ਮਾਂ ਬੋਲੀ ਦਿਵਸ ਮੌਕੇ ਕੱਢਿਆ ਚੇਤਨਾ ਮਾਰਚ, ਧਾਰਮਿਕ ਇੱਕਜੁਟਤਾ ਨਾਲ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਾਗਰਿਤ ਕਰਨ ਦਾ ਸੁਨੇਹਾ ਦੇ ਗਿਆ

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਵਾਇਸ ਆਫ ਮਾਨਸਾ ਵੱਲੋਂ ਕੱਢਿਆ ਚੇਤਨਾ ਮਾਰਚ ਮਾਰਚ, ਧਾਰਮਿਕ ਇੱਕਜੁਟਤਾ ਨਾਲ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਾਗਰਿਤ ਕਰਨ ਦਾ ਸੁਨੇਹਾ ਦੇ ਗਿਆ
ਅੰਤਰਰਾਸ਼ਟਰੀ ਪੱਧਰ ਦੀਆਂ ਸਖਸ਼ੀਅਤਾਂ ਸ਼ਾਮਿਲ ਹੋਈਆਂ

ਮਾਨਸਾ (ਪੰਜਾਬੀ ਅਖ਼ਬਾਰ ਬਿਊਰੋ ) ਵਾਇਸ ਆਫ ਮਾਨਸਾ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਲੋਕਾਂ ਨੂੰ ਜਾਗਰਿਤ ਕਰਨ ਲਈ ਸ਼ਹਿਰ ਦੀ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਸਾਰੇ ਬਾਜ਼ਾਰ ਵਿੱਚੋਂ ਦੀ ਹੁੰਦੇ ਹੋਏ ਬੱਸ ਸਟੈਂਡ ਤੱਕ ਕੱਢਿਆ ਗਿਆ ਚੇਤਨਾ ਮਾਰਚ ਵੱਖ ਵੱਖ ਧਰਮਾਂ ਫਿਰਕਿਆਂ ਦੀ ਸ਼ਮੂਲੀਅਤ ਨਾਲ ਧਾਰਮਿਕ ਇਕਜੁੱਟਤਾ ਦਾ ਸੁਨੇਹਾ ਦਿੰਦਾ ਹੋਇਆ, ਮਾਂ ਬੋਲੀ ਪ੍ਰਤੀ ਲੋਕਾਂ ਦੀ ਚੇਤਨਾ ਜਗਾਉਣ ਵਿਚ ਕਾਮਯਾਬ ਰਿਹਾ। ਕਨੇਡਾ ਤੋਂ ਛਪਦੇ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਹਰਬੰਸ ਬੁੱਟਰ, ਮੁਸਲਿਮ ਫਰੰਟ ਦੇ ਹੰਸਰਾਜ ਮੋਫਰ, ਸਨਾਤਨ ਧਰਮ ਸਭਾ ਦੇ ਪ੍ਰਧਾਨ , ਰਾਧੇ ਰਾਧੇ ਕੀਰਤਨ ਮੰਡਲੀ ਦੇ ਮੈਡਮ ਅਨਾਮਿਕਾ, ਐਸ ਡੀ ਕਾਲਜ ਮਾਨਸਾ ਦੀ ਪ੍ਰਿੰਸੀਪਲ ਮਧੂ ਸ਼ਰਮਾ, ਸੋਸ਼ਲਿਸਟ ਪਾਰਟੀ ਦੇ ਹਰਿੰਦਰ ਮਾਨਸ਼ਾਹੀਆ ਅਤੇ ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ: ਜਨਕ ਰਾਜ ਸਿੰਗਲਾ ਵੱਲੋਂ ਮਸ਼ਾਲਾਂ ਜਗਾ ਕੇ ਇਸ ਮਾਰਚ ਦੀ ਸ਼ੁਰੂਆਤ ਕੀਤੀ ਗਈ।

