ਫੁੱਫੜ ਦਿਆਲਾ —

ਸਹੁਰੇ ਢੇਰੀ ‘ਤੇ ਆਇਆ ਦਿਆਲਾ
ਸਾਰੇ ਪਿੰਡ ਦਾ ਫੁੱਫੜ ਐ
ਪਿੰਡ ਦੀ ਰੌਣਕ

ਕਿਸੇ ਘਰ ਵਿਆਹ ਹੁੰਦਾ
ਫੁੱਫੜ ਦਿਆਲਾ
ਭੱਜ ਭੱਜ ਕੰਮ ਕਰਦਾ ਹਿਦਾਇਤਾਂ ਦੇਈ ਜਾਂਦਾ
ਕਦੇ ਹਲਵਾਈ ਨੂੰ-ਕਦੇ ਭਾਈ ਨੂੰ

ਦਿਆਲਾ ਟਿਚਰਾਂ ਦਾ ਪਾਤਰ ਬਣਿਆ ਰਹਿੰਦਾ
ਕੁੜੀਆਂ ਬੁੜੀਆਂ ਗੀਤਾਂ ਵਿੱਚ ਦੀ
ਫੁੱਫੜ ਦੀ ਐਹੀ ਤੈਹੀ ਫੇਰੀ ਜਾਂਦੀਆਂ
ਫੁੱਫੜ ਹੱਸੀ ਜਾਂਦਾ
“ਹੈ ਸਹੁਰੀਆਂ ਕਮਲੀਆਂ -ਹੈ ਮੂਰਖ ਕਿਤੋਂ ਦੀਆਂ”

ਫੁੱਫੜ ਬਿੰਦ ਝੱਟ ਲੱਤਾਂ ਸਿੱਧੀਆਂ ਕਰਦਾ
ਕੀ ਨਿਆਣਾ ਕੀ ਸਿਆਣਾ
ਦੁਆਲੇ ਹੋ ਜਾਂਦਾ
-‘ਫੁੱਫੜਾ ਤੈਨੂੰ ਕੁੜੀ ਦਿੱਤੀ ਹੈ
ਸ਼ਰਮ ਨੂੰ ਹੱਥ ਮਾਰ
ਐਂ ਵੇਹਲਾਂ ਬੈਠਾਂ
ਕਿਸੇ ਕੰਮ ਧੰਦੇ ਨੂੰ ਹੱਥ ਪਵਾ ਦੇ”
–ਐਂ ਕਰੋ ਮੇਰੇ ਗੱਲ ਚ ਪੰਜਾਲੀ ਪਾ ਲਓ”
ਫੁੱਫੜ ਠਿੱਬੇ ਪੈਰੀਂ ਅੜਾ ਕੰਮੀ ਜੁੱਟ ਜਾਂਦਾ।

ਪਿੰਡ ਚ ਕਿਸੇ ਦਾ ਮਕਾਨ ਪੈਣਾ
ਫੁੱਫੜ ਬਿਨਾ ਨਾਗਾ ਹਾਜ਼ਰੀ ਭਰਦਾ
ਆਪਣੇ ਫਰਜ਼ ਤੋਂ ਇੱਥੇ ਵੀ ਨਾ ਉੱਕਦਾ
“ਨੀਹਾਂ ਚ ਮਾੜੀ ਇੱਟ ਨੀ ਲਾਉਣੀ
ਕੁਰਸੀ ਉੱਚੀ ਰੱਖਣੀ ਐ
ਪਰਨਾਲਾ ਗਲੀ ਵੱਲ ਨਹੀਂ ‘ਤਾਰਨਾ”

