰਹ ਫੇਰਦੀ ਐ। “ਹਾਂ! ਇਹ ਵਣ ਦਾ ਦਰਖਤ ਐ। ਮੇਰੀ ਸੁਰਤ ਤੋਂ ਪਹਿਲਾਂ ਦੇ ਨੇ..... ਇਸਤੇ ਲੱਗਦੀਆਂ ਪੀਲ੍ਹਾਂ ਬਹੁਤ ਮਿੱਠਾ ਫਲ ਹੰੁਦੈ। ਇਹ ਫਲ ਬਹੁਤ ਖੁਸ਼ਕ ਤੇ ਉੱਚੇ ਤਾਪਮਾਨ ਚ ਲੱਗਦੈ। ਹੁਣ ਓਨੀਂ ਖੁਸ਼ਕੀ ਤੇ ਗਰਮੀ ਉਵੇਂ ਨੀ ਪੈਂਦੀ.... ਇਸੇ ਕਰਕੇ ਇਹ ਫਲ ਹੁਣ ਘੱਟ ਲਗਦੈ.... ਜਦੋਂ ਪਾਣੀ ਦੀ ਇਕ ਬੂੰਦ ਕਿੱਧਰੇ ਨਾ ਦਿੱਸਦੀ ਮੂੰਹ ਸੁੱਕਦਾ। ਉਹਨੀ ਦਿਨੀ ਪੂਰੇ ਪਾਣੀ ਨਾਂਲ ਭਰੀਆਂ ਪੀਲ੍ਹਾਂ ਤੇਹ ਮਿਟਾਉਂਦੀਆਂ। ਕਣਕ ਦੇ ਨਾੜ ਦੀਆਂ ਤੀਲਾਂ ਜਾਂ ਸਾਹਮਣੇ ਖੜੇ੍ਹ ਸਰਕੜੇ ਦੇ ਪੱਤਿਆਂ ਦੇ ਨਿੱਕੇ-ਨਿੱਕੇ ਬਚੂੰਗੇ ਬਣਾਕੇ ਉਹਨਾਂਚ ਪੀਲ੍ਹਾਂ ਪਾਉਂਦੇ…. ਹੱਥ ਦੀ ਮਾੜੀ ਜਿਹੀ ਦਾਬ ਨਾਲ ਈ ਇਹਨਾਂ ਦਾ ਪਾਣੀ ਖਿਲਰ ਜਾਂਦਾ।”
“ਓ ਜੈਸ….ਫੇਰ ਤਾਂ ਇਹ ਸਾਡਾ ਵਿਰਾਸਤੀ ਫਰੂਟ ਐ।….ਜਸਟ ਲਾਈਕ ਗਰੇਪਸ।ਤੁਸੀ ਵੀ ਇਨ੍ਹਾਂ ਚੀਜ਼ਾਂ ਬੰਨੀ ਧਿਆਨ ਦਿਓ।…..ਮੇਰਾ ਏਥੇ ਆਉਣ ਦਾ ਇਕੋਂ ਮਕਸਦ ਐ।….ਪਿਆਰੇ ਦੋਸਤੋ।”
“ਹਾਂ…ਹਾਂ…ਇਵੇਂ ਨੇ ਇਹ ਵਣ। ਬਾਬੇ ਦੀਆਂ ਸਮਾਧਾਂ ਬੰਨੀ ਜਿਹੜੀਆਂ ਤਿੱਖੀਆਂ-ਤਿੱਖੀਆਂ ਹਰੀਆਂ ਟਾਹਣੀਆਂ ਦਾ ਝਾੜ ਝੁੰਡ ਜਿਹਾ ਦਿਸਦੈ ਇਹ ਕਰੀਰ ਨੇ…. ਜਿਹੜਾ ਡੇਲਿਆਂ ਦਾ ਅਚਾਰ ਤੁਸੀਂ ਬੰਦ ਡੱਬੇ ਚੋਂ ਖਾਨੇ ਓਂ.... ਉਹ ਇਹਨਾਂ ਤੋਂ ਉਤਰਦੇ ਨੇ।” “ਵਾਓ...ਵਾਓ...