ਫਿਰੇਂ ਮੇਮਣੇ ਦੇ ਵਾਂਗੂੰ ਮਮਿਆਉਂਦਾ –
ਸਾਹਿਤਕ ਮੱਸ ਅਤੇ ਚੰਗੇ ਗੀਤਾਂ ਦੇ ਉਪਾਸ਼ਕ ਚੋਣਵੇਂ ਸਰੋਤਿਆਂ ਦੇ ਰੂ-ਬ-ਰੂ ਹੋਈ ਸਰਬਜੀਤ ਮਾਂਗਟ
ਜ਼ਿੰਦਾਦਿਲ ਹਰਜੀਤ ਬੌਬੀ ਬਰਾੜ ਨੇ ਪਛਾਣੀ ਸਰਬਜੀਤ ਮਾਂਗਟ ਅੰਦਰਲੇ ਸੂਫ਼ੀ ਅੰਦਾਜ਼ ਦੀ ਗਾਇਣ ਸ਼ੈਲੀ
ਫਿਰੇਂ ਮੇਮਣੇ ਦੇ ਵਾਂਗੂੰ ਮਮਿਆਉਂਦਾ – ਕਸਾਈਆਂ ਹੱਥ ਛੁਰੀ ਦੇ ਦਿੱਤੀ—–

‘‘ਹੈਲੋ! ਹਾਂਜੀ ਡਾ. ਸਾਹਬ! ਹਰਜੀਤ ਬੌਬੀ ਦਾ ਫ਼ੋਨ ਆ ਗਿਆ! ਗੱਲ ਹੋਈ ਸੀ ਕਹਿੰਦੇ ਡਾ. ਤੱਗੜ ਨੂੰ ਕਰਤਾ ਸੀ ਫ਼ੋਨ!’’ ‘‘ਹਾਂਜੀ ਆ ਗਿਆ ਸੀ, ਕੌਣ-ਕੌਣ ਆ ਰਹੇ ਓ ਤੁਸੀਂ!’’ ‘‘ਅਸੀਂ ਤਾਂ ਸਾਰੇ ਈ ਆ ਰਹੇ ਆਂ।’’ ‘‘ਮਿਲਦੇ ਆਂ ਫੇਰ 22 ਮਾਰਚ ਦੀ ਸ਼ਾਮ ਨੂੰ ਘਣੀਏ ਆਲ਼ੇ, ਸੁਰਾਂ ਦੀ ਮਹਿਫ਼ਿਲ ’ਚ!’’ ਮਿੱਥੀ ਸ਼ਾਮ ਪੀ.ਐਨ. ਓ ਮੀਡੀਆ ਗਰੁੱਪ ਦਾ ਮੁੱਖ ਸੰਪਾਦਕ ਤੇ ਪਿਆਰਾ ਮਿੱਤਰ ਸੁਖਨੈਬ ਸਿੱਧੂ ਮੇਰੇ ਨਾਲ ਮਹਿਫ਼ਿਲ ਵਿਚ ਸ਼ਾਮਲ ਹੋਣ ਦਾ ਪ੍ਰੋਗਰਾਮ ਪੱਕਾ ਕਰ ਰਿਹਾ ਸੀ। ਮੈਂ ਤੇ ਮੇਰੀ ਹਮਸਫ਼ਰ ਅਤੇ ਸੁਖਨੈਬ ਸਿੱਧੂ ਆਪਣੀ ਹਮਸਫ਼ਰ, ਬੇਟੀ ਰੂਪਕਮਲ, ਬੇਟੇ ਜੈਕੁੰਵਰ ਸਿੰਘ ਸਿੱਧੂ ਨਾਲ ਮਹਿਫ਼ਿਲ ਦਾ ਰੰਗ ਮਾਨਣ ਲਈ ਸ਼ਾਮਲ ਹੋਏ।

ਹਰਜੀਤ ਬਰਾੜ ਬੌਬੀ ਘਣੀਏਵਾਲਾ ਬੇਸ਼ਕ ਜ਼ਿਆਦਾ ਸਮਾਂ ਵੈਨਕੂਵਰ ਕੈਨੇਡਾ ਰਹਿੰਦਾ ਹੈ ਪਰ ਪਿੰਡ ਦੀਆਂ ਜੂਹਾਂ ਨਾਲ਼ ਉਸ ਦਾ ਮੋਹ ਉਸ ਨੂੰ ਹਰ ਸਾਲ ਦੋ ਤਿੰਨ ਮਹੀਨਿਆਂ ਲਈ ਫ਼ਰੀਦਕੋਟ ਜ਼ਿਲ੍ਹੇ ਦੇ ਪੰਜਗਰਾਈਂ ਕਲਾਂ ਦੀ ਵੱਖੀ ’ਚ ਪੈਂਦੇ ਪਿੰਡ ਘਣੀਏ ਵਾਲੇ ਖਿੱਚ ਲਿਆਉਂਦਾ ਹੈ। ਆਪਣੇ ਵਿਦਿਆਰਥੀ ਜੀਵਨ ਤੋਂ ਚੁਨਿੰਦਾ ਅਤੇ ਖ਼ੂਬਸੂਰਤ ਸ਼ੌਕ ਪਾਲਣ ਦਾ ਆਸ਼ਕ ਹਰਜੀਤ ਬੌਬੀ ਕੁਝ ਸਾਲ ਪਹਿਲਾਂ ਇਕ ਹਾਦਸੇ ਵਿਚ ਮਸਾਂ-ਮਸਾਂ ਬਚਿਆ ਅਤੇ ਅੱਜ-ਕੱਲ ਵੀਲ੍ਹ ਚੇਅਰ ’ਤੇ ਰਹਿੰਦਾ ਹੈ। ਸ਼ਾਇਦ ਇਹ ਹਾਦਸੇ ਦੀ ਵਜ੍ਹਾ ਹੈ ਜਾਂ ਕੁਝ ਹੋਰ, ਉਸ ਵਿਚ ਏਨਾ ਜ਼ਿਆਦਾ ਹਾਂ ਪੱਖੀ ਬਦਲਾਓ ਆਇਆ ਹੈ ਕਿ ਉਹਨੂੰ ਆਪਣੇ ਮਿੱਤਰਾਂ-ਦੋਸਤਾਂ ਵਿਚ ਜ਼ਿੰਦਗੀ ਦਾ ਵਧੇਰੇ ਸਮਾਂ ਬਿਤਾਉਣ ਦੀ ਭਲ਼ ਜਿਹੀ ਲੱਗੀ ਰਹਿੰਦੀ ਹੈ। ਪੰਜਾਬ ਫੇਰੀ ਮੌਕੇ ਅਕਸਰ ਉਹ ਪਿੰਡ ਘਣੀਏ ਵਾਲੇ ਆਪਣੇ ਮਿੱਤਰਾਂ ਨੂੰ ਕਦੇ ਛੋਟੇ-ਛੋਟੇ ਝੁੰਡਾਂ ਵਿਚ ਅਤੇ ਕਦੇ ਸਾਰੇ ਦੇ ਸਾਰੇ ਇਕੱਠੇ ਬੁਲਾ ਲੈਂਦਾ ਹੈ ਅਤੇ ਭਰਪੂਰ ਜ਼ਿੰਦਗੀ ਜਿਉਣ ਵਾਲੀ ਇਕ ਬਹੁਤ ਪ੍ਰੇਰਨਾਦਾਇਕ ਸ਼ਖ਼ਸੀਅਤ ਬਣ ਚੁੱਕਾ ਪ੍ਰਤੀਤ ਹੋਣ ਲੱਗ ਜਾਂਦਾ ਹੈ। ਅਕਸਰ ਜਦੋਂ ਕਦੇ ਕੁਝ ਅਣ-ਸੁਖਾਵਾਂ ਵਾਪਰ ਜਾਂਦਾ ਹੈ ਤਾਂ ਅਸੀਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਇਹ ਕਹਿ ਦਿੰਦੇ ਹਾਂ ਕਿ ਵਾਹਿਗੁਰੂ ਦਾ ਭਾਣਾ ਮੰਨਣਾ ਚਾਹੀਦਾ ਹੈ। ਜਿਸ ਅੰਦਾਜ਼ ਵਿਚ ਹਰਜੀਤ ਬੌਬੀ ਨੇ ਵਾਹਿਗੁਰੂ ਦਾ ਭਾਣਾ ਮੰਨਿਆ ਹੈ ਅਤੇ ਹਮੇਸ਼ਾ ਵਾਹਿਗੁਰੂ ਦਾ ਸ਼ੁਕਰ ਕਰਦਾ ਦੂਣ ਸਵਾਇਆ ਹੋ ਕੇ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ, ਉਹ ਲਾਮਿਸਾਲ ਹੈ।