ਪਿੰਡ ਚ ਗਮੀ ਹੁੰਦੀ
ਫੁੱਫੜ ਦਾ ਚਿਹਰਾ ਉੱਤਰ ਜਾਂਦਾ
ਲਾਸ਼ ਨੂੰ ਨਹਾਉਂਦਿਆਂ ਭਰੇ ਗਲੇ ਨਾਲ
ਮਰਨ ਵਾਲੇ ਦੀਆਂ ਗੱਲਾਂ ਕਰਦਾ
ਸਸਕਾਰ ਤੋਂ ਲੈ ਕੇ ਫੁੱਲ ਚੁਗਣ ਤੇ ਭੋਗ ਪੈਣ ਤੱਕ
ਮਰਨ ਵਾਲੇ ਦੇ ਘਰ ਰਹਿੰਦਾ
ਸੱਥਰ ‘ਤੇ ਬੈਠ ਦਾਨੀਆਂ ਬਾਨੀਆਂ ਗੱਲਾਂ ਕਰਦਾ
ਹੈਰਾਨੀ ਹੁੰਦੀ– ਫੁੱਫੜ ਐਨਾ ਸਿਆਣਾ ਕਿਵੇਂ ਹੈ ?

ਫੁੱਫੜ
ਰਹੁ-ਰੀਤਾਂ ਦਾ ਭੰਡਾਰ ਐ
ਉਹ ਦਾਨਾ -ਬਾਨਾ ਬਣ
ਰਹੁ -ਰੀਤਾਂ ਦੀ ਪਾਲਣਾ ਕਰਾਉਂਦਾ
–ਫਲਾਣੇ ਦਾ ਸੂਟ ਬਣਦਾ
ਢਿਮਕੇ ਨੂੰ ਖੇਸ ਨਾਲ ਪੱਗ ਲਾ ਦਿਓ
ਅਮਕੇ ਨੂੰ ਮੰਨਣ ਦੀ ਕੋਈ ਲੋੜ ਨ੍ਹੀ “
ਐਂ ਕਰਨਾ–ਐਂ ਨਹੀਂ ਕਰਨਾ
ਇਉਂ ਕਰਨਾ ਪੈਣਾ–ਇਉਂ ਕਰੇ ਬਿਨਾ ਸਰਜੂ
ਫੁੱਫੜ ਕੋਲ ਹਰ ਮਸਲੇ ਦਾ ਹੱਲ ਐ

ਫੁੱਫੜ ਦਿਆਲਾ
ਤਾਸ਼ ਦੀਆਂ ਢਾਣੀਆਂ ਦਾ ਵੀ ਸ਼ਿੰਗਾਰ ਹੁੰਦਾ
“ਫੁੱਫੜਾ ਸਿੱਟ ਪੱਤਾ
ਵੇਂਹਨਾ ਕੀ ਏਂ ਮਜੌਰਾਂ ਦੀ ਮਾਂ ਆਗੂੰ !”

ਫੁੱਫੜ ਵਿਰੋਧੀ ਖਿਡਾਰੀ ਦੀ ਵੰਗਾਰ ਕਬੂਲਦਾ
“ਐਹ ਕੁੱਟ ਲਈ ਥੋਡੀ ਭੂਆ !”
ਫੁੱਫੜ ਬੇਗੀ ਉਪਰ ਰੰਗ ਦਾ ਯੱਕਾ ਕੱਢ ਮਾਰਦਾ।

ਫੁੱਫੜ ਦਿਆਲਾ
ਪਿੰਡ ਦੀਆਂ ਅੱਖਾਂ ਸੀ
–ਬਹਾਲ ਸਿਆਂ-ਮੁੰਡਾ ਤੇਰਾ ਗ਼ਲਤ ਲੀਹ ‘ਤੇ ਜਾਂਦਾ
ਬਚਾ ਸਕਦਾ ਤਾਂ ਬਚਾ ਲੈ ਭਾਈ
ਆਸੇ ਪਾਸੇ ਚਿੱਟਾ ਦਰਿਆ ਵਗਦਾ ਪਿਆ ਈ”
ਇਉਂ ਫੁੱਫੜ ਦਿਆਲ ਲੋਕਾਂ ਦੇ ਧੀਆਂ ਪੁੱਤਾਂ ਦੀ ਰਾਖੀ ਰੱਖਦਾ।

ਲੋਕਾਂ ਦੇ ਧੀਆਂ ਪੁੱਤਾਂ ਦੀ ਰਾਖੀ ਕਰਦੇ ਦਿਆ�

ਗੁਰਮੀਤ ਕੜਿਆਲਵੀ

ਗੁਰਮੀਤ ਕੜਿਆਲਵੀ

Exit mobile version