ਫਿਲਮ ਆਪਣੇ ਘਰ ਬੇਗਾਨੇ ਨਾਲ ਚਰਚਾ ਵਿੱਚ ਹੈ ਬਲਰਾਜ ਸਿਆਲ ਬਲਰਾਜ

ਸਿਆਲ ਪੰਜਾਬੀ ਕਾਮੇਡੀ ਖੇਤਰ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ ਜਿਸਨੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਸਥਾਪਿਤ ਕੀਤੀ। ਵੇਖਿਆ ਜਾਵੇ ਤਾਂ ਉੱਘੇ ਕਮੇਡੀਅਨ ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ ਇੱਕ ਉਹ ਕਲਾਕਾਰ ਹੈ ਜਿਸਨੇ ਨੈਸ਼ਨਲ ਟੈਲੀਵਿਜ਼ਨ ਉੱਪਰ ਆਪਣਾ ਵੱਖਰਾ ਰੁਤਬਾ ਕਾਇਮ ਕੀਤਾ। ਬਲਰਾਜ ਸਿਆਲ ਜਿੱਥੇ ਇਕ ਚੰਗਾ ਕਮੇਡੀਅਨ ਹੈ, ਉੱਥੇ ਇੱਕ ਸੁਲਝਿਆ ਹੋਇਆ ਸਮਾਜਿਕ ਤੱਥਾਂ ਨੂੰ ਲੈ ਕੇ ਚੱਲਣ ਵਾਲਾ ਵਧੀਆ ਲੇਖਕ ਵੀ ਹੈ ਉਸਨੇ ਅਨੇਕਾਂ ਫਿਲਮਾਂ ਲਈ ਡਾਇਲਾਗ ਲਿਖੇ ਅਤੇ ਹੁਣ ਉਹ ਬਤੌਰ ਲੇਖਕ ਅਤੇ ਡਾਇਰੈਕਟਰ ਆਪਣੀ ਪਹਿਲੀ ਫਿਲਮ ਆਪਣੇ ਘਰ ਬਿਗਾਨੇ ਲੈ ਕੇ ਆ ਰਿਹਾ ਹੈ। ਜਿਸ ਨੂੰ ਲੈ ਕੇ ਉਹ ਕਾਫੀ ਉਤਸਾਹਿਤ ਹੈ। ਇਸ ਫਿਲਮ ਦਾ ਟ੍ਰੇਲਰ ਦੱਸ ਰਿਹਾ ਹੈ ਕਿ ਇਹ ਫਿਲਮ ਪਰਿਵਾਰਾਂ ਅਤੇ ਰਿਸ਼ਤਿਆਂ ਦੀ ਕਹਾਣੀ ਹੈ। ਅਜਿਹੇ ਖੂਬਸੂਰਤ ਮੁੱਦੇ ਤੇ ਫਿਲਮ ਬਣਾਉਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਪੰਜਾਬੀ ਸਿਨਮਾ ਨੂੰ ਇਸ ਫਿਲਮ ਤੋਂ ਵੱਡੀਆਂ ਆਸਾਂ ਹਨ। ਇਸ ਫਿਲਮ ਨਾਲ ਬਲਰਾਜ ਪੰਜਾਬੀ ਸਿਨਮੇ ਖੇਤਰ ਵਿੱਚ ਵੀ ਆਪਣੀਆਂ ਅਮਿਟ ਪੈੜਾਂ ਪਾਵੇਗਾ।