ਕਰਵੰਦਾ ਅਚਾਰ ਮੇਰਾ ਵੀ ਫੇਵਰੈਟ ਐ।.....ਸਰ ਕਮਾਲ ਦੇ ਦਰਖਤ ਬੂਟੇ ਨੇ। ਇਹਨਾਂ ਨਾਲ ਈ ਜਿੰਦਗੀ ਤੁਰਦੀ ਐ ਬੰਦੇ ਦੀ।.....ਸਾਡੇ ਕੋਲ ਕਿੰਨਾਂ ਕੁਦਰਤ ਦਾ ਖਜ਼ਾਨਾ ਪਿਐ। .....ਦੋਸਤੋ ਵਰਤੋ।” ਮੈਂ ਵੇਖਦਾਂ ਦੋ ਤਿੰਨ ਜਣੇ ਆਪਸ ਵਿੱਚ ਸੈਨਤਾਂ ਮਿਲਾਉਂਦੇ ਘੁਸਰ-ਮੁਸਰ ਕਰਦੇ ਹੱਸਦੇ, ਜੀਨਾ ਦੇ ਜਲਵਿਆਂ ਦੇ ਦੀਵਾਨੇ ਹੋਏ ਫਿਰਦੇ ਨੇ। ਜੀਨਾ ਦੀ ਟੋਲੀ ਸਮਾਧਾਂ ਵੱਲ ਤੁਰ ਜਾਂਦੀ ਐ। ਮੇਰੇ ਖੜ੍ਹੇ ਦੀਆਂ ਅੱਖਾਂ ਮੂਹਰੇ ਓਹੀ ਭੰਬੂਤਾਰੇ ਘੰੁਮਣ ਲਗਦੇ ਨੇ। ਇਵੇਂ ਮੱਸਿਆ ਭਰੀ ਸੀ। ਅਸੀਂ ਵਣਾਂ ਤੋਂ ਪੀਲਾਂ ਦੇ ਬਚੂੰਗੇ ਭਰ ਲਏ।ਪਰੇ੍ਹ ਫਿਰਦੀਆਂਚੋਂ ਇਸ਼ਾਰੇ ਨਾਲ ਬੁਲਾਕੇ ਭਰਿਆ ਬਚੂੰਗਾ ਉਸਦੀਆਂ ਤਲੀਆਂ ਤੇ ਰੱਖਤਾ। ਚਾਰ ਕੁ ਪੀਲ੍ਹਾਂ ਖਾਕੇ ਥੁੱਕਤਾ, ‘ਹੈਂਅ! ਮੇਰੀ ਤਾਂ ਸਾਰੀ ਜੀਭ ਛਿੱਲਤੀ।’ ਮਖਿਆਂ, ‘ਤੇਰੀ ਜੀਭ ਛਿੱਲਤੀ ਤੂੰ ਮੇਰਾ ਅੰਦਰ ਛਿੱਲਤਾ।...ਅੱਧਾ ਦਿਨ ਡਾਣਿਆਂ ਨਾਲ ਝੂਲਦਿਆਂ, ਮੇਰਾ ਤਾਂ ਢੂਹਾ ਵੀ ਛਿੱਲਿਆ ਗਿਆ। ਮਾੜੀ ਮੋਟੀ ਵੀ ਕਦਰ ਨੀਂ ਪਾਈ।...ਆਹ ਇਨਾਮ ਦੀ ਆਸ ਨੀਂ ਸੀ ਤੈਥੋਂ। ਨਾਲੇ ਇਹਨਾਂ ਨੂੰ ਟਾਹਣੀਆਂ ਨਾਲੋਂ ਵਿਛੋੜਣ ਦਾ ਦਰਦ ਤਾਂ ਸਮਝਦੀ। ਤੇਰੇ ਕੋਲ ਆਈਆਂ ਦਾ ਮਾਣ ਰੱਖਦੀ...ਖੈਰ...।’ ਬਾਬੇ ਦੀ ਸਮਾਧਤੇ ਹਰ ਮੱਸਿਆ ਜੋੜੀ ਬਣ ਹੱਥ ਜੋੜ ਮੱਥੇ ਟੇਕੇ। ਅਰਜੋਈਆਂ ਕੀਤੀਆਂ। ਬਾਬੇ ਦੀ ਡੰਡਾਂਉਤ ਬੰਧਨਾ ਕਿਸੇ ਕੰਮ ਨਾ ਆਈ। ਜੋੜੀ ਤਾਂ ਬਣੀ ਓ ਨਾ। ਭੰਗਣਾ ਜ਼ਰੂਰ ਪੈਗੀ। ਹੁਣ ਇਸੇ ਕਰਕੇ ਓਧਰ ਜਾਣ ਨੂੰ ਮਨ ਨੀਂ ਕਰਦਾ। ਇਹ ਨਵੇਂ ਮੁੰਡੇ ਕੁੜੀਆਂ ਨੇ ਤੁਰੇ ਫਿਰਨ। ਡੇਲਿਆਂ ਵੱਟੇ ਵੀ ਜੇ ਨਾ ਕਿਸੇ ਨੂੰ ਪੁੱਛਿਆਂ ਹੋਵੇ, ਓਹ ਕਿਸਮਤ ਦੇ ਮਾਰੇ ਦਾ ਹਾਲ ਕੀ ਹੁੰਦੈ। ਓਹੀ ਜਾਣਦੈ। ਮੈਂ ਇਥੋਂ ਕੀ ਲੈਣੈ। ਨਾਲੇ ਰਹਿ ਵੀ ਕੀ ਗਿਐ ਏਥੇ! ਮੈਨੂੰ ਤਾਂ ਸੰਧੂ ਦਾ ਮੂੰਹ-ਮੁਲਾਹਜਾ ਰੱਖਣਾ ਹੀ ਪੈਣੈ। ਉਹ ਟੀਂਡਰ ਵੀ ਮਿੰਟ ਚ ਜਾਂਦੈ। ...ਸੰਧੂ ਦਾ ਚਿਹਰਾ ਫੇਰ ਮੂਹਰੇ ਆਉਂਦੈੇ। ਕਾਲਜ ਦੇ ਦਿਨਾਂ ਵਿੱਚ ਵੀ ਓਹਦੀ ਆਦਤ ਸੀ। ਗੋਲ ਘੇਰੇ ਵਿੱਚ ਬੈਠੇ ਕਿਸੇ ਨਵੇਂ ਕੰਮ ਦੀਆਂ ਸਕੀਮਾਂ ਘੜਨੀਆਂ ਤੇ ਹਰ ਰੋਜ਼ ਨਵੇਂ ਕੰਮ ਵਿੱਢਣੇ। ਕਈ ਕਰਾਮਾਤੀ ਵੀ ਤੇ ਕਈ ਕਲੱਲੇ ਵੀ।ਹਰੇਕ ਨੂੰ ਪੂਰ ਚੜ੍ਹਾਉਂਦਾ।ਉਨ੍ਹੀਂ ਦਿਨੀ ਜਦ ਪੰਜਾਬ ਵਿੱਚ ਅੱਗ ਵਰਦੀ ਸੀ।ਉਹਨੇ ਪੰਗੇ ਸਹੇੜਲੇ।ਅਸਮਾਨੀ ਗਰਦ ਚੜ੍ਹੀਂ ਵੇਖਕੇ ਯੂਨੀਵਰਸਟੀ ਦੇ ਦਿਨਾਂ ਵੇਲੇ ਨਾਟਕਾਂ ’ਚ ਨਾਲ ਕੰਮ ਕਰਦੀ ਸਖੀ ਲਵਲੀਨ ਲੱਗੀਆਂ ਨਿਭਾਅ ਗਈ।ਪਰਾਈਆਂ ਧਰਤੀਆਂ ਦਾ ਵਾਸੀ ਬਣਾਅ ਲਿਆ।ਦੋਵੇਂ ਲੰਡਨ ਦੇ ਬਸ਼ਿੰਦੇ ਹੋ ਗਏ।ਇਸੇ ਕਰਕੇ ਮਨ ’ਚ ਆਉਂਦੈ ‘ਉਹਨਾਂ ਨਾਲ ਸ਼ਰੀਕੇ ਕਾਹਦੇ, ਰੱਬ ਜਿੰਨਾਂ ਦੀਆਂ ਮੰਨੇ।’ ਮਸਤ ਮੌਲੇ ਨੇ ਆਪਣੀ ਧਰਤੀ ਦਾ ਮੋਹ ਨੀਂ ਛੱਡਿਆ। ਉੱਥੋਂ ਈ-ਅਖ਼ਬਾਰ ਕੱਢਿਆ।ਆਹ ਸੰਵਾਦ ਚੈਨਲ ਚਲਾਇਆ। ਪਿਛਲੇ ਸਾਲ ਇਸੇ ਚੈਨਲ ਦਾ ਐਵਾਰਡ ਸਮਾਗਮ ਮੈਂ ਆਨਲਾਈਨ ਲਾਇਵ ਵੇਖਿਆ। ਪੱਟੂ ਇਸ ਗੱਲ ਦਾ ਵੀ ਮਾਹਰ ਐ। ਉਥੇ ਵੀ ਹੁਸਨ, ਕਲਾ ਦੇ ਨਾਲ-ਨਾਲ ਖਹਿੰਦਾ ਫਿਰਦਾ ਦਿਸਦਾ ਸੀ। ਮੂਹਰਲੀ ਕਤਾਰ ’ਚ ਕਾਲੇ ਕੋਟ-ਪੈਂਟ ਨਾਲ ਚਮਕਦੀ ਟਾਈ ਲਾਈਂ ਬੈਠਾ ਐਵਾਰਡ ਲੈਕੇ ਮੰਚ ਤੋਂ ਹੇਠਾਂ ਆਉਂਦੀ ਕਿਸੇ ਨਵੀਂ ਦੇਵੀ ਜਾਂ ਸੱਜਣ ਦੇ ਗਲੇ-ਮੋਢੇ ਲੱਗ ਰਿਹਾ, ਕੁਰਸੀ ਤੋਂ ਅੱਧਾ ਕੁ ਉਠਦਾ। ਉਸਦੇ ਚਮਕਦੇ ਚਾਂਦੀ ਰੰਗੇ ਵਾਲ ਅੱਜ ਵੀ ਓਹੀ ਕਾਲਜ ਵਾਲੇ ਕਾਲੇ ਘੁੰਗਰਾਲੇ ਦਿਸ ਰਹੇ ਸੀ। ਹਾਸਾ ਵੀ ਆਉਂਦੈ। ਜੀਨਾ ਵਰਗੀਆਂ ਤਿੱਖੀਆਂ ਸਾਣ ’ਤੇ ਲਾਈਆਂ ਤੇਗਾਂ ਉਸੇ ਦੀ ਕਰਾਮਾਤੀ ਪਰਖ ਐ। ਮੇਰੇ ਵਰਗੇ ਬਣਵਾਸੀ ਨੂੰ ਉਸੇ ਦੀ ਹਿੰਮਤ ਨੇ ਸ਼ਹਿਰੋਂ ਕੱਢ ਪਿੰਡ ਬੰਨੀ ਤੋਰਤਾ। ਨਹੀਂ ਤਾਂ ਬਰਨਾਲੇ ਈ ਜਲਾਵਤਨੀਆ ਬਣਿਆ ਬੈਠਾ ਸਾਂ। ਉਹ ਮੈਨੂੰ ਕਦੇ ਵੀ ਪਰਵਾਸੀ ਨਹੀਂ ਲੱਗਦਾ। ਅੰਦਰਲਾ ਨਸੂਰ ਰਿਸਦੈ।ਬਾਹਰੀ ਵਡੱਪਣ ਨੂੰ ਉੱਤੇ ਰੱਖਾਂ ਕਿ ਥੱਲੇ। ਸਮਾਧਾਂ ਬੰਨੀਓਂ ਮੁੜਦੀ ਜੀਨਾ ਮੇਰੇ ਕੋਲ ਆ ਮੇਰੀ ਬਾਂਹ ਫੜ ਕਹਿੰਦੀ ਐ, “ਆਓ ਸਰ ਆਪਾਂ ਸੈਲਫ਼ੀ ਲੈਨਂੇ ਆਂ। ਯਾਦਗਾਰ ਰਹੇਗੀ।” ਮੈਨੂੰ ਆਪਣੇ ਨਾਲ ਖੜ੍ਹਾਕੇ ਇੱਕ ਹੱਥ ਮੇਰੇ ਮੋਢੇ ਉਤੋਂ ਦੀ ਵਲਦੀ ਮੋਬਾਇਲ ਕੈਮਰਾ ਕਲਿੱਕ ਕਰ ਦਿੰਦੀ ਐ। ਉਸੇ ਵਕਤ ਮੇਰੇ ਵੱਲ ਸਕਰੀਨ ਕਰਕੇ ਵਿਖਾਉਂਦੀ ਐ। ਫੋਟੋ ਵੇਖਦਾਂ। ਮੇਰੇ ਨਾਲ ਖਹਿਕੇ ਖੜ੍ਹੀ ਹੱਸ ਰਹੀ ਐ। “ਸਰ ਤੁਸੀ ਮੁਸਕਰਾਉਣਾ ਸੀ.... ਹੋਰ ਵਧੀਆ ਲਗਦੇ।” ਉਸਦਾ ਨਿਸ਼ੰਗ-ਪੁਣਾ ਹੋਰ ਤੰਗ ਕਰ ਰਿਹੈ। ਜੀਨਾ ਨੂੰ ਕੀ ਦੱਸਾਂ ਕਿ ਇਹੀ ਜੱਫੀਆਂ ਮੁਸਕਰਾਹਟਾਂ ਚੜ੍ਹਦੀ ਉਮਰੇ ਵਰ ਕਰ ਜਾਂਦੀਆਂ, ਇਨ੍ਹਾਂ ਦੀ ਓਹ ਕਦਰਦਾਨ ਬਣਦੀ। ਅੱਜ ਟੁੱਟਿਆ-ਟੁੱਟਿਆ ਥੋੜੋ ਫਿਰਨਾ ਸੀ। “ਸਰ ਬੱਸ ਇੱਕ ਦੋ ਲਾਸਟ ਸ਼ਾਟ ਹੋਰ ਨੇ। ਸਾਡੇ ਸਰ ਦੇ ਖ਼ਾਸ ਐ।” ਇਹ ਕਹਿ ਉਹ ਦੂਰ ਉੱਡਦੀ ਧੂੜ ਬੰਨੀ ਸਮੁੰਦਰ ਵਾਂਗ ਵਹਿੰਦੇ ਲੋਕਾਂ ਦੇ ਵਹਿਣ ਵਿੱਚੋਂ ਨਿੱਕਲ ਵੱਜਦੇ ਢੋਲ ਦੇ ਡੱਗਿਆਂ ਦੀ ਤਾਲ ਵੱਲ ਜਾ ਰਹੀ ਐ। “ਤਾਂ ਇਹ ਐ ਪੰਜਾਬ ਦੇ ਗੱਭਰੂਆਂ ਦੀ ਮਿੱਟੀ ਦੀ ਖੇਡ।...ਇਥੇ ਪਤਾ ਲੱਗਦੈ ਕਿੰਨੇ ਕੁ ਸਰੀਰ ਕਮਾਏ ਨੇ। ਜਦੋਂ ਭਿੜਦੇ ਐ ਸਾਨ੍ਹਾਂ ਵਾਂਗੂੰ।...ਪੱਟਾਂ ਦਾ ਜ਼ੋਰ ਦੱਸਦੈ...ਕਿਵੇਂ ਲੋਟਣੀਆਂ ਲਵਾਈਦੀਐਂ।" ਓਹ ਇਕਦਮ ਪਿੰਡਾਂ ਦੀ ਬਾਜੀਗਰਨੀ ਬਣ ਗਈ ਐ। ਕਬੱਡੀ ਖੇਡਦੇ ਝੋਬਰਾਂ ਦੇ ਭੇੜ ਵੇਖਦੇ ਓਹਦਾ ਲਹਿਜਾ ਕਮਾਲ ਦਾ ਹੋ ਗਿਐ। ਪਿਛਲੇ ਸਾਲ ਸੰਧੂ ਨੇ ਮੈਨੂੰ ਪੂਰੇ ਪੰਜਾਬ ਦਾ ਗੇੜਾ ਕਢਾਤਾ ਸੀ। ਕਈ ਕਬੱਡੀ ਟੂਰਨਾਮੈਂਟਾਂ ’ਤੇ ਲਈ ਫਿਰਦਾ ਰਿਹਾ। ਓਹਨਾਂ ਪਿੰਡਾਂ ਦੇ ਟੂਰਨਾਮੈਂਟਾਂ ਨੂੰ ਉਸਨੇ ਸਪਾਂਸਰ ਵੀ ਕੀਤਾ। ਚੈਨਲ ਆਪਣਾ ਸੀ। ਤਿੱਖੀਆਂ ਤੇਜ਼-ਤਰਾਰ ਐਕਰਾਂ। ਝਾਂਜਰਾਂ ਵਾਂਗ ਛਣਕਦੇ ਬੋਲ। ਉਦੋਂ ਦੁਆਬੇ ਦੀ ਕੁਲਜੀਤ ਹੀਰ ਸੀ। ਬੰਨ ਲੈਂਦੀ ਆਡੀਐਂਸ ਨੂੰ। ਖੇਡ ਮੈਦਾਨਚੋਂ ਮੁੜਦੀ ਜੀਨਾ ਪਥਰਾਈਆਂ ਅੱਖਾਂ ਤੇ ਖੁੱਲੇ ਮੂੰਹ ਵਾਲਿਆਂ ਨੂੰ ਕਿੱਕਰਾਂ ਹੇਠ ਬੇਸੁਰਤ ਹੋਏ ਪਿਆਂ ਵੇਖਕੇ ਕਹਿੰਦੀ, “ਸਰ, ਇੰਨ੍ਹਾਂ ਦਾ ਕੀ ਬਣੂੰ। ਪੂਰਾ ਦਿਨ ਇੰਨ੍ਹਾਂ ’ਤੇ ਵੀ ਲਗਾਉਣ ਦਾ ਪ੍ਰੋਗਰਾਮ ਐ। ਸਰ ਦਾ ਫੋਨ ਆਇਆ ਸੀ।” ਠੰਡਾ ਸਾਹ ਭਰਦੀ, ਢਾਕਾਂ ’ਤੇ ਹੱਥ ਧਰਕੇ ਇਉਂ ਖੜ੍ਹ ਜਾਂਦੀ ਐ, ਜਿਵੇਂ ਉਹਦੀ ਬੱਸ ਹੋ ਗਈ ਐ। ਮਨ ’ਚ ਇਹ ਵੀ ਆਉਂਦੈ, ਮੇਰੇ ਵਾਂਗੂੰ ਕਿਤੇ ਫੱਟੜ ਨਾ ਕੀਤੇ ਪਏ ਹੋਣ। ਪਰ ਹੁਣ ਹਵਾ ਹੋਰ ਪੁੱਠੀ ਵਗਦੀ ਐ। ਖੱਬੇ ਹੱਥ ਚਲਦੇ ਚੰਡੋਲ ਕੋਲ ਜਾ ਖੜ੍ਹੀ ਜੀਨਾ ਬੱਚਿਆਂ ਦੇ ਨਿੱਕੇ-ਨਿੱਕੇ ਚਿਹਰੇ ਨੂੰ ਦੁਲਾਰਦੀ ਐ। “ਬੱਚਿਓ ਕਿਵੇਂ ਲੱਗਦੈ, ਏਨੇ ਉੱਚੇ ਚੜ੍ਹਕੇ। ਅਸਮਾਨੀ ਪਤੰਗ ਵਾਂਗ ਉਡੋ।...ਦੁਨੀਆਂ ਵੇਖੋ।” ਜਵਾਕ ਬਿਟ-ਬਿਟ ਓਹਦੇ ਬੰਨੀ ਝਾਕਦੇ ਐ.... ਆਹ ਪਰੀ ਕਿਥੋਂ ਆ ਖੜ੍ਹੀ। ਮਨ ’ਚ ਆਉਂਦੀ ਐ, ਬਥੇਰੇ ਚਡੋਲ ਦੇ ਨਜ਼ਾਰੇ ਲਏ। ਉਸਨੂੰ ਬਿਠਾਅ ਲਿਆ ਇੱਕ ਵਾਰੀ। ਚੀਕਾਂ ਮਾਰੇ। ਲੋਕ ਕੀ ਕਹਿਣਗੇ.... ਪਰ ਹੁਣ ਸੋਚਦਾਂ ਅੱਜ ਆਏ ਨੂੰ ਲੋਕ ਮੈਨੂੰ ਕੀ ਕਹਿੰਦੇ ਹੋਣਗੇ। ਮੈਂ ਤਾਂ ਚੰਡੋਲ ’ਤੇ ਪੁੱਠੇ ਗੇੜੇ ਪੈ ਗਿਆਂ। ‘ਜੀਨਾ ਤੂੰ ਲੈ ਨਜ਼ਾਰੇ। ਗੁੱਟ ’ਤੇ ਬੰਨੀ ਸੁਨਹਿਰੀ ਘੜੀ ਵੇਖਦੀ ਉਹ ਮੇਰੇ ਕੋਲ ਆ ਖੜ੍ਹੀ ਐ।
“ਠੀਕ ਐ ਸਰ, ਕਰੀਏ ਫਨਿਸ਼।”
“ਹਾਂ..ਆ।”
ਮੇਰੇ ਮੂੰਹੋਂ ਲਮਕਦੀ ਹਾਂ ਸੁਣਕੇ ਉਹ ਦੋਨਾਂ ਹੱਥਾਂ ਦੀ ਤਾੜੀ ਮਾਰਦੀ ਪਰੇ੍ਹ ਤੁਰ ਪੈਂਦੀ ਐ। ਮੈਂ ਵੀ ਜੀਨਾ ਦੇ ਕਾਫਲੇ ਦੇ ਮਗਰ-ਮਗਰ ਤੁਰ ਰਿਹਾਂ। ਬਿਜਲੀ ਦੇ ਕਰੰਟ ਵਾਂਗੂ ਅੱਗੇ-ਅੱਗੇ ਤੁਰਦੀ ਮੇਰੀਆਂ ਗੱਲਾਂ ਦੀਆਂ ਤਰੀਫਾਂ ਦੇ ਪੁਲ ਬੰਨੀ ਜਾਂਦੀ, ਉਹ ਫੁੱਲੀ ਨੀਂ ਸਮਉਂਦੀ। ਕਾਰ ਨੇੜੇ ਪਹੁੰਚ ਪੂਰੀਆਂ ਬਾਹਾਂ ਫੈਲਾਕੇ ਜੱਫੀ ਭਰ ਲੈਂਦੀ ਐ। ਉਸਦੇ ਲੱਗੀ ਲਿਪਸਟਿੱਕ ਨਾਲ ਬੁੱਲਾਂ ਦੇ ਨਿਸ਼ਾਨ ਮੇਰੇ ਸੱਜੇ ਮੋਢੇ ’ਤੇ ਕਮੀਜ਼ ਉਪਰ ਛਪ ਗਏ ਨੇ।
“ਓ…! ਸਰ, ਤੁਹਾਡੀ ਕਮੀਜ਼ ਹੀ ਖਰਾਬ ਹੋਗੀ।”
“ਓ ਨਈਂ! ਨਈਂ! ਇਹ ਵੀ ਚੰਗਾ ਹੋਇਆ ਚਾਹਲ…. ਤੇਰੀ ਨਿਸ਼ਾਨੀ ਰਹਿਗੀ ਐ।”
ਪਰ ਇਹਨੂੰ ਕੀ ਦੱਸਾਂ ਕਿ ਇਸ ਤਰਾਂ ਦੀ ਛੋਹ ਮੇਰੀ ਰੂਹ ਨੂੰ ਸ਼ਰਸ਼ਾਰ ਕਰ ਜਾਂਦੀ ਸੀ। ਜਿਹੜੀ ਕਿਸੇ ਹੋਰ ਦੀ ਹਿੱਕ ਠਾਰਨ ਵਾਲਾ ਤਵੀਤ ਬਣਗੀ।
