“ਬਾਪੂ ਪਾਰਸ ਜੀ” ਨੂੰ ਸੋਲ਼ਵੀਂ ਬਰਸੀ ’ਤੇ ਯਾਦ ਕਰਦਿਆਂ”

28 ਜੂਨ 1916—28 ਫਰਵਰੀ 2009

ਬਾਪੂ ਜੀ ਦਾ ਜਨਮ ਮਾਲਵੇ ਦੇ ਪਿੰਡ ਮਹਿਰਾਜ (ਬਠਿੰਡਾ) ਨਾਨਕੇ-ਘਰ ’ਚ ਹੋਇਆ। “ਸੰਸਾਰਕ-ਪਿੱਪਲ਼” ਉੱਤੇ ਉਮਰ ਦੀ ਪਈ ਪੀਂਘ ਦੇ 92 ਸਾਲ 8 ਮਹੀਨੇ ਰੱਜ ਕੇ ‘ਹੁਲਾਰੇ’ ਲੈਂਦਿਆਂ-ਲੈਂਦਿਆਂ, ਅੱਜ ਤੋਂ ਸੋਲ਼ਾਂ-ਵਰ੍ਹੇ ਪਹਿਲਾਂ ਉਸ ਦੀ ਜ਼ਿੰਦਗੀ ਦੀ ‘ਕਾਵਿਕ-ਲੱਜ’ ਹਮੇਸ਼ਾ ਲਈ ਟੁੱਟ ਗਈ!
ਭਾਵੇਂ ਕਿ ‘ਪਾਰਸ ਜੀ’ ਦੇ ਜੀਵਨ, ਸ਼ਖ਼ਸੀਅਤ ਤੇ ਪ੍ਰਤਿੱਭਾ ਬਾਰੇ ਬਹੁਤ ਕੁੱਝ ਲਿਖਿਆ, ਪੜ੍ਹਿਆ, ਸੁਣਿਆਂ, ਸੁਣਾਇਆ ਤੇ ਖੋਜਿਆ ਗਿਆ ਹੈ, ਪਰ ਫਿਰ ਵੀ “ਸੋਲ਼ਵੀਂ-ਬਰਸੀ” ’ਤੇ ਉਸ ਦੀ ਕਵੀਸ਼ਰੀ ਦੀ ‘ਕਲਾ-ਕ੍ਰਿਤ’ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ। ਬਾਲ-ਉਮਰ ਵਿੱਚ ਹੀ ‘ਬਾਪੂ ਜੀ’ ਦੇ ਜ਼ਿਹਨ ਵਿੱਚ ਕਲਾ ਦੀਆਂ ਨਿੱਕੀਆਂ-ਨਿੱਕੀਆਂ ‘ਸੂਖ਼ਮ-ਤੂਈਆਂ’ ਫੁਟਣ ਲੱਗ ਪਈਆਂ ਸਨ, ਤੁਕਾਂਤਿਕ-ਲਫ਼ਜ਼ਾਂ ਦੇ ਕਾਫ਼ੀਏ (Rhymes) ਨੂੰ ਜੋੜਨ ਅਤੇ ਸੁਰਾਂ ਵਿੱਚ ਤਾਲ ਦੇ ਮੇਲ-ਮਿਲਾਪ (Unison) ਦੀ ‘ਪਠੇਰੀ-ਜੁਗਤ’ ਵੀ ਪੁੰਘਰਨ ਲੱਗ ਪਈ ਸੀ! ਛੋਟੇ-ਛੋਟੇ ਬੰਦਾਂ ਨੂੰ ਘੱੜਨ ਦੀ ‘ਨਵੇਕਲ਼ੀ-ਜਾਂਚ’ ਉਸ ਦੇ ਖ਼ਿਆਲਾਂ ਵਿੱਚ “ਕੁਸ਼ਤੀ” ਕਰਨ ਲੱਗ ਪਈ, ਤੇ ਟੋਟਕੇ ਬਨਾਉਣ ਦੇ ਸ਼ੌਕ ਦੀ ‘ਛੱਤਰੀ’ ਨੇ ਵੀ ਹੌਲ਼ੀ-ਹੌਲ਼ੀ ਖੁੱਲ੍ਹਣਾਂ ਸ਼ੁਰੁ ਕਰ ਦਿੱਤਾ! ਉਸ ਦੇ ਤਸੱਵਰ ਵਿੱਚ ‘ਕਲਾਤਮਿਕ-ਅੰਸ਼ਾਂ’ ਦੀ ਹਿਲ-ਜੁਲ ਰਿੜ੍ਹਨ ਲੱਗ ਪਈ! ਸਧਾਰਨ ਤੁਕ-ਬੰਦੀ ਨੂੰ ਆਪਿਸ ਵਿੱਚ ਮਿਲਾਉਣ ਵਾਲ਼ੇ ‘ਜੀਨਜ਼’ ਆਪ-ਮੁਹਾਰੇ ਹੋ ਕੇ “ਟਪੂਸੀਆਂ” ਮਾਰਨ ਲੱਗ ਪਏ, ਤੇ ਗੁਣ-ਗੁਣਾਉਣ ਦੀ ‘ਅੱਲ੍ਹੜ-ਚੇਟਕਤਾ’ ਦੀ ਪੌਣ ਨੇ ਵੀ ‘ਮੱਠਾ-ਮੱਠਾ’ ਵਗਣਾ ਸ਼ੁਰੂ ਕਰ ਦਿੱਤਾ ਸੀ!
