ਹੱਡ ਬੀਤੀਆਂ

ਬਿੱਲੀ ਨੂੰ ਚੂਹਿਆਂ ਦੇ ਸੁਪਨੇ —

ਮੈਂ ਅੱਜਕਲ ਆਪਣੀ ਰਿਟਾਇਰਮੈਂਟ ਦੇ ਦਿਨ ਕਈ ਗਰੁੱਪਾਂ ਲਈ ਵਾਲੰਟਰੀ ਕੰਮ ਕਰਨ ਅਤੇ ਦੂਸਰੇ ਮੈਂਬਰਾਂ ਨੂੰ ਗਾਣਾ ਗਾਉਣਾ ਸਿੱਖਣ ਲਈ ਪ੍ਰੇਰਿਤ ਕਰਨ ਵਿੱਚ ਗੁਜ਼ਾਰਦਾ ਹਾਂ। ਇਸ ਕੰਮ ਲਈ ਅਕਸਰ ਮੈਨੂੰ ਪਹਿਲ ਕਰਨ ਦੀ ਲੋੜ ਪੈਂਦੀ ਹੈ, ਤਾਂਕਿ ਬਾਕੀ ਲੋਕ ਵੀ ਮੇਰੇ ਨਾਲ ਮਿਲ ਕੇ, ਜਾਂ ਆਪਣੇ ਆਪ ਕੁੱਝ ਗਾ ਸਕਣ।

ਇਸੇ ਤਰ੍ਹਾਂ ਇੱਕ ਦਿਨ ਭਰੀ ਮਹਿਫਲ ਵਿੱਚ, ਜਿਸ ਵਿੱਚ ਬਹੁਤੀਆਂ ਅਕਸਰ ਬੀਬੀਆਂ ਹੀ ਹੁੰਦੀਆਂ ਹਨ, ਮੈਨੂੰ ਇੱਕ ਬੀਬੀ ਨੇ ਇੱਕ ਕਾਗਜ਼ ਫੜਾ ਕੇ ਉਹ ਗੀਤ ਗਾਉਣ ਦੀ ਫਰਮਾਇਸ਼ ਕੀਤੀ ਜਿਹੜਾ ਉਸ ਉੱਤੇ ਲਿਖਿਆ ਹੋਇਆ ਸੀ। ਮੈਂ ਗੀਤ ਗਾਉਣਾ ਸ਼ੁਰੂ ਕਰ ਦਿੱਤਾ, ਅਤੇ ਮੈਨੂੰ ਲੱਗ ਰਿਹਾ ਸੀ ਕਿ ਸਾਰੇ ਸਰੋਤੇ ਮੰਤਰ ਮੁਗਧ ਹੋ ਕੇ ਮੇਰੀ ਆਵਾਜ਼ ਦਾ ਆਨੰਦ ਲੈ ਰਹੇ ਸਨ। ਪਰ ਅਚਾਨਕ ਗੀਤ ਦੀ ਆਖ਼ਰੀ ਸਤਰ ਉੱਤੇ ਆਕੇ ਮੇਰੀ ਆਵਾਜ਼ ਬੰਦ ਹੋ ਗਈ, ਕਿਉਂਕਿ ਉੱਥੇ ਲਿਖਿਆ ਅਗਲਾ ਸ਼ਬਦ ਮੈਥੋਂ ਪੜ੍ਹਿਆ ਨਾ ਗਿਆ ਕਿਉਂਕਿ ਉਸ ਦਾ ਸ਼ਬਦਜੋੜ ਸਹੀ ਨਹੀਂ ਸੀ। ਮੇਰੀ ਆਵਾਜ਼ ਬਿਲਕੁੱਲ ਬੰਦ ਹੋਣ ਨਾਲ ਮੇਰੇ ਸ਼ੁਭਚਿੰਤਕ ਤਾਂ ਇਹ ਜਾਣਨ ਲਈ ਉਤਸੁਕ ਹੋ ਗਏ ਕਿ ਪਤਾ ਨਹੀਂ ਕੀ ਹੋ ਗਿਆ ਹੈ, ਜਦੋਂ ਕਿ ਮੇਰੇ ਬਦਚਿੰਤਕਾਂ ਨੂੰ ਠਹਾਕੇ ਮਾਰ ਕੇ ਮੇਰੇ ਉੱਤੇ ਹੱਸਣ ਦਾ ਮੌਕਾ ਮਿਲ ਗਿਆ। ਦੂਰ ਕੋਨੇ ਵਿੱਚ ਬੈਠੀ ਇੱਕ ਬੀਬੀ ਨੇ ਮੇਰਾ ਖ਼ੂਬ ਮੌਜੂ ਬਣਾਇਆ, ਅਤੇ ਮੈਨੂੰ ਇਹ ਜਤਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਨੂੰ ਗੀਤ ਗਾਉਣਾ ਹੀ ਨਹੀਂ ਆਉਂਦਾ। ਨਤੀਜੇ ਵਜੋਂ ਮੈਨੂੰ ਕਾਫੀ ਸ਼ਰਮਿੰਦਾ ਹੋਣਾ ਪਿਆ ਅਤੇ ਗੀਤ ਵਾਲੇ ਕਾਗਜ਼ ਦਾ ਟੁਕੜਾ ਮੈਂ ਉਸ ਬੀਬੀ ਨੂੰ ਵਾਪਸ ਕਰ ਦਿੱਤਾ। ਮੈਂ ਮਹਿਫਲ ਨੂੰ ਕਾਰਨ ਦੱਸ ਕੇ ਆਪਣੀ ਸਫਾਈ ਦਿੱਤੀ, ਤਾਂਕਿ ਮੈਂ ਆਪਣੀ ਇੱਜ਼ਤ ਬਚਾ ਸਕਾਂ।