“ਸਰ! ਤੁਹਾਡਾ ਬਹੁਤ-ਬਹੁਤ ਸ਼ੁਕਰੀਆ….. ਵਾਕਿਆ ਈ ਸਾਡੇ ਸੀ.ਓ. ਸੰਧੂ ਸਰ ਦੀ ਗੱਲ ਸੱਚੀ ਹੋਈ।…ਤੁਸੀ ਕਿੰਨੀਆਂ ਕੀਮਤੀ ਗੱਲਾਂ ਦਾ ਖਜ਼ਾਨਾਂ ਅੰਦਰ ਸੰਭਾਲੀ ਬੈਠੇ ਓਂ।….ਹੁਣ ਬਾਹਰ ਆਈਆਂ ਨੇ। ਸਾਝੀਆਂ ਹੋਣਗੀਆਂ।…ਲੋਕ ਸੁਣਕੇ ਜਾਣੂ ਹੋਣਗੇ…. ਇਸ ਵੱਡੇ ਮੇਲੇ ਦੀਆਂ ਧੁੰਮਾਂ ਤਾਂ ਦੂਰ-ਦੂਰ ਤੱਕ ਪੈਂਦੀਆਂ ਨੇ।…ਇਸੇ ਪਿੰਡ ਦੀ ਨਿਰਮਤ ਖੰਗੂੜਾ ਵੈਨਕੂਵਰ ਰਹਿੰਦੀ ਹੈ…. ਸਾਡੇ ਚੈਂਨਲ ਨਾਲ ਜੁੜੀ ਹੋਈ ਐ।….ਸਰ ਨਾਲ ਗੱਲ-ਬਾਤ ਕਰਦੀ ਰਹਿੰਦੀ ਹੈ। ਸੰਧੂ ਸਾਹਬ ਦੀ ਤਾਕੀਦ ਸੀ ਨਿਰਮਤ ਦੇ ਪਿੰਡ ਬਹੁਤ ਵੱਡਾ ਮੇਲਾ ਭਰਦੈ,…. ਓਹਦੀ ਕਵਰਿੰਗ ਜ਼ਰੂਰ ਕਰਨੀ ਹੈ। ਵਾਕਿਆ ਈ ਮੇਲਾ ਵੱਡੈ। ਲਾਟ ਆਫ ਥੈਂਕਸ ਸਰ…ਹੁਣ ਨਿਰਮਤ ਮੈਂਡਮ ਨੂੰ ਦੱਸਾਂਗੇ ਜਾਕੇ।”
ਦੋ ਸ਼ਬਦ ਵੀ ਮੇਰੇ ਮੂੰਹੋਂ ਨੀਂ ਨਿਕਲ ਰਹੇ। ਖੜ੍ਹਨਾ ਵੀ ਔਖਾ ਹੋ ਗਿਆ। ਪਹਿਲੀਆਂ ਈ ਸੂਤ ਨੀਂ ਆਉਂਦੀਆਂ ਸੀ… ਹੁਣ ਇਹਦੇ ਨਾਲ ਵੀ ਪਾ ਲੀਆਂ ਪੀਘਾਂ…। ਆਹ ਨਵੇਂ ਫਨੀਅਰ ਨੇ ਜਮਾਂ ਈ ਡੰਗਕੇ ਰੱਖਤਾ…।

                            ਗਲੀ ਨੰਬਰ 05,
                            ਲਿੰਕ ਰੋਡ, ਮਾਨਸਾ।
                            ਮੋਬਾ: 98720-01856
Show More

Related Articles

Leave a Reply

Your email address will not be published. Required fields are marked *

Back to top button
Translate »