ਬਹੁਤ ਹੀ ਸਿੱਧੀਆਂ-ਸਾਦੀਆਂ, ਹਲਕੀਆਂ-ਫੁਲਕੀਆਂ ਤੇ ਨੰਨ੍ਹੀਆਂ-ਮੁੰਨ੍ਹੀਆਂ ਜਿਹੀਆਂ ਤੁਕ-ਬੰਦੀਆਂ ਤਿਆਰ ਕਰਕੇ, ਉਹ ਬਿਨਾਂ ਕਿਸੇ ਸਿਫ਼ਾਰਸ਼ ਅਤੇ ਕਹਿਣ ਤੋਂ ਖ਼ੁਦ-ਬ-ਖ਼ੁਦ ਹੀ ‘ਰਾਗ-ਅਲਾਪਣ’ ਲੱਗ ਪੈਂਦਾ! ‘ਨਿੱਕੀ-ਉਮਰ’ ਵਿੱਚ ਇੱਕ ਦਿਨ ਉਸ ਨੇ ਗੱਲੀਂ-ਗੱਲੀਂ ਬਹੁਤ ਹੀ ਤੁੱਛ ਜਿਹੀ ਤੁਕ-ਬੰਦੀ ਦਾ ਟੁਕੜਾ ਜੋੜਿਆ, ਤੇ ਆਪਣੀ ਮਾਂ ਨੂੰ ਸੁਣਾ ਕੇ ਉਸ ਕੋਲ਼ੋ ‘ਜੇਠੀ’ ਵਾਹ-ਵਾਹ ਖੱਟ ਲਈ!
–-“ਖਾਣੀਆਂ ਨ੍ਹੀ ਸੇਵੀਆਂ ਮਾਂ ਅੱਜ ਜੋ ਤੂੰ ਰਿੰਨ੍ਹੀਆਂ, ਏਹਦੇ ਵੱਟੇ ਦੇਦੇ ਮੈਂਨੂੰ ਖੋਏ ਦੀਆਂ ਪਿੰਨੀਆਂ
ਦੋਹਣੇ ਵਿੱਚ ਸੱਚ ਦੱਸ ਰੱਖੀਐਂ ਤੈਂ ਕਿੰਨੀਆਂ, ਖਾਜੂੰਗਾ ਮੈਂ ਫਟਾ-ਫਟਾ ਦੇਵੇਂਗੀ ਤੂੰ ਜਿੰਨੀਆਂ”

ਖੁਸ਼ੀ ਦੀ ਲੋਰ ’ਚ ਆ ਕੇ ਮਾਂ ‘ਚਾਈ-ਚਾਈਂ’ ਆਂਡਣਾਂ-ਗੁਆਂਢਣਾਂ ਨੂੰ ਪੁੱਤ ਦੀ ਇਹ “ਅਣ-ਕਿਆਸੀ” ਪ੍ਰਾਪਤੀ ਫੁਲ-ਫੁਲ ਕੇ ਦੱਸਦੀ! ਜਦੋਂ ਕਦੇ ਵੀ ‘ਮਹਿਰਾਜ-ਪਿੰਡੋਂ’ ਬਾਪੂ ਦੇ ਮਾਮੇਂ ਆਪਣੀ ਭੈਣ ਨੂੰ ਰਾਮੂਵਾਲੇ ਮਿਲਣ ਆਉਂਦੇ ਤਾਂ ਭੈਣ ਆਪਣੇ ਭਰਾਵਾਂ ਨਾਲ਼ ਇਸ ਚਾਅ ਨੂੰ ‘ਹੁੱਭ-ਹੁੱਭ’ ਕੇ ਸਾਂਝਾ ਕਰਦੀ, ਤੇ ਉਹੀ ਟੋਟਕਾ ਮਾਮਿਆਂ ਨੂੰ ਸੁਨਾਉਣ ਲਈ ਆਖਦੀ। ਮਾਂ, ਪੁੱਤ ਨੂੰ ਬੁਕਲ਼ ’ਚ ਲੈ ਕੇ ਮੱਥਾ ਚੁੰਮਦੀ ਤੇ ਸਿਰ ’ਤੇ ਪੋਲੀਆਂ-ਪੋਲੀਆਂ ਉਂਗਲ਼ਾ ਫੇਰਦੀ-ਫੇਰਦੀ ਆਖਦੀ, “ਲੈ ਬਾਈ ਨਾਜਰ ਸਿੰਆਂ ਲੱਗਦੈ ਤੇਰਾ ‘ਭਾਣਜਾ-ਕਰਨੈਲ’ ਵੱਡਾ ਹੋ ਕੇ ਗਵੰਤਰੀ ਬਣੂੰਗਾ!” ਭੋਲ਼ੇ-ਭਾਅ ਅਤੇ ਸੁਤੇ-ਸਿੱਧ ਮਾਂ ਦੇ ਸੁਹਿਰਦ-ਹਿਰਦੇ ’ਚੋਂ ਨਿਕਲ਼ੇ ਇੰਨ੍ਹਾਂ ਸੁਭਾਵਿਕ-ਬੋਲਾਂ ਨੇ ਉਦੋਂ “ਹਕ਼ੀਕ਼ਤ” ਦਾ ਰੂਪ ਧਾਰਨ ਕੀਤਾ, ਜਦੋਂ ਉਸ ਦਾ ‘ਕਰਨੈਲ’ ਸੱਚੀਂ-ਮੁੱਚੀਂ ਕਵੀਸ਼ਰਾਂ ਦਾ ‘ਜਰਨੈਲ’ ਬਣ ਗਿਆ! ਫਿਰ, ਕਵੀਸ਼ਰੀ-ਖੇਤਰ ਵਿੱਚ ਮਾਰੀਆਂ-ਮੱਲਾਂ ਅਤੇ ਪਾਏ ਗਏ ਸ਼ਲਾਘਾਯੋਗ ਤੇ ਭਰਵੇਂ-ਯੋਗਦਾਨ ਕਰਕੇ, 1987 ਵਿੱਚ ਬਰਨਾਲਾ ਸਰਕਾਰ ਸਮੇਂ ‘ਭਾਸ਼ਾ-ਵਿਭਾਗ ਪੰਜਾਬ’ ਵੱਲੋਂ ਉਸ ਨੂੰ ‘ਸ਼੍ਰੋਮਣੀ-ਕਵੀਸ਼ਰ’ ਦਾ ਖ਼ਿਤਾਬ ਦੇ ਕੇ ਨਿਵਾਜਿਆ ਗਿਆ!
–-“ਪਾਰਸ ਜੀ ਦੀ ਸ਼ਾਇਰੀ ਦਾ ਮੂੰਹ-ਮੁਹਾਂਦਰਾ ਅਤੇ ਤਰਦਾ-ਤਰਦਾ “ਚਿੰਤਨ-ਲਿਸ਼ਕਾਰਾ”–
ਬਾਪੂ ਜੀ ਦੀ “ਸਾਹਿਤਕ-ਸ਼ਖ਼ਸੀਅਤ” ਦੀ ਪਹਿਚਾਣ ਉਸ ਦੀ ਰਚੀ-ਰਚਨਾ ਅਤੇ ਵਿਖਾਇਆ-ਕਾਰੀ ਵਿੱਚੋਂ ਰੂਪਮਾਨ ਹੁੰਦੀ ਹੈ! ਸ਼ਾਇਰੀ ਦੀ ਦਿੱਖ ਅਤੇ ਪ੍ਰਭਾਵ ਨੂੰ ਦਿਲ ਵਿੱਚ ਬਠਾਉਣ ਤੇ ਖਿੱਚ ਪੈਦਾ ਕਰਨ ਲਈ ਉਸ ਨੇ ਪ੍ਰਭਾਵਸ਼ਾਲੀ-ਤਖ਼ੱਈਅਲ, ਅਦਭੁਤ-ਅਲੰਕਾਰਾਂ, ਦਿਲਚਸਪ-ਤਸ਼ਬੀਹਾਂ ਤੇ ਨਿਵੇਕਲੇ-ਬਿੰਬਾਂ ਨੂੰ ਕੋਮਲਤਾ ਦੀ ਚਾਸ਼ਣੀ ’ਚ ਭਿਊਂਕੇ ਆਪਣੀ ਰਚਨਾ ਨੂੰ ਦੁਰਲੱਭ-ਕਿਸਮ ਦੀ ਸੁਆਦਲੀ ‘ਸਾਹਿਤਕ-ਅਮੀਰੀ’ ਬਖ਼ਸ਼ੀ! ਉਸ ਦੀ ਕ਼ਲਮ ਦੀ ਨੋਕ ਨੇ ਪਿੰਗਲ ਦੇ ਨਿਯਮਾਂ ਨੂੰ ਹਮੇਸ਼ਾ ਹੀ “ਜੀ-ਆਇਆਂ” ਆਖਿਆ ਅਤੇ ਅਦਬੀ-ਬੰਦਸ਼ਾਂ ਦੀ ਪੂਰਨ-ਪਾਲਣਾ ਕਰਦਿਆਂ ‘ਕਾਵਿ-ਕ੍ਰਿਤ’ ਨੂੰ “ਸਾਹਿਤਕ-ਸੁਹੱਪਣਤਾ” ਦੀ ਮਹਿੰਦੀ ਲਾ ਕੇ ਸ਼ਿੰਗਾਰਿਆ। ਉਸ ਨੇ ਆਪਣੀ ‘ਕਾਵਿ-ਸ਼ੈਲੀ’ ਵਿੱਚ ਅਨੇਕਾਂ ਹੀ ਅਨੋਖੇ, ਅਨੰਦ-ਮਈ, ਲੈਹਰੀ, ਨਿਰਾਲੇ, ਤੇ ਉਤਸੁਕਤਾ ਉਪਜਾਉਣ ਵਾਲ਼ੇ “ਬਿੰਬਾਂ” ਦੀ ਸਿਰਜਨਾਂ ਕੀਤੀ! ਆਪਣੀ ਕ੍ਰਿਤ ਵਿੱਚ ਨਵੀਆਂ “ਕਲਾਤਮਕ-ਪਿਰਤਾਂ” ਪਾ ਕੇ ਉਸ ਨੇ ਸਮਕਾਲੀ ਕਿੱਸਾ-ਕਾਰਾਂ ਤੇ ਸ਼ਾਇਰਾਂ ਨਾਲੋਂ ਵੱਖਰੀ ਅਤੇ ਵਿਲੱਖਣ ‘ਸਾਹਿਤਕ-ਲਕੀਰ’ ਖਿੱਚੀ! ਉਸ ਦੀਆਂ ਵਿਸ਼ਾਲ, ਮਨੋਹਰ, ਤੇ ਲੁਭਾਉਣੀਆਂ ‘ਕਾਵਿ-ਕਲਪਨਾਵਾਂ’ ਦੀਆਂ ਸਾਹਿਤਕ ਉੱਚਾਈਆਂ ਤੇ ਗਹਿਰਾਈਆਂ ਕਿਸੇ ਵੀ ਦਰਜਾ ਮਾਪਣ ਵਾਲ਼ੇ ਪੈਮਾਨੇ ਦੀ ਹਦੂਦ ਅਤੇ ਪਕੜ ਵਿੱਚ ਨਹੀਂ ਆਉਂਦੀਆਂ!
