ਜੇ ਆਪਾ ਮਾਂਵਾਂ ਦੇ ਖਾਸ ਦਿਨ ਦੀ ਗੱਲ ਕਰੀਏ ਤਾਂ ਮੈਨੂੰ ਨੀ ਲੱਗਦਾ ਕਿ ਕੋਈ ਵੀ ਦਿਨ ਮਾਂ ਤੋਂ ਬਿਨਾ ਪੂਰਾ ਹੈ । ਪਰ ਫਿਰ ਵੀ ਜੇ ਗੋਰਿਆਂ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਹ ਮਈ ਮਹੀਨੇ ਦੀ 8 ਤਾਰੀਕ ਨੂੰ ਮਾਂ ਦੇ ਖਾਸ ਦਿਨ ਵਜੋ ਹਰ ਸਾਲ ਬੜੀ ਧੂਮਧਾਮ ਨਾਲ ਮਨਾਉਂਦੇ ਹਨ । ਜੋ ਕਿ ਇੱਕ ਬਹੁਤ ਵਧੀਆ ਗੱਲ ਹੈ। ਹੁਣ ਤਾਂ ਆਪਣੇ ਪੰਜਾਬੀ ਸੱਭਿਆਚਾਰ ਵਿੱਚ ਵੀ ਬਹੁਤ ਸਾਰੇ ਲੋਕ ਇਸ ਦਿਨ ਨੂੰ ਇੱਕ ਖਾਸ ਦਿਨ ਵਜੋਂ ਮਨਾਉਂਦੇ ਹਨ । ਮਾਂਵਾਂ ਦੇ ਇਸ ਖਾਸ ਦਿਨ ਵਾਲੇ ਦਿਨ ਸਾਰੇ ਬੱਚੇ ਆਪਣੇ ਆਪਣੇ ਢੰਗ ਨਾਲ ਆਪਣੀ ਆਪਣੀ ਮਾਂ ਨੂੰ ਖੁਸ਼ ਕਰਦੇ ਹਨ। ਕੋਈ ਉਹਨਾਂ ਨੂੰ ਉਹਨਾਂ ਦੀ ਪਸੰਦ ਦੇ ਕੱਪੜੇ ਲਿਆ ਕੇ ਦਿੰਦਾ , ਕੋਈ ਉਹਨਾਂ ਦੀ ਪਸੰਦ ਦਾ ਖਾਣਾ ਬਣਾ ਕੇ ਦਿੰਦਾ ਤੇ ਕਈ ਹੋਰ ਕੀਮਤੀ ਤੋਹਫ਼ੇ ਆਪਣੀ ਮਾਤਾ ਨੂੰ ਇਸ ਦਿਨ ਭੇਂਟ ਕਰਦੇ ਹਨ। ਅੱਜ ਵਾਲਾ ਆਪਣਾ ਇਹ ਆਰਟੀਕਲ ਸਾਰੀਆਂ ਰੱਬ ਵਰਗੀਆਂ ਉਹਨਾਂ ਮਾਂਵਾਂ ਨੂੰ ਸਮਰਪਿਤ ਹੈ ।ਮਾਂ ਦੀ ਸਿਫ਼ਤ ਬਹੁਤ ਸਾਰੇ ਸਾਹਿਤਕਾਰਾ, ਕਲਾਕਾਰਾਂ ਤੇ ਗੀਤਕਾਰਾਂ ਨੇ ਆਪਣੇ ਆਪਣੇ ਸ਼ਬਦਾਂ ਰਾਹੀ ਬਹੁਤ ਵਧੀਆ ਢੰਗ ਨਾਲ ਕੀਤੀ ਹੈ । ਵੈਸੇ ਤਾਂ ਮੇਰੀ ਕਲਮ ਵਿੱਚ ਇਨੀ ਤਾਕਤ ਨਹੀਂ ਕਿ ਮੈਂ ਮਾਂ ਦੀ ਆਪਣੇ ਸ਼ਬਦਾਂ ਵਿੱਚ ਸਿਫ਼ਤ ਕਰ ਸਕਾ ਪਰ ਫਿਰ ਵੀ ਇੱਕ ਨਿਮਾਣਾ ਆਪਣੇ ਵੱਲੋਂ ਮਾਂਵਾਂ ਦੀ ਸਿਫ਼ਤ ਵਿੱਚ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ।ਮਾਂ ਮਮਤਾ ਦਾ ਉਹ ਬੂਟਾ ਜਿਸ ਅੱਗੇ ਸਭ ਕੁਝ ਹੀ ਫਿੱਕਾ ਪੈ ਜਾਂਦਾ ਹੈ । ਮਾਂ ਰੱਬ ਦਾ ਦੂਜਾ ਰੂਪ ਹੈ । ਮਾਂ ਦਾ ਦੇਣ ਆਪਾ ਕਿਸੇ ਜਨਮ ਵਿੱਚ ਵੀ ਨਹੀਂ ਦੇ ਸਕਦੇ । ਉਹ ਬਹੁਤ ਕਰਮਾਂ ਵਾਲੇ ਇਨਸਾਨ ਹੁੰਦੇ ਹਨ ਜਿੰਨਾ ਨੂੰ ਮਾਤਾ ਪਿਤਾ ਦਾ ਪਿਆਰ ਮਿਲਦਾ ਹੈ ਤੇ ਉਹ ਰੱਬ ਵੱਲੋਂ ਬਖ਼ਸ਼ੀ ਜ਼ਿੰਦਗੀ ਆਪਣੇ ਮਾਂ ਬਾਪ ਨਾਲ ਗੁਜ਼ਾਰਦੇ ਹਨ ਤੇ ਉਹ ਮਾਤਾ ਪਿਤਾ ਵੀ ਬਹੁਤ ਕਰਮਾਂ ਵਾਲੇ ਹੁੰਦੇ ਹਨ ਜਿੰਨਾ ਦੇ ਬੱਚੇ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣਦੇ ਹਨ। ਹਰ ਮਾਂ ਪਿਓ ਦੀ ਇਹੀ ਇੱਛਾ ਹੁੰਦੀ ਕਿ ਉਹਨਾਂ ਦੀ ਔਲਾਦ ਕਿਸੇ ਪੱਖੋਂ ਵੀ ਦੁਖੀ ਨਾ ਹੋਵੇ । ਹਰ ਮਾਂ ਪਿਓ ਆਪਣੀ ਔਕਾਤ ਨਾਲ਼ੋਂ ਵੱਧ ਕੇ ਆਪਣੇ ਬੱਚਿਆਂ ਦਾ ਕਰਦਾ ਹੈ । ਮੇਰੀ ਹਰ ਬੱਚੇ ਅੱਗੇ ਇਹੀ ਬੇਨਤੀ ਹੈ ਕਿ ਆਪਣੇ ਮਾਂ ਬਾਪ ਜਿੰਨਾ ਵੀ ਵੱਧ ਤੋਂ ਵੱਧ ਖੁਸ਼ ਰੱਖ ਸਕਦੇ ਹੋ ਰੱਖੋ । ਜਿਵੇਂ ਮੱਖਣ ਬਰਾੜ ਦੀਆਂ ਲਿਖੀਆਂ ਹੋਈਆਂ ਲਾਈਨਾਂ ਗਿੱਲ ਹਰਦੀਪ ਜੀ ਨੇ ਆਪਣੇ ਗੀਤ ਵਿੱਚ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀਆਂ ਕਿ
ਸਾਂਭ ਲਓ ਮਾਪੇ ,ਮਿਲੂ ਰੱਬ ਆਪੇ