ਪਰ ਜਦੋਂ ਉਹ ਬੀਬੀ ਫੇਰ ਵੀ ਮੇਰੇ ਉੱਤੇ ਤਨਜ਼ ਕੱਸਣੋ ਨਾ ਹਟੀ ਤਾਂ ਅਜਿਹਾ ਹੋਣ ਦਾ ਕਾਰਨ ਸਮਝਾਉਣ ਲਈ ਮੈਂ ਕਾਗਜ਼ ਫੇਰ ਉਸ ਬੀਬੀ ਕੋਲੋਂ ਲੈ ਕੇ, ਉਸ ਕੋਨੇ ਵਾਲੀ ਬੀਬੀ ਕੋਲ ਜਾਕੇ, ਉਸ ਨੂੰ ਦਿਖਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗੀਤ ਦਾ ਅਗਲਾ ਸ਼ਬਦ ਸਹੀ ਨਹੀਂ ਸੀ, ਜਿਸ ਕਰਕੇ ਮੈਨੂੰ ਰੁਕਣਾ ਪਿਆ ਸੀ ਅਤੇ ਮੈਂ ਗੀਤ ਪੂਰਾ ਨਹੀਂ ਸੀ ਗਾ ਸਕਿਆ। ਪਰ ਇਹ ਕੀ? ਜਿਹੜਾ ਕਾਗਜ਼ ਮੈਂ ਬੀਬੀ ਦੇ ਸਾਹਮਣੇ ਪੇਸ਼ ਕੀਤਾ, ਉਹ ਤਾਂ ਕਾਗਜ਼ ਹੀ ਹੋਰ ਸੀ, ਅਤੇ ਉਸ ਉੱਪਰ ਤਾਂ ਕੁੱਝ ਹੋਰ ਹੀ ਘੀਚਾ ਮੀਚਾ ਲਿਖਿਆ ਹੋਇਆ ਸੀ। ਇਸ ਨੂੰ ਦੇਖ ਕੇ ਮੇਰੀ ਹਾਲਤ ਹੋਰ ਵੀ ਪਤਲੀ ਹੋ ਗਈ, ਕਿਉਂਕਿ ਬੀਬੀ ਨੇ ਉਹ ਕਾਗਜ਼ ਦੇਖ ਕੇ ਮੇਰੀ ਪੁਸ਼ਟੀ ਨੂੰ ਨਾ ਮੰਨਦੇ ਹੋਏ ਹੋਰ ਵੀ ਮੇਰੀ ਖਿੱਲੀ ਉਡਾਈ। ਮੇਰੀ ਇਹ ਕੋਸ਼ਿਸ਼ ਵੀ ਨਾਕਾਮ ਰਹੀ ਸੀ।

