ਮਟਕਣੀ ਤੋਰ ਤੁਰਨ ਵਾਲਾ ਗੀਤਕਾਰ ਹੈ, ਜਗਵਿੰਦਰ ਸਰਾਂ

ਸਰੀ (ਕੈਨੇਡਾ) ਦੇ ਸ਼ਾਂਤ ਅਤੇ ਸਾਫ ਵਾਤਾਵਰਨ ਵਰਗੇ ਹੀ ਸੁਭਾਅ ਦਾ ਮਾਲਕ ਹੈ ਗੀਤਕਾਰ ਜਗਵਿੰਦਰ ਸਰਾਂ। ਪੰਜਾਬੀ ਦੀ ਕਹਾਵਤ ‘ਪਹਿਲਾਂ ਤੋਲੋ, ਫਿਰ ਬੋਲੋ’ ਤੇ ਪਹਿਰਾ ਦਿੰਦਿਆਂ ਜਗਵਿੰਦਰ ਬੋਲਣ ਤੋਂ ਪਹਿਲਾਂ ਗਿਣ-ਮਿਣ ਕੇ ਤੇ ਫਿਰ ਚਿਣ-ਚਿਣ ਕੇ ਬੋਲਦਾ ਹੈ। ਫੋਨ ਤੇ ਗੱਲ ਕਰਦਿਆਂ ਕਿਸੇ ਅਜਨਬੀ ਨੂੰ ਉਸਦੇ ਸੁੱਘੜ ਸਿਆਣੇ ਬਾਣੀਏਂ ਹੋਣ ਦਾ ਭੁਲੇਖਾ ਪੈਂਦਾ ਹੈ। ਜਿਹੜਾ ਇਨਸਾਨ ਬੋਲਣ ਵੇਲੇ ਸ਼ਬਦਾਂ ਦਾ ਏਨਾ ਖਿਆਲ ਰੱਖਦਾ ਹੋਵੇ, ਉਸ ਦੀ ਗੀਤਕਾਰੀ ਦਾ ਮਿਆਰ ਕੀ ਹੋਵੇਗਾ, ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ।
ਜਗਵਿੰਦਰ ਸਰਾਂ ਦਾ ਜਨਮ ਮਾਤਾ ਸਵ: ਰਾਜਪਾਲ ਕੌਰ ਸਰਾਂ ਅਤੇ ਪਿਤਾ ਸਵ: ਸੋਹਣ ਸਿੰਘ ਸਰਾਂ ਦੇ ਘਰ ਪਿੰਡ ਪਤਲੀ ਜ਼ਿਲਾ ਫਿਰੋਜਪੁਰ ਵਿੱਚ ਹੋਇਆ। ਜਗਵਿੰਦਰ ਆਪਣੀ ਭੈਣ ਹਰਜੀਤ ਕੌਰ ਜੌਹਲ ਅਤੇ ਭਰਾ ਭੁਪਿੰਦਰ ਸਰਾਂ, ਹਰਜਿੰਦਰ ਸਰਾਂ ਦਾ ਵੱਡਾ ਸਤਿਕਾਰ ਯੋਗ ਵੀਰ ਹੈ। ਜਗਵਿੰਦਰ ਸਰਾਂ ਪਤਨੀ ਸਤਵਿੰਦਰ ਕੌਰ ਸਰਾਂ , ਬੇਟੀ ਸੁਪਰੀਤ ਕੌਰ ਅਤੇ ਬੇਟੇ ਅਪਰੀਤ ਸਰਾਂ ਨਾਲ ਸਰੀ ਵਿੱਚ ਖੁਸ਼ਹਾਲ ਜੀਵਨ ਬਿਤਾ ਰਿਹਾ ਹੈ।
ਜਗਵਿੰਦਰ ਸਰਾਂ ਨੇ ਸਿੱਖਿਆ ਦਾ ਸਫਰ ਪਿੰਡ ਪਤਲੀ ਤੋਂ ਸ਼ੁਰੂ ਕੀਤਾ। ਫਿਰ ਮੈਟ੍ਰਿਕ ਤੂੰਬੜਭੰਨ ਤੋਂ ਕਰਕੇ ਕਾਲਜ ਦੀ ਸਿੱਖਿਆ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਪ੍ਰਾਪਤ ਕੀਤੀ। ਉਸ ਨੇ ਸਕੂਲ ਸਮੇਂ ਸਲੇਬਸ ਦੀਆਂ ਕਿਤਾਬਾਂ ਪੜ੍ਹਨ ਦੇ ਨਾਲ ਨਾਲ ਸਾਹਿਤ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਦਸਵੀਂ-ਬਾਰਵੀਂ ਤੱਕ ਪਹੁੰਚਦਿਆਂ ਗੀਤ ਲਿਖਣੇ ਵੀ ਸ਼ੁਰੂ ਕਰ ਦਿੱਤੇ ਸਨ। ਜਗਵਿੰਦਰ ਸਰਾਂ ਦੀ ਕਲਮ ਸਮੇਂ ਸਮੇਂ ਵਾਪਰਦੀਆਂ ਘਟਨਾਵਾਂ ਨੂੰ ਗੀਤਾਂ ਵਿੱਚ ਗੁੰਦ ਦਿੰਦੀ ਹੈ। ਇਸ ਦੀਆਂ ਦੋ ਨਿੱਗਰ ਉਦਾਹਰਣਾਂ ‘ਤੇਰੇ ਲੱਛਣ ਮੋਦੀ ਵਰਗੇ’ ਅਤੇ ‘ਮਾਸਕ’ ਸਿਰਲੇਖ ਵਾਲੇ ਗੀਤ ਹਨ। ਜਗਵਿੰਦਰ ਸਰਾਂ ਦਾ ਪਹਿਲਾ ਗੀਤ (ਨਾਲ ਨੱਚਣ ਨੂੰ ਜੀ ਕਰਦਾ) ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੀ ਅਵਾਜ਼ ਅਤੇ ਚਰਨਜੀਤ ਅਹੂਜਾ ਜੀ ਦੇ ਸੰਗੀਤ ਵਿੱਚ ਰਿਕਾਰਡ ਹੋਇਆ। ਇਸ ਤੋਂ ਇਲਾਵਾ ਮੁਹੰਮਦ ਸਦੀਕ, ਅਰਵਿੰਦਰ ਸਿੰਘ, ਸਰਬਜੀਤ ਚੀਮਾ,ਏ. ਐਸ. ਤਾਰੀ, ਗੁਰਲੇਜ਼ ਅਖਤਰ, ਜੰਟਾ ਜੈਲੀ, ਸੁੱਖੀ ਲਾਲੀ ਅਤੇ ਹੋਰ ਕਲਾਕਾਰਾਂ ਦੀ ਅਵਾਜ਼ ਵਿੱਚ ਜਗਵਿੰਦਰ ਦੇ ਕਰੀਬ ਡੇਢ ਦਰਜਨ ਗੀਤ ਰਿਕਾਰਡ ਹੋ ਚੁੱਕੇ ਹਨ।ਕੁੱਝ ਗੀਤ ਉਸਨੇ ਆਪਣੀ ਅਵਾਜ਼ ਵਿੱਚ ਵੀ ਰੀਕਾਰਡ ਕਰਵਾਏ ਹਨ। ਗੀਤ ‘ਝੰਡੇ ਗੱਡਤੇ ਪੰਜਾਬੀਆਂ ਨੇ’ ਫਿਲਮ ‘ਆਪਣੀ ਬੋਲੀ ਆਪਣਾ ਦੇਸ਼’ ਦਾ ਸ਼ਿੰਗਾਰ ਬਣਿਆਂ। ਉਸ ਦੇ ਗੀਤ ਅਰਥ ਭਰਪੂਰ ਅਤੇ ਪੰਜਾਬੀਅਤ ਵਿੱਚ ਗੜੁੱਚ ਹੁੰਦੇ ਹਨ। ਜਗਵਿੰਦਰ ਸਰੀ ਦੀਆਂ ਸਾਹਿਤ ਸਭਾਵਾਂ ਵਿੱਚ ਅਕਸਰ ਹੀ ਹਾਜ਼ਰੀ ਭਰਦਾ ਮਿਲ ਜਾਂਦਾ ਹੈ। ਇਸ ਦੇ ਨਾਲ ਨਾਲ ਸਾਹਿਤ ਸਭਾ ਮੁੱਦਕੀ, ਸਾਹਿਤ ਸਭਾ ਤਲਵੰਡੀ ਭਾਈ, ਸਾਹਿਤ ਸਭਾ ਜ਼ੀਰਾ ਨਾਲ ਵੀ ਜੁੜਿਆ ਹੋਇਆ ਹੈ ਅਤੇ ਪੰਜਾਬ ਫੇਰੀ ਦੌਰਾਨ ਉਸ ਨੂੰ ਇਨਾਂ ਸਭਾਵਾਂ ਵੱਲੋਂ ਰੱਜਵਾਂ ਮਾਣ- ਸਨਮਾਨ ਵੀ ਮਿਲਦਾ ਹੈ।
ਜਗਵਿੰਦਰ ਸਰਾਂ 1992 ਵਿੱਚ ਚੰਗੇ ਭਵਿੱਖ ਲਈ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਆ ਗਏ। ਬਹੁਤੇ ਪੰਜਾਬੀਆਂ ਵਾਂਗ ਹੀ ਉਨਾਂ ਨੇ ਪਹਿਲਾਂ ਕਈ ਸਾਲ ਟਰੱਕ ਚਲਾਇਆ ਅਤੇ ਅੱਜ ਕੱਲ ਉਹ ਟਰੱਕ ਡਰਾਈਵਿੰਗ ਸਕੂਲ ਚਲਾ ਰਹੇ ਹਨ । ਨਾਲ ਨਾਲ ਕਲਮ ਵੀ ਚੱਲੀ ਜਾ ਰਹੀ ਹੈ। ਅਸੀਂ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਉਨਾਂ ਦੇ ਕਾਰੋਬਾਰ ਅਤੇ ਕਲਮ ਨੂੰ ਹੋਰ ਬੁਲੰਦੀਆਂ ਬਖ਼ਸ਼ਣ।

ਜਸਵੀਰ ਸਿੰਘ ਭਲੂਰੀਆ
ਸਰੀ, ਕੈਨੇਡਾ
+91-99159-95505

Exit mobile version