ਕਿਤੇ ਭੱਜਣ ਦੀ ਲੋੜ ਨਹੀਂਇਹਨਾਂ ਸਤਰਾਂ ਦਾ ਇਹੀ ਭਾਵ ਹੈ ਕਿ ਜਿੰਨਾ ਨੇ ਆਪਣੇ ਮਾਪੇ ਖੁਸ਼ ਕਰ ਲਏ ਉਹਨਾਂ ਨੇ ਰੱਬ ਖੁਸ਼ ਕਰ ਲਿਆ । ਜੇ ਆਪਣੇ ਮਾਪੇ ਘਰੇ ਦੁਖੀ ਹਨ ਤਾਂ ਸਾਡੇ ਟੇਕੇ ਮੱਥੇ , ਸਾਰੇ ਤੀਰਥ ਅਸਥਾਨਾਂ ਤੇ ਜਾਣਾ ਅਸਫਲ ਹੈ । ਮਾਂ ਜਦੋਂ 9 ਮਹੀਨੇ ਆਪਣੇ ਬੱਚੇ ਨੂੰ ਪੇਟ ਵਿੱਚ ਰੱਖਦੀ ਹੈ ਤਾਂ ਉਹ ਸਾਰਾ ਕੁਝ ਭੁੱਲ ਆਪਣੇ ਹੋਣ ਵਾਲੇ ਬੱਚੇ ਤੇ ਹੀ ਕੇਂਦਰਿਤ ਕਰਦੀ ਹੈ । ਉਹਦਾ ਉਹ ਚਿਹਰਾ ਨਹੀਂ ਰਹਿੰਦਾ , ਉਹ ਕੋਈ ਹਾਰ ਸ਼ਿੰਗਾਰ ਨਹੀਂ ਕਰਦੀ । ਇਸਦੇ ਨਾਲ ਹੀ ਜਣੇਪੇ ਤੱਕ ਜਾਂਦਿਆਂ ਮਾਂ ਨੂੰ ਬਹੁਤ ਸਾਰੀਆਂ ਦੁੱਖ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾਂ ਹੈ ਜਿੰਨਾ ਨੂੰ ਖਿੜੇ ਮੱਥੇ ਸਵੀਕਾਰ ਕਰਦੀ ਤੇ ਹਮੇਸ਼ਾ ਆਪਣੀ ਔਲਾਦ ਦੀ ਤੰਦਰੁਸਤੀ ਦੀ ਅਰਦਾਸ ਕਰਦੀ ਹੈ । ਸਾਰੀ ਉਮਰ ਆਪਣੇ ਬੱਚਿਆਂ ਦੇ ਫ਼ਿਕਰ ਵਿੱਚ ਕੱਢ ਦਿੰਦੀ ਹੈ । ਬਹੁਤ ਸਾਰੀਆਂ ਧੁੱਪਾਂ ਛਾਵਾਂ ਆਪਣੇ ਸਰੀਰ ਤੇ ਸਹਿੰਦੀ ਹੈ ਪਰ ਕਦੇ ਆਪਣੇ ਬੱਚਿਆਂ ਨੂੰ ਆਪਣਾ ਦੁੱਖ ਮਹਿਸੂਸ ਨਹੀਂ ਹੋਣ ਦਿੰਦੀ ।ਮਾਂ ਦੀ ਸਿਫ਼ਤ ਲਈ ਲਈ ਸ਼ਬਦਾਂ ਦੀ ਕਮੀ ਨਹੀਂ ।ਬੱਸ ਆਰਟੀਕਲ ਨੂੰ ਜ਼ਿਆਦਾ ਲੰਬਾ ਨਾ ਕਰਦੇ ਹੋਏ ਇੰਨੇ ਸ਼ਬਦਾਂ ਨਾਲ ਹੀ ਤੁਹਾਡੇ ਕੋਲ਼ੋਂ ਆਗਿਆ ਲੈੰਦਾ ਹਾਂ ਤੇ ਨਾਲ ਹੀ ਉਸ ਅਕਾਲ ਪੁਰਖ , ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਸਾਰਿਆਂ ਮਾਂਵਾਂ ਭਲਾ ਉਹ ਜਿੱਥੇ ਮਰਜ਼ੀ ਬੈਠੀਆਂ ਤੰਦਰੁਸਤ , ਆਬਾਦ ਤੇ ਹਮੇਸ਼ਾ ਹੱਸਦੀਆਂ ਵੱਸਦੀਆਂ ਰਹਿਣ ।
ਗੁਰਜੀਤ ਗਿੱਲ