ਬਦਲਾਅ ਤਾਂ ਅਜੇ ਬਾਕੀ ਆ !!
ਸਿਫਟਾ, ਪੜਾਈਆਂ , ਸਫ਼ਰਾਂ ਅਤੇ ਭੱਜਾਂ ਦੌੜਾਂ ਵਿੱਚ ਸਬਜੀ ਬਣਾਉਣੀ ਤੇ ਚਾਰ ਕੁ ਫੁਲਕੇ ਲਾ ਦੇਣੇ , ਤੇ ਦਿਨ ਰਾਤ ਵਿੱਚੋ ਚਾਰ ਕੁ ਘੰਟੇ ਸੌਣ ਨੂੰ ਲੱਭਣੇ , ਐਵੇ ਸ਼ੁਰੂ ਹੁੰਦਾ ਮੇਰਾ ਦਿਨ ਤੇ ਛਿਪ ਜਾਂਦਾ , ਆਪਣੇ ਆਪ ਨੂੰ ਖੁਸ਼ੀ ਦਾ ਮੌਕਾ ਦੇਣ ਲਈ ਕਦੇ ਕਦੇ ਮੈਂ ਬੇਲੋੜਾ ਕੱਪੜਾ ਲੀੜਾ ਵੀ ਖਰੀਦ ਲੈਦੀ ਆ , ਤੇ ਫਿਰ ਬਾਰਾਂ ਘੰਟੇ ਕੰਮ ਤੇ ਖੜੀ ਸੋਚਦੀ ਰਹਿੰਦੀ ਆ ਕਿ ਕਿਸ ਦਿਨ ਪਾਵਾਂਗੀ । ਅਸਲ ਚ , ਏ ਚੀਜ਼ਾਂ ਕੁੜੀਆਂ ਦੇ ਸੁਭਾਅ ਵਿੱਚ ਪਾਈਆਂ ਜਾਂਦੀਆਂ ਨੇ । ਇੱਥੋ ਦੀ ਜ਼ਿੰਦਗੀ ਆਪਣੇ ਦੇਸ਼ ਦੀ ਜ਼ਿੰਦਗੀ ਨਾਲੋ ਕਿਤੇ ਅੱਡ ਹੈ । ਮੇਰੀ ਮਾਂ ਨੂੰ ਜੇ ਕਿਤੇ ਮੈਂ ਅੱਕੀ ਕਹਿ ਦਿੰਨੀ ਆ ਵੀ ਅੱਜ ਨੀ ਕੰਮ ਤੇ ਜਾਣ ਨੂੰ ਜੀਅ ਕਰਦਾ , ਔਖਾ ਮੰਮੀ ! ਮਾ ਨੇ ਜਵਾਬ ਦੇਣਾ ਐਥੇ ਕਿਹੜਾ ਢੋਲਾ ਚ ਕਣਕ ਪਈ ਆ , ਨਾਲੇ ਘਰ ਵੀ ਮੁੱਲ ਦਾ ਪੁੱਤ , ਦੱਸ ਕਿਸ ਨੇ ਕਿਹਾ ਸੀ ਜਾਂਣ ਨੂੰ , ਫਿਰ ਮੈਂ ਏ ਕਹਿੰਦੇ ਗੱਲ ਨਬੇੜ ਦੇਣੀ ਵੀ ਐਧਰ ਕਿਹੜਾ ਕੁਝ ਬਣਦਾ ਸੀ , ਟੈਸਟ ਕੋਈ ਨਿਕਲਦਾ ਨੀ, ਪੜ ਕੇ ਘਰੇ ਕੰਮ ਨਹੀ ਹੁੰਦੇ , ਹਲਾਕਿ ਜਿੰਨਾਂ ਦੀ ਤਿਆਰੀ ਮੈਂ ਅਜੇ ਸ਼ੁਰੂ ਵੀ ਨਹੀਂ ਕੀਤੀ ਸੀ । ਸਾਡੀ ਇਹ ਵਾਰਤਾਲਾਪ ਐਥੈ ਤੇ ਓਥੋਂ ਦੀ ਜ਼ਿੰਦਗੀ ਵਿਚਲੇ ਫ਼ਰਕ ਨੂੰ ਹੂਬਹੂ ਬਿਆਨ ਕਰ ਦਿੰਦੀ ਆ । ਮਨ ਨੂੰ ਤਸੱਲੀਆਂ ਦਿੰਦੀ ਮੈਂ ਅਕਸਰ ਕਿਸੇ ਨਾ ਕਿਸੇ ਨੂੰ ਕਹਿੰਦੀ ਰਹਿੰਦੀ ਆ ਬੱਸ ਐਨੇ ਸਾਲ ਕਮਾਈ ਕਰਕੇ ਮੁੜ ਜਾਣਾ ਵਾਪਿਸ , ਪਰ ਮੈਨੂੰ ਪਤਾ ਹੈ ਵੀ ਇਹ ਸਭ ਮੈਂ ਆਪਣੇ ਮਨ ਦੀ ਤਸੱਲੀ ਲਈ ਕਰਦੀ ਹਾਂ , ਕਿਉਕਿ ਏ ਕਹਿੰਦੇ ਹੀ ਮੈਂ ਏ ਸੋਚ ਕੇ ਚੁੱਪ ਕਰ ਜਾਂਦੀ ਆ , ਕਿ ਜੇ ਜਵਾਨੀ ਈ ਰੋਲ ਲਈ ਇੱਥੇ , ਤੇ ਜਦੋਂ ਇੱਥੇ ਈ ਪੈਰ ਲੱਗ ਗਏ ਫਿਰ ਮੁੜਨ ਦਾ ਕੀ ਫ਼ਾਇਦਾ । ਅਕਸਰ ਇੰਨਾਂ ਰੁਝੇਵਿਆਂ ਵਿੱਚੋਂ ਤੇ ਕੁਝ ਐ ਦਿਨ ਰਾਤ ਦੇ ਫ਼ਰਕ ਦੇ ਨਾਲ ਮਾ ਨੂੰ ਫੋਨ ਕਰਨ ਦਾ ਸਮਾਂ ਵੀ ਲੱਭਣਾ ਪੈਂਦਾ ਹੈ । ਕਈ ਵਾਰੀ ਸਾਰੀ ਰਾਤ ਕੰਮ ਤੇ ਗੁਜ਼ਾਰਨ ਤੋਂ ਬਾਅਦ ਮੈਂ ਸਵੇਰੇ ਆਉਂਦੀ ਮਾਂ ਨੂੰ ਫੋਨ ਲਾ ਲੈਦੀ ਆ ਤੇ ਇੱਕ ਅਹਿਸਾਸ ਕਰਨ ਤੋ ਬਾਅਦ ਕਿ ਓਹ ਮੇਰੇ ਨਾਲ ਬੋਲ ਰਹੀ ਹੈ , ਫੌਨ ਕੱਟ ਦਿੰਦੀ ਆ । ਕਾਰਨ ਸਿਰਫ ਏ ਹੈ ਕਿ ਥਕਾਵਟ ਤੇ ਨੀਂਦ ਇਸ ਤਰਾਂ ਦਬੋਚ ਲੈਦੀ ਹੈ ਕਿ ਮੇਰਾ ਕਿਸੇ ਵੀ ਗੱਲ ਨੂੰ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ । ਵੈਸੇ ਇਹ ਕਹਿਣਾ ਵੀ ਗਲਤ ਨਹੀਂ ਕਿ ਗੋਰੇ ਵੀ ਦਿਹਾੜੀ ਦਾ ਮੁੱਲ ਤਾਂ ਕੱਢਦੇ ਹੀ ਨੇ । ਲਿਖਣ ਲੱਗਿਆਂ ਮੈਨੂੰ ਬਹੁਤ ਪਲ ਯਾਦ ਆਉਂਦੇ ਹਨ ਜਿੰਨਾਂ ਵਿੱਚ ਇੱਕ ਏ ਕਿ, ਗਰੈਜੂਏਸਨ ਟਾਇਮ ਆ ਕਹਿ ਕੇ ਸੌਖਾ ਸਾਹ ਭਰ ਲੈਦੇ ਸੀ ਵੀ ਟੀਚਰ ਤਾ ਲੱਗ ਜੀ ਜਾਵਾਂਗੀ , ਤੇ ਫਿਰ ਮੈਨੂੰ ਮੇਰਾ ਮੂਲ ਗੁਆਚਿਆ ਜਿਹਾ ਲੱਗਦਾ ।
