ਵਿਕਟੋਰੀਆ , 22 ਅਗਸਤ (ਪੰਜਾਬੀ ਅਖ਼ਬਾਰ ਬਿਊਰੋ) ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਦੀ ਵਿਧਾਨ ਸਭਾ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸੂਬੇ ਦੀ ਰਾਜਧਾਨੀ ਵਿਕਟੋਰੀਆ ਪਹੁੰਚਣ ‘ਤੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਬੀ.ਸੀ. ਦੇ ਮਨਿਸਟਰ ਆਫ਼ ਸਟੇਟ ਫਾਰ ਟਰੇਡ ਅਤੇ ਸਰੀ-ਫਲੀਟਵੁੱਡ ਹਲਕੇ ਦੇ ਵਿਧਾਇਕ ਜਗਰੂਪ ਬਰਾੜ ਉਨ੍ਹਾਂ ਨੂੰ ‘ਜੀ ਆਇਆਂ ਨੂੰ’ ਕਹਿਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਬੀ.ਸੀ. ਸਰਕਾਰ ਵੱਲੋਂ ਮਨਿਸਟਰ ਆਫ ਸਟੇਟ ਜਗਰੂਪ ਬਰਾੜ ਨੇ ਕੈਬਨਿਟ ਮੰਤਰੀ ਖੁੱਡੀਆਂ ਨੂੰ ਵਿਸ਼ੇਸ਼ ਸਨਮਾਨ ਭੇਂਟ ਕੀਤਾ। ਵਿਧਾਇਕ ਵਜੋਂ ਸਰੀ ਤੋਂ ਲਗਾਤਾਰ ਜਿੱਤ ਦਰਜ ਕਰਵਾੳਂਦੇ ਆ ਰਹੇ ਮਨਿਸਟਰ ਆਫ ਸਟੇਟ ਜਗਰੂਪ ਬਰਾੜ ਨੇ ਸ. ਖੁੱਡੀਆਂ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਅਮੀਤ ਸਿੰਘ ਟਿੰਮਾਂ ਖੁੱਡੀਆਂ, ਸਰੀ ਦੇ ਉੱਘੇ ਬਿਜ਼ਨਸਮੈਨ ਹਰਮੀਤ ਸਿੰਘ ਖੁੱਡੀਆਂ, ਬਲਜਿੰਦਰ ਸਿੰਘ ਸੰਘਾ, ਮਨਜੀਤ ਸਿੰਘ ਮਾਂਗਟ, ਰੇਡੀਓ ਹੋਸਟ ਗੁਰਬਾਜ ਸਿੰਘ ਬਰਾੜ ਅਤੇ ਸਿਕੰਦਰ ਸਿੰਘ ਕੰਗ ਨੂੰ ਵਿਧਾਨ ਸਭਾ ਦਾ ਟੂਰ ਕਰਵਾਇਆ ਅਤੇ ਸਰਕਾਰ ਦੇ ਕੰਮ-ਕਾਜ ਚਲਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕੈਬਨਿਟ ਮੰਤਰੀ ਨੂੰ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆ ਦੋਹਾਂ ਸੂਬਿਆਂ ਦਰਮਿਆਨ ਆਪਸੀ ਵਪਾਰ ਅਤੇ ਸਹਿਯੋਗ ਹੋਰ ਵਧਾਉਣ ਦੀ ਵੀ ਇੱਛਾ ਜ਼ਾਹਰ ਕੀਤੀ। ਮਨਿਸਟਰ ਆਫ਼ ਸਟੇਟ ਜਗਰੂਪ ਬਰਾੜ ਨੇ ਖੇਤੀ ਮੰਤਰੀ ਖੁੱਡੀਆਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਾਜਧਾਨੀ ਵਿਕਟੋਰੀਆ ਦੀਆਂ ਰਮਣੀਕ ਥਾਵਾਂ ਦੀ ਸੈਰ ਵੀ ਕਰਵਾਈ। ਬੀ.ਸੀ. ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਦੁਪਹਿਰ ਦੇ ਖਾਣੇ ਦੀ ਦਾਅਵਤ ਦਿੱਤੀ ਗਈ