2008 ਦਾ ਅਗਸਤ ਮਹੀਨਾ ਸੀ ਸ਼ਾਇਦ। ਮੈਂ ਕੈਨੇਡਾ ਆਇਆ ਹੋਇਆ ਸਾਂ। ਸਰੀ ਦੇ ਬੀਅਰ ਕ੍ਰੀਕ ਪਾਰਕ ਵਿਚ ਗਦਰੀਆਂ ਬਾਬਿਆਂ ਦਾ ਵਿਸ਼ਾਲ ਮੇਲਾ ਲੱਗਿਆ, (ਜੋ ਹਰ ਸਾਲ ਸਾਹਬ ਥਿੰਦ ਦੀ ਅਗਵਾਈ ਹੇਠ ਹੁਣ ਵੀ ਲਗਦਾ ਹੈ।)
ਮੈਂ ਆਲੇ ਦੁਆਲੇ ਦੇਖਾਂ, ਕੋਈ ਥਾਹ ਨਾ ਰਿਹਾ ਸਰੋਤਿਆਂ ਦਾ। ਪੂਰਾ ਗਾਹ ਹੀ ਪਿਆ ਹੋਇਆ ਸੀ ਚਾਰੇ ਪਾਸੇ ਪੰਜਾਬੀ ਜੰਤਾ ਦਾ। ਵਿੱਚੇ ਵਿੱਚ ਬੁੱਢੇ ਬੁੱਢੀਆਂ ਤੇ ਕੁਝ ਨੌਜਵਾਨ ਗੋਰੇ ਗੋਰੀਆਂ ਵੀ ਫਿਰਦੇ ਦਿਸ ਰਹੇ ਸਨ। ਤਿੱਲ ਸੁੱਟਣ ਨੂੰ ਥਾਂ ਨਾ ਲੱਭੇ। ਲੋਕੀ ਹਰੇ ਘਾਹ ਉਤੇ ਬੈਠਣ ਨੂੰ ਘਰੋਂ ਕੁਰਸੀਆਂ ਤੇ ਧੁੱਪ ਤੋਂ ਬਚਣ ਲਈ ਛਤਰੀਆਂ ਲੈਕੇ ਆਏ। ਹਰ ਕਿਸੇ ਕੋਲ ਚਾਹ ਦੀ ਥਰਮਸ ਤੇ ਪਾਣੀ ਦੀ ਬੋਤਲ। ਮੇਲਾ ਦੇਰ ਰਾਤ ਤੀਕ ਲੰਬਾ ਚੱਲਣਾ ਸੀ।
ਉਦੋਂ ਮੈਨੂੰ ਉਥੇ ਮੇਲੇ ਦੀ ਇਸ ਟਰੱਸਟ ਨੇ “ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਯਾਦਗਾਰੀ ਐਵਾਰਡ” ਭੇਟ ਕੀਤਾ ਸੀ, (ਇਸ ਐਵਾਰਡ ਦੇ ਮੈਂ ਕਾਬਲ ਨਹੀਂ, ਕਦੇ ਵੀ ਨਹੀਂ। ਸ਼ਹੀਦ ਮੇਵਾ ਸਿੰਘ ਲੋਪੋਕੇ ਤਾਂ ਅਮਰ ਸ਼ਹੀਦ ਨੇ)ਖੈਰ!
