ਬਿਜਲੀ ਚਲੇ ਜਾਣ ਕਾਰਣ ਹੀਥਰੋ ਹਵਾਈ ਅੱਡੇ ਉਪਰੋਂ ਬੰਦ ਹੋਈਆਂ ਉਡਾਣਾਂ ਹੁਣ ਸ਼ੁਰੁ

ਲੰਡਨ (ਪੰਜਾਬੀ ਅਖ਼ਬਾਰ ਬਿਊਰੋ) ਬਰਤਾਨੀਆ ਦੀ ਰਾਜਧਾਨੀ ਲੰਡਨ ਦਾ ਹੀਥਰੋ ਹਵਾਈ ਅੱਡਾ ਅੱਜ ਯਾਨੀ ਸ਼ੁੱਕਰਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ। ਕਾਰਣ ਇਹ ਕਿ ਵੀਰਵਾਰ ਰਾਤ ਏਅਰਪੋਰਟ ਦੇ ਕੋਲ ਇੱਕ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਏਅਰਪੋਰਟ ਨੂੰ ਬਿਜਲੀ ਸਪਲਾਈ ਬੰਦ ਕਰਨੀ ਪਈ। ਇਸ ਕਾਰਨ 1300 ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ 2 ਲੱਖ 91 ਹਜ਼ਾਰ ਯਾਤਰੀ ਪ੍ਰਭਾਵਿਤ ਹੋਏ ਹਨ। ਇਹ ਅੱਗ ਪੱਛਮੀ ਲੰਡਨ ਦੇ ਹੇਜ਼ ਵਿੱਚ ਲੱਗੀ ਸੀ। ਇਸ ਕਾਰਨ 5 ਹਜ਼ਾਰ ਤੋਂ ਵੱਧ ਘਰਾਂ ਵਿੱਚ ਬਿਜਲੀ ਗੁੱਲ ਹੋ ਗਈ ਸੀ। ਇੱਥੋਂ ਕਰੀਬ 150 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਲੰਡਨ ਫਾਇਰ ਬ੍ਰਿਗੇਡ ਵੱਲੋਂ 70 ਫਾਇਰਫਾਈਟਰਾਂ ਨਾਲ, ਸ਼ੁੱਕਰਵਾਰ ਸਵੇਰ ਤੱਕ ਜ਼ਿਆਦਾਤਰ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ। ਬ੍ਰਿਟੇਨ ਦੀ ਕਾਊਂਟਰ ਟੈਰੋਰਿਜ਼ਮ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਸਬ ਸਟੇਸ਼ਨ ‘ਤੇ ਅੱਗ ਲੱਗਣ ਪਿੱਛੇ ਕਿਸੇ ਦਾ ਕੋਈ ਮਾੜਾ ਇਰਾਦਾ ਤਾਂ ਨਹੀਂ ਸੀ। ਪਰ ਬਾਅਦ ਵਿੱਚ ਮਿਲੀਆਂ ਖਬਰਾਂ ਅਨੁਸਾਰ ਹੀਥਰੋ ਹਵਾਈ ਅੱਡੇ ਤੋਂ ਉਡਾਨਾਂ ਸ਼ੁਰੂ ਹੋ ਗਈਆਂ ਸਨ ਪਰ ਇਹਨਾਂ ਨੂੰ ਆਮ ਵਾਂਗ ਚੱਲਣ ਵਿੱਚ ਕੱੁਝ ਵਕਤ ਲੱਗੇਗਾ