ਬਾਦਲ ਦਲ ਨੇ ਤਖ਼ਤ ਸਾਹਿਬਾਨ ਅਤੇ ਪੰਥਕ ਪਦਵੀਆਂ ਦਾ ਵੀ ਨਿਰਾਦਰ ਕੀਤਾ : ਖਿਆਲਾ

ਮੌਜੂਦਾ ਕੌਮੀ ਤਰਾਸਦੀ ਦੇ ਵਕਤ ਦਮਦਮੀ ਟਕਸਾਲ ਨੂੰ ਕੌਮ ਦੀ ਅਗਵਾਈ ਵਾਲੀ ਇਤਿਹਾਸਕ ਰਵਾਇਤ ਦੁਹਰਾਉਣ ਦੀ ਜ਼ਰੂਰਤ ਹੈ।
ਬਾਦਲ ਦਲ ਨੇ ਤਖ਼ਤ ਸਾਹਿਬਾਨ ਅਤੇ ਪੰਥਕ ਪਦਵੀਆਂ ਦਾ ਵੀ ਨਿਰਾਦਰ ਕੀਤਾ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ 12 ਮਾਰਚ (ਪੰਜਾਬੀ ਅਖ਼ਬਾਰ ਬਿਊਰੋ ) ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਮੇਰਾ ਹਿਰਦਾ ਮੌਜੂਦਾ ਪੰਥਕ ਹਾਲਾਤਾਂ ਤੋਂ ਬਹੁਤ ਦੁਖੀ ਹੈ, ਕਿਉਂਕਿ ਬਾਦਲ ਦਲ ਵੱਲੋਂ ਭੈ ਭਾਵਨਾਹੀਣ ਅਤੇ ਹਉਮੈ ਹੰਕਾਰ ਵਿੱਚ ਆ ਕੇ ਪੰਥਕ ਭਾਵਨਾਵਾਂ ਨੂੰ ਦਰਕਿਨਾਰ ਕਰਦਿਆਂ ਪੰਥ ਦੀਆਂ ਪਰੰਪਰਾਵਾਂ, ਰਵਾਇਤਾਂ ਤੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬਾਦਲ ਦਲ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਮਨ ਮਰਜ਼ੀ ਨਾਲ ਹਟਾ ਦਿੱਤੇ ਹਨ ਅਤੇ ਪੰਥਕ ਸਹਿਮਤੀ ਤੋਂ ਬਿਨਾਂ ਲਏ ਗਏ ਨਵੇਂ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਰਾਤ ਦੇ ਹਨੇਰਿਆਂ ਵਿੱਚ ਲੁਕ ਛਿਪ ਕੇ ਬਿਨਾਂ ਪੰਥਕ ਰਵਾਇਤਾਂ ਦੀ ਪਾਲਣ ਦੇ ਨਵੇਂ ਜਥੇਦਾਰ ਲਾ ਕੇ ਪੰਥਕ ਪਦਵੀਆਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਸਿੱਖਾਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਯੋਗ ਕਰਾਰ ਦਿੱਤਾ ਗਿਆ ਹੈ। ਅਜਿਹੀ ਕੌਮੀ ਤਰਾਸਦੀ ਦੇ ਵਕਤ ਦਮਦਮੀ ਟਕਸਾਲ ਨੂੰ ਇਤਿਹਾਸਕ ਰਵਾਇਤ ਅਨੁਸਾਰ ਦਲ ਪੰਥ ਅਤੇ ਸਿੱਖ ਸੰਪਰਦਾਵਾਂ, ਜਥੇਬੰਦੀਆਂ ਦੇ ਸਹਿਯੋਗ ਨਾਲ ਕੌਮ ਦੀ ਅਗਵਾਈ ਕਰਨ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕੌਮ ’ਤੇ ਜਦੋਂ ਵੀ ਕੋਈ ਸੰਕਟ ਆਈ ਦਮਦਮੀ ਟਕਸਾਲ ਨੇ ਅਗਵਾਈ ਅਤੇ ਦਿਸ਼ਾ ਪ੍ਰਦਾਨ ਕੀਤੀ ਹੈ। ਉਹਨਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰ ਅਤੇ ਸਿੰਘ ਸਾਹਿਬਾਨ ਕੌਮ ਦੀਆਂ ਪਦਵੀਆਂ ਹਨ, ਇਨ੍ਹਾਂ ਪਦਵੀਆਂ ਦਾ ਮਾਣ ਸਤਿਕਾਰ ਅਤੇ ਕੌਮ ਦੀਆਂ ਪਰੰਪਰਾਵਾਂ ਤੇ ਰਵਾਇਤਾਂ ਹਰ ਹਾਲ ਵਿਚ ਬਹਾਲ ਰੱਖੀਆਂ ਜਾਣੀਆਂ ਚਾਹੀਦੀਆਂ ਹਨ।