ਵਾਤਾਵਰਨ ਦੀ ਸਿਰਜਨਾ ਕਰਨ ਵੇਲ਼ੇ ਉਹ ਰਾਸ ਆਉਣ ਵਾਲ਼ੀਆਂ ‘ਵਜ਼ਨਦਾਰ-ਤਸ਼ਬੀਹਾਂ’ ਤੇ ‘ਫੱਬਦੀਆਂ-ਤੁਲਨਾਤਮਕ’ (Comparison) ਵਿਧੀਆਂ ਦੀ ਵਰਤੋਂ ਕਰਕੇ, ਪਾਠਕ ਅਤੇ ਸਰੋਤੇ ਦੇ ਮਨ ਨੂੰ ‘ਅਨੁੱਠੇ-ਮਲਾਰ’ ਦਾ ਹਲੂਣਾ ਦਿੰਦਿਆਂ ਹੋਇਆਂ, “ਸਾਹਿਤਕ-ਸਕੂਨ” ਦੇ ਝੌਂਕੇ ਪ੍ਰਦਾਨ ਕਰਦਾ ਹੈ। ਉਸ ਦੀ ਸੁੰਦਰ, ਸੂਤਰਮਈ, ਭਾਵਪੂਰਤ, ਤੇ ਰੋਚਿਕਤਾ ਨਾਲ਼ ਭਰਪੂਰ ‘ਰਚਨਾ-ਸ਼ੈਲੀ’ ਸਾਹਿਤਕ-ਤੱਤਾਂ ਦੇ ਰਸਾਂ ਨੂੰ ਕਦੇ ਵੀ ਫਿੱਕਾ ਨਹੀਂ ਪੈਣ ਦਿੰਦੀ! ‘ਪਾਰਸ ਕਵੀ’ ਆਪਣੇ ਪੜ੍ਹਨ-ਸੁਣਨ ਵਾਲ਼ੇ ਦੀ ਉਤਸੁਕਤਾ ਤੇ ਦਿਲਚਸਪੀ ਦੇ ਵਹਾਅ ਨੂੰ ਨਿਰੰਤਰ-ਵਹਿੰਦਾ ਜਾਰੀ ਰੱਖਣ ਲਈ, ਕੋਮਲ ਅਤੇ ਰਸੀਲੇ-ਲਫ਼ਜ਼ਾਂ ਦੀ ਉਂਗਲ਼ ਫ਼ੜਾ ਕੇ ਉਹਨਾਂ ਦੇ “ਸੁਹਜ-ਸੁਆਦ” ਦੇ ਵੇਗ ਨੂੰ ਢਿੱਲਾ ਨਹੀਂ ਪੈਣ ਦਿੰਦਾ! ਅਤੇ ਵਿਸ਼ੇ ਨਾਲ਼ ਜੁੜੇ ਮੁਲਾਇਮ ਤੇ ਮਧੁਰ-ਖਿਆਲਾਂ ਨੂੰ ‘ਖ਼ੁਰਦਲ਼ਾ’ ਹੋਣ ਤੋਂ ਬਚਾਈ ਰੱਖਦਾ ਹੈ!
‘ਉਸ ਦੀ ਸ਼ਾਇਰੀ ਵਿੱਚੋਂ ਕੁੱਝ-ਕੁ ਵੰਨਗੀਆਂ’!!!
–ਆਪਣੇ ਛੈਲ-ਛਬੀਲੇ, ਜਵਾਨ ਤੇ ਖ਼ੂਬਸੂਰਤ ‘ਮਤਰੇਏ-ਪੁੱਤਰ’ ਪੂਰਨ ਨੂੰ ਤੱਕ ਕੇ, ਰਾਣੀ ਲੂਣਾ ਦੀਆਂ ਮੋਹਿਤ ਹੋਈਆਂ “ਜੋਬਨ-ਮੱਤੀਆਂ” ਮੋਹ-ਤਰੰਗਾਂ ਨੇ ਜਦੋਂ ‘ਕਾਮਿਕ-ਅੰਗੜਾਈਆਂ’ ਲਈਆਂ, ਉਸ ਸਥਿਤੀ ਦੀ ਤਰਜਮਾਨੀ ‘ਪਾਰਸ ਕਵੀ’ ਇੰਝ ਕਰਦਾ ਹੈ:-
“ਫ਼ੁੱਲ ਕਿਸ ਤਰਾਂ ਬਣ ਗਿਆ ਤੀਰਾਂ ਦਾ ਭੱਥਾ, ਕਿਹੜੇ ਰਿਸ਼ਤਿਉਂ ਚੋਬਰਾ ਤੈਂ ਟੇਕਿਆ ਮੱਥਾ
ਸੂਰਤ ਤੇਰੀ ਲੱਗਦੀ ਹੈ ਬਹੁਤ ਪਿਆਰੀ, ਮੈਂ ਰਾਧਾ ਨੂੰ ਮਿਲ਼ ਪਿਆ ਤੂੰ ਕ੍ਰਿਸ਼ਨ-ਮੁਰਾਰੀ
ਤੇਰੀ ਮੇਰੀ ਪੂਰਨਾ, ਕੀ ਰਿਸ਼ਤੇਦਾਰੀ”
–‘ਬੀਜੇ ਬਾਣੀਏਂ’ ਦਾ ਘੋੜੇ ਖ਼ਰੀਦਣ ਜਾਣ ਤੋਂ ਇਨਕਾਰੀ ਹੋਣਾ, ਤੇ ਆਪਣੇ ਕਿੱਤੇ ਦੀ ਮੁਹਾਰਤ ਦਾ ਖ਼ੁਲਾਸਾ ਕਰਨਾ:-
