ਮਨਦੀਪ ਖੁਰਮੀ ਹਿੰਮਤਪੁਰਾ ਦੇ ਲਿਖੇ ਗੀਤ “ਅੱਤ ਤੇ ਖ਼ੁਦਾ” ਨੂੰ ਲੋਕ ਅਰਪਣ ਕਰਨ ਹਿਤ ਸਮਾਗਮ

ਸਕਾਟਲੈਂਡ: ਮਨਦੀਪ ਖੁਰਮੀ ਹਿੰਮਤਪੁਰਾ ਦੇ ਲਿਖੇ ਗੀਤ “ਅੱਤ ਤੇ ਖ਼ੁਦਾ” ਨੂੰ ਲੋਕ ਅਰਪਣ ਕਰਨ ਹਿਤ ਸਮਾਗਮ
ਧਰਮਪ੍ਰੀਤ ਦੇ ਸ਼ਾਗਿਰਦ ਜਸਟਿਨ ਸਿੱਧੂ ਤੇ ਭੰਗੜਾ ਕਿੰਗ ਲੱਖਾ ਬਰਾੜ ਨੇ ਗਾਇਆ
ਗਲਾਸਗੋ (ਪੰਜਾਬੀ ਅਖ਼ਬਾਰ ਬਿਊਰੋ) ਸਕਾਟਲੈਂਡ ਵਿੱਚ ਅਦਬੀ ਸਰਗਰਮੀਆਂ ਦੀ ਲੜੀ ਤਹਿਤ ਪੰਜ ਦਰਿਆ ਯੂਕੇ ਤੇ ਸੰਸਥਾ ਇਤਿਹਾਸ ਯੂਕੇ ਵੱਲੋਂ ਸਾਂਝੇ ਤੌਰ ‘ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਨਦੀਪ ਖੁਰਮੀ ਹਿੰਮਤਪੁਰਾ ਦੇ ਲਿਖੇ ਗੀਤ “ਅੱਤ ਤੇ ਖ਼ੁਦਾ” ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਸਮੇਂ ਬੋਲਦਿਆਂ ਜਿੰਦਰ ਸਿੰਘ ਚਾਹਲ, ਇਤਿਹਾਸ ਯੂਕੇ ਦੇ ਮੁੱਖ ਬੁਲਾਰੇ ਹਰਪਾਲ ਸਿੰਘ, ਸ਼ਾਇਰ ਗਿੱਲ ਦੋਦਾ, ਦਲਬਾਰਾ ਸਿੰਘ ਗਿੱਲ, ਰਾਣਾ ਦੁਸਾਂਝ, ਨਰਾਇਣ ਸਿੰਘ, ਵਿੱਕੀ ਸ਼ਰਮਾ, ਲੀਡਰ ਸਾਹਿਬ, ਬਿੱਟੂ ਗਲਾਸਗੋ ਆਦਿ ਬੁਲਾਰਿਆਂ ਨੇ ਗੀਤ “ਅੱਤ ਤੇ ਖ਼ੁਦਾ” ਦੇ ਲੋਕ ਅਰਪਣ ਹੋਣ ਦੀ ਸਾਰੀ ਟੀਮ ਨੂੰ ਵਧਾਈ ਪੇਸ਼ ਕੀਤੀ। ਇਸ ਸਮੇਂ ਬੋਲਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਉਦਾਸ ਗੀਤਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਮਰਹੂਮ ਗਾਇਕ ਧਰਮਪ੍ਰੀਤ ਦੇ ਸ਼ਾਗਿਰਦ ਜਸਟਿਨ ਸਿੱਧੂ ਤੇ ਭੰਗੜਾ ਕਿੰਗ ਲੱਖਾ ਬਰਾੜ ਵੱਲੋਂ ਗੀਤ ਦੇ ਬੋਲਾਂ ਨੂੰ ਜਿੰਨੀ ਖ਼ੂਬਸੂਰਤੀ ਨਾਲ ਗਾਇਆ ਹੈ, ਸਿੱਧੂ ਸਾਬ੍ਹ ਤੇ ਟਰਿਪਲ ਐੱਸ ਪ੍ਰੋਡਕਸ਼ਨ ਵੱਲੋਂ ਓਨੀ ਹੀ ਸ਼ਿੱਦਤ ਨਾਲ ਸੰਗੀਤ ਤਿਆਰ ਕੀਤਾ ਹੈ। ਇਸ ਗੀਤ ਨੂੰ ਸੰਗੀਤ ਜਗਤ ਦੀ ਝੋਲੀ ਪਾਉਣ ਲਈ ਸਮੁੱਚੀ ਦੇਖਰੇਖ ਦੀ ਜਿੰਮੇਵਾਰੀ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਜੀ ਨੇ ਤਨਦੇਹੀ ਨਾਲ ਨਿਭਾਈ। ਗੀਤ ਦੀ ਵੀਡੀਓ ਨਿਰਦੇਸ਼ਨਾ ਲਈ ਭੁਪਿੰਦਰ ਰਾਮਾ ਤੇ ਨਿਰਮਾਤਾ ਟਿਵਾਣਾ ਪ੍ਰੋਡਕਸ਼ਨ (ਸਿਕੰਦਰ ਟਿਵਾਣਾ) ਦੇ ਕੰਮ ਦੀ ਵੀ ਹਾਜਰੀਨ ਨੇ ਖੂਬ ਤਾਰੀਫ ਕੀਤੀ। ਬੁਲਾਰਿਆਂ ਨੇ ਇਸ ਗੀਤ ਦੀ ਆਮਦ ‘ਤੇ ਵਧਾਈ ਦੇਣ ਦੇ ਨਾਲ-ਨਾਲ ਅੱਗੇ ਤੋਂ ਵੀ ਅਰਥ ਭਰਪੂਰ ਗੀਤਾਂ ਦੀ ਉਮੀਦ ਪ੍ਰਗਟਾਈ।
