ਮਸ਼ਾਲਾਂ ਤੋਂ ਮੋਮ-ਬੱਤੀਆਂ ਤੱਕ

liberalthinker1621@gmail.com
ਸੰਦੀਪ ਕੁਮਾਰ-7009807121

ਸੰਦੀਪ ਕੁਮਾਰ-7009807121
liberalthinker1621@gmail.com

ਸਾਡਾ ਦੇਸ਼ ਭਾਰਤ, ਜੋ ਕਿ ਵਿਸ਼ਵ ਭਰ ਵਿੱਚ ਆਪਣੀ ਪ੍ਰਾਚੀਨ ਅਤੇ ਮਹਾਨ ਸੰਸਕ੍ਰਿਤੀ ਲਈ ਮਸ਼ਹੂਰ ਹੈ, ਸਦਾ ਤੋਂ ਹੀ ਆਪਣੇ ਸਮਾਜਿਕ, ਸਾਂਸਕ੍ਰਿਤਿਕ,ਅਤੇ ਧਾਰਮਿਕ ਅਧਾਰਾਂ ਦੀ ਮਜਬੂਤੀ ਕਾਰਨ ਵੱਡਾ ਸਨਮਾਨ ਪ੍ਰਾਪਤ ਕਰਦਾ ਆ ਰਿਹਾ ਹੈ। ਇਥੇ ਦੇ ਲੋਕਾਂ ਨੇ ਸਦੀਆਂ ਤੋਂ ਆਪਣੇ ਰਸਮਾਂ, ਰਵਾਇਤਾਂ,ਅਤੇ ਸਿਧਾਂਤਾਂ ਨੂੰ ਸੰਭਾਲ ਕੇ ਰੱਖਿਆ ਹੈ, ਅਤੇ ਇਹੀ ਕਾਰਨ ਹੈ ਕਿ ਭਾਰਤ ਨੂੰ ਵਿਸ਼ਵ ਵਿੱਚ ਇੱਕ ਮਹਾਨ ਅਤੇ ਅਨਮੋਲ ਸੰਸਕ੍ਰਿਤਿਕ ਕਦਰਾਂ-ਕੀਮਤਾਂਵਾਲੇ ਦੇਸ਼ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਸਾਡੇ ਪ੍ਰਾਚੀਨ ਗ੍ਰੰਥ, ਜਿਵੇਂ ਕਿ ਰਮਾਇਣ ਅਤੇ ਮਹਾਭਾਰਤ, ਸਿਰਫ ਕਥਾਵਾਂ ਨਹੀਂ ਹਨ, ਬਲਕਿ ਇਹ ਉਹ ਮਜਬੂਤ ਅਧਾਰ ਹਨ ਜੋ ਸਾਡੇ ਸਮਾਜ ਦੇ ਸਮਾਜਿਕ ਮੁੱਲਾਂ ਅਤੇ ਨੈਤਿਕ ਅਸੂਲਾਂ ਦਾ ਵਰਣਨ ਕਰਦੀਆਂ ਹਨ। ਇਹੀ ਕਾਰਨ ਹੈ ਕਿ ਨਾਰੀ ਦਾ ਸਨਮਾਨ ਸਾਡੇ ਸਮਾਜ ਦਾ ਇਕ ਮਹੱਤਵਪੂਰਨ ਹਿੱਸਾ ਰਿਹਾ ਹੈ। ਰਮਾਇਣ ਦੀ ਕਥਾ ਹੋਵੇ ਜਾਂ ਮਹਾਭਾਰਤ ਦੀ ਕਥਾ, ਦੋਵੇਂ ਵਿੱਚ ਨਾਰੀ ਦੇ ਸਨਮਾਨ ਨੂੰ ਪ੍ਰਮੁੱਖ ਦਰਜਾ ਦਿੱਤਾ ਗਿਆ ਹੈ। ਭਗਵਾਨ ਸ਼੍ਰੀ ਰਾਮ ਅਤੇ ਰਾਵਣ ਦੇ ਵਿਚਕਾਰ ਲੜਿਆ ਗਿਆ ਯੁੱਧ, ਜਿਹੜਾ ਕਿ ਰਮਾਇਣ ਦਾ ਕੇਂਦਰ ਹੈ, ਉਸ ਦਾ ਮੁੱਖ ਕਾਰਨ ਸੀਤਾ ਦਾ ਅਪਹਰਨ ਸੀ। ਇੱਥੇ ਇਹ ਸਮਝਣਾ ਜਰੂਰੀ ਹੈ ਕਿ ਭਗਵਾਨ ਸ਼੍ਰੀ ਰਾਮ ਨੇ ਰਾਵਣ ਦੇ ਨਾਲ ਜੰਗ ਇਸ ਲਈ ਨਹੀਂ ਲੜੀ ਕਿ ਉਸ ਨੇ ਸਿਰਫ ਭਗਵਾਨ ਸ਼੍ਰੀ ਰਾਮ ਦੀ ਪਤਨੀ ਨੂੰ ਚੁੱਕ ਲਿਆ ਸੀ, ਬਲਕਿ ਇਸ ਲਈ ਕਿ ਉਸ ਨੇ ਇੱਕ ਨਾਰੀ ਦੇ ਸਨਮਾਨ ਨੂੰ ਠੇਸ ਪਹੁੰਚਾਈ ਸੀ। ਮਹਾਂਭਾਰਤ ਵਿੱਚ ਵੀ, ਦ੍ਰੌਪਦੀ ਦੇ ਚੀਰਹਰਨ ਦੀ ਘਟਨਾ, ਜੋ ਕਿ ਇੱਕ ਨਾਰੀ ਦੇ ਸਨਮਾਨ ਨੂੰ ਸ਼ਰਮਸਾਰ ਕਰਨ ਅਤੇ ਸਵਾਵੀਮਾਨ ਨੂੰ ਠੇਸ ਪੁਹੰਚਾਉਣ ਦਾ ਪ੍ਰਤੀਕ ਸੀ, ਨੇ ਕੌਰਵਾਂ ਅਤੇ ਪਾਂਡਵਾਂ ਦੇ ਵਿਚਕਾਰ ਵੱਡੇ ਯੁੱਧ ਨੂੰ ਜਨਮ ਦਿੱਤਾ।ਪਰ ਇਹਨਾਂ ਸਭਨਾਂ ਤੋਂ ਪਰੇ, ਅੱਜ ਦੇ ਸਮਾਜ ਦੀ ਹਾਲਤ ਕੁਝ ਹੋਰ ਹੀ ਬਿਆਨ ਕਰਦੀ ਹੈ। ਇਸਤਰੀਆਂ,ਬੱਚੀਆਂ ਨਾਲ ਬਲਾਤਕਾਰ,ਛੇੜ-ਛਾੜ,ਕੁੱਟ- ਮਾਰ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਲੀਲ ਕਰਨਾ,ਮਾਨ-ਸਨਮਾਨ ਨੂੰ ਠੇਸ ਪੁਹੰਚਾਉਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਅੱਜ ਅਸੀਂ ਉਹਨਾਂ ਸਮਾਜਿਕ ਮੁੱਲਾਂ ਤੋਂ ਦੂਰ ਹੋ ਚੁੱਕੇ ਹਾਂ, ਜਿਨ੍ਹਾਂ ਨੂੰ ਸਾਡੀਆਂ ਪੁਰਾਤਨ ਕਥਾਵਾਂ ਵਿਚ ਵਿਸ਼ੇਸ਼ ਮਹਤੱਤਾ ਦਿੱਤੀ ਗਈ ਸੀ। ਪੁਰਾਣੇ ਸਮੇਂ ਵਿੱਚ, ਜਿੱਥੇ ਕਿਸੇ ਸਮੇਂ ਇਸਤਰੀ ਦੇ ਸਨਮਾਨ ਦੀ ਗੱਲਾਂ ਹੁੰਦੀਆਂ ਸਨ, ਉਥੇ ਹੁਣ ਵਹਿਸ਼ੀਪੁਣੇ ਤੇ ਦਰਿੰਦਗੀ ਦੀ ਹਵਾ ਚੱਲ ਰਹੀ ਹੈ।

ਇਸਤਰੀ ਦੇ ਸਨਮਾਨ ਨੂੰ ਜੋ ਮਹੱਤਵ ਸਾਡੇ ਪੁਰਖਿਆਂ ਨੇ ਦਿੱਤਾ ਸੀ, ਉਹ ਅੱਜ ਦੇ ਸਮਾਜ ਵਿੱਚ ਲਗਾਤਾਰ ਘਟ ਰਿਹਾ ਹੈ। ਅਸੀਂ ਇੱਕ ਅਜਿਹੇ ਮੋੜ ‘ਤੇ ਆ ਗਏ ਹਾਂ ਜਿੱਥੇ ਨਾਰੀ ਦੇ ਸਨਮਾਨ ਨੂੰ ਲੁੱਟਿਆ ਜਾਂਦਾ ਹੈ, ਅਤੇ ਸਾਡੇ ਕੋਲ ਇਸਦੀ ਨਿੰਦਾ ਕਰਨ ਅਤੇ ਇਨਸਾਫ ਪ੍ਰਾਪਤ ਕਰਨ ਲਈ ਸਿਰਫ ਮੋਮਬਤੀਆਂ ਜਲਾਉਣ ਦਾ ਸਾਧਨ ਹੀ ਬਚਿਆ ਹੈ। ਸਾਡਾ ਭਾਰਤੀ ਸਮਾਜ ਜੋ ਕਿ ਮਸ਼ਾਲਾਂ ਦੇ ਰੂਪ ਵਿੱਚ ਕ੍ਰਾਂਤੀ ਤੇ ਇਨਸਾਫ ਦੀ ਲੜਾਈ ਲਈ ਮਸ਼ਾਲਾਂ ਨੂੰ ਹਮੇਸ਼ਾ ਹਥਿਆਰ ਦੇ ਰੂਪ ਵਿੱਚ ਵਰਤਦਾ ਸੀ,ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਾਡਾ ਭਾਰਤੀ ਸਮਾਜ ਮਸ਼ਾਲਾਂ ਤੋਂ ਮੋਮਬੱਤੀਆਂ ਨਾਲ ਇਨਸਾਫ ਦੀ ਉਮੀਦ ਕਰਨ ਵਾਲਾ ਨਿਪੁੰਸਕ ਸਮਾਜ ਬਣ ਗਿਆ। ਇਹ ਸਮਾਜਿਕ ਹਾਲਤ ਇੱਕ ਵੱਡੀ ਤਰਾਸਦੀ ਨੂੰ ਜਨਮ ਦੇ ਰਹੀ ਹੈ, ਜਿਸਦੇ ਵਿੱਚ ਜ਼ੁਲਮ, ਵਹਿਸ਼ੀਪੁਣੇ ਅਤੇ ਦਰਿੰਦਗੀ ਦਾ ਕਾਲ ਚੱਕਰ ਹੁਣ ਹਮੇਸ਼ਾ ਜ਼ਰੂਰਤਮੰਦ ਦੀ ਅਵਾਜ਼ ਨੂੰ ਦਬਾ ਰਿਹਾ ਹੈ। ਅੱਜ ਅਸੀਂ ਮਸ਼ਾਲਾਂ ਨੂੰ ਛੱਡ ਕੇ ਮੋਮਬਤੀਆਂ ਜਗਾਉਣ ਦੀ ਸ਼ਕਲ ‘ਚ ਆਪਣਾ ਇਨਸਾਫ ਮੰਗ ਰਹੇ ਹਾਂ। ਇਹ ਕਿਹਾ ਜਾ ਸਕਦਾ ਹੈ ਕਿ ਜਿਸ ਸਥਿਤੀ ਵਿੱਚ ਅਸੀਂ ਕਦੇ ਮਸ਼ਾਲਾਂ ਲੈ ਕੇ ਨਾਰੀ ਦੇ ਅਪਮਾਨ ਦਾ ਵਿਰੋਧ ਕਰਦੇ ਸਨ, ਅੱਜ ਅਸੀਂ ਮੋਮਬਤੀਆਂ ਨਾਲ ਉਸਦੇ ਇਨਸਾਫ ਦੀ ਅਰਦਾਸ ਕਰਦੇ ਨਜ਼ਰ ਆਉਂਦੇ ਹਾਂ। ਇਹ ਕਥਨ ਇਸ ਅਸਲੀਅਤ ਨੂੰ ਬਿਆਨ ਕਰਦਾ ਹੈ ਕਿ ਅਸੀਂ ਕਿਵੇਂ ਵੱਡੇ ਯੋਧਿਆਂ ਦੀ ਧਰਤੀ ਤੋਂ ਬੇਬਸੀ ਦੇ ਹਲਾਤਾਂ ਤਕ ਪੁੱਜ ਗਏ ਹਾਂ। ਇਸ ਜ਼ੁਲਮ, ਵਹਿਸ਼ੀਪੁਣੇ, ਦਰਿੰਦਗੀ ਅਤੇ ਅਪਮਾਨ ਨੂੰ ਬਰਸਾਸ਼ਤ ਕਰਨ ਦੀ ਆਦਤ ਸਾਡੇ ਭਾਰਤੀ ਸਮਾਜ ਦੇ ਅੰਦਰ ਇੱਕ ਗਹਿਰੀ ਬਿਮਾਰੀ ਦੀ ਨਿਸ਼ਾਨੀ ਹੈ। ਇਸ ਬਿਮਾਰੀ ਨੇ ਸਾਡੇ ਵਿਚਲੇ ਸੂਰਵੀਰਾਂ ਨੂੰ ਦਿਲੋਂ ਕਮਜ਼ੋਰ ਕਰ ਦਿੱਤਾ ਹੈ। ਅੱਜ ਜਦੋਂ ਬੰਗਾਲ ਵਿੱਚ ਜੂਨੀਅਰ ਡਾਕਟਰ ਮੋਮੀਤਾ ਦੇਵਨਾਥ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਬਲਾਤਕਾਰ ਕਰਨ ਉਪਰੰਤ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਇਸ ਅਮਾਨਵੀ ਘਟਨਾ ਨੇ ਪੂਰੇ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਸੱਤਾ ਦੇ ਲਾਲਚ ਵਿੱਚ ਉਥੋਂ ਦੀ ਮਹਿਲਾ ਮੁੱਖ ਮੰਤਰੀ ਨੇ ਵੀ ਇਸ ਅਮਾਨਵੀ ਘਟਨਾ ਪ੍ਰਤੀ ਸੰਜੀਦਗੀ ਨਾਲ ਕੋਈ ਕਾਰਵਾਈ ਨਾ ਕੀਤੀ। ਪਰ ਲੱਖਾਂ ਲੋਕ ਮੋਮਬੱਤੀਆਂ ਦੇ ਸਹਾਰੇ ਸਹੀ ਇਨਸਾਫ ਮਿਲਣ ਦੇ ਯਕੀਨ ਵਿੱਚ ਸੜਕਾਂ ‘ਤੇ ਧਰਨੇ- ਪ੍ਰਦਰਸ਼ਨ ਕਰ ਰਹੇ ਹਨ, ਕਿਉਂਕਿ ਅੱਜ ਦਾ ਸਮਾਜ ਮਸ਼ਾਲਾਂ ਦੀ ਥਾਂ ਮੋਮਬਤੀਆਂ ਜਲਾਉਣ ਵਿੱਚ ਹੀ ਇਨਸਾਫ ਦੀ ਪ੍ਰਾਪਤੀ ਸਮਝਦਾ ਹੈ। ਇਹ ਸਮਾਜਕ ਤਬਦੀਲੀ ਸਿਰਫ ਇਸ ਗੱਲ ਦੀ ਸੰਕੇਤ ਹੈ ਕਿ ਅਸੀਂ ਕਿਵੇਂ ਆਪਣੀਆਂ ਜੜ੍ਹਾਂ ਨੂੰ ਛੱਡਕੇ ਪੱਛਮੀ ਸੰਸਕ੍ਰਿਤੀ ਦੀ ਚਮਕ-ਦਮਕ ‘ਚ ਗੁੰਮ ਹੋ ਚੁਕੇ ਹਾਂ। ਸਾਨੂੰ ਇਸ ਗੱਲ ‘ਤੇ ਸੋਚਣ ਦੀ ਲੋੜ ਹੈ ਕਿ ਕਿਉਂ ਅਸੀਂ ਇਹਨਾਂ ਹਾਲਾਤਾਂ ਤੱਕ ਆ ਗਏ ਹਾਂ ? ਕੀ ਇਹ ਸਾਡੇ ਆਪਣੇ ਅੰਦਰਲੇ ਨੈਤਿਕ ਅਸੂਲਾਂ ਦੀ ਕਮੀ ਹੈ ਜਾਂ ਪੱਛਮੀ ਸੰਸਕ੍ਰਿਤੀ ਦੇ ਪ੍ਰਭਾਵ ਦਾ ਨਤੀਜਾ ? ਕਿਉਂਕਿ ਜਦੋਂ ਸਾਡੇ ਪੁਰਖਿਆਂ ਨੇ ਨਾਰੀ ਦੇ ਸਨਮਾਨ ਦੀ ਰੱਖਿਆ ਲਈ ਯੁੱਧ ਲੜੇ, ਤਾਂ ਅੱਜ ਦੇ ਸਮਾਜ ਨੇ ਕਿਵੇਂ ਮੋਮਬਤੀਆਂ ਨਾਲ ਇਨਸਾਫ ਲੈਣ ਨੂੰ ਆਪਣਾ ਹਥਿਆਰ ਬਣਾ ਲਿਆ ? ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਸੰਸਕ੍ਰਿਤੀ ਅਤੇ ਪੂਰਬੀ ਮੁੱਲਾਂ ਨੂੰ ਮੁੜ ਜ਼ਿੰਦਾ ਕਰੀਏ ਅਤੇ ਸਮਾਜ ਵਿੱਚ ਨਾਰੀ ਦੇ ਸਨਮਾਨ ਨੂੰ ਦੁਬਾਰਾ ਉਹੀ ਮਹੱਤਵ ਦੇਈਏ ਜਿਹੜਾ ਸਾਡੇ ਪੁਰਖਿਆਂ ਨੇ ਦਿੱਤਾ ਸੀ। ਸਾਨੂੰ ਫਿਰ ਮਸ਼ਾਲਾਂ ਨੂੰ ਅਪਣਾਉਣਾ ਪਵੇਗਾ, ਇਨਸਾਫ ਲਈ ਮੋਮਬਤੀਆਂ ਦੀ ਥਾਂ ਸੱਚਾ ਦਿਲ ਅਤੇ ਹੌਂਸਲਾ ਚਾਹੀਦਾ ਹੈ। ਇਸਤਰੀ ਦੇ ਸਨਮਾਨ ਲਈ ਸਾਨੂੰ ਦੁਬਾਰਾ ਉਹੀ ਸੂਰਵੀਰ ਯੋਧੇ ਬਣਨ ਦੀ ਲੋੜ ਹੈ ਜਿਹੜੇ ਸਾਡੇ ਭਾਰਤੀ ਸਮਾਜ ਦਾ ਮੂਲ ਅਧਾਰ ਹਨ। ਇਹ ਸਮਾਜਿਕ ਤਰਾਸਦੀ ਸਾਨੂੰ ਵਾਰ-ਵਾਰ ਯਾਦ ਦਿਵਾਉਂਦੀ ਹੈ ਕਿ ਸਾਨੂੰ ਕਿਵੇਂ ਅਪਣੇ ਭੂਲੇ ਰਸਤੇ ਨੂੰ ਪਛਾਣ ਕੇ ਉਸ ਨੂੰ ਦੁਬਾਰਾ ਅਪਣਾਉਣ ਦੀ ਜ਼ਰੂਰਤ ਹੈ। ਸਾਡਾ ਭਾਰਤ ਜੋ ਕਿ ਇੱਕ ਸਮਾਜਿਕ ਅਤੇ ਸਾਂਸਕ੍ਰਿਤਿਕ ਮਹਾਨਤਾ ਵਾਲਾ ਦੇਸ਼ ਹੈ, ਅਸੀਂ ਉਸਦੇ ਸਮਾਜਿਕ ਅਤੇ ਨੈਤਿਕ ਅਧਾਰਾਂ ਨੂੰ ਅਗਰ ਮੁੜ ਸੁਰਜੀਤ ਕਰਨਾ ਹੈ ਤਾਂ ਮੋਮਬੱਤੀਆਂ ਨੂੰ ਛੱਡਕੇ ਦੁਬਾਰਾ ਮਸ਼ਾਲਾਂ ਨੂੰ ਅਖਤਿਆਰ ਕਰਨਾ ਪਵੇਗਾ ਤਾਂ ਜੋ ਨਾਰੀ ਨਾਲ ਹੋਣ ਵਾਲੇ ਅਤਿਆਚਾਰ ਦਾ ਖਾਤਮਾ ਕਰਕੇ ਉਸ ਦਾ ਆਤਮ ਸਨਮਾਨ ਬਹਾਲ ਕੀਤਾ ਜਾ ਸਕੇ।

Exit mobile version