ਮੇਲੇ ਦਾ ਮੁੱਖ ਪ੍ਰਬੰਧਕ ਸਾਹਬ ਸਿੰਘ ਥਿੰਦ ਆਖਣ ਲੱਗਿਆ ਕਿ ਤੂੰ ਏਥੇ ਯਮਲਾ ਜੀ ਦਾ ਕੁਛ ਗਾ ਦੇ ਆਪਣੀ ਤੂੰਬੀ ਨਾਲ, ਭਰਵੀ ਰੌਣਕ ਵਿਚ ਹਾਜਰੀ ਲਗਜੂ ਯਮਲੇ ਦੀ ਨਿਸ਼ਾਨੀ ਦੀ। ਸਾਹਿਬ ਥਿੰਦ ਦਾ ਆਖਿਆ ਮੰਨ ਕੇ ਮੈਂ ਉਥੇ ਉਸਤਾਦ ਯਮਲਾ ਜੀ ਦਾ ਲਿਖਿਆ ਹੀ ਗਾਇਆ, ਬੋਲ ਸਨ:
ਰਹੋ ਸਲਾਮਤ ਅਮਰ ਸ਼ਹੀਦੋ
ਜਿਓਂ ਅੰਬਰ ਦੇ ਤਾਰੇ
ਸਾਡਾ ਏਹ ਪ੍ਰਨਾਮ ਕਬੂਲੋ
ਛੋਟੇ ਵੱਡੇ ਸਾਰੇ
ਇਸ ਮੇਲੇ ਉਤੇ ਪਾਕਿਸਤਾਨੋਂ ਸ਼ੌਕਤ ਅਲੀ ਸਾਹਬ ਤੇ ਨੁਸਰਤ ਸਾਹਬ ਦੇ ਭਤੀਜੇ ਸ਼ਫਕਤ ਅਲੀ ਵੀ ਆਏ ਹੋਏ ਸਨ ਤੇ ਏਧਰੋਂ ਭਾਰਤ ਤੋਂ ਕੁਲਦੀਪ ਮਾਣਕ ਜੀ ਵੀ ਬੁਲਾਏ ਹੋਏ ਸਨ। ਗਿੱਲ ਹਰਦੀਪ ਦਾ ਤਾਂ ਘਰ ਹੀ ਵਿਚੇ ਪੈਂਦਾ ਹੈ ਐਬਟਸਫੋਰਡ ਸ਼ਹਿਰ ‘ਚ। ਉਹ ਕਿਓਂ ਨਾ ਆਣ ਕੇ ਗਾਵੇ? ਗਿੱਲ ਤਾਂ ਇਹੋ ਜਿਹੇ ਮੇਲਿਆਂ ‘ਤੇ ਗਾਕੇ ਸਕੂਨ ਮਿਲਦਾ ਹੈ। ਗਿੱਲ ਨੇ ਮੱਖਣ ਜੋਗਾ ਦਾ ਲਿਖਿਆ ਦੋਵਾਂ ਮੁਲਕਾਂ ਭਾਰਤ ਤੇ ਪਾਕਿਸਤਾਨ ਦੀ ਮੁਹੱਬਤ ਵਿਚ ਰੰਗਿਆ ਗੀਤ ਗਾਇਆ :
ਵਾਹਗੇ ਬਾਰਡਤ ਉਤੇ ਜਾਕੇ ਹੱਦ ਮਿਟਾ ਦੇਣੀ
ਪੰਜ ਦਰਿਆਵਾਂ ਕੱਠੇ ਹੋਕੇ ਜੱਫੀ ਪਾ ਲੈਣੀ
ਵਾਰੇ ਸ਼ਾਹ ਵੀ ਕਬਰਾਂ ਦੇ ਵਿਚ ਗੀਤ ਪਰੋਵੇਗਾ
ਦੀਵਾ ਬਲੂ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ
ਜਦ ਗਿੱਲ ਇਹ ਬੋਲ ਗਾ ਰਿਹਾ ਸੀ ਤਾਂ ਮਾਣਕ ਤੇ ਸ਼ੌਕਤ ਅਲੀ ਨੇ ਇਸ ਮੌਕੇ ਪੱਗਾਂ ਵਟਾਈਆਂ। ਮਾਣਕ ਨੇ ਆਪਣੀ ਸ਼ੰਮਲੇ ਵਾਲੀ ਪੱਗ ਸ਼ੌਕਤ ਅਲੀ ਦੇ ਸਿਰ ਉਤੇ ਧਰੀ, ਤਾਂ ਸ਼ੌਕਤ ਅਲੀ ਨੇ ਆਪਣੇ ਗਲ ਵਾਲਾ ਪਰਨਾ ਮਾਣਕ ਦੇ ਸਿਰ ਉਤੇ ਬੰਨ ਦਿੱਤਾ। ਤਾੜੀਆਂ ਵੱਜੀਆਂ ਦੋ ਮਿੰਟ ਪੂਰੇ ਤੇ ਜਾਪਿਆ ਕਿ ਕੈਨੇਡਾ ਵਿਚ ਦਿੱਲੀ ਤੇ ਲਾਹੌਰ ਨੇ ਗਲੱਵਕੜੀਆਂ ਪਾ ਲਈਆਂ ਨੇ!