ਪਰ ਮੈਂ ਵੀ ਜਲਦੀ ਹਾਰ ਮੰਨਣ ਵਾਲਾ ਨਹੀਂ ਸੀ। ਮੈਂ ਬੀਬੀ ਨੂੰ ਕਿਹਾ ਕਿ ਆ ਮੈਂ ਤੈਨੂੰ ਅਸਲੀ ਕਾਗਜ਼ ਦਿਖਾ ਦਿਆਂ ਤਾਂਕਿ ਤੇਰੀ ਤਸੱਲੀ ਹੋ ਸਕੇ। ਪਰ ਉਸ ਦਿਨ ਮੇਰੀ ਮਾੜੀ ਕਿਸਮਤ ਹੋਰ ਵੀ ਮਾੜੀ ਉਦੋਂ ਹੋ ਗਈ ਜਦੋਂ ਮੈਂ ਦੇਖਿਆ ਕਿ ਗੀਤ ਵਾਲੇ ਕਾਗਜ਼ ਵਾਲੀ ਬੀਬੀ ਸਾਡੇ ਉਸ ਜਗ੍ਹਾ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਜਾ ਚੁੱਕੀ ਸੀ। ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਨਾ ਲੱਭੀ।

ਹੁਣ ਮੇਰੀ ਹਾਲਤ ਪਾਣੀਉਂ ਪਤਲੀ ਸੀ। ਮੇਰੇ ਕੋਲ ਹੋਰ ਕੋਈ ਸਬੂਤ ਬਾਕੀ ਨਹੀਂ ਸੀ ਰਹਿ ਗਿਆ ਸੀ, ਜਿਸ ਨਾਲ ਮੈਂ ਉਸ ਦੀ ਤਸੱਲੀ ਕਰਾ ਸਕਦਾ। ਮੈਂ ਆਪਣੇ ਆਪ ਨੂੰ ਇੱਕ ਉਸ ਮੁਦਈ ਦੀ ਤਰ੍ਹਾਂ ਮਹਿਸੂਸ ਕੀਤਾ, ਜਿਹੜਾ ਸੱਚਾ ਹੋਣ ਦੇ ਬਾਵਜੂਦ ਵੀ ਸਬੂਤਾਂ ਦੀ ਘਾਟ ਹੋਣ ਕਰਕੇ ਕਚਿਹਰੀ ਵਿੱਚ ਆਪਣਾ ਕੇਸ ਹਾਰ ਗਿਆ ਹੋਵੇ। ਹੁਣ ਮੈਨੂੰ ਕੱਚੀਆਂ ਤਰੇਲੀਆਂ ਆਉਣ ਲੱਗ ਪਈਆਂ, ਮੇਰੇ ਦਿਲ ਦੀ ਧੜਕਣ ਹੋਰ ਵੱਧ ਰਹੀ ਸੀ ਅਤੇ ਸਾਰੇ ਲੋਕੀਂ ਮੇਰੇ ਉੱਤੇ ਠਹਾਕੇ ਲਾ ਕੇ ਹੱਸ ਰਹੇ ਸਨ।

