ਬੀ ਸੀ ਦੇ ਸਾਬਕਾ ਪ੍ਰੀਮੀਅਰ ਜੋਹਨ ਹੋਰਗਨ ਦਾ 65 ਸਾਲ ਦੀ ਉਮਰ ਵਿੱਚ ਦਿਹਾਂਤ ਹੋਇਆ

ਸਰੀ(ਪੰਜਾਬੀ ਅਖ਼ਬਾਰ ਬਿਊਰੋ) ਬ੍ਰਿਿਟਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਅਤੇ ਜਰਮਨੀ ਵਿੱਚ ਕੈਨੇਡਾ ਦੇ ਅੰਬੈਸਡਰ ਰਹੇ ਜੋਹਨ ਹੋਰਗਨ ਦਾ ਦਿਹਾਂਤ ਹੋ ਗਿਆ ਹੈ। ਉਹ 65 ਸਾਲ ਦੇ ਸਨ ਅਤੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਹੋਰਗਨ ਨੇ ਬ੍ਰਿਿਟਸ਼ ਕੋਲੰਬੀਆ ਦੇ ਪ੍ਰੀਮੀਅਰ ਵੱਜੋਂ ਪੰਜ ਸਾਲ ਤੱਕ ਸੇਵਾਵਾਂ ਨਿਭਾਈਆਂ ਅਤੇ ਸਾਲ 2022 ਵਿੱਚ ਉਹਨਾਂ ਨੇ ਆਪਣੀ ਬਿਮਾਰੀ ਦੇ ਚਲਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵਰਨਣ ਯੋਗ ਹੈ ਕਿ ਜੋਹਨ ਹੋਰਗਨ ਸਾਲ 2017 ਤੋਂ ਲੈ ਕੇ ਸਾਲ 2022 ਤੱਕ ਬ੍ਰਿਿਟਸ਼ ਕੋਲੰਬੀਆ ਦੇ ਪ੍ਰੀਮੀਅਰ ਰਹੇ। ਉਹ 16 ਸਾਲਾਂ ਵਿੱਚ ਪਹਿਲੀ ਵਾਰ ਬ੍ਰਿਿਟਸ਼ ਕੋਲੰਬੀਆ ਦੀ ਸੱਤਾ ਵਿੱਚ ਆਈ ਐਨਡੀਪੀ ਦੇ ਪ੍ਰੀਮੀਅਰ ਬਣੇ ਸਨ। ਜਦੋਂ 2017 ਵਿੱਚ ਐਨਡੀਪੀ ਨੇ ਬੀਸੀ ਗਰੀਨ ਪਾਰਟੀ ਦੇ ਸਹਿਯੋਗ ਨਾਲ ਸਰਕਾਰ ਬਣਾਈ ਸੀ ਅਤੇ ਫਿਰ ਅਕਤੂਬਰ 2020 ਵਿੱਚ ਹੋਈਆਂ ਚੋਣਾਂ ਵਿੱਚ ਉਨਾਂ ਦੀ ਅਗਵਾਈ ਚ ਪਾਰਟੀ ਨੇ ਸਪਸ਼ਟ ਬਹੁਮਤ ਹਾਸਲ ਕਰ ਲਿਆ ਸੀ । ਪ੍ਰੀਮੀਅਰ ਦਾ ਅਹੁਦਾ ਤਿਆਗਣ ਉਪਰੰਤ ਉਹਨਾਂ ਨੂੰ ਜਰਮਨੀ ਵਿੱਚ ਕੈਨੇਡਾ ਦਾ ਅੰਬੈਸਡਰ ਬਣਾਇਆ ਗਿਆ ਸੀ ਅਤੇ ਇਸ ਸਾਲ ਜੂਨ ਵਿੱਚ ਬਰਲਿਨ ਵਿੱਚ ਹੋਈ ਉਹਨਾਂ ਦੀ ਡਾਕਟਰੀ ਜਾਂਚ ਦੌਰਾਨ ਤੀਜੀ ਵਾਰ ਉਹਨਾਂ ਦੀ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਾ ਸੀ
