ਰਸਮੋ ਰਿਵਾਜ਼

ਬਾਪੂ ਦਾ ਸ਼ਰਾਧ 

ਬਿਮਾਰ ਬਾਪੂ ਮੰਜੇ ਉੱਤੇ ਰਿਹਾ ਚੂਕਦਾ 

ਆਜੋ ਪੁੱਤੋ ਕੋਲ ਆਜੋ ਰਿਹਾ ਕੂਕਦਾ 

ਬੁੜੇ ਕੋਲੋਂ ਭੈੜਾ ਜਿਹਾ ਮੁਸ਼ਕ ਮਾਰਦੈ 

ਨੇੜੇ ਆ ਕੇ ਕੋਈ ਵੀ ਨਾ ਜੀਅ ਢੁੱਕਿਆ 

ਹੁਣ ਉਹਨਾਂ ਪੁੱਤਾਂ ਨੇ ਸ਼ਰਾਧ ਕੀਤਾ ਏ ,ਜਿਉਂਦੇ ਜੀਅ ਨਹੀਂ ਸੀ ਮਾਪਿਆਂ ਨੂੰ ਪੁੱਛਿਆ 

ਉੱਡ ਗਏ ਭੌਰ ਤੋਂ ਵਸੀਅਤ ਕਰ ਲਈ 

ਪੰਚ ਪਟਵਾਰੀ ਸੱਚੀ ਹਾਮੀ ਭਰ ਲਈ 

ਸੇਵਾ ਵਾਲੀ ਪੁੱਤਾਂ ਨੇ ਕਸਰ ਕੱਢ ‘ਤੀ 

ਝੂਠ ਮੂਠ ਸਭ ਪਰਦੇ ‘ਚ ਲੁਕਿਆ  

ਹੁਣ ਉਹਨਾਂ ਪੁੱਤਾਂ ਨੇ ਸ਼ਰਾਧ ਕੀਤਾ ਏ , ਜਿਉਂਦੇ ਜੀਅ ਨਹੀਂ ਸੀ ਮਾਪਿਆਂ ਨੂੰ ਪੁੱਛਿਆ 

ਭੋਗ ਪਿਆ ਜਲੇਬੀਆਂ ਪਕਵਾਈਆਂ ਨੇ 

ਗੱਲਾਂ ਬਾਤਾਂ ਅਖ਼ਬਾਰੀ ਛਪਵਾਈਆਂ ਨੇ 

ਰੱਜ ਰੱਜ ਫੱਕੀਆਂ ਉਡਾਈਆਂ ਪੁੱਤਾਂ ਨੇ 

ਮੈਂ ਚੁੱਕਿਆ ਓਏ ਕਹਿੰਦੇ ਮੈਂ ਚੁੱਕਿਆ 

ਹੁਣ ਉਹਨਾਂ ਪੁੱਤਾਂ ਨੇ ਸ਼ਰਾਧ ਕੀਤਾ ਏ , ਜਿਉਂਦੇ ਜੀਅ ਨਹੀਂ ਸੀ ਮਾਪਿਆਂ ਨੂੰ ਪੁੱਛਿਆ 

ਮਹੀਨੇ ਪਿੱਛੋਂ ਬੇਬੇ ਵੀ ਚੜਾਈ ਕਰ ਗਈ 

ਫ਼ਿਕਰਾਂ ‘ਚ ਡੁੱਬੇ ਰੁਸ਼ਨਾਈ ਕਰ ਗਈ 

ਵੱਡੀਏ ਨੀਂ ਤੂੰ ਸਾਂਭ ਛੋਟੀ ਕਹਿ ਗਈ 

ਮੈਂ ਕਿਹੜਾ ਬੇਬੇ ਦਾ ਸੰਦੂਕ ਲੁੱਟਿਆ 

ਹੁਣ ਉਹਨਾਂ ਪੁੱਤਾਂ ਨੇ ਸ਼ਰਾਧ ਕੀਤਾ , ਜਿਉਂਦੇ ਜੀਅ ਨਹੀਂ ਸੀ ਮਾਪਿਆਂ ਨੂੰ ਪੁੱਛਿਆ 

ਦੁੱਧ ਵਿੱਚ ਪਾ ਕੇ ਚੁੱਲੇ ਚੌਲ ਧਰ ਲਏ 

ਪੰਡਿਤ ਬੁਲਾ ਕੇ ਘਰੇ ਇਕੱਠੇ ਕਰ ਲਏ 

ਸੂਰਜ ਨੂੰ ਪਾਣੀ ਸਾਰੇ ਦੇਈ ਜਾਂਦੇ ਨੇ 

ਪੰਡਿਤ ਜੀ ਸੋਗ ਜਾਵੇ ਪੱਕਾ ਚੁੱਕਿਆ 

ਹੁਣ ਉਹਨਾਂ ਪੁੱਤਾਂ ਨੇ ਸ਼ਰਾਧ ਕੀਤਾ ਏ , ਜਿਉਂਦੇ ਜੀਅ ਨਹੀਂ ਸੀ ਮਾਪਿਆਂ ਨੂੰ ਪੁੱਛਿਆ 

“ਲੰਗੇਆਣਾ ਸਾਧੂ” ਬਾਅਦ ਪਾਈ ਜਾਣੀ ਏ

ਇੱਕ ਦਿਨ ਤੇਰੀ ਵਾਰੀ ਆ ਹੀ ਜਾਣੀ ਏ 

ਉਦੋਂ ਤੈਨੂੰ ਯਾਦ ਬੜਾ ਹੀ ਸਤਾਊਗੀ 

ਤੇਰੇ ਪੁੱਤਾਂ ਭਾਰ ਗਿਆ ਨਾਂ ਚੁੱਕਿਆ 

ਹੁਣ ਉਹਨਾਂ ਪੁੱਤਾਂ ਨੇ ਸ਼ਰਾਧ ਕੀਤਾ ਏ 

ਜਿਉਂਦੇ ਜੀਅ ਨਹੀਂ ਸੀ ਮਾਪਿਆਂ ਨੂੰ ਪੁੱਛਿਆ 

ਕਦੇ ਵੀ ਨਹੀਂ ਸੀ ਹਾਲ ਚਾਲ ਪੁੱਛਿਆ

ਡਾ ਸਾਧੂ ਰਾਮ ਲੰਗੇਆਣਾ

ਲੇਖ਼ਕ :- ਡਾ ਸਾਧੂ ਰਾਮ ਲੰਗੇਆਣਾ, 9878117285

Show More

Leave a Reply

Your email address will not be published. Required fields are marked *

Back to top button
Translate »