ਸ਼ਾਇਦ ਇਹਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਕਿ ਕਈ ਸਾਲ ਪਹਿਲਾਂ ਜਦੋਂ ਅੱਜ ਦੇ ਪ੍ਰਸਿਧ ਗਾਇਕ ਕੰਵਰ ਗਰੇਵਾਲ ਨੂੰ ਕੋਈ ਨਹੀਂ ਸੀ ਜਾਣਦਾ ਉਦੋਂ ਬੌਬੀ ਆਪਣੀ ਘਣੀਏ ਵਾਲਾ ਸਥਿਤ ਰਿਹਾਇਸ਼ ’ਤੇ ਸ਼ਾਮ ਦੀ ਇਕ ਮਹਿਫ਼ਿਲ ਦਾ ਆਯੋਜਨ ਕਰਕੇ ਕੰਵਰ ਗਰੇਵਾਲ ਨੂੰ ਚੋਣਵੇਂ ਸਾਹਿਤਕ ਮੱਸ ਵਾਲੇ ਅਤੇ ਸੰਗੀਤ ਦੇ ਪਾਰਖ਼ੂ ਸਰੋਤਿਆਂ ਦੇ ਰੂ-ਬ-ਰੂ ਕਰਵਾਉਂਦਾ ਹੈ ਅਤੇ ਉਸ ਦਾ ਬਣਦਾ ਖ਼ਰਚਾ ਪਾਣੀ ਤੇ ਮਾਇਕ ਮਾਣ-ਸਤਿਕਾਰ ਵੀ ਕਰਦਾ ਹੈ। ਇਸ ਮਹਿਫ਼ਿਲ ਤੋਂ ਬਾਅਦ ਕੰਵਰ ਗਰੇਵਾਲ ਦੀ ਚੱਲ ਸੋ ਚੱਲ ਹੋ ਗਈ। ਸਟੂਡੀਓ ਫ਼ੋਟੋਜੈਨਿਕ ਕੋਟਕਪੂਰਾ ਵੱਲੋਂ ਰਿਕਾਰਡ ਕੀਤੀ ਇਸ ਮਹਿਫ਼ਿਲ ਦੀਆਂ ਕਾਪੀਆਂ ਲੋਕਾਂ ਨੇ ਬੜੇ ਸ਼ੌਕ ਨਾਲ ਸੁਣੀਆਂ ਅਤੇ ਕੰਵਰ ਗਰੇਵਾਲ ਅੱਜ ਜਿਸ ਮੁਕਾਮ ’ਤੇ ਹੈ ਉਸ ਬਾਰੇ ਜ਼ਿਕਰ ਕਰਨ ਦੀ ਲੋੜ ਨਹੀਂ ਜਾਪਦੀ।

ਹਰਜੀਤ ਬਰਾੜ ਦੀ ਦੂਜੀ ਪੁਖ਼ਤਾ ਲੱਭਤ ਹੈ ਬਾਬਾ ਬੇਲੀ। ਅਸਲ ਨਾਂਅ ਪ੍ਰੋ. ਹਰਪ੍ਰੀਤ ਸਿੰਘ ਸੰਧੂ ਯੂਨੀਵਰਸਿਟੀ ਕਾਲਜ ਬੇਨੜਾ ਧੂਰੀ ਵਿਚ ਲੋਕ ਪ੍ਰਸ਼ਾਸਨ ਦਾ ਸਹਾਇਕ ਪ੍ਰੋਫ਼ੈਸਰ ਹੈ। ਬਾਬਾ ਬੇਲੀ ਖ਼ੁਦ ਮੰਨਦਾ ਹੈ ਕਿ ਉਹ ਆਪਣੀ ਲਿਖ਼ਤ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪੁਚਾ ਕੇ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰ ਲੈਂਦਾ ਸੀ ਪਰ ਉਸ ਦੀ ਗਾਇਕੀ ਦਾ ਅਸਲ ਆਗ਼ਾਜ਼ ਉਦੋਂ ਹੋਇਆ ਜਦੋਂ ਹਰਜੀਤ ਬੌਬੀ ਦੇ ਵਿਆਹ ਦੀ ਸਿਲਵਰ ਜੁਬਲੀ ਸੀ। ਪੂਰੇ ਸਾਜ਼ਾਂ ਨਾਲ ਹਰਪ੍ਰੀਤ ਬਾਬਾ ਬੇਲੀ ਨੇ ਪਹਿਲੀ ਵਾਰ ਉਦੋਂ ਸਟੇਜ ’ਤੇ ਗਾਇਆ ਅਤੇ ਹਾਜ਼ਰ ਸਰੋਤਿਆਂ ਵੱਲੋਂ ਮੂੰਹੋਂ-ਮੂੰਹੀ ਕੀਤੇ ਪ੍ਰਚਾਰ ਨੇ ਬਾਬਾ ਬੇਲੀ ਨੂੰ ਇਕ ਸਥਾਪਤ ਗੀਤਕਾਰ ਦੇ ਨਾਲ਼-ਨਾਲ਼ ਇਕ ਵਧੀਆ ਗਾਇਕ ਬਣਾ ਦਿੱਤਾ ਹੈ। ਉਸ ਦੇ ਲਿਖੇ ਗੀਤ, ਜਿਸ ਨੂੰ ਕੰਵਰ ਗਰੇਵਾਲ ਨੇ ਵੀ ਗਾਇਆ ਹੈ, ‘ਕੋਸ਼ਿਸ਼ ਤਾਂ ਕੀਤੀ ਏ ਲੱਭਣ ਲਈ ਲੱਖਾਂ ਨੇ, ਜਿਨ੍ਹਾਂ ਨੂੰ ਤੂੰ ਦਿਸਦੈਂ ਉਹ ਕੋਈ ਹੋਰ ਈ ਅੱਖਾਂ ਨੇ’ ਬਾਬਾ ਬੇਲੀ ਨੂੰ ਇਕ ਗੀਤਕਾਰ ਵਜੋਂ ਪਛਾਣ ਦਿੱਤੀ ਪਰ ਗਾਇਕ ਵਜੋਂ ਬਾਬਾ ਬੇਲੀ ਦੀ ਸਥਾਪਤੀ ਦਾ ਮੁੱਢ ਹਰਜੀਤ ਬੌਬੀ ਦੀ ਹਿੰਮਤ ਨਾਲ ਉਦੋਂ ਨੇਪਰੇ ਚੜ੍ਹਦਾ ਹੈ ਜਦੋਂ ‘ਲਾਵਾਂ’ ਦੇ ਪ੍ਰਾਜੈਕਟ ਲਈ ਹਰਜੀਤ ਬੌਬੀ ਆਪਣੀ ਇਮਦਾਦ ਲਾਉਂਦਾ ਹੈ। ‘ਮੇਰੇ ਬਾਬਲ ਨੇ ਪੱਲਾ ਤੇਰੇ ਨਾਮ ਕੀਤਾ, ਵੇ ਤੇਰੇ ਨਾਮ ਕੀਤਾ, ਹੱਥੀਂ ਆਪ ਰਚਾਏ ਸਾਰੇ ਕਾਜ ਵੇ, ਲਾਵਾਂ ਲਈਆਂ ਦੀ ਰੱਖ ਲਈ ਲਾਜ ਵੇ।’ ਇਹ ਗੀਤ ਹਰਜੀਤ ਬੌਬੀ ਜਿਸ ਵੀ ਦੋਸਤ-ਮਿੱਤਰ ਦੀ ਧੀ ਜਾਂ ਪੁੱਤਰ ਦੇ ਵਿਆਹ-ਸ਼ਾਦੀ ’ਤੇ ਹਾਜ਼ਰ ਹੁੰਦਾ ਤਾਂ ਉਹ ਇਹ ਗੀਤ ਬੜੀ ਫ਼ਰਮਾਇਸ਼ ਨਾਲ ਕਈ ਵਾਰ ਪਲੇਅ ਕਰਵਾਉਂਦਾ। ਸ਼ਾਇਦ ਬਾਬਾ ਬੇਲੀ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਕਿ ਬੌਬੀ ਨੇ ਬਾਬਾ ਬੇਲੀ ਨੂੰ ਸਥਾਪਤ ਕਰਨ ਲਈ ਜੀਅ-ਜਾਨ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਪਿੱਛੇ ਸਵਾਰਥ ਸਿਰਫ਼ ਏਨਾ ਕੁ ਹੀ ਮੰਨਿਆ ਜਾ ਸਕਦਾ ਹੈ ਕਿ ਬੌਬੀ ਇਕ ਚੰਗਾ ਲਿਖਣ ਵਾਲਾ ਗੀਤਕਾਰ ਤੇ ਸਾਫ਼-ਸੁਥਰਾ ਗਾਉਣ ਵਾਲਾ ਗਾਇਕ ਪੰਜਾਬੀ ਸਮਾਜ ਨੂੰ ਦੇ ਸਕੇ ਤੇ ਲੋਕ ਉਸ ਦੀ ਇਸ ਚੋਣ ਦੀ ਕਦਰ ਕਰਨ। ਇਸ ਤੋਂ ਵਧ ਕੇ ਉਸ ਦਾ ਕੋਈ ਸੁਆਰਥ ਕਦੇ ਨਜ਼ਰ ਹੀ ਨਹੀਂ ਆਇਆ।

ਇਸ ਵਾਰ ਪੰਜਾਬ ਆਪਣੀ ਜੱਦੀ ਰਿਹਾਇਸ਼ ’ਤੇ ਆਇਆ ਸਾਡਾ ਇਹ ਜ਼ਿੰਦਾਦਿਲ ਮਿੱਤਰ ਇਕ ਨਵਾਂ ਉੱਦਮ ਕਰਦਾ ਹੈ। ਪਹਿਲਾਂ ਜ਼ਿਕਰ ਕੀਤੇ ਉੱਦਮ ਨਵਿਆਂ ਦੀ ਸਥਾਪਤੀ ਦੇ ਸਨ ਪਰ ਹੁਣ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਥਾਪਤ ਗਾਇਕਾ ਸਰਬਜੀਤ ਕੌਰ ਮਾਂਗਟ ਨੂੰ ਇਕ ਨਵੇਂ ਸੂਫ਼ੀਆਨਾ ਅੰਦਾਜ਼ ਵਿਚ ਪੇਸ਼ ਕਰਨਾ ਬੌਬੀ ਦਾ ਵਿਲੱਖਣ ਉੱਦਮ ਰਿਹਾ। ਸੂਫ਼ੀਆਂ ਦੇ ਪਸੰਦੀਦਾ ਕਾਲ਼ੇ ਲਿਬਾਸ ਵਿਚ ਸਰਬਜੀਤ ਕੌਰ ਮਾਂਗਟ ਪਿੰਡ ਘਣੀਏ ਵਾਲਾ ਵਿਖੇ ਸਥਿਤ ਬੌਬੀ ਦੇ ਘਰ ਦੇ ਵਿਹੜੇ ਵਿਚ ਸਰੋਤਿਆਂ ਸਾਹਮਣੇ ਸ਼ਿੰਗਾਰੇ ਤਖ਼ਤਪੋਸ਼ ’ਤੇ ਬਿਰਾਜਮਾਨ ਹੁੰਦੀ ਹੈ। ਬੜੀ ਹੈਰਾਨੀ ਹੁੰਦੀ ਹੈ ਕਿ ਇਕ ਪੜ੍ਹੀ ਲਿਖੀ ਉੱਚ ਵਿਦਿਆ ਪ੍ਰਾਪਤ ਲੰਬੀ ਲੱਜੀ ਪ੍ਰੋੜ ਉਮਰ ਦੀ ਪਰ ਸ਼ੋਖ਼ ਅੰਦਾਜ਼ ਵਾਲੀ ਮਹਿਲਾ ਕਲਾਕਾਰ ਜਿਸ ਨੇ ਐਂਕਰਿੰਗ, ਐਕਟਿੰਗ, ਗਾਇਣ, ਡਾਂਸਰ ਅਤੇ ਲੇਖ਼ਕਾ ਵਜੋਂ ਪਛਾਣ ਸਥਾਪਤ ਕਰਦਿਆਂ 1995 ਵਿਚ ‘ਬਗ਼ਾਵਤ’ ਅਤੇ 2008 ਵਿਚ ‘ਮੇਰਾ ਪਿੰਡ’ ਜਿਹੀਆਂ ਹਿੱਟ ਫ਼ਿਲਮਾਂ ਦਿੱਤੀਆਂ ਹੋਣ ਅਤੇ ਆਨੰਦਪੁਰ ਸਾਹਿਬ ਨੂੰ ਜਾਣ ਵਾਲਿਓ, ਨੱਚ ਗੁਰਨਾਮ ਕੁਰੇ ਅਤੇ ਸਾਓਣ ਦੇ ਛਰਾਟੇ ਨਾਲ ਜਿਹੀਆਂ ਹਿੱਟ ਐਲਬਮਜ਼ ਦਿੱਤੀਆਂ ਹੋਣ, ਉਹ ਸੂਫ਼ੀ ਅੰਦਾਜ਼ ਵਿਚ ਵੀ ਸੋਹਣਾ ਗਾ ਸਕਦੀ ਹੈ। ਸੂਫ਼ੀ ਅੰਦਾਜ਼ ਵਿਚ ਉਸ ਨੇ ‘….. ਫ਼ੇਰ ਨਮਾਜ਼ਾਂ ਪੱਕੀਆਂ ਨੇ’ ਜਦ ਗਾਇਆ ਤਾਂ ਸਰੋਤੇ ਮੰਤਰ ਮੁਗਧ ਹੋ ਗਏ। ਸੂਫ਼ੀ ਅੰਦਾਜ਼ ਵਿਚ ਹੀ ਗਾਇਆ ਕਲਾਮ ‘ਫਿਰੇਂ ਮੇਮਣੇ ਦੇ ਵਾਂਗੂੰ ਮਮਿਆਉਂਦਾ …. ਕਸਾਈਆਂ ਹੱਥ ਛੁਰੀ ਦੇ ਦਿੱਤੀ’ ਡੂੰਘੇ ਅਰਥ ਬਿਆਨ ਕਰ ਗਿਆ ਜਿਸ ਵਿਚ ਆਮ ਲੋਕਾਂ ਨੂੰ ਮੇਮਣੇ ਅਤੇ ਭਿ੍ਰਸ਼ਟ ਪ੍ਰਵਿਰਤੀ ਦੇ ਰਾਜਨੇਤਾਵਾਂ ਨੂੰ ਕਸਾਈ ਨਾਲ ਤਸ਼ਬੀਹ ਦਿੱਤੀ ਗਈ ਦੇਖੀ ਜਾ ਸਕਦੀ ਹੈ। ਸੂਫ਼ੀ ਰੰਗ ਦੇ ਨਾਲ਼-ਨਾਲ਼ ਸਰਬਜੀਤ ਮਾਂਗਟ ਨੇ ਰਵਾਇਤੀ ਲੋਕ ਗੀਤ ਗਾ ਕੇ ਪੁਰਾਤਨ ਵਿਰਸੇ ’ਤੇ ਝਾਤ ਪੁਆਈ। ਉਸ ਦੁਆਰਾ ਪਾਈਆਂ ਗਿੱਧੇ ਦੀਆਂ ਬੋਲੀਆਂ ’ਤੇ ਮਹਿਫ਼ਿਲ ਵਿਚ ਸ਼ਾਮਲ ਪਰਵਾਰਕ ਔਰਤਾਂ ਨੇ ਸਰਬਜੀਤ ਮਾਂਗਟ ਨਾਲ ਬਰਾਬਰ ਨੱਚ-ਨੱਚ ਧਮਾਲ ਪਾਈ। ਬਿਨਾਂ ਸ਼ੱਕ ਇਹ ਮਹਿਫ਼ਿਲ ਸਰਬਜੀਤ ਮਾਂਗਟ ਦੀ ਸੂਫ਼ੀ ਅੰਦਾਜ਼ ਵਿਚ ਨਵੀਂ ਪਾਰੀ ਦੀ ਬਹੁਤ ਪੁਖ਼ਤਾ ਪੁਲਾਂਘ ਹੋ ਨਿਬੜੀ।
https://youtu.be/HSA1u08h7nI?si=d7owSwwaW8gnHnfa
ਮਹਿਫ਼ਿਲ ਵਿਚ ਮਹਿਮਾਨ ਕਲਾਕਾਰ ਵਜੋਂ ਸ਼ਾਮਲ ਬਾਬਾ ਬੇਲੀ ਵੀ ਮੇਲਾ ਲੁੱਟਣੋਂ ਨਾ ਟਲ਼ਿਆ
