ਨਿੱਕਾ ਜਿਹਾ ਬੀਜ ਮੈਂ, ਨੰਨੀ ਜਿਹੀ ਜਾਨ ਹਾਂ,
ਦੁਨੀਆਂ ਦੇ ਨਿਯਮਾਂ ਤੇ ਬੰਧਨਾਂ ਤੋਂ ਅਣਜਾਣ ਹਾਂ,
ਔਹ ਦੇਖੋ ਇਧਰੋ, ਹਵਾ ਦਾ ਬੁੱਲਾ ਆਇਆ,
ਮੈਨੂੰ ਉਡਾ ਕੇ ਇਸਨੇ, ਕਿੱਥੋਂ-ਕਿੱਥੇ ਪਹੁੰਚਾਇਆ,
ਪੰਧ ਹੈ ਉੱਘੜ-ਦੁੱਘੜਾ, ਮੁੱਕਦੀ ਨਾ ਵਾਟ,
ਲੰਮੇਰਾ ਹੈ ਸਫ਼ਰ, ਸਹਾਰਿਆਂ ਦੀ ਵੀ ਘਾਟ,
ਸੁੰਨ ਵਿੱਚ ਪਿਆ ਹਾਂ, ਨਾ ਕੋਈ ਆਸ-ਪਾਸ ਹੈ,
ਇੱਕੋ ਹੀ ਤ੍ਰਿਸ਼ਨਾ, ਬਖਸ਼ਿਸ਼ਾਂ ਦੀ ਪਿਆਸ ਹੈ,
ਮਹਿਕਣ ਦੀਆਂ ਸੱਧਰਾਂ ਸੀ, ਖੁਸ਼ਬੋਈ ਖਿਲਾਰਾਂ,
ਹਰਾ-ਭਰਾ ਹੋਵਾਂ, ਦੇਖਾਂ ਕਾਇਨਾਤ ਦਾ ਪਸਾਰਾ,
ਬਿਪਤਾ ਦੀਆਂ ਘੁੰਮਣਘੇਰੀਆਂ, ਫਿਰਨ ਚਾਰ-ਚੁਫ਼ੇਰੇੇ,
ਵਕਤ ਨੇ ਵੀ ਲੈਣੇ, ਨਿੱਤ ਇਮਤਿਹਾਨ ਬਥੇਰੇ,
ਪੌਣ ਨੇ ਹੀ ਖੁੱਲੇ, ਲੈਣੇ ਸਿਖਾਉਣੇ ਸਾਹ,
ਪੰਖ ਖਿਲਾਰ ਲਓ, ਖ਼ੁਦ ਹੀ ਬਣਦੇ ਰਾਹ,
ਮਿੱਟੀ ਦੇ ਜ਼ਰੇ ਹੀ, ਜ਼ਿੰਦ-ਜਾਨ ਪਾਉਣਗੇ,
ਮਿਹਰਾਂ ਦੇ ਬੱਦਲ ਹੀ, ਕਣੀਆਂ ਵਰਸਾਉਣਗੇ,
ਮੌਸਮ ਵੀ ਬਦਲਣੇ, ਕਈ ਰੱੁਤਾਂ ਵੀ ਆਉਣੀਆਂ,
ਝੱਖੜ ਵੀ ਝੁੱਲਣੇ, ਬਹਾਰਾਂ ਵੀ ਛਾਉਣੀਆਂ,
ਸੂਰਜ ਵੀ ਪਾਵੇਗਾ, ਕਿਰਨਾਂ ਦਾ ਕਦੇ ਲਿਸ਼ਕਾਰਾ,
ਤਪਸ਼ ਵੀ ਜ਼ਰ ਲਵਾਂਗਾ, ਕਰਾਂਗਾ ਹਰ ਚਾਰਾ,
ਸੂਰਜ ਦੀ ਲੋਅ ਝੱਲਣੀ, ਆਪਾ ਚਮਕਾਉਣ ਲਈ,
ਇੱਕੋ ਕਿਣਕਾ ਹੀ ਕਾਫ਼ੀ ਹੈ, ਧੁਰ ਰੂਹ ਰੁਸ਼ਨਾਉਣ ਲਈ,
ਤੀਬਰ ਹੈ ਇੱਕ ਮਨਸ਼ਾ, ‘ਕਰਣ’ ਮਨ ਦੀ ਇਹੋ ਤਾਂਘ,
ਫੁੱਟਣਗੀਆਂ ਕਦੇ ਕਰੂੰਬਲਾਂ, ਜਿਊਣ ਲਈ ਹਰ ਪੁਲਾਂਘ।
ਡਾ. ਕਰਣਬੀਰ ਕੌਰ
ਚੰਡੀਗੜ੍ਹ