ਬਾਲ ਅਦਬ ਦਾ ਅਸਲ ਆ਼ਸ਼ਕ- ਅਸ਼ਰਫ ਸੁਹੇਲ

ਲਹਿੰਦੇ ਪੰਜਾਬ ਦਾ ਚੜਦਾ ਸੂਰਜ- ਅਸ਼ਰਫ ਸੁਹੇਲ

ਜਸਵੀਰ ਸਿੰਘ ਭਲੂਰੀਆ

ਅਸ਼ਰਫ ਸੁਹੇਲ (ਪਾਕਿਸਤਾਨ) ਜੀ ਦਾ ਨਾਂ ਆਲਮੀ ਬਾਲ ਅਦਬ ਵਿੱਚ ਅਸਮਾਨ ਵਿੱਚ ਚਮਕਦੇ ਧਰੂੰ ਤਾਰੇ ਵਾਂਗ ਹੈ| ਬਾਲ ਅਦਬ ਲਈ ਕੰਮ ਕਰਨਾ ਉਹਨਾਂ ਲਈ ਅੱਲ੍ਹਾ ਦੀ ਇਬਾਦਤ ਕਰਨ ਵਾਂਗ ਹੈ| ਉਨਾਂ ਦਾ ‘ਪਖੇਰੂ’ ਹੱਦਾਂ-ਸਰਹੱਦਾਂ ਪਾਰ ਕਰਕੇ ਹਵਾ ਦੇ ਬੁੱਲੇ ਵਾਂਗ ਦੁਨੀਆਂ ਭਰ ਦੇ ਪੰਜਾਬੀ ਜ਼ੁਬਾਨ ਬੋਲਦੇ ਬੱਚਿਆਂ ਕੋਲ ਪਹੁੰਚ ਜਾਂਦਾ ਹੈ, ਉਨਾਂ ਨਾਲ ਖੇਡਦਾ ਹੈ, ਮਨੋਰੰਜਨ ਕਰਦਾ ਹੈ ਅਤੇ ਸਿਖਿਆਦਾਇਕ ਕਹਾਣੀਆਂ ਅਤੇ ਕਵਿਤਾਵਾਂ ਵੀ ਸੁਣਾਉਂਦਾ ਹੈ। ਏਸੇ ਲਈ ਬੱਚੇ ‘ਪਖੇਰੂ’ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਨ। ‘ਪਖੇਰੂ’ ਦੇ ਨਾਲ ਨਾਲ ਸੁਹੇਲ ਜੀ ਨੇ ਚੜਦੇ ਪੰਜਾਬ ਦੇ ਲੇਖਕਾਂ ਦੀਆਂ ਅਨੇਕਾਂ ਕਿਤਾਬਾਂ ਸ਼ਾਹਮੁਖੀ ਲਿਪੀ ਵਿੱਚ ਛਾਪ ਕੇ ਟੁੱਟੀਆਂ ਮੁਹੱਬਤੀ ਤੰਦਾਂ ਨੂੰ ਦੁਬਾਰਾ ਗੰਢ ਪਾਈ ਹੈ। ਆਪਣੀ ਹੱਕ-ਹਲਾਲ ਦੀ ਕਮਾਈ ਗੁਜਾਰੇ ਜੋਗੀ ਰੱਖ ਕੇ ਬਾਕੀ ਸਾਰੀ ਕਮਾਈ ਉਹ ਇਸੇ ਕਾਰਜ ਦੇ ਲੇਖੇ ਲਾ ਦਿੰਦੇ ਹਨ। ਮੇਰੀ ਸਾਂਝ ਵੀ ਉਹਨਾਂ ਨਾਲ ਬਾਲ ਰਸਾਲੇ ‘ਪਖੇਰੂ’ ਤੋਂ ਹੀ ਪਈ| ਜਿਸ ਨੂੰ ਉਹ ਬੀਤੇ 29-30 ਸਾਲ ਤੋਂ ਨਿਰੰਤਰ ਛਾਪ ਰਹੇ ਹਨ। ‘ਪਖੇਰੂ’ ਵਿੱਚ ਮੇਰੀ ਪਹਿਲੀ ਬਾਲ ਕਵਿਤਾ ਡਾ: ਦਰਸ਼ਨ ਸਿੰਘ ਆਸ਼ਟ ਜੀ ਰਾਹੀਂ ਛਪੀ ਸੀ। ਫਿਰ ਜਦੋਂ ਸੁਹੇਲ ਹੁਰਾਂ ਨੇ ਮੇਰੀਆਂ 101 ਬੁਝਾਰਤਾਂ ਜੋ ਪਹਿਲਾਂ ‘ਅਜੀਤ’ ਵਿੱਚ ਵੀ ਛਪ ਚੁੱਕੀਆਂ ਹਨ, ਨੂੰ ‘ਪਖੇਰੂ’ ਵਿੱਚ ਵੀ ਛਾਪਣਾ ਸ਼ੁਰੂ ਕੀਤਾ ਤਾਂ ਫੋਨ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਿਉਂ ਜਿਉਂ ਗੱਲਬਾਤ ਅੱਗੇ ਵਧਦੀ ਗਈ ਤਾਂ ਮਹਿਸੂਸ ਹੋਇਆ ਜਿਵੇਂ ਮੈਨੂੰ ਕੋਈ ‘ਨਾਯਾਬ ਖਜ਼ਾਨਾ’ ਲੱਭ ਗਿਆ ਹੋਵੇ। ਮੈਂ ਸੋਚਿਆ ਕਿਉਂ ਨਾ ਇਸ ‘ਨਾਯਾਬ ਖਜ਼ਾਨੇ’ ਬਾਰੇ ਚੜ੍ਦਦੇ ਪੰਜਾਬ ਨੂੰ ਜਾਣੂ ਕਰਵਾਇਆ ਜਾਵੇ| ਸੋ ਪੇਸ਼ ਹਨ ਅਸ਼ਰਫ ਸੁਹੇਲ ਜੀ ਨਾਲ ਕੀਤੀ ਮੁਲਾਕਾਤ ਦੇ ਕੁਝ ਅੰਸ਼-

ਲਹਿੰਦੇ ਪੰਜਾਬ ਦਾ ਚੜਦਾ ਸੂਰਜ- ਅਸ਼ਰਫ ਸੁਹੇਲ
ਵਟਸਅਪ ਨੰ: +92-300-422-4210


ਸਵਾਲ- ਅਸ਼ਰਫ ਸੁਹੇਲ ਜੀ ਸਭ ਤੋਂ ਪਹਿਲਾਂ ਆਪਣੇ ਜਨਮ, ਪਰਿਵਾਰ ਅਤੇ ਤਾਲੀਮ ਬਾਰੇ ਦੱਸੋ ? 
ਜਵਾਬ-ਜਸਵੀਰ ਭਲੂਰੀਆ ਜੀ ਮੇਰਾ ਪੂਰਾ ਨਾਮ ਮੁਹੰਮਦ ਅਸ਼ਰਫ ਸੁਹੇਲ ਹੈ। ਮੇਰਾ ਜਨਮ ਮੁਗਲਪੁਰੇ ਦੇ ਇਲਾਕੇ ਲਾਹੌਰ ਵਿੱਚ 23 ਜੁਲਾਈ 1963 ਨੂੰ ਹੋਇਆ। ਮੇਰੇ ਵੱਡ-ਵਡੇਰੇ ਰੋਪੜ ਦੇ ਰਹਿਣ ਵਾਲੇ ਸਨ| ਮੇਰੇ ਵਾਲਿਦ ਜੀ ਚੌਧਰੀ ਕਰਨ ਦੀਨ ਬੜੀਮਾਜਰਾ ਦੇ ਰਹਿਣ ਵਾਲੇ ਸਨ। ਮੇਰੇ ਮਾਤਾ ਜੀ ਰਹਿਮਤ ਬੀਬੀ ਰੋਪੜ ਨੇੜੇ ਪਿੰਡ ਬੰਨਮਾਜਰਾ ਤੋਂ ਸਨ। ਸਾਨੂੰ ਅੱਜ ਵੀ ਇੱਥੇ ਬੜੀ ਵਾਲੇ ਕਰਕੇ ਜਾਣਿਆ ਜਾਂਦਾ ਹੈ। ਗੁਰਬਤ ਕਾਰਨ ਪੜ੍ਹਾਈ ਮੈਂ ਮੈਟਰਿਕ ਤੱਕ ਹੀ ਕਰ ਸਕਿਆ। ਪਰ ਮੈਟਰਿਕ ਕਰਨ ਤੋਂ ਬਾਅਦ ਮੈਨੂੰ ਰੇਲਵੇ ਡਿਪਾਰਟਮੈਂਟ ਵਿੱਚ ਨੌਕਰੀ ਮਿਲ ਗਈ। ਪਰ ਪਰਿਵਾਰ ਵੱਡਾ ਸੀ ਇਸ ਲਈ ਘਰ ਦੇ ਗੁਜ਼ਾਰੇ ਲਈ ਸਾਰੇ ਜੀਆਂ ਨੂੰ ਛੋਟੇ ਮੋਟੇ ਕੰਮ ਕਰਨੇ ਪੈਂਦੇ ਸਨ। 
ਸਵਾਲ-ਤੁਸੀਂ ਬਾਲ ਅਦਬ ਨਾਲ ਕਿਵੇਂ ਬਾਵਾਸਤਾ ਹੋਏ ?
ਜਵਾਬ-ਬਾਲ ਅਦਬ ਨਾਲ ਮੈਂ ਬਚਪਨ ਤੋਂ ਹੀ ਜੁੜ ਗਿਆ ਸਾਂ। ਲਿਫਾਫੇ ਬਣਾਉੰਣ ਲਈ ਸਾਡੇ ਘਰ ਕਾਗਜ਼ ਦੀ ਰੱਦੀ ਆਉਂਦੀ ਹੁੰਦੀ ਸੀ। ਉਸ ਰੱਦੀ ਵਿੱਚੋਂ ਮੈਨੂੰ ਏ-ਹਮੀਦ ਦਾ ‘ਮੌਤ ਕਾ ਤਾਕਬ’ ਬਾਲ ਨਾਵਲ ਲੱਭਾ| ਜਿਸ ਨੂੰ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਨਾਵਲ ਤੋਂ ਮੈਨੂੰ ਪੜਨ ਦੀ ਐਸੀ ਚੇਟਕ ਲੱਗੀ ਕਿ ਮੈਂ ਸੈਂਕੜੇ ਕਿਤਾਬਾਂ ਆਪਣੇ ਜੇਬ ਖਰਚ ਦੇ ਪੈਸੇ ਤੋਂ ਖਰੀਦ ਕੇ ਪੜੀਆਂ ਅਤੇ ਸੈਂਕੜੇ ਕਿਤਾਬਾਂ ਮੈਂ ਕਰਾਏ ਤੇ ਲੈ ਕੇ ਪੜੀਆਂ| ਇਸ ਤਰ੍ਹਾਂ ਮੈਂ ਜ਼ਿੰਦਗੀ ਭਰ ਲਈ ਬਾਲ ਅਦਬ ਨਾਲ ਜੁੜ ਗਿਆ| ਸਭ ਤੋਂ ਪਹਿਲਾਂ ਮੈਂ ਗ਼ਜ਼ਲ ਲਿਖਣ ਦੀ ਕੋਸ਼ਿਸ਼ ਕੀਤੀ। ਪਹਿਲੀ ਕਿਤਾਬ ਮੈਂ ਚੜਦੇ-ਲਹਿੰਦੇ ਪੰਜਾਬ ਦੀਆਂ ਮਿੰਨੀ ਨਜ਼ਮਾਂ ਦੀ ਛਾਪੀ। ਦੂਜੀ ਕਿਤਾਬ ਚੜਦੇ-ਲਹਿੰਦੇ ਪੰਜਾਬ ਦੀਆਂ ਮਿੰਨੀ ਕਹਾਣੀਆਂ ਦੀ ਛਾਪੀ| ਇਸ ਦੌਰਾਨ ਇੰਡੀਆ ਤੋਂ ਮੇਰੇ ਬਹੁਤ ਸਾਰੇ ਅਦਬੀ ਦੋਸਤ ਬਣ ਗਏ ਸਨ।|
ਸਵਾਲ- ‘ਪਖੇਰੂ’ਬਾਲ ਰਸਾਲਾ ਛਾਪਣ ਬਾਰੇ ਫੁਰਨਾ ਕਿਵੇਂ ਫੁਰਿਆ ?
ਜਵਾਬ-ਭਲੂਰੀਆ ਜੀ ਏਧਰ ਪਹਿਲਾਂ ਇੱਕ ‘ਰਵੇਲ’ ਨਾਂ ਦਾ ਰਸਾਲਾ ਨਿਕਲਦਾ ਸੀ। ਉਸ ਵਿੱਚ ਬੱਚਿਆਂ ਲਈ ਦੋ- ਤਿੰਨ ਸਫੇ ਹੁੰਦੇ ਸਨ,ਜਿੰਨਾਂ ਦਾ ਮੈਂ ਐਡੀਟਰ ਹੁੰਦਾ ਸਾਂ। ਉਸ ਰਸਾਲੇ ਵਿੱਚ ਅਸੀਂ ਬੱਚਿਆਂ ਨੂੰ ਸਵਾਲ ਪਾਉਂਦੇ ਸਾਂ। ਮਸਲਨ ਜੇ ਤੁਸੀਂ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਹੁੰਦੇ ਤਾਂ,ਜੇ ਤੁਸੀਂ ਪੰਜਾਬ ਦੇ ਵਜ਼ੀਰ-ਏ-ਆਜ਼ਮ ਹੁੰਦੇ, ਜੇ ਤੁਸੀਂ ਤਾਲੀਮੀ ਅਦਾਰੇ ਦੇ ਵਜ਼ੀਰ-ਏ-ਆਜ਼ਮ ਹੁੰਦੇ ਤਾਂ ਕੀ ਕਰਦੇ ? ਇੱਕ ਵਾਰ ਅਸੀਂ ਪੁੱਛਿਆ ਕਿ ਜੇ ਤੁਸੀਂ ‘ਰਵੇਲ’ਦੇ ਐਡੀਟਰ ਹੁੰਦੇ ਤਾਂ ਕੀ ਕਰਦੇ ? ਤਾਂ ਬਹੁਤ ਸਾਰੇ ਬਾਲਾਂ ਨੇ ਜਵਾਬ ਦਿੱਤਾ ਕਿ ‘ਮੈਂ ਬਾਲਾਂ ਲਈ ਇੱਕ ਵੱਖਰਾ ਪਰਚਾ ਕੱਢਦਾ।’ਇੱਥੋਂ ਅਸੀਂ ਸੋਚਿਆ ਕਿ ਸਾਨੂੰ ਬਾਲਾਂ ਲਈ ਵੱਖਰਾ ਪਰਚਾ ਕੱਢਣਾ ਚਾਹੀਦੈ। ਜ਼ਮੀਰ ਅਹਿਮਦਪਾਲ, ਇਲਿਆਸ ਘੁੰਮਣ ਅਤੇ ਮੈਂ ਤਿੰਨਾਂ ਨੇ ਮਿਲ ਕੇ ‘ਮੀਟੀ’ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਹ ਪਰਚਾ ਦੋ ਕੁ ਸਾਲ ਚੱਲ ਕੇ ਬੰਦ ਹੋ ਗਿਆ। ਇਹ ਪਾਕਿਸਤਾਨ ਦਾ ਬਾਲ ਅਦਬ ਦਾ ਪਹਿਲਾ ਪਰਚਾ ਸੀ। ਇਸੇ ਦੌਰਾਨ ਹੀ ਮੈਂ ਗੁਰਮੁਖੀ ਪੜ੍ਹਨੀ,ਲਿਖਣੀ ਸਿੱਖੀ| ਇਸ ਤੋਂ ਬਾਅਦ ਮੈਂ 1996 ਵਿੱਚ ਆਪਣਾ ਪਰਚਾ ‘ਪਖੇਰੂ’ ਛਾਪਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਮੈਂ ਦਰਸ਼ਨ ਸਿੰਘ ਆਸ਼ਟ ਜੀ ਦੀ ਕਹਾਣੀ ਤਰਜਮਾ ਕਰਕੇ ਛਾਪੀ। ਇਸ ਸਮੇਂ ਮੈਂ ਆਪਣੀਆਂ ਕਹਾਣੀਆਂ ਲਿਖਣ ਦਾ ਆਗਾਜ਼ ਕੀਤਾ। ਉਹੀ ਸਾਰੀਆਂ ਕਹਾਣੀਆਂ ਫਿਰ ਚੜਦੇ ਪੰਜਾਬ ਵਿੱਚ ‘ਅਜੀਤ’ ਅਖਬਾਰ ਨੇ ਛਾਪ ਕੇ ਮੇਰਾ ਮਾਣ ਵਧਾਇਆ। 
ਸਵਾਲ- ‘ਪਖੇਰੂ’ ਰਸਾਲੇ ਦੀ ਹੁਣ ਛਪਣ-ਗਿਣਤੀ ਕਿੰਨੀ ਹੋ ਗਈ ਅਤੇ ਇਹ ਕਿਹੜੇ ਕਿਹੜੇ ਦੇਸ਼ ਵਿੱਚ ਪਹੁੰਚਦਾ ਹੈ|
ਜਵਾਬ
-ਸ਼ੁਰੂ ਵਿੱਚ ਮੈਂ ਦੋ-ਮਾਹੀ 16 ਸਫੇ ਦਾ ਪਰਚਾ ਸ਼ੁਰੂ ਕੀਤਾ। ਉਦੋਂ ਮੈਂ ਕੈਨੇਡਾ,ਅਮਰੀਕਾ,ਇੰਡੀਆ, ਦੁਨੀਆਂ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਹਨ,ਜਿੱਥੋਂ ਦਾ ਵੀ ਮੈਨੂੰ ਐਡਰੈਸ ਮਿਲਿਆ ਮੈਂ ਪਰਚਾ ਪਹੁੰਚਾਇਆ| ਇੱਥੇ ਸਾਡੇ ਸਕੂਲਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ,ਇਸੇ ਕਰਕੇ ਪੰਜਾਬੀ ਮੈਟਰ ਦੀ ਬੜੀ ਕਮੀ ਸੀ। ਫਿਰ ਮੈਂ ਇਧਰਲੇ ਲੇਖਕਾਂ ਨੂੰ ਵੀ ਪੰਜਾਬੀ ਲਿਖਣ ਲਈ ਪ੍ਰੇਰਿਆ। ਕੁਝ ਮੈਟਰ ਇੰਡੀਆ ਤੋਂ ਆ ਜਾਂਦਾ ਸੀ| ਇਸ ਤਰਾਂ 16 ਸਫੇ ਤੋਂ ਹੌਲੀ ਹੌਲੀ ਪਰਚਾ 80 ਸਫੇ ਦਾ ਹੋ ਗਿਆ| ਕਰਾਚੀ ਮੇਰੇ ਸਹੁਰੇ ਸਨ| ਛੁੱਟੀਆਂ ਵਿੱਚ ਮੈਂ ਬੱਚਿਆਂ ਨੂੰ ਉੱਥੇ ਛੱਡਣ ਜਾਂਦਾ ਸਾਂ। ਉੱਥੇ ਮੇਰਾ ਇੱਕ ਦੋਸਤ ਸੀ ਜੋ ਡਜ਼ਾਈਨਿੰਗ ਦਾ ਕੰਮ ਕਰਦਾ ਸੀ| ਉਹ ਕਹਿੰਦਾ ਪਰਚੇ ਦਾ ਦੋ-ਕਲਰ ਟਾਈਟਲ ਸੋਹਣਾ ਨਹੀਂ ਲੱਗਦਾ। ਟਾਈਟਲ ਤੁਹਾਨੂੰ ਮੈਂ ਬਣਾ ਕੇ ਦਿਆ ਕਰਾਂਗਾ। ਫਿਰ ਉਸਨੇ ਫੋਰ-ਕਲਰ ਟਾਈਟਲ ਬਣਾਉਣਾ ਸ਼ੁਰੂ ਕਰ ਦਿੱਤਾ| ਮੈਂ ਉਸ ਕੋਲੋਂ ਛੇ ਮਹੀਨੇ ਦੇ ਇਕੱਠੇ ਟਾਈਟਲ ਬਣਾ ਲਿਆਉਣੇ। ਛੇ ਮਹੀਨੇ ਬਾਅਦ ਫਿਰ ਛੇ ਮਹੀਨੇ ਦੇ ਟਾਈਟਲ ਬਣਵਾ ਲਿਆਉਣੇ। ਫਿਰ ਮੈਂ ਚਾਰ ਪੰਜ ਵੱਡੇ ਸ਼ਹਿਰਾਂ ਵਿੱਚ ਆਪਣੇ ਦੋਸਤਾਂ ਤੋਂ ਪਰਚਾ ਸ਼ੁਰੂ ਕਰਵਾਇਆ| ਦੋ ਕੁ ਮਹੀਨੇ ਤਾਂ ਮੈਂ ਉਹ ਪਰਚੇ ਆਪਣੇ ਖਰਚੇ ਤੇ ਕੱਢੇ। ਜਦੋਂ ਉਹਨਾਂ ਨੇ ਆਪ ਕੋਈ ਉਜਰ ਨਾ ਕੀਤਾ ਤਾਂ ਉਹ ਪਰਚੇ ਬੰਦ ਕਰਨੇ ਪਏ। ਅੱਜ ਦੀ ਤਰੀਕ ਵਿੱਚ ਮੈਂ ‘ਪਖੇਰੂ’ ਦੀ 5000 ਕਾਪੀ ਛਪਵਾਉਂਦਾ ਹਾਂ| 
ਸਵਾਲ-ਹੁਣ ਤੱਕ ਤੁਸੀਂ ਗੁਰਮੁਖੀ ਲਿਪੀ ਦੀਆਂ ਕਿੰਨੇ ਲੇਖਕਾਂ ਦੀਆਂ ਕਿੰਨੀਆਂ ਕਿਤਾਬਾਂ ਦਾ ਤਰਜਮਾ ਸ਼ਾਹਮੁਖੀ ਲਿਪੀ ਵਿੱਚ ਕਰ ਚੁੱਕੇ ਹੋ?
ਜਵਾਬ- ਹੁਣ ਤੱਕ ਮੈਂ 70 ਦੇ ਕਰੀਬ ਬਾਲ ਨਾਵਲ ਗੁਰਮੁਖੀ ਲਿੱਪੀ ਤੋਂ ਸ਼ਾਹਮੁਖੀ ਲਿੱਪੀ ਵਿੱਚ ਤਰਜਮਾ ਕਰਕੇ ਛਾਪ ਚੁੱਕਾ ਹਾਂ। ਜਿਨਾਂ ਵਿੱਚ ਕੁੱਝ ਕੁ ਲੇਖਕਾਂ ਦੇ ਨਾਂ ਜੋ ਮੈਨੂੰ ਯਾਦ ਹਨ ਉਹ ਇਹ ਹਨ-ਕਮਲਜੀਤ ਨੀਲੋਂ, ਡਾ: ਦਰਸ਼ਨ ਸਿੰਘ ਆਸ਼ਟ, ਜਸਬੀਰ ਭੁੱਲਰ, ਹਰਦੇਵ ਚੌਹਾਨ, ਬਚਿੰਤ ਕੌਰ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਡਾ: ਜਗਤਾਰ, ਪਰਮਜੀਤ ਦਿਉਲ, ਡਾਕਟਰ ਗੁਰਬਤ ਸਿੰਘ ਭੰਡਾਲ (ਕੈਨੇਡਾ), ਡਾਟਰ ਟੀ. ਐਨ. ਸ਼ਰਮਾ, ਪ੍ਰੋਫੈਸਰ ਪ੍ਰੀਤਮ ਸਿੰਘ, ਪਰਮਬੀਰ ਕੌਰ, ਡਾ: ਹਰਸ਼ਿੰਦਰ ਕੌਰ, ਪੰਜਾਬੀ ਸੱਥ ਲਾਂਬੜਾਂ ਦੀ ਸੰਪਾਦਿਤ ਕਿਤਾਬ, ਚੜ੍ਹਦੇ- ਲਹਿੰਦੇ ਪੰਜਾਬ ਦੇ ਬੱਚਿਆਂ ਦੀਆਂ ਕਹਾਣੀਆਂ, ਕਈ ਕਹਾਣੀ ਨੰਬਰ ਛਾਪੇ। ਇਸ ਤਰਾਂ ਅੱਗੇ ਵੀ ਕੰਮ ਜਾਰੀ ਹੈ।


ਸਵਾਲ-ਕੀ ਤੁਸੀਂ ਸ਼ਾਹਮੁਖੀ ਤੋਂ ਗੁਰਮੁਖੀ ਲਿਪੀ ਵਿੱਚ ਵੀ ਕਿਸੇ ਕਿਤਾਬ ਦਾ ਤਰਜ਼ਮਾ ਕੀਤਾ?
ਜਵਾਬ
-ਭਲੂਰੀਆ ਜੀ ਗੁਲੂਕਾਰ ਸ਼ੌਕਤ ਅਲੀ ਸਾਹਿਬ ਨੂੰ ਮੈਂ ਬਾਲ ਗੀਤ ਲਿਖਣ ਲਈ ਪ੍ਰੇਰਿਆ, ਉਹ ਵੱਡੇ ਬੰਦੇ ਸਨ। ਉਹ ਮੇਰੇ ਘਰ ਚੱਲ ਕੇ ਆਏ ਅਤੇ ਕਹਿਣ ਲੱਗੇ ਸੁਹੇਲ ਆਪਣੀ ਯਾਰੀ ਕਿਵੇਂ ਪੱਕੀ ਹੋ ਸਕਦੀ ਹੈ ? ਤਾਂ ਮੈਂ ਉਹਨਾਂ ਨੂੰ ਬਾਲ ਗੀਤ ਲਿਖਣ ਦੀ ਸਲਾਹ ਦਿੱਤੀ ਜੋ ਉਹਨਾਂ ਪਰਵਾਨ ਕਰ ਲਈ। ਉਹ ਗੀਤ ਪਹਿਲਾਂ ‘ਪਖੇਰੂ’ ਵਿੱਚ ਛਾਪੇ| ਫਿਰ ਚੜਦੇ ਪੰਜਾਬ ਦੇ ‘ਅਜੀਤ’ ਅਖਬਾਰ ਵਿੱਚ ਵੀ ਛਪੇ, ਫਿਰ ਉਧਰ ਉਹਨਾਂ ਗੀਤਾਂ ਦੀ ਕਿਤਾਬ ਵੀ ਛਪੀ। ਇੱਕ ਹੋਰ ਸਾਡੇ ਇਧਰ ਵੱਡਾ ਨਾਂ ਹੈ ਫਰਖੰਦਾ ਲੋਧੀ| ਉਨਾਂ ਦੇ ਬਾਲ ਗੀਤ ਵੀ ਮੈਂ ਛਾਪੇ ਸਨ। 
ਸਵਾਲ-ਕਿਸੇ ਵੀ ਲਿਪੀ ਵਿੱਚੋਂ ਦੂਜੀ ਲਿਪੀ ਵਿੱਚ ਤਰਜਮਾ ਕਰਨਾ ਬੜਾ ਪਵਿੱਤਰ (ਪਾਕਿ)ਕਾਰਜ ਹੈ। ਪਰ ਇਹ ਮਹਿੰਗਾ ਬਹੁਤ ਹੈ। ਕੀ ਤੁਹਾਨੂੰ ਕਿਸੇ ਸੰਸਥਾ ਜਾਂ ਸਰਕਾਰ ਵੱਲੋਂ ਕੋਈ ਮੱਦਦ ਮਿਲਦੀ ਹੈ?
ਜਵਾਬ
-ਮੈਂ ‘ਪਖੇਰੂ’ ਲਈ ਅੱਜ ਤੱਕ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਿਆ। ਮੈਂ ਕੋਸ਼ਿਸ਼ ਕੀਤੀ ਹੈ ਕਿ ‘ਪਖੇਰੂ’ ਦਾ ਖਰਚਾ ਘਟਾਇਆ ਜਾਵੇ| ਮਸਲਨ ਕੰਪੋਜ਼ਿੰਗ,ਪ੍ਰਿੰਟਿੰਗ,ਪੇਸਟਿੰਗ ਵਗੈਰਾ ਵਗੈਰਾ ਮੈਂ ਖੁਦ ਕਰਨਾ ਸਿੱਖ ਲਿਆ। ਚੜਦੇ ਪੰਜਾਬ ਤੋਂ ਇੱਕ ਆਰਟਿਸਟ ਗੁਰਦੀਪ ਸਿੰਘ ‘ਦੀਪ’ ਮੇਰੇ ਨਾਲ ਜੁੜ ਗਏ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ। ਅੱਜ ਤੱਕ ਮੈਂ ‘ਪਖੇਰੂ’ ਦਾ ਦਫਤਰ ਵੀ ਨਹੀਂ ਖੋਲਿਆ। ਘਰ ਵਿੱਚ ਹੀ ਵਿੱਚ ਸਾਰਾ ਕੰਮ ਕਰਦਾ ਹਾਂ। ਮੈਂ ਹਰ ਮਹੀਨੇ 74 ਰੇਲਵੇ ਸਟੇਸ਼ਨਾਂ ਤੇ ਫਰੀ ਪਰਚਾ ਭੇਜਦਾ ਹਾਂ। ਪਿੰਡਾਂ ਅਤੇ ਸਕੂਲਾਂ ਵਿੱਚ ਵੀ ਫਰੀ ਪਰਚਾ ਭੇਜਦਾ ਹਾਂ। ਜਦ ਕਦੇ ਪੈਸੇ ਦੀ ਕਮੀ ਹੁੰਦੀ ਹੈ ਤਾਂ ਮੈਂ ਬਲੈਕ ਐਂਡ ਵਾਈਟ ਪਰਚਾ ਛਾਪ ਦਿੰਦਾ ਹਾਂ ਜਾਂ ਸਫੇ ਘੱਟਕਰ ਲੈਂਦਾ ਹਾਂ। ਇੱਕ ਮਹੀਨਾ ਰੰਗਦਾਰ ਅਤੇ ਇੱਕ ਮਹੀਨਾ ਬਲੈਕ ਐਂਡ ਵਾਈਟ ਪਰਚਾ ਵੀ ਛਾਪਿਆ। ਇੱਕ ਵਾਰ 1999 ਵਿੱਚ ਮੈਂ ਪਰਚਾ ਛਾਪਿਆ ਜਿਸ ਦਾ ਐਡੀਟੋਰੀਅਲ ਸੀ- ‘ਪਖੇਰੂ ਦੀ ਆਪ ਬੀਤੀ,ਪਖੇਰੂ ਕਰਮ ਤੋਂ’। ਇਹ ਪਰਚਾ ਮੈਂ ਛਾਪ ਤਾਂ ਲਿਆ ਪਰ ਪੈਸੇ ਨਾ ਹੋਣ ਕਾਰਨ ਪੋਸਟ ਨਾ ਕਰ ਸਕਿਆ। ਹਾਲਾਂਕਿ ਉਦੋਂ ਪਰਚਾ 25 ਪੈਸੇ ਵਿੱਚ ਪੋਸਟ ਹੁੰਦਾ ਸੀ। ਉਹ ਪਰਚਾ ਦੋ-ਤਿੰਨ ਮਹੀਨੇ ਘਰ ਪਿਆ ਰਿਹਾ| ਜਦੋਂ ਭਲੂਰੀਆ ਜੀ ਉਸ ਛਪੇ ਨਵੇਂ ਪਰਚੇ ਤੇ ਮੇਰੀ ਨਜ਼ਰ ਪੈਂਦੀ ਤਾਂ ਮੈਂ ਬੇਵਸ ਹੋ ਕੇ ਰਹਿ ਜਾਂਦਾ| ਪਰ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਮੇਰੀ ਮੰਗਣ ਦੀ ਆਦਤ ਨਹੀਂ। ਮੈਂ ਫਿਰ ਹਿੰਮਤ ਕਰਕੇ ਅਗਲਾ ਪਰਚਾ ਛਾਪਿਆ ਜਿਸ ਦਾ ਐਡੀਟੋਰੀਅਲ ਸੀ- ‘ਪਖੇਰੂ ਦੀ ਆਖਰੀ ਉਡਾਰੀ’। ਫਿਰ ਇਹ ਪਰਚਾ ਪਹੁੰਚਣ ਤੋਂ ਬਾਅਦ ਮੇਰੇ ਦੋਸਤਾਂ ਨੇ ਕਿਹਾ ਕਿ ਸੁਹੇਲ ਸਾਬ੍ਹ ਪਰਚਾ ਬੰਦ ਨਾ ਕਰੋ, ਸਫੇ ਘੱਟ ਕਰ ਲਉ,ਬਲੈਕ ਐਂਡ ਵਾਈਟ ਛਾਪ ਲਉ,ਪਰ ਪਰਚਾ ਚਾਲੂ ਰੱਖੋ। ਐਨ ਉਸੇ ਸਮੇਂ ਪੰਜਾਬੀ ਸੱਥ ਲਾਂਬੜਾਂ (ਜਲੰਧਰ)ਤੋਂ ਮੈਨੂੰ ਐਵਾਰਡ ਦੇਣ ਦਾ ਪੱਤਰ ਮਿਲ ਗਿਆ। ਉਸ ਅਵਾਰਡ ਨੇ ਮੈਨੂੰ ਬੇਹਦ ਹਿੰਮਤ ਤੇ ਹੌਸਲਾ ਦਿੱਤਾ ਤਾਂ ਮੈਂ ਅਗਲਾ ਪਰਚਾ ਛਾਪਣ ਦੇ ਕਾਬਲ ਹੋ ਗਿਆ। ਉਸ ਦਿਨ ਤੋਂ ਬਾਅਦ ‘ਪਖੇਰੂ’ਅੱਜ ਤੱਕ ਛਪ ਰਿਹਾ ਹੈ ਅਤੇ ਪਾਠਕਾਂ ਤੱਕ ਪਹੁੰਚ ਵੀ ਰਿਹਾ ਹੈ। ਉਸ ਤੋਂ ਬਾਅਦ 2011 ਵਿੱਚ ਅਤੇ 2019 ਵਿੱਚ ਦੋ ਵਾਰ ਮੇਰੇ ਦਿਮਾਗ ਦਾ ਆਪਰੇਸ਼ਨ ਹੋਇਆ ਡਾਕਟਰਾਂ ਨੇ ਕਿਹਾ ਆਪਰੇਸ਼ਨ ਤੋਂ ਬਾਅਦ ਤਿੰਨ ਮਹੀਨੇ ਕੰਮ ਨਹੀਂ ਕਰਨਾ,ਤਾਂ ਮੈਂ ਦੋਵੇਂ ਵਾਰ ਤਿੰਨ-ਤਿੰਨ ਮਹੀਨੇ ਦੇ ਪਰਚੇ ਪਹਿਲਾਂ ਹੀ ਛਾਪ ਲੈਂਦਾ ਸਾਂ। ਪਰ ਪਰਚਾ ਛਪਣ ਵਿੱਚ ਰੁਕਾਵਟ ਨਹੀਂ ਆਉਣ ਦਿੱਤੀ।


ਸਵਾਲ-ਪਾਕਿਸਤਾਨ ਵਿੱਚ ਪੰਜਾਬੀ ਜ਼ੁਬਾਨ ਦੀ ਕੀ ਹਾਲਤ ਹੈ ਤੇ ਇਸ ਦੀ ਬੇਹਤਰੀ ਲਈ ਤੁਸੀਂ ਕੀ ਉਪਰਾਲੇ ਕਰ ਰਹੇ ਹੋ ?