ਅਜਿਹੀ ਹਾਲਤ ਵਿੱਚ ਅਚਾਨਕ ਹੀ ਮੈਨੂੰ ਬਹੁਤ ਵੱਡੀ ਰਾਹਤ ਉਦੋਂ  ਮਹਿਸੂਸ ਹੋਈ, ਜਦੋਂ ਮੇਰੀ ਨੀਂਦ ਵਿੱਚੋਂ ਅੱਖ ਖੁੱਲ੍ਹ ਗਈ। ਇੱਕ ਦਮ ਸਾਰਾ ਮੰਜ਼ਰ ਅਲੋਪ ਹੋ ਗਿਆ ਅਤੇ ਮੈਂ ਬੈੱਡ ਉਤੇ ਪਿਆ ਟਿਕਟਿਕੀ ਲਗਾ ਕੇ ਛੱਤ ਵੱਲ੍ਹ ਦੇਖ ਰਿਹਾ ਸਾਂ। ਮੈਂ ਸੋਚ ਰਿਹਾ ਸੀ ਕਿ ਇਨਸਾਨ ਦੇ ਮਨ ਵਿੱਚ ਕਿਸੇ ਵੀ ਕਿਸਮ ਦਾ ਜਨੂੰਨ ਕਿਵੇਂ ਉਸ ਨੂੰ ਘੇਰ ਲੈਂਦਾ ਹੈ ਅਤੇ ਉਸ ਜਨੂੰਨ ਉੱਤੇ ਕਾਮਯਾਬੀ ਹਾਸਲ ਕਰਨ ਦਾ ਚਸਕਾ ਅਤੇ ਨਾਕਾਮੀ ਹੋਣ ਦਾ ਡਰ ਕਿਵੇਂ ਦਿਨ ਰਾਤ ਇਨਸਾਨ ਨੂੰ ਤੰਗ ਕਰਦਾ ਹੈ, ਅਤੇ ਇੱਥੋਂ ਤੱਕ ਕਿ ਸੁਪਨਿਆਂ ਵਿੱਚ ਵੀ ਉਸ ਦਾ ਖਹਿੜਾ ਨਹੀਂ ਛੱਡਦਾ। ਲੋਕੀਂ ਐਵੇਂ ਨਹੀਂ ਕਹਿੰਦੇ ਕਿ ਬਿੱਲੀ ਨੂੰ ਹਮੇਸ਼ਾ ਚੂਹਿਆਂ ਦੇ ਸੁਪਨੇ ਹੀ ਆਉਂਦੇ ਹਨ।

ਸਵੇਰ ਦਾ ਚਾਨਣ ਖਿੜਕੀ ਰਾਹੀਂ ਅੰਦਰ ਆ ਰਿਹਾ ਸੀ। ਕਲੌਕ ਉੱਤੇ ਅੱਠ ਵੱਜ ਗਏ ਸਨ, ਅਤੇ ਉੱਠ ਕੇ ਤਿਆਰ ਹੋ ਕੇ ਉਸੇ ਹੀ ਗਰੁੱਪ ਵਿੱਚ ਜਾਣ ਲਈ ਮਸਾਂ ਹੀ ਪੂਰਾ ਪੂਰਾ ਸਮਾਂ ਬਾਕੀ ਸੀ, ਜਿਸ ਦਾ ਇਹ ਸਾਰਾ ਮੰਜ਼ਰ ਮੈਂ ਸੁਪਨੇ ਵਿੱਚ ਹੁਣੇ ਹੁਣੇ ਹੰਢਾ ਕੇ ਹਟਿਆ ਸਾਂ।

ਰਵਿੰਦਰ ਸਿੰਘ ਕੁੰਦਰਾ,


ਰਵਿੰਦਰ ਸਿੰਘ ਕੁੰਦਰਾ,
ਕਵੈਂਟਰੀ, ਯੂ ਕੇ

Show More

Related Articles

Leave a Reply

Your email address will not be published. Required fields are marked *

Back to top button
Translate »