“ਫੜ ਤੱਕੜੀ ਤੋਲੀਏ ਪਰਬਤ, ਲਈਏ ਕੱਢ ਪੱਥਰਾਂ ’ਚੋਂ ਸ਼ਰਬਤ
ਅਸੀਂ ਭੋਲ਼ੇ ਜਾਤ ਦੇ ਹਾਂ ਬਾਣੀਏਂ, ਨਾ ਘੋੜਿਆਂ ਦੀ ਨਸਲ, ਨਾ ਰੰਗ ਜਾਣੀਏਂ”
–“ਸੀਖਾਂ ਦੀ ਡੱਬੀ ਬਣਾਦੂੰ ਇੱਟਾਂ ਦੇ ਚੱਠੇ ਮੈਂ, ਹਰਨਾਂ ਨੂੰ ਕਰਦੂੰ ‘ਪਾਰਸਾ’ ਝੋਟਿਆ ਤੋਂ ਮੱਠੇ ਮੈਂ
ਪਰਸੋਂ ਨੂੰ ਦੋਨੋਂ ਘੋੜੇ ਕਰਦੂੰਗਾ ‘ਕੱਠੇ ਮੈਂ, ਟੇਵਾ ਬਤਾਈ ਜਾਂਦਾ”(ਬਿੱਧੀ ਚੰਦ ਦੇ ਘੋੜੇ-ਪ੍ਰਸੰਗ ਵਿੱਚੋਂ)
—“ਬੱਦਲ਼ ਬਾਰੂਦ ਬਣਾਦੂੰ ਲੱਗੇ ਰੂੰ ਦੇ ਢੇਰਾਂ ਦਾ, ਪੰਥ ਖ਼ਾਲਸਾ ਸਾਜੂੰ ਬਾਗ਼ੀ ਬੱਬਰ ਸ਼ੇਰਾਂ ਦਾ”
–“ਬੇ-ਹੋਸ਼ੀ ਦੀ ਹਾਲਤ ਵਿੱਚ ਪਏ ਸ: ਸੇਵਾ ਸਿੰਘ ਠੀਕਰੀਵਾਲ ਨੂੰ ਉਸ ਦੀਆਂ ਦੋਵੇਂ ਪਤਨੀਆਂ ਦੀ ਮੁਲਾਕਾਤ ਦੇ ਗ਼ਮਗ਼ੀਨ-ਮਾਹੌਲ ਦਾ ਚਿਤਰਨ ਕਵੀ ਇਸ ਤਰ੍ਹਾਂ ਕਰਦਾ ਹੈ”:-
“ਹੱਜ ਆਪਣੇ ਮੱਕੇ ਦਾ ਰਹੀਆਂ ਕਰ ਆਖ਼ਰ ਦੀ ਵੇਲਾ, ਤੀਰਥ ਦੀ ਪੌੜੀ ’ਤੇ ਖੜ੍ਹੀਆਂ ਚਿੰਤਾ ਡੁੱਬੀਆਂ ਲੇਲਾ
ਮਜਨੂੰ ਦੱਸ ਸਕਿਆ ਨਾ ਉਸ ਦੇ ਨਾਲ਼ ਜਿਸ ਤਰ੍ਹਾਂ ਬੀਤੀ, ਦੋਨਾਂ ਸ੍ਰਦਾਰਨੀਆਂ ਕੋਈ ਜਿਗ਼ਰੀ ਗੱਲ ਨਾ ਕੀਤੀ”
–“ਰਾਣੀ ਜਿੰਦਾ ਦੀ ਆਪਣੀ ਸ਼ਾਮੋਂ ਗੋਲੀ ਨਾਲ਼ ਕਿਲੇ ’ਚੋਂ ਫਰਾਰ ਹੋਣ ਦੀ ਵਿਉਂਤ ਦਾ ਦ੍ਰਿਸ਼, ਬਾਪੂ ਨੇ ਇਸ ਤਰ੍ਹਾਂ ਕ਼ਲਮ-ਬੰਦ ਕੀਤਾ ਹੈ”:-
“ਵਰਤੋਂ ਵਿੱਚ ਲਿਆਈਏ ਨੀਤੀ ਦਾ ਸ਼ਸਤਰ, ਆਹ ਲੈ ਗਹਿਣੇ ਪਹਿਨ ਲਾ ਰੇਸ਼ਮ ਦੇ ਬਸਤਰ
ਬਾਂਹ ਲਮਕਾ ਲੈ ਹੇਠ ਨੂੰ ਮੇਰੀ ਹਮਜੋਲੀ, ਰਾਣੀ ਬਣ ਪੈ ਪਲੰਘ ’ਤੇ ਤੂੰ ਸ਼ਾਮੋਂ ਗੋਲੀ”
ਉਸ ਦੇ ਰਚੇ “ਕਵੀਓ-ਵਾਚਾਂ” ਵਿੱਚ ਦਾਰਸ਼ਨਿਕਤਾ ਅਤੇ ਵਿਦਵਤਾ ਦੇ ਉੱਛਲ਼-ਉੱਛਲ਼ ਕੇ ਵਗਦੇ ਹੋਏ ਝਰਨੇ “ਅਦਬੀ-ਸੰਗਮ” ਦਾ ਰੂਪ ਧਾਰਨ ਕਰ ਲੈਂਦੇ ਹਨ। ਅਤੇ ਛੰਦਾ-ਬੰਦੀ ਦੇ ਵੱਖ-ਵੱਖ ਰੂਪਾਂ ਵਿੱਚ ਟਿਮ-ਟਿਮਾਉਂਦੇ ਤੇ ਟੱਪਦੇ-ਟੱਪਾਉਂਦੇ ਹੋਏ “ਕਲਾਤਮਿਕ-ਜੁਗਨੂੰ” ਸਾਹਿਤਕ-ਰੌਸ਼ਨੀ ਦੀਆਂ ਕਿਰਨਾਂ ਬਿਖ਼ੇਰਦੇ ਨਜ਼ਰੀਂ ਪੈਂਦੇ ਹਨ:-
