ਭਗਵੰਤ ਮਾਨ ਜੀ ਪੰਜਾਬੀਆਂ ਨੂੰ ਮੂਰਖ ਬਨਾਉਣਾ ਬੰਦ ਕਰੋ !

ਪਿਛਲੇ 25 ਸਾਲਾਂ ਤੋਂ ਬਾਦਲ ਅਤੇ ਕੈਪਟਨ ਦੇ ਪਰਿਵਾਰਾਂ ਅਤੇ ਇੰਨਾਂ ਦੇ ਜੀ ਹਜ਼ੂਰੀਆਂ ਦੀ ਲੁੱਟ ਖਸੁੱਟ ਤੋਂ ਤੰਗ ਆ ਕੇ ਪੰਜਾਬੀਆਂ ਨੇ ਤੀਜੇ ਬਦਲ ਦੇ ਤੌਰ ਤੇ ਭਗਵੰਤ ਮਾਨ ਜੀ ਤੁਹਾਡੀ ਪਾਰਟੀ ਨੂੰ ਉਮੀਦ ਤੋਂ ਵੱਧ ਬਹੁਮਤ ਦੇ ਕੇ ਸੱਤਾ ਵਿੱਚ ਲਿਆਂਦਾ ਸੀ ਅਤੇ ਇਹ ਵੀ ਉਮੀਦ ਪ੍ਰਗਟ ਕੀਤੀ ਸੀ ਕਿ ਜ਼ੋ ਗੱਲਾਂ ਤੁਸੀਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਰਦੇ ਸੀ  ਉਨਾਂ ਤੇ ਪਹਿਰਾ ਦੇਵੋਗੇ ਪ੍ਰੰਤੂ ਇਹ ਗੱਲਾਂ ਪੰਜਾਬੀਆਂ ਦਾ ਭਰਮ ਹੀ ਨਿੱਕਲੀਆਂ ਕਿਉਂਕਿ ਵੋਟਾਂ ਤਾਂ ਆਮ ਘਰਾਂ ਦੇ ਕਹਿ ਕੇ ਹੀ ਲਈਆਂ ਸਨ ਪਰ ਜਦੋਂ ਕਿ ਹੁਣ ਅਸਲੀਅਤ ਵਿੱਚ ਆਮ ਵਾਲੀ ਕੋਈ ਗੱਲ ਹੀ ਨਹੀਂ 

                         ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਦੇ ਨਾਮ ਤੇ ਵੋਟਾਂ ਲਈਆਂ ਗਈਆਂ ਪ੍ਰੰਤੂ ਬੇਅਦਬੀ ਦਾ ਇਨਸਾਫ਼ ਉਸੇ ਤਰ੍ਹਾਂ ਹੀ ਖੜ੍ਹਾ ਹੈ ਭਾਵੇਂ ਤੁਹਾਡੀ ਆਪਣੀ ਪਾਰਟੀ ਦਾ ਹੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਧਾਨ ਸਭਾ ਵਿੱਚ ਚੀਖ ਚੀਖ ਕੇ ਬੇਅਦਬੀ ਦੇ ਇਨਸਾਫ ਦੀ ਮੰਗ ਕਰ ਰਿਹਾ ਹੈ ਪ੍ਰੰਤੂ ਅਫ਼ਸੋਸ ਉਸ ਦੀ ਮੰਗ ਤੇ ਵਿਧਾਨ ਸਭਾ ਵਿੱਚ ਕੁੱਝ ਮਿੰਟ ਵੀ ਉਸ ਨੂੰ ਇਸ ਮਾਮਲੇ ਬਾਰੇ ਬੋਲਣ ਲਈ ਨਹੀਂ ਦਿੱਤੇ ਗਏ  ਪਹਿਲੀਆਂ ਦੋ ਸਰਕਾਰਾਂ ਨੇ ਵੀ ਇਸ ਅਤਿ ਸੰਵੇਦਨਸ਼ੀਲ ਮੁੱਦੇ ਤੋਂ ਪਾਸਾ ਵੱਟਣਾ ਹੀ ਬਿਹਤਰ ਸਮਝਿਆ ਅਤੇ ਮੌਜੂਦਾ ਸਰਕਾਰ ਵੀ ਉਨ੍ਹਾਂ ਰਾਹਾਂ ਤੇ ਹੀ ਚੱਲ ਰਹੀ ਹੈ ਪਰ ਜੇਕਰ ਇਸ ਸਰਕਾਰ ਨੇ ਵੀ ਇਸ ਮਾਮਲੇ ਵੱਲ ਤਵੱਜੋਂ ਨਾ ਦਿੱਤੀ ਤਾਂ  ਇਸ ਸਰਕਾਰ ਦਾ ਹਾਲ ਵੀ ਪਹਿਲੀਆਂ ਸਰਕਾਰਾਂ ਵਾਲਾ ਹੀ ਹੋਵੇਗਾ 

          ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਪਿਛਲੀਆਂ ਸਰਕਾਰਾਂ ਸਿਰੇ ਦੀ ਲੁਟੇਰੀਆਂ ਸਨ ਪਰ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਜੇਕਰ ਪਿਛਲੇ 30 ਕੁ ਸਾਲਾਂ ਦੀ ਗੱਲ ਕਰ ਲਈਏ ਤਾਂ 275000 ਹਜ਼ਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਸੀ ਜੋਕਿ 9000 ਲੱਖ ਕਰੋੜ ਰੁਪਏ ਸਾਲਾਨਾ ਬਣਦਾ ਹੈ ਪਰ ਜੇਕਰ ਹੁਣ ਆਪ ਜੀ ਦੇ ਢਾਈ ਸਾਲ ਦਾ ਕਰਜ਼ਾ ਵੇਖੀਏ ਤਾਂ 100000 ਕਰੋੜ ਰੁਪਏ ਹੈ ਜੋਕਿ 40000 ਲੱਖ ਕਰੋੜ ਰੁਪਏ ਸਾਲਾਨਾ ਬਣਦਾ ਹੈ ਇਸ ਹਿਸਾਬ ਨਾਲ  ਤਾਂ ਤੁਸੀਂ ਉਨ੍ਹਾਂ ਨਾਲੋਂ ਵੀ ਵੱਡੇ ਲੁਟੇਰੇ ਸਾਬਤ ਹੋਏ 

       ਜੇਕਰ ਵਿਕਾਸ ਦੇ ਤੌਰ ਤੇ ਨਜ਼ਰ ਮਾਰੀਏ ਤਾਂ ਪਿਛਲੇ ਢਾਈ ਸਾਲਾਂ ਦੌਰਾਨ ਜ਼ਮੀਨੀ ਪੱਧਰ ਤੇ ਪਿੰਡਾਂ ਵਿੱਚ ਵਿਕਾਸ ਦੇ ਕੰਮ ਲੱਗਭਗ ਠੱਪ ਹੀ ਹਨ ਹਾਂ ਸ਼ਹਿਰਾਂ ਵਿੱਚ ਜਿੱਥੇ ਮਾੜੇ ਮੋਟੇ ਕੰਮ ਹੋਏ ਹਨ ਉਨ੍ਹਾਂ ਅੰਦਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਭ੍ਰਿਸ਼ਟਾਚਾਰ ਵੱਡੀ ਪੱਧਰ ਤੇ ਹੋਇਆ ਹੈ ਜੇਕਰ ਨਿਰਪੱਖ ਤੌਰ ਤੇ ਇੰਨਾਂ ਕੰਮਾਂ ਦੀ ਜਾਂਚ ਕਰਵਾਈ ਜਾਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ ਪਰ ਜਿੰਨਾਂ ਸਮਾਂ ਦੁੱਧ ਦੀ ਰਾਖੀ ਬਿੱਲੇ ਬੈਠਣਗੇ ਉਨ੍ਹਾਂ ਸਮਾਂ ਦੁੱਧ ਕਿਵੇਂ ਬਚੇਗਾ ਜਿਸ ਦੀ ਪ੍ਰਤੱਖ ਉਦਾਹਰਨ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫ਼ਸਰ ਦੀ ਕਾਰਗੁਜ਼ਾਰੀ ਹੀ ਚੈੱਕ ਕਰ ਲਵੋ ਕਿ ਅੱਜ ਤੱਕ ਉਸ ਕੋਲ ਕਿੰਨੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਉਸ ਨੇ ਕਿੰਨੀਆਂ ਤੇ ਕਿਹੋ ਜਿਹੀ ਕਾਰਵਾਈ ਕੀਤੀ ਹੈ 

