ਬੰਦੇ ਅਤੇ ਬਾਂਦਰ ਦਾ ਨਿਰਣਾ !

ਅਮਰੀਕਾ ਤੋਂ ਆ ਕੇ ਕੁੱਝ ਮਹੀਨੇ ਆਪਣੇ ਪਿੰਡ ਰਹਿੰਦਿਆਂ ਮੈਂ ਹਰ ਰੋਜ ਦਰਿਆ ਸਤਲੁਜ ਕੰਢੇ ਸਾਈਕਲ ਤੇ ਸੈਰ ਕਰਨ ਜਾਂਦਾ ਸਾਂ।ਇਸ ਇਲਾਕੇ ‘ਚ ਅੱਗੇ ਤਾਂ ਕਦੇ ਦੇਖੇ ਸੁਣੇ ਨਹੀਂ ਸਨ ਪਰ ਐਤਕੀਂ ਮੈਂ ਦਰਿਆ ਦੇ ਬੰਨ੍ਹ ਉੱਤੇ ਦੋ ਤਿੰਨ ਬਾਂਦਰ ਤੁਰੇ ਫਿਰਦੇ ਦੇਖੇ।ਸੱਤ-ਅੱਠ ਮੀਲ ਸਾਈਕਲ ਚਲਾਉਣ ਬਾਅਦ ਬੰਨ੍ਹ ਉੱਤੇ ਇਕ ਥਾਂਹ ਪਏ ਤਖਤਪੋਸ਼ ਉੱਤੇ ਸਾਡੀ ਸੈਰ ਕਰਨ ਵਾਲ਼ਿਆਂ ਦੀ ਮੰਡਲੀ ਬਹਿੰਦੀ,ਜਿੱਥੇ ਘੜੀ ਘੰਟਾ ਗੱਪ-ਗੋਸ਼ਟੀ ਚਲਦੀ ਹੁੰਦੀ ਸੀ।

ਇਕ ਦਿਨ ਸੈਰ ਤੋਂ ਵਾਪਸੀ ‘ਤੇ ਮੈਂ ਮਿੱਤਰ-ਮੰਡਲ਼ੀ ਵਿਚ ਬੈਠਿਆਂ ਬਾਂਦਰਾਂ ਬਾਰੇ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਇਨ੍ਹਾਂ ਵਿਚਾਰਿਆਂ ਨੂੰ ਖਾਣ ਲਈ ਇੱਥੇ ਕੁਛ ਨੀ ਲੱਭਦਾ, ਇਹ ਭੁੱਖਣ ਭਾਣੇ ਈ ਏਧਰ ਉੱਧਰ ਫਿਰਦੇ ਰਹਿੰਦੇ ਆ।

ਇਹ ਸੋਚ ਕੇ ਕਿ ਅਮਰੀਕਾ ਵਾਪਸ ਜਾਣ ਤੋਂ ਪਹਿਲਾਂ ਜਿੰਨਾਂ ਚਿਰ ਮੈਂ ਇੱਥੇ ਹੈਗਾ ਹਾਂ ਸੈਰ ਕਰਨ ਆਇਆ ਇਨ੍ਹਾਂ ਲਈ ਕੁੱਝ ਨਾ ਕੁੱਝ ਲੈ ਆਇਆ ਕਰਾਂ ਗਾ।ਦੂਜੇ ਦਿਨ ਮੈਂ ਬ੍ਰੈੱਡ ਅਤੇ ਭੁੱਜੇ ਹੋਏ ਛੋਲੇ ਸਾਈਕਲ ਦੀ ਟੋਕਰੀ ‘ਚ ਰੱਖ ਕੇ ਲੈ ਆਇਆ ਤੇ ਤਿੰਨਾਂ ਬਾਂਦਰਾਂ ਨੂੰ ਸਮਾਨ ਛਕਾਇਆ।ਇਸ ਤੋਂ ਦੂਜੇ ਦਿਨ ਮੈਂ ਬ੍ਰੈੱਡ ਤੇ ਛੋਲਿਆਂ ਦੇ ਨਾਲ਼ ਪੰਜ ਸੱਤ ਕੇਲੇ ਵੀ ਲੈ ਗਿਆ।ਉਹ ਵੀ ਉਨ੍ਹਾਂ ਨੇ ਤਸੱਲੀ ਨਾਲ਼ ਖਾਧੇ।