—“ਬੂਹਾ ਬੰਦ ਕੀਤੇ ਪਿੱਛੇ ਨਾ ਮੁੜਦੀਆਂ ਗ਼ੈਬੀ-ਗੋਲ਼ਾ ਸ਼ਾਮਤਾਂ, ਵੱਡੇ-ਵੱਡੇ ਲੋਕਾਂ ਨੂੰ ਚਿੰਬੜ ਜਾਂਦੀਆਂ ਭੈੜੀਆਂ ਅਲਾਮਤਾਂ
ਚੰਦਰੀ ਮਰਜ਼ ਰੱਖਦੀ ਤਾਮੀਜ਼ ਨਾ ਰੁੱਤਬੇ ਬੁਲੰਦ ਦੀ, ਪੂਰੀ ਦੇਹੀ ਕੋੜ੍ਹ ਰੋਗ ਨੇ ਗ੍ਰੱਸ ਲੀ ਰਾਜੇ ਦੁਨੀਂ ਚੰਦ ਦੀ”
–“ਹੋਏ ਜਿੱਥੇ ਵੀ ਇੱਕਠੇ ਮੁੰਡੇ ਕੁੜੀਆਂ, ਅੱਖਾਂ ਬਾਗ਼ੀ ਹੋ ਕੇ ਮੱਲੋ-ਮੱਲੀ ਜੁੜੀਆਂ, ਖੰਡੋਂ ਮਿੱਠੀਆਂ ਪਿਆਰ ਦੀਆਂ ਪੁੜੀਆਂ,
ਉੱਥੇ ਗ਼ਲਤੀ ਹੋ ਜਾਂਦੀ ਪੁੱਤ ਧੀ ਸੁਲੱਗ ਤੋਂ, ਕਦੇ ਇੱਸ਼ਕ ਨੀਂ ਛੁਪਦਾ ਛੁਪਾਇਆਂ ਜੱਗ ਤੋਂ”
–“ਗੁੱਝੀ ਰਹਿੰਦੀ ਲੱਗੀ ਮੁਲਕਾਂ ਦੀ ਜੰਗ ਨਾ, ਚਿੱਟਾ ਹੁੰਦਾ ਕਾਵਾਂ ਕੋਇਲਾਂ ਦਾ ਰੰਗ ਨਾ, ਵਿੱਚ ਕੋਠੜੀ ਦੇ ਚੱੜ੍ਹਦੀ ਪਤੰਗ ਨਾ
‘ਹੂੰਗੇ’ ਗੀਤ ਨਾ ਬਣਨ ਆਦਮੀਂ ਬਿਮਾਰ ਦੇ, ਗੁੱਝੇ ਨੇਤਰ ਨੀ ਰਹਿੰਦੇ ਠੱਗ ਚੋਰ ਯਾਾਰ ਦੇ”
—“ਲੈ ਗਿਆ ਉਧਾਲ਼ ਸਾਹਿਬਾਂ ਰੋਹ ਵਿੱਚ ਆਏ ਮਾਪੇ, ਅਣਖ਼ ਦੀ ਅਗਨੀ ’ਤੇ ਬਾਰੂਦ ਨੂੰ ਖਿਲਾਰ’ਤਾ
ਔਝਲ਼ ਕੇ ਪਿੰਡ ਦੇ ਦੁਆਲ਼ੇ ਖਾਈ ਗਏ ਗੇੜੇ, ਸਿਆਲਾਂ ਦੀ ਜੂਹ ’ਚ ਹੀ ਵਾਪਰ’ਗੀ ਵਾਰਤਾ
ਥੋੜੀ ਜੇਹੀ ਪਹੁ ਫੁਟੀ, ਭਿਆਨਕ ਆਵਾਜ਼ਾਂ ਸੁਣ, ਦੋਵੇਂ ਸੀ ਤਰੱਭਕ ਉੱਠੇ, ਭਾਈਆਂ ਲਲਕਾਰ’ਤਾ
ਤਰਲੇ ਸੀ ਕੱਢੇ ਸਾਹਿਬਾਂ, ਟੱਸ ਤੋਂ ਨਾਂ ਮੱਸ ਹੋਏ, ਗੁੱਸੇ ਵਿੱਚ ਭਰੇ ਭਾਈਆਂ ਰਿਸ਼ਤਾ ਵਿਸਾਰ’ਤਾ
ਜੂੰਡਿਆਂ ਤੋਂ ਫੜ ਕੇ ਘੜੀਸ ਲਿਆ ਵਾਹਣ ਵਿੱਚ, ਮੁੱਢ ਵਿੱਚ ਜੰਡ ਦੇ ਸੀ ਖ਼ੂੰਨ ਨੂੰ ਉਤਾਰ’ਤਾ
ਨਸ਼ੇ ਤੇ ਥਕਾਵਟ ਦਾ ਭੰਨਿਆਂ ਸੀ ਜੱਟ ਐਸਾ, ਖੰਡ ਦੀ ਡਲ਼ੀ ਦੇ ਵਾਂਗੂੰ ਪਲਾਂ ਵਿੱਚ ਖਾਰ’ਤਾ
ਭੱਖਿਆ ਤੰਦੂਰ ਜਿਹੜਾ ਭੂਆ ਜੀ ਦੇ ਵਿਹੜੇ ਵਿੱਚ, ਮਾਰ ਛਿੱਟੇ ਤੀਰਾਂ ਦੇ ਸੀ ਸਦਾ ਲਈ ਠਾਰ’ਤਾ
ਟੱਕੂਏ ਬਰਛਿਆਂ ਤੇ ਤੀਰਾਂ ਨਾਲ਼ ਵਿੰਨ ਕੇ ਤੇ, ‘ਪਾਰਸਾ’ ਸੀ ਮਿਰਜ਼ੇ ਨੂੰ ਸਿਆਲਾਂ ਨੇ ਮਾਰ’ਤਾ”
ਉਸ ਦੀ ਰਚਨਾ ਵਿੱਚ ਕਿਸੇ ਇੱਕ ਅੱਖਰ ਦਾ ਪੰਕਤੀ ਵਿੱਚ ਇੱਕ ਤੋਂ ਵੱਧ ਵਾਰ ਵਰਤੇ ਜਾਣ ਵਾਲ਼ੇ ‘ਅਨੁਪ੍ਰਾਸ’ ਕਾਵਿਕ-ਤੱਤ ਦੀ ਭਰਮਾਰ ਹੈ! ਜਿਹੜਾ ਕਿ ਕਵਿਤਾ ਵਿੱਚਲੀ ਸੁਹਜ-ਸੁਆਦਲੀ “ਸੁਰ” ਤੇ ਰਸ-ਭਿੰਨੀ “ਲੈਅ” ਦੀ ਰਵਾਨਗੀ ਨੂੰ ਰੋਚਿਕ ਤੇ ਦਿਲਚਸਪ ਬਣਾ ਦਿੰਦਾ ਹੈ। ਇਸ ਵਿਧੀ ਨੂੰ ਆਪਣੀ ਛੰਦਾ-ਬੰਦੀ ਦੀਆਂ ਪੰਕਤੀਆਂ ਵਿੱਚ ਸੁਚੱਜੇ-ਢੰਗ ਨਾਲ਼ ਵਰਤਣ ਦੀ ਕਲਾ ਦਾ ਉਸ ਕੋਲ਼ ਅਣਮੋਲ-ਖ਼ਜ਼ਾਨਾਂ ਹੈ! ਜਿਵੇਂ: –
“ਕੀ ਕੀ ਹੈ ਕੌਤਿਕ ਕਰਵਾਉਂਦੀ, ਲਹਿਰ ਵਿਸ਼ੇ ਦੀ ਕੋੜ੍ਹਨ, ਤੋਤਾ ਅਤੇ ਰਸਾਲੂ ਚੱਲੇ, ਸਤ ਕੌਂਲਾ ਦਾ ਤੋੜਨ”
ਉਸ ਦੀ ਕਵਿਤਾ ਦੀਆਂ ਬਹੁਤ ਸਾਰੀਆਂ ਸਤਰਾਂ ਲੋਕਾਂ ਦੇ ਚੇਤਿਆਂ ਵਿੱਚ ਘੁਲ਼-ਮਿਲ਼ ਕੇ ਉਹਨਾਂ ਦੀਆਂ ਜ਼ਬਾਨਾਂ ’ਤੇ ਨਿਵਾਸ ਕਰ ਰਹੀਆਂ ਹਨ! ਜਿਵੇਂ: –
—“ਕਿਤੇ ਜ਼ੋਰ ਮਕਾਣਾ ਦਾ ਕਿੱਧਰੇ ਹਨ ਵਿਆਹ ਤੇ ਮੁਕਲਾਵੇ, ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ”
“ਜਦ ਕਾਲ਼ ਫਫੇੜ ਵੱਜੀ ਰੁੜ੍ਹਗੇ ਜਿਉਂ ਰੋਟੀ ਤੋਂ ਡੇਲਾ”, ਹੈ ਆਉਣ ਜਾਣ ਬਣਿਆਂ ਦੁਨੀਆਂ ਚਹੁ-ਕੁ ਦਿਨਾਂ ਦਾ ਮੇਲਾ”
–“ਆ ਕੇ ਵਿੱਚ ਤਾਕ਼ਤ ਦੇ ਨਾ ਕਰ ਮਨਾਂ ਮੂਰਖਾ ਬਦੀਆਂ”
‘ਪਾਰਸ ਬਾਪੂ ਜੀ’ ਨੂੰ ਸਕੂਲੀ-ਤਾਲੀਮ ਦੀ ਪੌੜੀ ਦੇ “ਜਮਾਤੀ-ਟੰਬਿਆਂ” ਉੱਤੇ ਪੈਰ ਧਰਨ ਦਾ ਮੌਕਾ ਨਸੀਬ ਨਾ ਹੋਇਆ! ਇਸ “ਪਾਠਸ਼ਾਲੀ-ਵਿਦਿਆ” ਤੋਂ ਕੋਰਾ ਹੋਣ ਦੇ ਬਾਵਜੂਦ ਵੀ ਉਸ ਨੇ ਪੰਜਾਬੀ, ਹਿੰਦੀ ਤੇ ਉਰਦੂ ਜ਼ਬਾਨ ਨੂੰ ਚੰਗੀ ਤਰ੍ਹਾਂ ਪੜ੍ਹਨ, ਲਿਖਣ ਤੇ ਬੋਲਣ ਦੀ ਚੋਖੀ-ਮੁਹਾਰਤ ਹਾਸਿਲ ਕਰ ਲਈ ਸੀ। ਉਸ ਨੇ ਕੱਲ 40 