ਮਾਨਸਾ ਇਲਾਕੇ ਦਾ ਪੰਜਾਬੀ ਸੰਗੀਤ ਜਗਤ ਵਿੱਚ ਵੱਡਾ ਨਾਮ ਕਰਨ ਵਾਲੇ ਅਸ਼ੋਕ ਬਾਂਸਲ ਮਾਨਸਾ ਨੇ ਸਕੂਲਾਂ ਵਿੱਚ ਪੰਜਾਬੀ ਨੂੰ ਸਕੂਲਾਂ ਵਿੱਚ ਲਾਜ਼ਮੀ ਤੌਰ ਤੇ ਲਾਗੂ ਕੀਤੇ ਜਾਣ ਲਈ ਸਰਕਾਰ ਨੂੰ ਅਪੀਲ ਕੀਤੀ। ਪ੍ਰਵਾਸੀ ਪੰਜਾਬੀ ਹਰਬੰਸ ਬੁੱਟਰ ਨੇ ਕਿਹਾ ਕਿ ਪੰਜਾਬ ਵਿੱਚ ਸਰਵ ਧਰਮ ਦੇ ਲੋਕਾਂ ਵੱਲੋਂ ਪੰਜਾਬੀ ਲਈ ਸੜਕਾਂ ਤੇ ਉਤਰਨਾ ਆਪਣੇ ਆਪ ਵਿੱਚ ਮਾਂ ਬੋਲੀ ਦੇ ਵਿਕਾਸ ਲਈ ਵੱਡਾ ਇਤਿਹਾਸਿਕ ਕਦਮ ਹੈ ਅਤੇ ਸਮੂਹ ਮਾਨਸਾ ਵਾਸੀ ਇਸ ਲਈ ਵਧਾਈ ਦੇ ਪਾਤਰ ਹਨ। ਉਹਨਾਂ ਇਸ ਗੱਲ ਉੱਪਰ ਵੀ ਜ਼ੋਰ ਦਿੱਤਾ ਕਿ ਜਦੋਂ ਵੀ ਤੁਸੀਂ ਕਿਸੇ ਦੁਕਾਨ ਜਾਂ ਕਿਸੇ ਅਦਾਰੇ ਕੋਲ ਜਾਂਦੇ ਹੋ ਤਾਂ ਆਪਣੀ ਗੱਲਬਾਤ ਪੰਜਾਬੀ ਜ਼ੁਬਾਨ ਵਿੱਚ ਹੀ ਕਰਨ ਦੀ ਕੋਸਿ਼ਸ਼ ਕਰਿਆ ਕਰੋ। ਝੇਕਰ ਉਹਨਾਂ ਨੇ ਹਾਲੇ ਤੱਕ ਆਪਣਾ ਕੰਮਕਾਜ ਜਾਂ ਦੁਕਾਨ ਦੇ ਬੋਰਡ ਪੰਜਾਬੀ ਵਿੱਚ ਨਹੀਂ ਲਿਖੇ ਤਾਂ ਇੱਕ ਬਾਰ ਜਰੂਰ ਉੁਹਨਾਂ ਨੂੰ ਸੁਆਲ ਕਰਿਆ ਕਰੋ ਕਿ ਇਹ ਕਿਉਂ ਨਹੀਂ ਲਿਿਖਆ ।


ਡਾ ਜਨਕ ਰਾਜ ਸਿੰਗਲਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿਹਾ ਜਿੱਥੇ ਹੋਰ ਭਾਸ਼ਾਵਾਂ ਸਿੱਖਣ ਦੀ ਜ਼ਰੂਰਤ ਪੈਂਦੀ ਹੈ ਉੱਥੇ ਨਾਲ ਹੀ ਮਾਂ ਬੋਲੀ ਦੀ ਅਹਿਮੀਅਤ ਨੂੰ ਵੀ ਨਾ ਵਸਾਰਿਆ ਜਾਵੇ। ਜਿੰਨਾ ਵਿਕਾਸ ਮਨੁੱਖ ਮਾਤ ਭਾਸ਼ਾ ਵਿੱਚ ਕਰ ਸਕਦਾ ਹੈ ਐਨਾ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਕਰ ਸਕਦਾ। ਉਹਨਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬੀ ਮਾਂ ਬੋਲੀ ਵਿਦੇਸ਼ਾਂ ‘ਚ ਵੀ ਬਹੁਤ ਮਾਣ ਸਤਿਕਾਰ ਬਟੋਰ ਰਹੀ ਹੈ ਤੇ ਪੂਰੀ ਦੁਨੀਆਂ ਇਸਦੇ ਸੰਗੀਤ ਦਾ ਆਨੰਦ ਮਾਣਦੀ ਹੈ।