ਜਵਾਬ-ਪਾਕਿਸਤਾਨ ਵਿੱਚ ਪੰਜਾਬੀ ਜ਼ੁਬਾਨ ਦੀ ਹਾਲਤ ਚੜਦੇ ਪੰਜਾਬ ਨਾਲੋਂ ਬਹੁਤ ਮਾੜੀ ਹੈ,ਕਿਉਂਕਿ ਪਾਕਿਸਤਾਨ ਵਿੱਚ ਸਕੂਲਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਇਸ ਦਾ ਸਿੱਧਾ ਅਸਰ ‘ਪਖੇਰੂ’ਦੇ ਪਾਠਕਾਂ ਤੇ ਵੀ ਪੈਂਦਾ ਹੈ। ਦਿਨੋ ਦਿਨ ਲੋਕ ਪੰਜਾਬੀ ਜ਼ੁਬਾਨ ਨਾਲੋਂ ਟੁੱਟ ਰਹੇ ਹਨ| ਹਰ ਸਾਲ 21 ਫਰਵਰੀ ਨੂੰ ਜਾਂ ਜਦੋਂ ਕਦੇ ਪੰਜਾਬੀ ਜ਼ੁਬਾਨ ਨਾਲ ਧੱਕਾ ਹੁੰਦਾ ਹੋਵੇ, ਅਸੀਂ ਆਪਣੀ ਮਾਦਰੀ ਜ਼ੁਬਾਨ ਨੂੰ ਬਣਦਾ ਹੱਕ ਦਵਾਉਣ ਲਈ ਵੱਖ ਵੱਖ ਸ਼ਹਿਰਾਂ ਵਿੱਚ ਰੈਲੀਆਂ ਕਰਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ| ਮੈਂ ਸਕੂਲਾਂ ਵਿੱਚ ਪੰਜਾਬੀ ਪੜਾਉਣ ਲਈ ਸਿਲੇਬਸ ਦੀਆਂ ਕਿਤਾਬਾਂ ਵੀ ਤਿਆਰ ਕਰ ਲਈਆਂ ਹਨ। ਪਰ ਅਗਲਾ ਕੰਮ ਸਰਕਾਰਾਂ ਦਾ ਹੈ। 
ਸਵਾਲ-ਸੁਹੇਲ ਜੀ ਤੁਸੀਂ ਬੜੀ ਸਖਤ ਮਿਹਨਤ ਕੀਤੀ ਹੈ ਤੇ ਕਰ ਰਹੇ ਹੋ,ਜਾਹਿਰ ਹੈ ਕਿ ਤੁਹਾਨੂੰ ਬਹੁਤ ਸਾਰੇ ਮਾਨ ਸਨਮਾਨ ਵੀ ਮਿਲੇ ਹੋਣਗੇ। ਉਹ ਆਪਣੇ ਪਾਠਕਾਂ ਨਾਲ ਸਾਂਝੇ ਕਰੋ ?
ਜਵਾਬ-ਇਸ ਨਿਮਾਣੇ ਜਿਹੇ ਬੰਦੇ ਨੂੰ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਅਦਾਰਿਆਂ ਨੇ ਮਾਣ ਬਖਸ਼ਿਆ ਹੈ।ਸਾਰੇ ਤਾਂ ਯਾਦ ਨਹੀਂ ਉਹਨਾਂ ਵਿੱਚੋਂ ਕਨੇਡਾ ਤੋਂ ਆਸ਼ੀਸ਼ ਅਵਾਰਡ, ਡਾ: ਫਕੀਰ ਮੁਹੰਮਦ ਫਕੀਰੀ ਐਵਾਰਡ (2003) ਵਿੱਚ,ਸਾਥੀ ਐਵਾਰਡ (ਕਰਾਚੀ ਤੋਂ), ਤਬੱਸਮੀ ਐਵਾਰਡ (2007),ਹਾ਼ਸ਼ਮ ਸ਼ਾਹ ਐਵਾਰਡ, ਕਾਰਵਾਂ-ਏ-ਅਦਬੀ ਐਵਾਰਡ, ਇਸ਼ਕ ਲਹਿਰ ਅਦਬੀ ਐਵਾਰਡ,ਪੰਜਾਬੀ ਸੱਥ ਲਾਂਬੜਾਂ ਜਲੰਧਰ ਤੋਂ (ਪ੍ਰੋ: ਤਰਲੋਚਨ ਸਿੰਘ ਬਾਠੀਆ ਅਵਾਰਡ),ਗਿੰਮੀ ਐਵਾਰਡ ਯੂ. ਕੇ. ਤੋਂ,ਪਾਕਿਸਤਾਨ ਤੋਂ ਖੱਦਰਪੋਸ਼ ਟਰਸਟ ਵੱਲੋਂ ਮੇਰੀਆਂ ਤਿੰਨ ਕਿਤਾਬਾਂ ਨੂੰ ਐਵਾਰਡ ਦਿੱਤਾ ਹੈ, ਪੰਜਾਬੀ ਸੱਥ ਲਾਂਬੜਾਂ ਜਲੰਧਰ ਤੋਂ (ਡਾ: ਫਕੀਰ ਮੁਹੰਮਦ ਫਕੀਰੀ ਐਵਾਰਡ), ‘ਜਾਗਦੇ ਰਹਿਣਾ’ ਕਿਤਾਬ ਲਈ (ਆਰਫ ਮੈਮੋਰੀਅਲ ਐਵਾਰਡ),ਪੰਜਾਬੀ ਸੱਥ ਲਾਂਬੜਾਂ ਜਲੰਧਰ ਤੋਂ (ਬੱਚਿਆਂ ਦੀ ਅਦਬੀ ਖਿਦਮਤ ਲਈ ਐਵਾਰਡ), ਕੈਨੇਡਾ ਤੋਂ ‘ਕਲਮ ਫਊਂਡੇਸ਼ਨ ਐਵਾਰਡ’ ਅਜੀਤ ਅਖਬਾਰ ਵੱਲੋਂ) ਕੈਨੇਡਾ ਤੋਂ (ਪੰਜਾਬ ਦੀ ਅਵਾਜ਼ ਐਵਾਰਡ), ਮੈਂਬਰ ਆਫ ਕੌਂਸਲ ਫਾਰ ਕਾਰਪੋਰੇਸ਼ਨ ਆਫ ਸਿਟੀ ਬਰੈਂਪਟਨ (ਗੁਰਪ੍ਰੀਤ ਸਿੰਘ ਢਿੱਲੋਂ ),ਪੰਜਾਬ ਸਰਕਾਰ ਪਾਕਿਸਤਾਨ ਵੱਲੋਂ ਬਾਲ ਅਦਬ ਦੀ ਸੇਵਾ ਲਈ ਇੱਕ ਲੱਖ ਦਾ ਨਗਦ ਇਨਾਮ ਦਿੱਤਾ ਹੈ।|

ਸਵਾਲ-ਕੀ ਤੁਸੀਂ ਆਪਣੇ ਹੁਣ ਤੱਕ ਦੇ ਅਦਬੀ ਕਾਰਜ ਤੋਂ ਸੰਤੁਸ਼ਟ ਹੋ? 