ਪੰਜਾਬ ਦੇ ਜਲੰਧਰ ਸ਼ਹਿਰ ਤੇ ਜਮਪਲ ਬਲਰਜ ਸਿਆਲ ਨੇ ਆਪਣੀ ਮੁੱਢਲੀ ਪੜ੍ਹਾਈ ਅਤੇ ਗ੍ਰੈਜੂਏਸ਼ਨ ਜਲੰਧਰ ਤੋਂ ਹੀ ਕੀਤੀ ਇਸੇ ਦੌਰਾਨ ਉਹ ਰੰਗ ਮੰਚ ਸਰਗਰਮੀਆਂ ਨਾਲ ਜੁੜ ਗਿਆ ਅਤੇ ਆਪਣੇ ਅੰਦਰ ਕਲਾ ਦੇ ਬੀਜ ਨੂੰ ਵੱਧਦਾ ਫੁੱਲਦਾ ਰੱਖਿਆ । ਰੰਗ ਮੰਚ ਕਰਦਿਆਂ ਕਰਦਿਆਂ ਬਲਰਾਜ ਕਾਮੇਡੀ ਦੇ ਖੇਤਰ ਵੱਲ ਤੁਰਿਆ ਜਿੱਥੇ ਉਸਨੇ ਆਪਣੇ ਸਕੂਲੀ ਕਾਲਜ ਪੱਧਰ ਤੇ ਇੱਕ ਵੱਖਰੀ ਪਹਿਚਾਣ ਬਣਾਈ ਇਹ ਪਹਿਚਾਣ ਉਸਨੂੰ ਐਮ ਐਚ ਵੰਨ ਦੇ ਪ੍ਰੋਗਰਾਮ ਹੱਸਦੇ ਹਸਾਉਂਦੇ ਰਹੋ ਦੇ ਮੰਚ ਤੱਕ ਲੈ ਗਈ ਜਿੱਥੇ ਉਹ ਜੇਤੂ ਕਰਾਰ ਹੋ ਕੇ ਅੱਗੇ ਵਧਣ ਵਿੱਚ ਸਫਲ ਹੋਇਆ
ਇਸ ਤੋਂ ਅੱਗੇ ਵੱਧਦਿਆਂ ਬਲਰਾਜ ਸਿਆਲ ਨੇ ਨੈਸ਼ਨਲ ਟੈਲੀਵਿਜ਼ਨ ਦੇ ਵੱਖ-ਵੱਖ ਚੈਨਲਾਂ ਰਾਹੀਂ ਆਪਣੀ ਪਹਿਚਾਣ ਨੂੰ ਗੁੜੀ ਕਰਨ ਲਈ ਅਨੇਕਾਂ ਸੰਘਰਸ਼ ਅਤੇ ਤਜਰਬਿਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਉਸਨੇ ਸੋਨੀ, ਜੀ, ਸਬ, ਕਲਰਜ਼ ਅਤੇ ਸਟਾਰ ਚੈਨਲਾਂ ਦੇ ਅਨੇਕਾਂ ਰਿਆਲਟੀ ਸ਼ੋਆਂ ਚ ਖਤਰੋਂ ਕੇ ਖਿਲਾੜੀ, ਕਾਮੇਡੀ ਸਰਕਸ, ਐਂਟਰਟੇਨ ਕੀ ਰਾਤ, ਲਾਫਟਰ ਚੈਲੇੰਜ, ਵਰਗੇ ਰਿਐਲਿਟੀ ਸ਼ੋਆਂ ਦੇ ਵਿੱਚ ਸ਼ਮੂਲੀਅਤ ਕੀਤੀ।ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ ਪੰਜਾਬ ਦਾ ਉਹ ਦੂਸਰਾ ਕਲਾਕਾਰ ਸੀ ਜਿਸ ਨੇ ਨੈਸ਼ਨਲ ਟੈਲੀਵਿਜ਼ਨ ਦੇ ਵੱਡੇ ਵੱਡੇ ਰਿਐਲਿਟੀ ਸੋਅਜ਼ ਦਾ ਹਿੱਸਾ ਬਣ ਕੇ ਜੇਤੂ ਰਿਹਾ।
ਬਲਰਾਜ ਸਿਆਲ ਜਿੱਥੇ ਇੱਕ ਚੰਗਾ ਕਾਮੇਡੀਅਨ ਹੈ ਉੱਥੇ ਇੱਕ ਸੁਲਝਿਆ ਹੋਇਆ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਵਧੀਆ ਲੇਖਕ ਵੀ ਹੈ। ਫਿਲਮਾਂ ਵੱਲ ਕਦਮ ਵਧਾਉਦਿਆਂ ਬਲਰਾਜ ਸਿਆਲ ਨੇ ਪਹਿਲੀ ਪੰਜਾਬੀ ਫਿਲਮ ਸਰਦਾਰ ਜੀ ਲਈ ਡਾਇਲੋਗ ਲਿਖੇ ਇਸ ਤੋਂ ਬਾਅਦ ਫਿਲਮ ਅੰਮ੍ਰਿਤਸਰੀਆ, ਕਪਤਾਨ, ਜਿੰਦੂਆ ਫਿਲਮਾਂ ਲਈ ਵੀ ਕੰਮ ਕੀਤਾ। ਬਤੌਰ ਅਦਾਕਾਰ ਉਹ ਜੱਟ ਬੋਇਜ ਫਿਲਮ ਰਾਹੀਂ ਪਰਦੇ ਤੇ ਨਜ਼ਰ ਆਇਆ।

ਇੰਨੀ ਦਿਨੀ ਬਲਰਾਜ ਸਿਆਲ ਬਤੌਰ ਲੇਖਕ ਨਿਰਮਾਤਾ ਅਤੇ ਨਿਰਦੇਸ਼ਕ ਆਪਣੀ ਫਿਲਮ ਆਪਣੇ ਘਰ ਬਿਗਾਨੇ ਲੈ ਕੇ ਆ ਰਿਹਾ ਹੈ ਜਿਸ ਤੇ ਉਹ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ ਇਹ ਫਿਲਮ ਉਸਦੀ ਜ਼ਿੰਦਗੀ ਦਾ ਇੱਕ ਬਹੁਤ ਹਸੀਨ ਸੁਫਨਾ ਹੈ ਜਿਸ ਨੂੰ ਪੂਰਾ ਕਰਨ ਉਹ ਦਿਨ ਰਾਤ ਵਾਹ ਲਾ ਰਿਹਾ ਹੈ। ਬਲਰਾਜ ਨੇ ਦੱਸਿਆ ਕਿ ਇਹ ਫਿਲਮ ਆਮ ਪੰਜਾਬੀ ਫਿਲਮਾਂ ਨਾਲੋੰ ਬਿਲਕੁਲ ਵੱਖਰੇ ਕਿਸਮ ਦੀ ਫਿਲਮ ਹੈ ਜੋ ਹਰ ਉਮਰ ਵਰਗ ਦੇ ਦਰਸ਼ਕਾਂ ਦੇ ਦਿਲਾਂ ਨੂੰ ਟੁੰਬੇਗੀ। ਦਾਦੇ ਅਤੇ ਪੋਤੇ ਦੇ ਖੂਬਸੂਰਤ ਅਤੇ ਸਦੀਵੀਂ ਰਿਸ਼ਤੇ ਦੁਆਲੇ ਬੁਣੀ ਗਈ ਇਹ ਫਿਲਮ ਤੇਜ਼ੀ ਨਾਲ ਬਦਲ ਰਹੇ ਅਜੌਕੇ ਰਿਸ਼ਤਿਆਂ ਦੀ ਕਹਾਣੀ ਹੈ। ਵਕਤ ਨਾਲ ਬੇਸ਼ੱਕ ਸਾਡੇ ਘਰ ਪੱਕੇ ਹੋ ਗਏ ਹਨ ਪਰ ਰਿਸ਼ਤੇ ਕੱਚੇ ਹੋ ਗਏ ਹਨ।ਇਹ ਫਿਲਮ ਰਿਸ਼ਤਿਆਂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਦੀ ਕਹਾਣੀ ਹੈ। ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਮੁਤਾਬਕ “ਰਜਨੀ” ਫ਼ਿਲਮ ਤੋਂ ਬਾਅਦ ਦਰਸ਼ਕ ਇਸ ਵਿੱਚ ਉਹਨਾਂ ਨੂੰ ਇੱਕ ਵੱਖਰੇ ਤੇ ਦਮਦਾਰ ਕਿਰਦਾਰ ਵਿੱਚ ਦੇਖਣਗੇ। ਇਹ ਫ਼ਿਲਮ ਦੇਖਦਿਆਂ ਤੁਹਾਨੂੰ ਪਤਾ ਲੱਗੇਗਾ ਕਿ ਬਜ਼ੁਰਗਾਂ ਨੂੰ ਘਰ ਦਾ ਤਾਲਾ ਕਿਉਂ ਕਿਹਾ ਜਾਂਦਾ ਹੈ। ਇਸ ਫਿਲਮ ਨੂੰ ਦਾਦੇ-ਪੋਤੇ ਦੇ ਰਿਸ਼ਤੇ ਦੀ ਕਹਾਣੀ ਵਾਲੀ ਫ਼ਿਲਮ ਵੀ ਕਿਹਾ ਜਾ ਸਕਦਾ ਹੈ।
ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਇਸ ਫ਼ਿਲਮ ਵਿੱਚ ਇੱਕ ਅਜਿਹੇ ਪੁੱਤ ਦੀ ਭੂਮਿਕਾ ਨਿਭਾਈ ਜੋ ਆਪਣੇ ਪਰਿਵਾਰ ਨੂੰ ਬੇਹੱਦ ਪਿਆਰ ਕਰਦਾ ਹੈ ਪਰ ਹਾਲਾਤ ਵਕਤੀ ਤੌਰ ‘ਤੇ ਉਸਨੂੰ ਆਪਣੇ ਪਿਤਾ ਦੇ ਵਿਰੋਧ ‘ਚ ਖੜਾ ਕਰ ਦਿੰਦੇ ਹਨ। ਉਹ ਇਸ ਨਾਲ ਵਿੱਚੋਂ ਕਿਵੇਂ ਨਿਕਲਦਾ ਹੈ।
“ ਗੈਂਗ ਆਫ਼ ਫਿਲਮ ਮੇਕਰਸ” ਦੇ ਬੈਨਰ ਹੇਠ ਬਣੀ ਨਿਰਮਾਤਾ ਪਰਮਜੀਤ ਸਿੰਘ, ਆਕਾਸ਼ਦੀਪ ਤੇ ਗਗਨਦੀਪ ਚਾਲੀ ਦੀ ਇਸ ਫ਼ਿਲਮ ਦੇ ਕਰੇਟਿਵ ਨਿਰਦੇਸ਼ਕ ਦਵਿੰਦਰ ਸਿੰਘ ਹਨ। ਫਿਲਮ ਦਾ ਮਿਊਜ਼ਿਕ ਗੋਲਡ ਬੁਆਏਜ, ਜੱਸੀ ਕਟਿਆਲ ਅਤੇ ਗੁਰਮੋਹ ਨੇ ਤਿਆਰ ਕੀਤਾ ਹੈ। ਫਿਲਮ ਲਈ ਗੀਤ ਅਬੀਰ, ਗੁਰਜੀਤ ਖੋਸਾ, ਵਿੰਦਰ ਨੱਥੂਮਾਜਰਾ ਨੇ ਲਿਖੇ ਹਨ। ਇਹਨਾਂ ਗੀਤਾਂ ਨੂੰ ਨਿੰਜਾ, ਨਵਰਾਜ ਹੰਸ, ਕਮਲ ਖਾਨ, ਮਾਸ਼ਾ ਅਲੀ, ਸਿਮਰਨ ਚੌਧਰੀ ਅਤੇ ਅੰਬਰ ਵਸ਼ਿਸ਼ਟ ਨੇ ਦਿੱਤੀ ਹੈ। ਇਸ ਫਿਲਮ ਤੋਂ ਆਸਾਂ ਹਨ ਕਿ ਇਹ ਫਿਲਮ ਪੰਜਾਬੀ ਸਿਨਮਾ ਦੀ ਸ਼ਾਨ ਵਿੱਚ ਹੋਰ ਵਾਧਾ ਕਰੇਗੀ। ਬਲਰਾਜ ਮੁਤਾਬਾਕ ਉਹ ਬਚਪਨ ਤੋਂ ਸਿਨਮਾ ਦਾ ਵਿਦਿਆਰਥੀ ਹੈ। ਉਹ ਹਮੇਸ਼ਾ ਹੀ ਸਿਨਮਾ ਰਾਹੀਂ ਸਮਾਜਿਕ ਮੁੱਦਿਆਂ ਦੀ ਗੱਲ ਕਰਨਾ ਚਾਹੁੰਦਾ ਸੀ। ਹੁਣ ਮੌਕਾ ਮਿਲਣ ‘ਤੇ ਉਹ ਉਹ ਆਪਣਾ ਸਿਨਮਾ ਪੇਸ਼ ਕਰਨ ਜਾ ਰਿਹਾ ਹੈ। ਇਹ ਉਹ ਸਿਨਮਾ ਹੋਵੇਗਾ ਜੋ ਦਰਸ਼ਕਾਂ ਦਾ ਸਿਰਫ ਮਨੋਰੰਜਨ ਹੀ ਨਹੀਂ ਕਰੇਗਾ ਬਲਕਿ ਉਹਨਾਂ ਨੂੰ ਆਪਣੇ ਸਮਾਜ, ਸੱਭਿਆਚਾਰ ਤੇ ਰਿਸ਼ਤਿਆਂ ਪ੍ਰਤੀ ਜਾਗਰੂਕ ਵੀ ਕਰੇਗਾ।