ਫਿਰ ਦੋ ਕੁ ਦਿਨ ਮੈਨੂੰ ਵਾਂਢੇ ਜਾਣਾ ਪੈ ਗਿਆ।ਸੈਰ ਨੂੰ ਜਾਣ ਦੇ ਦੋ ਨਾਗੇ ਪੈਣ ਬਾਅਦ ਜਦ ਮੈਂ ਬਰੈੱਡ ਵਗੈਰਾ ਲੈ ਕੇ ਦਰਿਆ ਦੇ ਬੰਨ੍ਹ ਉੱਤੇ ਪਹੁੰਚਿਆ ਤਾਂ ਓਦਣ ਬਾਂਦਰ ਮੈਨੂੰ ਕਿਤੇ ਵੀ ਨਾ ਦਿਸੇ।ਦਰਖਤਾਂ ਉੱਤੇ ਜੰਗਲਾਤ ਮਹਿਕਮੇਂ ਵਲੋਂ ਲਾਏ ਨੰਬਰਾਂ ਅਨੁਸਾਰ ਮੈਂ ਬਾਂਦਰਾਂ ਦੇ ਟਿਕਾਣੇ ਵਾਲ਼ੀ ਦਰਖਤ ਨੰਬਰ 430  ਦੀ ਨਿਸ਼ਾਨੀ ਚੇਤੇ ਰੱਖੀ ਹੋਈ ਸੀ।ਉੱਥੇ ਖੜ੍ਹ ਕੇ ਮੈਂ ਰਾਹੋਂ ਵੱਲ੍ਹ ਦੇ ਪਾਸੇ ਦੂਰ ਤੱਕ ਨਜ਼ਰ ਮਾਰੀ,ਮੈਨੂੰ ਝੌਲ਼ਾ ਜਿਹਾ ਦਿਸਿਆ ਜਿਵੇਂ ਦੂਰ ਬਾਂਦਰ ਬੈਠੇ ਹੋਣ!

ਉੱਧਰੋਂ ਸਕੂਟਰ ‘ਤੇ ਆ ਰਿਹਾ ਇਕ ਬੰਦਾ ਵੀ ਦਿਸਿਆ।ਮੈਂ ਸੋਚਿਆ ਕਿ ਉਸਨੂੰ ਬਾਂਦਰਾਂ ਬਾਰੇ ਪੁੱਛ ਕੇ ਓਧਰ ਨੂੰ ਚਲਾ ਜਾਵਾਂ ਗਾ।ਕੋਲ਼ ਆਏ ‘ਤੇ ਮੈਂ ਉਸ ਨੂੰ ਰੋਕ ਕੇ ਪੁੱਛਿਆ ਤਾਂ ਉਹ ਬਲ਼ਾਚੌਰ ਵੱਲ੍ਹ ਨੂੰ ਹੱਥ ਕਰਕੇ ਕਹਿੰਦਾ-‘ਭਾ ਜੀ ਬਾਂਦਰ ਉੱਥੇ ਝਿੜੀ ‘ਚ ਹੁੰਦੇ ਆ ਜਿੱਥੇ ਅਸੀਂ ਕੰਮ ਕਰਦੇ ਆਂ !’ ਮੇਰੇ ਸਾਈਕਲ ਦੀ ਟੋਕਰੀ ‘ਚ ਪਏ ਬ੍ਰੈੱਡ ਤੇ ਕੇਲੇ ਵਗੈਰਾ ਪਏ ਦੇਖ ਕੇ ਉਹ ਕਹਿੰਦਾ ਕਿ ਆਹ ਸਮਾਨ ਮੈਨੂੰ ਦੇ ਦਿਉ ਮੈਂ ਬਾਂਦਰਾਂ ਨੂੰ ਖਿਲ਼ਾ ਦਿਆਂ ਗਾ ! ਮੈਥੋਂ ਸਮਾਨ ਲੈ ਕੇ ਉਹ ਸਕੂਟਰ ‘ਤੇ ਧੂੜ ਉਡਾਉਂਦਾ ਚਲਾ ਗਿਆ।