ਹਰਜੀਤ ਬੌਬੀ ਬਰਾੜ ਵੱਲੋਂ ਕੁਝ ਵਰ੍ਹੇ ਪਹਿਲਾਂ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਗਾਇਕ ਬਾਬਾ ਬੇਲੀ ਆਪਣੀ ਹਮਸਫ਼ਰ ਅਤੇ ਕੰਪਨੀ ਬੇਲੀਪੁਣਾ ਦੀ ਪੋ੍ਰਡਿਊਸਰ ਜੀਵਨਪ੍ਰੀਤ ਕੌਰ, ਬੇਟੇ ਅਸਥਾਵਰ ਤੇ ਨੰਨ੍ਹੀ ਬੇਟੀ ਜ਼ਰਨਾਬ ਨਾਲ ਇਸ ਮਹਿਫ਼ਿਲ ਵਿਚ ਮਹਿਮਾਨ ਵਜੋਂ ਸ਼ਾਮਲ ਹੋਇਆ। ਬੌਬੀ ਵੱਲੋਂ ਸ਼ਾਇਰਾਨਾ ਅੰਦਾਜ਼ ਵਿਚ ਸਰਬਜੀਤ ਮਾਂਗਟ ਨੂੰ ਸਾਹ ਦੁਆਉਣ ਬਹਾਨੇ ਬਾਬਾ ਬੇਲੀ ਨੂੰ ਦਿੱਤੇ ਸਮੇਂ ਨੇ ਵੱਖਰਾ ਮਹੌਲ ਸਿਰਜ ਦਿੱਤਾ। ਪੁਰਾਤਨ ਲੋਕ ਕਾਵਿ ਵੰਨਗੀ ਸੁਹਾਗ ‘ਬਾਬਲ ਦੇ ਮਹਿਲੀਂ ਨੀ ਮੈਂ ਸੋਨੇ ਦੀ ਚਿੜੀਆ, ਚੋਗਾ ਚੁਗੇਂਦੀ ਉਡ ਚੱਲੀ ਵੇ……’ ਦੀ ਜਦ ਹੇਕ ਲਾਈ ਤਾਂ ਮਹਿਫ਼ਿਲ ਨਮ ਅੱਖਾਂ ਨਾਲ ਕਿਸੇ ਵੱਖਰੇ ਹੀ ਰੰਗ ਵਿਚ ਰੰਗੀ ਗਈ ਤੇ ਹਰ ਇਕ ਨੂੰ ਆਪਣੀ ਧੀ-ਭੈਣ-ਭਤੀਜੀ-ਭਾਣਜੀ ਚੇਤਿਆਂ ’ਚ ਆ ਖੜ੍ਹੀ ਪ੍ਰਤੀਤ ਹੋਈ। ਉਪਰੰਤ ‘ਲਾਵਾਂ’ ਗੀਤ ਨੇ ਉਸ ਮਾਹੌਲ ਨੂੰ ਹੋਰ ਵੀ ਭਾਵਨਾਤਮਕ ਬਣਾ ਧਰਿਆ। ਫ਼ਿਰ ‘ਕੋਸ਼ਿਸ਼ ਤਾਂ ਕੀਤੀ ਏ ਲੱਭਣ ਲਈ ਲੱਖਾਂ ਨੇ ਜਿਨ੍ਹਾਂ ਨੂੰ ਤੂੰ ਦਿਸਦੈਂ ਉਹ ਕੋਈ ਹੋਰ ਈ ਅੱਖਾਂ ਨੇ’ ਅਤੇ ‘ਪਰਲੇ ਪਾਰੋਂ ’ਵਾਜਾਂ ਆਈਆਂ’ ਜਿਹੇ ਗੀਤਾਂ ਨਾਲ ਸੁਰਾਂ ਦੀ ਛਹਿਬਰ ਲਾਉਂਦਾ ਬਾਬਾ ਬੇਲੀ ਮੇਲਾ ਲੁੱਟ ਕੇ ਲੈ ਗਿਆ।
ਮਹਿਫ਼ਿਲ ਵਿਚ ਮੱਖਣ ਸਿੰਘ ਸਿਰੀਏਵਾਲਾ ਦਾ ਗਾਇਆ ਗੀਤ ‘ਸੱਚੀ ਗੱਲ ਹੈ ਜਾਂ ਅਫ਼ਵਾਹਾਂ ਹੁੰਦੀਆਂ ਨੇ, ਕਹਿੰਦੇ ਦਿਲ ਤੋਂ ਦਿਲ ਨੂੰ ਰਾਹਵਾਂ ਹੁੰਦੀਆਂ ਨੇ’ ਬਹੁਤ ਸਲਾਹਿਆ ਗਿਆ। ਉਭਰਦੇ ਗਾਇਕ ਮਨਤਾਜ਼ ਨੇ ਬਹੁਤ ਸਾਰੇ ਰੰਗ ਪੇਸ਼ ਕੀਤੇ ਅਤੇ ਤਾਰੀਫ਼ ਹਾਸਲ ਕੀਤੀ। ਵਿਜੇ ਵਿਵੇਕ ਦੀ ਰਚਨਾ ‘ਮੋਤੀ ਸਿਤਾਰੇ ਫ਼ੁੱਲ ਵੇ’ ਪੇਸ਼ ਕਰਦਿਆਂ ਦਿਲਬਾਗ਼ ਚਹਿਲ ਬਾਗੂ ਨੇ ਕਈ ਨਵੇਂ ਗੀਤ ਪੇਸ਼ ਕਰਕੇ ਵਾਹ-ਵਾਹ ਖੱਟੀ। ਸ਼ਾਮ 6 ਵਜੇ ਦੀ ਸ਼ਰੂ ਹੋਈ ਇਹ ਮਹਿਫ਼ਿਲ ਅਗਲੀ ਤਰੀਕ ਤੱਕ ਚੱਲਦੀ ਵੱਡੇ ਤੜਕੇ 2 ਵਜੇ ਜਾ ਕੇ ਸੰਪੰਨ ਹੋਈ। ਸਰੋਤਿਆਂ ਦੇ ਚੇਤਿਆਂ ਵਿਚ ਲੰਮੇ ਸਮੇਂ ਤੱਕ ਇਸ ਮਹਿਫ਼ਿਲ ਦਾ ਸਰੂਰ ਬਣਿਆ ਰਹੇਗਾ। ਇਸ ਅਦਬੀ ਮਹਿਫ਼ਿਲ ਵਿਚ ਹਰਜੀਤ ਬੌਬੀ ਦੇ ਮਿੱਤਰਾਂ ਵਿਚ ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ, ਅਜੈਪਾਲ ਸਿੰਘ ਸੰਧੂ, ਸੁਖਬੀਰ ਸਿੰਘ ਸੰਧੂ, ਘਣੀਏ ਵਾਲਾ ਪਿੰਡ ਦੇ ਮੌਜੂਦਾ ਸਰਪੰਚ, ਬਲਜੀਤ ਸਿੰਘ ਬਲੈਕਸਟੋਨ, ਮੋਹਿੰਦਰਪਾਲ ਬੱਬੀ, ਕੁੱਕੂ ਬਰਾੜ ਕੋਟਕਪੂਰਾ, ਜਸਵਿੰਦਰ ਸਿੰਘ ਮਾਨ, ਸੰਦੀਪ ਸਿੰਘ ਟੋਨੀ ਗੋਂਦਾਰਾ, ਤਰਲੋਚਨ ਸਿੰਘ ਬਰਾੜ, ਰਾਜੀਵ ਸ਼ਰਮਾ ਪਟਿਆਲਾ, ਗੁਰਸ਼ਰਨ ਸਿੰਘ ਧਾਲੀਵਾਲ ਸੁਨਾਮ, ਹਰਪ੍ਰੀਤ ਸਿੰਘ ਪਟਿਆਲਾ, ਗੁਰਜੰਟ ਸਿੰਘ ਤੇ ਹੋਰ ਸ਼ਾਮਲ ਸਨ।
ਤਸਵੀਰਾਂ : ਮਹਿੰਦਰਪਾਲ ਬੱਬੀ ਦੀ ਫ਼ੇਸਬੁੱਕ ਕੰਧ ਤੋਂ ਧੰਨਵਾਦ ਸਹਿਤ।
ਰਿਪੋਰਟ : ਪ੍ਰੋ. (ਡਾ.) ਪਰਮਿੰਦਰ ਸਿੰਘ ਤੱਗੜ
Prof. (Dr.) Parminder S Taggar
Punjabi University, Patiala.
Dept. University College, Jaitu.
Contact : 95017-66644