ਮਾਰਚ ਦੀ ਸ਼ੁਰੂਆਤ ਮੌਕੇ ਐਸ ਡੀ ਕਾਲਜ ਮਾਨਸਾ ਦੀ ਵਿਿਦਆਰਥਣ ਤਮੰਨਾ ਨੇ ਪੰਜਾਬੀ ਮਾਂ ਬੋਲੀ ਬਾਰੇ ਆਪਣੀ ਕਵਿਤਾ ਸੁਣਾਈ ਤੇ ਉਹਨਾਂ ਨਾਲ ਐਨ ਸੀ ਸੀ ਦੀਆਂ ਵਲੰਟੀਅਰਾਂ ਨੇ ਪੰਜਾਬੀ ਮਾਂ ਬੋਲੀ ਦੀ ਸ਼ਾਨ ਵਿੱਚ ਨਾਅਰੇ ਲਗਾ ਕੇ ਚੇਤਨਾ ਮਾਰਚ ਵਿੱਚ ਸਾਮਿਲ ਲੋਕਾਂ ਦੇ ਮਨਾਂ ਵਿੱਚ ਨਵਾਂ ਜੋਸ਼ ਭਰ ਦਿੱਤਾ। ਸਨਾਵਰ ਸਕੂਲ ਭੋਪਾਲ, ਐਮ ਬੀ ਇੰਟਰਨੈਸ਼ਨਲ ਸਕੂਲ ਰੱਲਾ, ਸਰਵਹਿੱਤਕਾਰੀ ਵਿਿਦਆ ਭਾਰਤੀ ਸਕੂਲ ਮਾਨਸਾ ਦੇ ਬੱਚੇ ਰਿਵਾਇਤੀ ਪਹਿਰਾਵਿਆਂ ਦੇ ਨਾਲ ਨਾਲ ਗਿੱਧੇ ਭੰਗੜੇ ਦੀਆਂ ਵੱਖ ਵੱਖ ਵੰਨਗੀਆਂ ਸਾਰੇ ਰਾਹ ਪੇਸ਼ ਕਰਦੇ ਹੋਏ ਇਸ ਮਾਰਚ ਨੂੰ ਚਾਰ ਚੰਨ ਲਗਾਉਦੇ ਨਜ਼ਰ ਆਏ। ਇਸ ਮੌਕੇ ਅਕਲੀਆ ਪਿੰਡ ਦੇ ਮਦਰੱਸੇ ਤੋਂ ਆਏ ਮੁਸਲਿਮ ਬੱਚਿਆਂ ਦੀ ਟੋਲੀ ਵੱਲੋਂ ਪੰਜਾਬੀ ਮਾਂ ਬੋਲੀ ਬਾਰੇ ਚੁੱਕੀਆਂ ਤਖਤੀਆਂ ਨਾਲ ਮਾਂ ਬੋਲੀ ਪ੍ਰਤੀ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਸਨ। ਕਨੇਡਾ ਤੋਂ ਆਏ ਪ੍ਰਵਾਸੀ ਪੰਜਾਬੀ ਅਤੇ ਉੱਥੋਂ ਛਪਦੇ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਸ: ਹਰਬੰਸ ਬੁੱਟਰ ਉੱਪਰ ਊੜਾ ਐੜਾ ਵਾਲੀ ਪੰਜਾਬੀ ਪੈਂਤੀ ਦੀ ਕਢਾਈ ਵਾਲੀ ਲੋਈ ਜੋ ਕਿ ਵਿਰਾਸਤੀ ਆਰਟ ਪਿੰਡ
ਕੁਸਲਾ ਵਾਲੇ ਰਮਨਦੀਪ ਵੱਲੋਂ ਵਿਸ਼ੇਸ ਤੌਰ ਤੇ ਤਿਆਰ ਕੀਤੀ ਗਈ ਸੀ ,ਸਭ ਦਾ ਧਿਆਨ ਖਿੱਚ ਰਹੀ ਸੀ । ਮਾਰਚ ਵਿੱਚ ਸਾਮਿਲ ਲੋਕ ਉਸ ਲੋਈ ਦੀ ਬੁੱਕਲ ਮਾਰਕੇ ਵਿਸੇਸ ਤੌਰ ਤੇ ਫੋਟੋਆਂ ਖਿਚਵਾਕੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰ ਰਹੇ ਸਨ।