         ਚੱਲਦੀਆਂ ਚਾਹੇ ਪਹਿਲੀਆਂ ਸਰਕਾਰਾਂ ਵੀ ਦਿੱਲੀ ਤੋਂ ਹੀ ਸਨ ਪਰ ਇੰਨਾਂ ਨਹੀਂ ਸੀ ਕਿ ਦਿੱਲੀ ਦੇ ਬੰਦੇ ਚੰਡੀਗੜ੍ਹ ਦੀਆਂ ਕੋਠੀਆਂ ਹੀ ਮੱਲ ਕੇ ਬੈਠ ਜਾਣ ਅਤੇ ਦਫਤਰਾਂ ਵਿੱਚ ਦਿੱਲੀ ਦੇ ਬੰਦੇ ਸ਼ਰੇਆਮ ਕੰਮਾਂ ਦੀ ਦੇਖ ਰੇਖ ਕਰਨ ਅਤੇ ਸਿਆਸੀ ਨਿਯੁਕਤੀਆਂ ਵੀ ਪੰਜਾਬ ਤੋਂ ਬਾਹਰਲੇ ਵਿਅਕਤੀਆਂ ਦੀਆਂ ਹੋਣ ਇੱਥੋਂ ਤੱਕ ਕਿ ਰਾਜ ਸਭਾ ਦੇ ਮੈਂਬਰ ਵੀ ਪੰਜਾਬ ਤੋਂ ਬਾਹਰਲਿਆਂ ਨੂੰ ਨਿਯੁਕਤ ਕੀਤਾ ਜਾਵੇ ਮਾਨ ਸਾਹਿਬ ਪੰਜਾਬੀਆਂ ਨੇ ਵੋਟਾਂ ਤੁਹਾਨੂੰ ਪਾਈਆਂ ਸਨ ਨਾਕਿ ਕੇਜਰੀਵਾਲ ਨੂੰ ਹਾਂ ਕੇਜਰੀਵਾਲ ਤੁਹਾਡਾ ਸੁਪਰੀਮੋ ਹੋ ਸਕਦਾ ਹੈ ਪਰ ਪੰਜਾਬੀਆਂ ਦਾ ਨਹੀਂ 

        ਮਾਨ ਸਾਹਿਬ ਸਟੇਜ ਤੇ ਸਟੇਟ ਚਲਾਉਣ ਵਿੱਚ ਬਹੁਤ ਫਰਕ ਹੁੰਦਾ ਹੈ ਹਾਂ ਤੁਸੀਂ ਸਟੇਜ ਚਲਾਉਣ ਦੇ ਮਾਹਿਰ ਜ਼ਰੂਰ ਸੀ ਪਰ ਸਟੇਟ ਚਲਾਉਣ ਦੇ ਮਾਮਲੇ ਵਿੱਚ ਤੁਸੀਂ ਬੁਰੀ ਤਰ੍ਹਾਂ ਫੇਲ੍ਹ ਹੋਏ ਹੋ ਕਿਉਂਕਿ ਸੱਤਾ ਸੰਭਾਲਣ ਤੋਂ ਪਹਿਲਾਂ ਤੁਸੀਂ ਪਹਿਲਾਂ ਵਾਲਿਆਂ ਨੂੰ ਲੁਟੇਰੇ ਕਹਿੰਦੇ ਹੁੰਦੇ ਸੀ ਜ਼ਰਾ ਦੱਸੋਗੇ ਕਿ ਉਨ੍ਹਾਂ ਵਿੱਚੋਂ ਕਿੰਨਿਆਂ ਨੂੰ ਕਾਬੂ ਕੀਤਾ ਗਿਆ ਹੈ ਸਿੰਚਾਈ ਵਿਭਾਗ ਦੇ 1000 ਕਰੋੜ ਦੇ ਘੁਟਾਲੇ ਦਾ ਕੇਸ ਦਰਜ ਹੋਏ ਨੂੰ ਸੱਤ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪ੍ਰੰਤੂ ਅਫ਼ਸੋਸ ਅਦਾਲਤਾਂ ਵਿੱਚ ਤੁਹਾਡੀ ਸਰਕਾਰ ਦੇ ਸਰਕਾਰੀ ਵਕੀਲ ਹੀ ਮੁਲਜ਼ਮਾਂ ਦੇ ਹੱਕ ਵਿੱਚ ਚੁੱਪ ਕਰ ਜਾਂਦੇ ਹਨ ਹਾਂ ਕੁਝ ਕੁ ਲੁਟੇਰਿਆਂ ਦੀਆਂ ਜਾਂਚਾਂ ਜ਼ਰੂਰ ਸ਼ੁਰੂ ਕੀਤੀਆਂ ਸਨ ਜੋਕਿ ਸ਼ਲਾਘਾਯੋਗ ਕਦਮ ਸੀ ਪਰ ਅਫ਼ਸੋਸ ਕਿ ਕੁਝ ਕੁ ਸਿਰੇ ਦੇ ਲੁਟੇਰਿਆਂ ਦੀਆਂ ਜਾਂਚਾਂ ਲੱਗਭਗ ਠੱਪ ਹੀ ਹੋ ਗਈਆਂ ਹਨ ਅਤੇ ਕੁਝ ਕੁ ਨਾਲ ਅੰਦਰਖਾਤੇ ਗਿਟਮਿਟ ਹੋਣ ਕਰਕੇ ਜਾਂਚਾਂ ਸ਼ੁਰੂ ਹੀ ਨਹੀਂ ਹੋਈਆਂ ਜਿਸ ਦੀ ਤਾਜ਼ਾ ਮਿਸਾਲ ਤੁਸੀਂ ਪਿਛਲੇ ਦਿਨੀਂ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਦੇ ਸਬੰਧ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਕੋਲ ਸੁਖਜਿੰਦਰ ਸਿੰਘ ਰੰਧਾਵਾ ਦੇ ਅਬੁਲ ਖੁਰਾਣਾ, ਕਲਾਨੌਰ ਅਤੇ ਅੰਮ੍ਰਿਤਸਰ ਵਿਖੇ ਘੁਟਾਲਿਆਂ ਦੇ ਸਬੂਤ ਹਨ ਫੇਰ ਤੁਹਾਨੂੰ ਕਾਰਵਾਈ ਕਰਨ ਤੋਂ ਰੋਕਿਆ ਕਿਸ ਨੇ ਹੈ ? ਗਿੱਦੜਬਹੇ ਜਾ ਕੇ ਰਾਜੇ ਵੜਿੰਗ ਬਾਰੇ ਬੋਲ ਆਇਉ ਕਿ ਮੇਰੇ ਕੋਲ ਇਸ ਦੀ ਬੱਸਾਂ ਦੀਆਂ ਬਾਡੀਆਂ ਵਾਲੀ ਫਾਈਲ ਹੈ ਪਰ ਤੁਸੀਂ ਕਾਰਵਾਈ ਕਰਦੇ ਕਿਉਂ ਨਹੀਂ ? ਇੰਨਾਂ ਗੱਲਾਂ ਤੋਂ ਤਾਂ ਮਾਨ ਸਹਿਬ ਇਹੀ ਜਾਪਦਾ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਲੱਗਦੀ ਹੈ ਸੋ ਮਾਨ ਸਾਹਿਬ ਪੰਜਾਬੀਆਂ ਨੂੰ ਹੋਰ ਮੂਰਖ ਨਾਂ ਬਣਾਉ ਪੰਜਾਬੀਆਂ ਨੇ ਤੁਹਾਨੂੰ ਤਾਕਤ ਲੁਟੇਰਿਆਂ ਨੂੰ ਕਾਬੂ ਕਰਨ ਲਈ ਹੀ ਦਿੱਤੀ ਸੀ ਜਾਂ ਤਾਂ ਉਹ ਲੁਟੇਰੇ ਨਹੀਂ ਹਨ ਤੁਸੀਂ ਐਵੇਂ ਝੂਠ ਬੋਲ ਰਹੇ ਹੋ ਹਾਂ ਜੇਕਰ ਉਹ ਲੁਟੇਰੇ ਹਨ ਤਾਂ ਫੇਰ ਤੁਸੀਂ ਜਾਣ ਬੁੱਝ ਕੇ ਨਹੀਂ ਫੜ ਰਹੇ ਇਸ ਬਾਰੇ ਅਸਲੀ ਗੱਲ ਦਾ ਤੁਹਾਨੂੰ ਹੀ ਪਤਾ ਹੈ ਪਰ ਲੱਗਦਾ ਹੈ ਕਿ ਪੰਜਾਬੀ ਹੁਣ ਵਾਰ ਵਾਰ ਮੂਰਖ ਨਹੀਂ ਬਣਨਗੇ ਅਤੇ ਇੰਨਾਂ ਕਾਂਗਰਸੀ ਨੇਤਾਵਾਂ ਨਾਲ ਆਪ ਜੀ ਦੇ ਅੰਦਰਖਾਤੇ ਚੱਲ ਰਹੇ ਦੋਸਤਾਨਾ ਸਬੰਧਾਂ ਨੂੰ ਵੀ ਪਛਾਨਣਗੇ    

ਹਰਮੀਤ ਸਿੰਘ ਮਹਿਰਾਜ

       ਹਰਮੀਤ ਸਿੰਘ ਮਹਿਰਾਜ harmitmehraj64@gmail.com   98786-91567

Exit mobile version