ਬਾਦਲ ਦਲ ਨੂੰ ਆੜੇ ਹੱਥੀ ਲੈਂਦਿਆਂ ਉਹਨਾਂ ਕਿਹਾ ਕਿ ਆਪਣੀ ਸਿਆਸੀ ਇੱਛਾ ਪੂਰਤੀ ਲਈ ਸ਼੍ਰੋਮਣੀ ਕਮੇਟੀ ਅਤੇ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵਰਤਣ ਵਾਲੇ ਇਹ ਸਮਝ ਲੈਣ ਕਿ ਸ਼੍ਰੋਮਣੀ ਕਮੇਟੀ ਵਿੱਚ ਤੁਹਾਡੇ ਕੁਝ ਝੋਲੀ ਚੁੱਕਾਂ ਨੂੰ ਛੱਡ ਕੇ ਬਹੁ ਗਿਣਤੀ ਇਖ਼ਲਾਕ ਵਾਲੇ ਹਨ, ਨਾ ਕਿ ਸਿੱਖੀ ਸਿਧਾਂਤ ਤੇ ਧਰਮ ਤੋਂ ਭਟਕਣ ਵਾਲੇ ਹਨ। ਉਨ੍ਹਾਂ ਦੇ ਦਿਲਾਂ ਵਿੱਚ ਸਿੱਖੀ ਠਾਠਾਂ ਮਾਰ ਰਹੀ ਹੈ ਅਤੇ ਜਲਦ ਤੁਹਾਡੀਆਂ ਆਪਹੁਦਰੀਆਂ ਦੇ ਵਿਰੋਧ ’ਚ ਉਤਰ ਆਉਣਗੇ।
ਉਹਨਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ’ਤੇ ਦਸਮੇਸ਼ ਪਿਤਾ ਵੱਲੋਂ ਪੰਜ ਪਿਆਰਿਆਂ ਦੀ ਚੋਣ ਸਮੇਂ ਉਹਨਾਂ ਦੇ ਸੀਸ ਉਤਾਰੇ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੁਆਲੇ ਅਣਗਿਣਤ ਸਿੰਘਾਂ ਨੇ ਸੀਸ ਦੇ ਕੇ ਸ਼ਹਾਦਤਾਂ ਪਾਈਆਂ । ਉਨ੍ਹਾਂ ਬਾਦਲ ਦਲ ਦੇ ਆਗੂਆਂ ਨੂੰ ਕਿਹਾ ਕਿ ਜਿਸ ਕਿਸੇ ਨੇ ਵੀ ਤਖ਼ਤ ਸਾਹਿਬ ਨਾਲ ਟੱਕਰ ਲਈ ਉਹ ਭਾਵੇਂ ਅਬਦਾਲੀ ਹੋਵੇ ਜਾਂ ਸ੍ਰੀਮਤੀ ਇੰਦਰਾ ਗਾਂਧੀ, ਸਭ ਖ਼ਤਮ ਹੋ ਗਏ ਹਨ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦੁਆਲੇ ਸ਼ਹੀਦੀ ਪਹਿਰੇ ਹੋਣ ਦੇ ਹੋਰ ਕੀ ਸਬੂਤ ਚਾਹੀਦੇ ਹਨ ? ਜਿੱਥੇ ਸ. ਪ੍ਰਕਾਸ਼ ਸਿੰਘ ਬਾਦਲ, ਜਿਸ ਨੇ ਪ੍ਰਧਾਨ ਸ. ਮੱਕੜ ਦੇ ਸਮੇਂ ਪੂਰਾ ਜ਼ੋਰ ਲਗਾ ਕੇ ਫ਼ਖਰ ਏ ਕੌਮ ਪੰਥ ਰਤਨ ਲੈ ਲਿਆ ਪਰ ਅੱਜ ਉਨ੍ਹਾਂ ਵੱਲੋਂ ਥਾਪੇ ਗਏ ਜਥੇਦਾਰਾਂ ਨੇ ਹੀ ਉਸੇ ਤਖ਼ਤ ਸਾਹਿਬ ਤੋਂ ਉਹਨਾਂ ਦੇ ਪੁੱਤ ਦੇ ਸਾਹਮਣੇ ਇਹ ਅਵਾਰਡ ਮਨਸੂਖ਼ ਕਰ ਦਿੱਤਾ, ਕੀ ਇਸ ਤੋਂ ਵੱਡੀ ਸਜ਼ਾ ਵੀ ਹੋ ਸਕਦੀ ਹੈ?
ਉਹਨਾਂ ਕਿਹਾ ਕਿ ਜਿਸ ਪੰਥ ਨੇ ਬਾਦਲ ਦਲ ਨੂੰ ਰਾਜਭਾਗ ਦਿੱਤਾ, ਅਕਾਲੀ ਦਲ ਦੀ ਪ੍ਰਧਾਨਗੀ ਦੀ ਸਰਦਾਰੀ ਦਿੱਤੀ, ਉਸੇ ਪੰਥ ਨੇ ਉਹਨਾਂ ਨੂੰ ਕੀਤੇ ਗੁਨਾਹਾਂ ਕਾਰਨ ਲੀਡਰਸ਼ਿਪ ਤੋਂ ਆਯੋਗ ਕਰਾਰ ਦਿੰਦਿਆਂ ਪਾਸੇ ਹਟ ਜਾਣ ਲਈ ਕਿਹਾ, ਪਰ ਉਹ ਹਉਮੈ ਹੰਕਾਰ ਵੱਸ ਤਖ਼ਤ ਤੋਂ ਮੂੰਹ ਫੇਰ ਕੇ ਪੰਥ ਅੱਗੇ ਅੜ ਗਏ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬਾਨ ਅਤੇ ਪੰਥਕ ਪਦਵੀਆਂ ਦਾ ਅਪਮਾਨ ਕਰਨ ਵਾਲੇ ਬਾਦਲ ਧੜੇ ਨੂੰ ਗੁਰੂ ਪੰਥ ਅਤੇ ਸ਼ਹੀਦਾਂ ਵੱਲੋਂ ਕਿਵੇਂ ਮੁਆਫ਼ ਕੀਤਾ ਜਾ ਸਕਦਾ ਹੈ?