ਖੈਰ ਇੱਕ ਦਿਨ ਮਾ ਨੇ ਕਨੇਡਾ ਵਿੱਚ ਬਦਲੇ ਕਾਨੂੰਨਾਂ ਬਾਰੇ ਗੱਲ ਛੇੜ ਲਈ , ਕਹਿੰਦੇ“ ਹੁਣ ਤਾਂ ਆਉਣਾ ਬੰਦ ਕਰ ਦਿੱਤਾ ਕੀ ਬਣੂ ਜਵਾਕਾ ਦਾ । ਇੱਧਰ ਕੋਈ ਕੰਮ ਨੀ ਮਿਲਦਾ ਵਿੱਚਾਰੇ ਕੀ ਕਰਨਗੇ ।
ਤੇ ਮੈਂ ਮਾਂ ਨੂੰ ਵਿਚਕਾਰੋ ਟੋਕਿਆ , ਤੇ ਆਪਣੀ ਸਿਆਣਪ ਦਾ ਪਾਸਾ ਭਾਰੀ ਕਰਦਿਆਂ ਸਮਝਾਇਆ ਕਿ ਨਹੀਂ ਮਾ , ਇਸ ਬਦਲਾਅ ਦੀ ਬਹੁਤ ਲੋੜ ਸੀ ਸਾਡੇ ਪੰਜਾਬ ਨੂੰ ਸਾਰੇ ਬਾਹਰ ਆਈ ਜਾਦੇ ਆ , ਐਥੇ ਘਰਾਂ ਨੂੰ ਜ਼ਿੰਦੇ ਲੱਗੀ ਜਾਂਦੇ ਆ , ਸਾਡੇ ਤਾਂ ਪਹਿਲਾਂ ਵਰਗੀ ਰੌਣਕ ਹੀ ਨੀ ਰਹੀ , ਨੂੰਹਾਂ ਧੀਆਂ ਦਾ ਘਰੇ ਮੋਹ ਹੀ ਨੀ ਪੈਂਦਾ । ਨਾਲੇ ਨਿਆਣੇ ਜਵਾਕਾਂ ਦੇ ਬਾਹਰ ਦੇ ਨਾ ਤੇ ਵਿਆਹ ਕਰ ਦਿੰਦੇ ਆ , ਫਿਰ ਜਾਂ ਲੜਾਈਆਂ ਜਾਂ ਤਲਾਕ , ਜਦੋ ਹੈਥੈ ਰਹਾਂਗੇ ਤਾਂ ਰਾਹ ਵੀ ਬਣ ਜਾਣਗੇ । ਕੁਝ ਕੁ ਮਿੰਟ ਏ ਵਿਸ਼ੇ ਤੇ ਚਰਚਾ ਕਰਨ ਤੋਂ ਬਾਅਦ ਪੰਜਾਬ ਦੇ ਹਲਾਤਾਂ ਬਾਰੇ ਗੱਲਾਂ ਕੀਤੀਆਂ , ਮਾ ਨੇ ਰੱਬ ਰਾਖਾ ਕਹਿ ਕੇ ਗੱਲ ਖਤਮ ਕੀਤੀ ਤੇ ਮੈਂ ਕਿਹਾ ਚੱਲ ਸ਼ੁਕਰ ਆ ਆਪਾ ਤਾਂ ਨਿਕਲ ਆਏ , ਦੂਜੇ ਭੈਣ ਭਰਾ ਐਥੇ ਸੈੱਟ ਹੋ ਜਾਣਗੇ , ਏ ਕਹਿੰਦੇ ਹੀ ਮੈਨੂੰ ਮਨ ਵਿੱਚ ਬੇਈਮਾਨੀ ਜੀ ਜਾਪੀ ਤੇ ਸੋਚਿਆ , ਬਦਲਾਅ ਤਾਂ ਅਜੇ ਬਾਕੀ ਆ , ਜੋ ਸਰਕਾਰਾਂ ਨੇ ਨੀ ਅਸੀ ਲੈਕੇ ਆਉਣਾ ।
ਰਮਨਦੀਪ ਕੌਰ
1 437-553-8655