ਮਾਣਕ ਸਾਹਿਬ ਤੇ ਮੈਂ ਇਕੱਠੇ ਬੈਠੇ ਸਾਂ।ਗਾਉਣ ਤੋਂ ਪਹਿਲਾਂ ਮਾਣਕ ਬੋਲਿਆ, “ਵਈ ਘੁਗਿਆਣਵੀ, ਮੇਰੀ ਜੀਵਨੀ ਵੀ ਲਿਖਦੇ ਯਾਰ, ਆਪਣੇ ਗੁਰੂ ਯਮਲਾ ਜੀ ਦੀ ਲਿਖੀ ਐ ਤੈਂ, ਮੇਰੇ ਕੋਲ ਹੈਗੀ ਐ ਓਹ ਕਿਤਾਬ ਤੇ ਪੂਰਨ ਸ਼ਾਹਕੋਟੀ ਦੀ ਵੀ ਲਿਖੀ ਐ ਯਾਰ ਤੂੰ? ਬਾਪੂ ਪਾਰਸ ਕਰਨੈਲ ਜੀ ਜੱਸੋਵਾਲ ਸਾਹਬ ਦੀਆਂ ਤੇਰੀਆਂ ਕਿਤਾਬਾਂ ਮੇਰੇ ਕੋਲ ਪਈਆਂ ਨੇ ਘਰੇ, ਯਾਰ ਏਹ ਦਸ ਵਈ ਮੇਰੀ ਜੀਵਨੀ ਕਦ ਲਿਖੇਂਗਾ ਤੂੰ ਯਾਰ?
ਹਾਲੇ ਇਹ ਗੱਲ ਹੋ ਈ ਰਹੀ ਸੀ ਕਿ ਮਾਣਕ ਨੂੰ ਸਟੇਜ ਸਕੱਤਰ ਨੇ ਹਾਕ ਮਾਰੀ। ਤਾੜੀਆਂ ਗੂੰਜੀਆਂ। ਸਾਡੀ ਗੱਲਬਾਤ ਅਧਵਾਟੇ ਰਹਿ ਗਈ। ਮੁੜ ਨਾ ਮਿਲਿਆ ਮਾਣਕ! ਸਰੀ ਰਹਿੰਦੇ ਮਿੱਤਰ ਰਮਿੰਦਰਜੀਤ ਧਾਮੀ ਨੇ ਇਕ ਫੋਟੋ ਭੇਜਕੇ ਪੰਦਰਾਂ ਸਾਲ ਪੁਰਾਣੀ ਯਾਦਾਂ ਤਾਜੀ ਕਰਵਾ ਦਿੱਤੀ ਹੈ। ਹੁਣ ਰਹਿ ਵੀ ਕੀ ਗਿਆ ਹੈ ਬੰਦੇ ਕੋਲ ਸਿਵਾਏ ਫੋਟੂਆਂ ਦੇ? ਫੋਟੋਆਂ ਵੇਖ ਵੇਖ ਘੂਰੀ ਤੇ ਝੂਰੀ ਜਾਂਦਾ ਹੈ ਕਿ ਇਸ ਫੋਟੋ ਵਿਚ ਸ਼ਾਮਿਲ ਚਿਹਰਿਆਂ ਵਿਚੋਂ ਕੌਣ ਕੌਣ ਤੁਰ ਗਿਐ ਤੇ ਕੌਣ ਕੌਣ ਰਹਿ ਗਿਆ ਹੈ? ਫੋਟੋ ਵੇਖਕੇ ਹੀ ਤੁਰ ਗਏ ਬੰਦੇ ਚੇਤੇ ਆਉਂਦੇ ਨੇ। ਕਿਸ ਕੋਲ ਵਿਹਲ ਹੈ ਕਿਸੇ ਨੂੰ ਚੇਤੇ ਕਰਨ ਦੀ?
ਨਿੰਦਰ ਘੁਗਿਆਣਵੀ 9417421700