ਕਿੱਸੇ ਅਤੇ ਬਹੁਤ ਸਾਰੀ ਫ਼ੁਟਕਲ-ਕਵਿਤਾ ਦੀ ਰਚਨਾ ਕੀਤੀ! ਕਾਫ਼ੀ ਵੱਡੀ ਗਿਣਤੀ ਵਿੱਚ ਖੋਜ-ਵਿਦਿਆਰਥੀਆਂ ਨੇ ਉਸ ਦੀ ਸ਼ਾਇਰੀ ਦਾ ਡੂੰਘਾ-ਅਧਿਐਨ ਕਰਕੇ PhD ਦੀਆਂ ਉੱਚ-ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਮੈਂ ਅਤੇ ਮੇਰੇ ਸਵਰਗੀ ਭਰਾ ਇਕਬਾਲ ਰਾਮੂਵਾਲੀਆ ਨੇ ਆਪਣੀ ਇਖ਼ਲਾਕੀ-ਜ਼ੁੰਮੇਂਦਾਰੀ ਸਮਝਦਿਆਂ “ਰਾਮੂਵਾਲੀਏ ਕਰਨੈਲ ਸਿੰਘ ਪਾਰਸ ਦੀ ਸੰਪੂਰਨ ਰਚਨਾ” ਨਾਮੀਂ ਪੁਸਤਕ ਪ੍ਰਕਾਸ਼ਿਤ ਕਰਕੇ, ਬਾਪੂ ਜੀ ਦੀ ਅੰਤਿਮ-ਇੱਛਾ ਨੂੰ ਪੂਰਾ ਕਰ ਦਿੱਤਾ! ਇਸ ‘ਪੁੱਤਰੀ-ਫ਼ਰਜ਼’ ਨੂੰ ਅਦਾ ਕਰਕੇ ਜੋ “ਅਵੱਲਾ-ਆਨੰਦ” ਮਿਲ਼ਿਆ, ਉਸ ਦਾ ਲਫ਼ਜ਼ਾਂ ਵਿੱਚ ਵਰਨਣ ਨਹੀਂ ਕੀਤਾ ਜਾ ਸਕਦਾ!
71 ਵਰ੍ਹੇ ਪਹਿਲਾਂ ਉਸ ਦੇ ਜੱਥੇ (ਪਾਰਸ ਜੀ, ਸ: ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ) ਨੇ “His Master`s Voice” ਕੰਪਨੀ ਵਿੱਚ ਕਵੀਸ਼ਰੀ ਦੇ 22 ਰਿਕਾਰਡ ਕਰਵਾਏ। ਇੰਹਨਾਂ ਲਾਜਵਾਬ-ਤਵਿਆਂ ਦੇ ‘ਦਿਲਕਸ਼-ਬੋਲਾਂ’ ਨੂੰ “ਸਰਵਣ” ਕਰਨ ਦੀ ਚਾਹਤ, ਤਿਹੁ, ਤੇ ਉਲਫ਼ਤ ਵਿੱਚ ‘ਖੀਵੀ’ ਹੋਈ ਸ੍ਰੋਤਿਆਂ ਦੀ “ਮਤਵਾਲੀ-ਤੀਬਰਤਾ” ਅੱਜ ਤੱਕ ਵੀ ਢੈਲ਼ੀ ਤੇ ਢਿੱਲੀ-ਮੱਠੀ ਨਹੀਂ ਪਈ! ਅਤੇ ਨਾਂ ਹੀ ਉਹਨਾਂ ਦੀ ਆਨੰਦ ਮਾਨਣ ਦੀ “ਉਪਾਸ਼ਕ-ਰੁਚੀ” ਬਿਰਧ ਹੋਈ ਹੈ!
ਉਮਰ ਦੇ ਅਖ਼ੀਰਲੇ 25-ਕੁ ਸਾਲ ਉਸ ਨੇ ਆਪਣੀ ਸਨਮਾਨ-ਜਨਕ, ਇੱਜ਼ਤ-ਭਰਪੂਰ, ਸਾਫ਼-ਸੁਥਰੀ, ਤੇ ਉੱਜਲ-ਜ਼ਿੰਦਗੀ ਦਾ ਖ਼ੂਬ-ਆਨੰਦ ਮਾਣਿਆਂ! 28 ਫਰਵਰੀ 2009 ਵਾਲ਼ੇ ਦਿਨ ਉਸ ਦੀ ਰੂਹ ਦਾ “ਕਾਵਿਕ-ਹੰਸ” ਇਸ ਰੰਗੀਲੇ-ਸੰਸਾਰ ਦੇ ‘ਸੁਹਾਵੇ-ਬਾਗ਼’ ਵਿੱਚੋਂ “ਖੁਸ਼ੀ-ਖੁਸ਼ੀ” ਤੇ “ਹੱਸੂੰ-ਹੱਸੂੰ” ਕਰਦਾ ‘ਆਖ਼ਰੀ-ਉਡਾਰੀ’ ਮਾਰ ਗਿਆ!
ਰਛਪਾਲ ਗਿੱਲ-ਟੋਰਾਂਟੋ