ਕੁਰਸੀ ਦੇ ਆਲੇ ਦੁਆਲੇ
ਫੜ ਲਓ ਮੇਰੀ ਪੂਛ ਮੈਂ ਫੜਿਆ ਜਾਣਾ ਨਹੀਂ
ਦੇਖੋ ਕਿੱਦਾਂ ਇਸ ਟਹਿਣੀ ਤੋਂ ਉਸ ਟਹਿਣੀ ਤੱਕ,
ਪੂਛ ਘੁਮਾਉੰਦਾ ਬਾਂਦਰ ਰਿਹਾ ਹੈ ਮਾਰ ਟਪੂਸੀ।
ਅਸਾਂ ਸੋਚਿਆ ਇੱਕੋ ਥਾਂ ਹੀ ਰਹਿੰਦਾ ਏ,
ਉਸ ਦੱਸਿਆ ਕਿ ਸਾਡਾ ਤਾਂ ਕਿਰਦਾਰ ਟਪੂਸੀ।
ਛੋਟੇ ਵੱਡੇ ਕਾਰੇ ਰੋਜ਼ ਹੀ ਕਰਦੇ ਹਾਂ ,
ਪਰ ਪੰਜੀ ਸਾਲੀਂ ਜਾਈਏ ਵੱਡੀ ਮਾਰ ਟਪੂਸੀ।
ਜੇਕਰ ਲੋਕੀਂ ਸਮਝ ਲੈਣ ਇਨ੍ਹਾਂ ਚਾਲਾਂ ਨੂੰ ,
ਤਾਂ ਕਦੇ ਕਦੇ ਫਿਰ ਜਾਂਦੀ ਏ ਇਹ ਹਾਰ ਟਪੂਸੀ।
ਜੇਕਰ ਲੋਕੀਂ ਮੂਰਖ ਬਣ ਕੇ ਦੇਖਦੇ ਰਹਿਣ ,
ਫਿਰ ਕਰਦੀ ਇਹ ਸੀਨਾ ਠੰਢਾ ਠਾਰ ਟਪੂਸੀ।
ਜਿੰਨਾ ਚਿਰ ਹੱਥ ਮਿੱਠੇ ਚੌਲੀਂ ਪੈੰਦਾ ਨਾ,
ਚੀਕਾਂ ਮਾਰ ਕੇ ਮਾਰੀਏ ਵਾਰੋ ਵਾਰ ਟਪੂਸੀ।
ਫੜ ਲਓ ਮੇਰੀ ਪੂਛ ਮੈਂ ਫੜਿਆ ਜਾਣਾ ਨਹੀਂ,
ਜਿੱਤ ਜਾਵਾਂ ਮੈਂ ਚੋਣਾਂ ਜੇਕਰ ਮਾਰ ਟਪੂਸੀ।
ਅੱਜਕੱਲ੍ਹ ਰਿਹਾ ਯਕੀਨ ਨਾ ਸਕਿਆਂ ਭਾਈਆਂ ਤੇ,
ਰਾਤੋ ਰਾਤ ਹੀ ਜਾਵਣ ਮਾਰ ਗਦਾਰ ਟਪੂਸੀ।
ਲੋਕ “ਲੰਗੇਰੀ” ਧੌਣੋ ਫੜ ਹੁਣ ਸੁਟਣਗੇ,
ਨਹੀਂ ਹੁਣ ਵੱਜਣੀ ਤੇਰੀ ਵਾਰੋ ਵਾਰ ਟਪੂਸੀ।
ਅਵਤਾਰ “ਲੰਗੇਰੀ “
[email protected]