ਜਵਾਬ-ਭਲੂਰੀਆ ਜੀ ਮੇਰੇ ਕਈ ਤਰਜਮਾ ਕੀਤੇ ਨਾਵਲ ਸਕੂਲਾਂ/ਕਾਲਜਾਂ ਦੇ ਸਿਲੇਬਸ ਵਿੱਚ ਲੱਗੇ ਹੋਏ ਹਨ। ‘ਪਖੇਰੂ’ ਦੇ ਕਈ ਅੰਕਾਂ ਤੇ ਐਮ. ਫਿਲ, ਪੀ. ਐਚ. ਡੀ. ਹੋ ਚੁੱਕੀ ਹੈ| ਫੈਸਲਾਬਾਦ ਵੋਮੈਨ ਯੂਨੀਵਰਸਿਟੀ ਤੋਂ ਬੀਬਾ ਅਨੀਕਾ ਸ਼ਹਿਜ਼ਾਦੀ ਨੇ ‘ਅਸ਼ਰਫ ਸੁਹੇਲ ਦੀ ਬਾਲ ਅਦਬ ਨੂੰ ਦੇਣ’ ਵਿਸ਼ੇ ਤੇ ਐਮ. ਫਿਲ ਕੀਤੀ ਹੈ। ਚੜਦੇ ਪੰਜਾਬ ਵਿੱਚ ਵੀ ‘ਪਖੇਰੂ’ ਤੇ ਕਾਫੀ ਕੰਮ ਹੋਇਆ ਹੈ। ਬਾਕੀ ਅੱਲਾ ਪਾਕ ਦੀ ਮਿਹਰ ਹੈ| 
ਸਵਾਲ-ਭਵਿੱਖ ਦੀ ਕੋਈ ਖਾਸ ਯੋਜਨਾ ਹੋਵੇ ਤਾਂ ਦੱਸੋ ਸੁਹੇਲ ਸਾਹਿਬ ?
ਜਵਾਬ-ਕੋਈ ਖਾਸ ਨਹੀਂ ਜਨਾਬ, ਮੈਂ ਆਪਣੇ ਤਨੋਂ ਮਨੋਂ ਕੰਮ ਕਰ ਰਿਹਾ ਹਾਂ ਅਤੇ ਜਦ ਤੱਕ ਸਰੀਰ ਵਿੱਚ ਸਾਹ ਚਲਦੇ ਹਨ ਕਰਦਾ ਰਹਾਂਗਾ, ਹਾਂ ਜਨਵਰੀ 2024 ਦਾ ‘ਪਖੇਰੂ’ ਛਪ ਕੇ ਤਿਆਰ ਹੈ। ਇਹ 19 ਨਾਵਲਾਂ ਦਾ 1200 ਸਫੇ ਦਾ ‘ਪਖੇਰੂ’ ਅੰਕ ਦੋ ਜਿਲਦਾਂ ਵਿੱਚ ਜਲਦ ਪਾਠਕਾਂ ਤੱਕ ਪਹੁੰਚ ਰਿਹਾ ਹੈ| 
ਸਵਾਲ- ਸੁਹੇਲ ਸਾਬ੍ਹ ਆਖਰੀ ਸਵਾਲ, ਕੀ ਤੁਸੀਂ ਪੰਜਾਬੀ ਅਵਾਮ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ?
ਜਵਾਬ-ਭਲੂਰੀਆ ਜੀ ਕਿਸੇ ਵੀ ਇਮਾਰਤ ਦੀ ਨੀਂਹ ਵਿੱਚ ਲੱਗੇ ਹੋਏ ਪੱਥਰ ਨਜ਼ਰ ਨਹੀਂ ਆਉਂਦੇ। ਪਰ ਜੋ ਇਮਾਰਤ ਉਨਾਂ ਪੱਥਰਾਂ ਉੱਤੇ ਤਾਮੀਰ ਹੁੰਦੀ ਹੈ, ਉਹ ਸਭ ਨੂੰ ਦੂਰੋਂ ਹੀ ਨਜ਼ਰ ਆਉਂਦੀ ਹੈ। ਮੈਂ ਤਾਂ ਨੀਂਹ ਵਿੱਚ ਲੱਗੇ ਉਨਾਂ ਪੱਥਰਾਂ ਵਾਂਗ ਹਾਂ ਜਿਹੜੇ ਨਜ਼ਰ ਨਹੀਂ ਆਉਂਦੇ। ਮੈਂ ਤਾਂ ਇਸੇ ਕੋਸ਼ਿਸ਼ ਵਿੱਚ ਲੱਗਾ ਹੋਇਆ ਹਾਂ ਕਿ ਇਸ ਨੀਂਹ ਉੱਤੇ ਤਾਮੀਰ ਹੋਣ ਵਾਲੀ ਇਮਾਰਤ ਖੂਬਸੂਰਤ ਅਤੇ ਮਜਬੂਤ ਬਣੇ। ਇਹ ਤਾਂ ਹੀ ਹੋ ਸਕਦਾ ਹੈ ਜੇ ਪੰਜਾਬੀ ‘ਪਖੇਰੂ’ ਦੇ ਪੰਖ ਹੋਰ ਮਜਬੂਤ ਕਰਨਗੇ। ਤਾਂ ਹੀ ‘ਪਖੇਰੂ’ ਹੋਰ ਉੱਚੀ ਉਡਾਰੀ ਭਰ ਸਕੇਗਾ। ਇਹ ਪੰਜਾਬੀਆਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ। ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਮੇਰੀ ਦਰਖਾਸਤ ਹੈ ਕਿ ਤੁਸੀਂ ਵੱਧ ਤੋਂ ਵੱਧ ਤਨੋਂ-ਮਨੋਂ ‘ਪਖੇਰੂ’ ਨਾਲ ਜੁੜੋ। ‘ਪਖੇਰੂ’ ਤੁਹਾਡਾ ਹੈ। ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਇਹ ਅਤਿ ਜਰੂਰੀ ਹੈ। ਜਿੰਨਾਂ ਸ਼ਖਸ਼ੀਅਤਾਂ ਨੇ ਹੁਣ ਤੱਕ ਸਹਿਯੋਗ ਦਿੱਤਾ ਹੈ, ‘ਪਖੇਰੂ’ ਦੀ ਹੌਸਲਾਅਫਜ਼ਾਈ ਕੀਤੀ ਹੈ। ਉਨਾਂ ਦਾ ਤਹਿ ਦਿਲੋਂ ਸ਼ੁਕਰੀਆ।

ਮੁਲਾਕਾਤੀ-ਜਸਵੀਰ ਸਿੰਘ ਭਲੂਰੀਆ
+91-99159-95505

Exit mobile version