ਲਉ ਜੀ ਮੈਂ ਉਹਦੇ ਮਗਰ ਉਸੇ ਰਸਤੇ ਮੁੜਕੇ ਰੋਜ ਵਾਂਗ ਆਪਣੀ ਮਿੱਤਰ-ਮੰਡਲ਼ੀ ਨਾਲ਼ ਤਖਤਪੋਸ਼ ‘ਤੇ ਆ ਬੈਠਾ।ਉਨ੍ਹਾਂ ਮੈਨੂੰ ਆਉਂਦੇ ਨੂੰ ਈ ਪੁੱਛਿਆ ਅਖੇ ਰਜਾ ਆਏ ਜੀ ਬਾਂਦਰਾਂ ਨੂੰ ?

ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਕਿ ਅੱਜ ਬਾਂਦਰ ਤਾਂ ਮੈਨੂੰ ਕਿਤੇ ਨੀ ਮਿਲ਼ੇ ਪਰ ਇੱਕ ਸੱਜਣ ਸਕੂਟਰ ‘ਤੇ ਏਧਰ ਨੂੰ ਆਇਆ ਜੋ ਕਹਿੰਦਾ ਸੀ ਕਿ ਬਾਂਦਰ ਹੁਣ ਏਧਰ ਝਿੜੀ ‘ਚ ਰਹਿੰਦੇ ਆ,ਉਹ ਸਮਾਨ ਮੈਥੋਂ ਲੈ ਗਿਆ ਐ !
  ਮੰਡਲ਼ੀ ਦਾ ਇੱਕ ਦੋਸਤ ਤਾੜੀ ਮਾਰਕੇ ਹੱਸਦਿਆਂ ਕਹਿੰਦਾ-‘ਓ ਭਾਅ ਜੀ, ਆਹੀ ਭਾਈ ਜਿਹੜਾ ਹੁਣੇ ਐਥੋਂ ਸਕੂਟਰ ‘ਤੇ ਲੰਘਿਆ ਐ,ਉਹ ਤਾਂ ‘ਮਨਰੇਗਾ ਲੇਬਰ’ ਵਾਲ਼ਿਆਂ ਦਾ ਮਜ਼ਦੂਰ ਐ! ਬਾਂਦਰਾਂ ਨੂੰ ਕਿੱਥੇ ਪਾਉਣੇ ਉਹਨੇ ? ਉਹ ਤਾਂ ਕੇਲੇ ਬਰੈੱਡ ਆਪ ਹੀ ਛਕੂ………..!!’
ਇਹ ਗੱਲ ਕਹਿਣ ਵਾਲ਼ੇ ਨੂੰ ਟੋਕਦਿਆਂ ਹੋਇਆਂ ਉਹਦੇ ਨਾਲ਼ ਦਾ ਇਕ ਜਣਾ ਬੋਲਿਆ-
“ਜੇ ਤਾਂ ਬਾਈ ਜੀ ਹੋਇਆ ਉਹ ‘ਬੰਦਾ’ ਫਿਰ ਤਾਂ ਜਰੂਰ ਬਾਂਦਰਾਂ ਨੂੰ ਹੀ ਖਿਲ਼ਾਊ ! ਪਰ ਜੇ ਹੋਇਆ ‘ਬਾਂਦਰ’ ਫਿਰ ਤਾਂ ਭਾਈ ਉਹਦਾ ਹੱਕ ਬਣਦਾ ਈ ਐ ‘ਆਪਣੇ ਲਈ’ ਆਇਆ ਹੋਇਆ ਸਮਾਨ ਖਾਣ ਦਾ !!”
 ਉਹਦੀ ਗੱਲ ਤੋਂ ਮੰਡਲੀ ‘ਚ ਹਾਸੜ ਮਚ ਗਈ !

ਤਰਲੋਚਨ ਸਿੰਘ ‘ਦੁਪਾਲ ਪੁਰ’

ਤਰਲੋਚਨ ਸਿੰਘ ‘ਦੁਪਾਲ ਪੁਰ’
001-408-915-1268
tsdupalpuri@yahoo.com

Exit mobile version