ਭਾਰਤੀਆਂ ਦੀ ਵਾਪਸੀ ਤੇ ਸ੍ਰੀ ਮੋਦੀ ਦੀ ਦੋਗਲੀ ਨੀਤੀ ਜੱਗ ਜਾਹਰ ਹੋਈ- ਕਾ: ਸੇਖੋਂ

ਬਠਿੰਡਾ, 15 ਫਰਵਰੀ,(ਬਲਵਿੰਦਰ ਸਿੰਘ ਭੁੱਲਰ) ਅਮਰੀਕਾ ਦੌਰੇ ਦੌਰਾਨ ਵਾਸਿੰਗਟਨ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੋਈ ਗੱਲਬਾਤ ਨੇ ਅਮਰੀਕਾ ਚੋਂ ਕੱਢੇ ਜਾ ਰਹੇ ਭਾਰਤੀਆਂ ਬਾਰੇ ਅਪਣਾਈ ਜਾ ਰਹੀ ਸ੍ਰੀ ਮੋਦੀ ਦੀ ਦੋਗਲੀ ਨੀਤੀ ਨੂੰ ਜੱਗ ਜਾਹਰ ਕਰ ਦਿੱਤਾ ਹੈ। ਇਹ ਇੰਕਸਾਫ਼ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕੀਤਾ।
ਕਾ: ਸੇਖੋਂ ਨੇ ਕਿਹਾ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ ਸ੍ਰੀ ਟਰੰਪ ਵੱਲੋਂ ਅਮਰੀਕਾ ਵਿੱਚ ਰਹਿੰਦੇ ਵਿਦੇਸ਼ੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸੁਰੂ ਕਰ ਦਿੱਤੀ ਗਈ ਸੀ ਅਤੇ ਭਾਰਤੀਆਂ ਨੂੰ ਹੱਥਕੜੀਆਂ ਤੇ ਬੇੜੀਆਂ ਲਾ ਕੇ ਇੱਕ ਇੱਕ ਜਹਾਜ ਭਰ ਕੇ ਭੇਜ ਦਿੱਤਾ ਸੀ। ਇਸ ਉਪਰੰਤ ਭਾਰਤ ਦੇ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਸੀ, ਪਰ ਜਦ ਸ੍ਰੀ ਮੋਦੀ ਦੇ ਅਮਰੀਕਾ ਦਾ ਦੌਰਾ ਕਰਨ ਦਾ ਪ੍ਰੋਗਰਾਮ ਬਣਿਆਂ ਤਾਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਜਾਗ ਪਈ ਸੀ। ਲੋਕ ਇਹ ਮਹਿਸੂਸ ਕਰਦੇ ਸਨ ਕਿ ਸ੍ਰੀ ਮੋਦੀ ਆਪਣੇ ਦੇਸ਼ ਦੇ ਲੋਕਾਂ ਨੂੰ ਰਾਹਤ ਦੇਣ ਅਤੇ ਉਹਨਾਂ ਨੂੰ ਦੇਸ਼ ਚੋਂ ਨਾ ਕੱਢਣ ਬਾਰੇ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਨਗੇ।

ਸੂਬਾ ਸਕੱਤਰ ਨੇ ਕਿਹਾ ਕਿ ਸ੍ਰੀ ਮੋਦੀ ਦੀ ਵਾਸਿੰਗਟਨ ਵਿਖੇ ਸ੍ਰੀ ਟਰੰਪ ਨਾਲ ਹੋਈ ਗੱਲਬਾਤ ਨੇ ਭਾਰਤ ਵਾਸੀਆਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਇਸ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਜੋ ਲੋਕ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਉਹਨਾਂ ਨੂੰ ਭਾਰਤ ਵਾਪਸ ਲੈਣ ਲਈ ਤਿਆਰ ਹੈ। ਦੂਜੇ ਪਾਸੇ ਭਾਰਤੀਆਂ ਦੀ ਹਮਦਰਦੀ ਦਿਖਾਉਂਦਿਆਂ ਕਿਹਾ ਕਿ ਅਜਿਹੇ ਲੋਕ ਆਰਥਿਕ ਹਾਲਤ ਵਿੱਚ ਸੁਧਾਰ ਕਰਨ ਦੇ ਇਰਾਦੇ ਨਾਲ ਆਪਣਾ ਦੇਸ਼ ਛੱਡ ਕੇ ਗਏ ਸਨ, ਜਿਹਨਾਂ ਨੂੰ ਗੁੰਮਰਾਹ ਕੀਤਾ ਗਿਆ ਸੀ। ਪਰ ਸ੍ਰੀ ਮੋਦੀ ਨੇ ਗੱਲਬਾਤ ਦੌਰਾਨ ਇਹਨਾਂ ਭਾਰਤੀਆਂ ਨੂੰ ਰਾਹਤ ਪਹੁੰਚਾਉਣ ਜਾਂ ਅਮਰੀਕਾ ਵਿੱਚ ਰਹਿਣ ਦੀ ਆਗਿਆ ਦੇਣ ਬਾਰੇ ਗੱਲ ਕਰਨੀ ਮੁਨਾਸਿਬ ਹੀ ਨਾ ਸਮਝੀ।
ਕਾ: ਸੇਖੋਂ ਨੇ ਕਿਹਾ ਕਿ ਭਾਰਤ ਵਾਸੀਆਂ ਨੂੰ ਉਮੀਦ ਸੀ ਕਿ ਸ੍ਰੀ ਮੋਦੀ ਭਾਰਤੀਆਂ ਨੂੰ ਅਮਰੀਕਾ ਵਿੱਚ ਨਾ ਕੱਢਣ ਬਾਰੇ ਅਮਰੀਕਨ ਰਾਸ਼ਟਰਪਤੀ ਸ੍ਰੀ ਟਰੰਪ ਤੇ ਦਬਾਅ ਬਣਾਉਣਗੇ, ਪਰ ਉਹਨਾਂ ਮਾਮਲਾ ਉਠਾਉਣ ਤੋਂ ਬਗੈਰ ਹੀ ਭਾਰਤ ਵੱਲੋਂ ਵਾਪਸ ਲੈਣ ਬਾਰੇ ਸੂਚਨਾ ਦਿੰਦਿਆਂ ਹੱਥ ਖੜੇ ਕਰ ਦਿੱਤੇ। ਇੱਥੇ ਹੀ ਬੱਸ ਨਹੀਂ ਸ੍ਰੀ ਮੋਦੀ ਦੇ ਇਸ ਦੌਰੇ ਦੌਰਾਨ ਹੀ ਅਮਰੀਕਾ ਤੋਂ ਇੱਕ ਹੋਰ ਜਹਾਜ ਭਰ ਕੇ ਭਾਰਤ ਨੂੰ ਤੋਰਿਆ ਗਿਆ। ਕਾ: ਸੇਖੋਂ ਨੇ ਕਿਹਾ ਕਿ ਇਸ ਮਾਮਲੇ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਦੋਗਲੀ ਨੀਤੀ ਪਰਤੱਖ ਕਰ ਦਿੱਤੀ ਹੈ ਅਤੇ ਭਾਰਤ ਵਾਸੀਆਂ ਦੀਆਂ ਉਮੀਦਾਂ ਖਤਮ ਕਰ ਦਿੱਤੀਆਂ ਹਨ।