ਇਸ ਮੌਕੇ ਸਨਾਤਨ ਧਰਮ ਸਭਾ ਪ੍ਰਧਾਨ ਰੁਲਦੂ ਰਾਮ ਨੰਦਗੜ੍ਹ, ਆੜਤੀਆ ਐਸੋਸੀਏਸ਼ਨ ਵਲੋਂ ਰਮੇਸ਼ ਟੋਨੀ , ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਦੇ ਰਮੇਸ਼ ਕੁਮਾਰ, ਰਵਿੰਦਰ ਗਰਗ, ਬ੍ਰਾਹਮਣ ਸਭਾ ਦੇ ਕੰਵਲਜੀਤ ਸ਼ਰਮਾ, ਅਗਰਵਾਲ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਅਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਆਈ ਐਮ ਏ ਮਾਨਸਾ ਦੇ ਡਾ ਸ਼ੇਰ ਜੰਗ ਸਿੱਧੂ, ਡਾ ਰਣਜੀਤ ਰਾਏਪੁਰੀ, ਡਾ ਨਰੇਸ਼, ਡਾ ਰਾਜੀਵ ਸਿੰਗਲਾ, ਡਾ ਗੁਰਬਖਸ਼ ਸਿੰਘ ਚਹਿਲ, ਡਾ ਤੇਜਿੰਦਰਪਾਲ ਰੇਖੀ, ਡਾ ਸੁਨੀਤ ਜਿੰਦਲ, ਸੀਨੀਅਰ ਸੀਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ, ਸਾਬਕਾ ਐਮ ਸੀ ਜਤਿੰਦਰ ਆਗਰਾ, ਰੋਟਰੀ ਕਲੱਬ ਦੇ ਪ੍ਰੇਮ ਅੱਗਰਵਾਲ , ਕਰਿਆਨਾ ਯੂਨੀਅਨ ਦੇ ਸੁਰੇਸ਼ ਨੰਦਗੜੀਆ, ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਵਾਇਸ ਆਫ ਮਾਨਸਾ ਦੇ ਡਾ ਲਖਵਿੰਦਰ ਮੂਸਾ, ਪ੍ਰਵੀਨ ਟੋਨੀ ਸਮੇਤ ਹੋਰ ਬੁਲਾਰਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਤੇ ਬਿਹਤਰੀ ਮਾਂ ਬੋਲੀ ਪ੍ਰੇਮੀਆਂ ਨੂੰ ਮਿਸ਼ਨਰੀਆਂ ਵਾਂਗ ਕੰਮ ਕਰਨ ਦੀ ਲੋੜ ਹੈ ਤਾਂ ਜੋ ਪੰਜਾਬੀ ਦਾ ਮਾਨ-ਸਨਮਾਨ ਬਹਾਲ ਰੱਖਿਆ ਜਾ ਸਕੇ। ਸਭ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਮਾਂ ਬੋਲੀ ਨੂੰ ਪ੍ਰੇਮੀ ਪੰਜਾਬੀਆਂ ਦੇ ਹੁੰਦੇ ਕੋਈ ਖਤਰਾ ਨਹੀਂ ਹੈ ਪਰੰਤੂ ਸਾਨੂੰ ਅਗਲੀ ਪੀੜੀ ਨੂੰ ਮਾਂ ਬੋਲੀ ਨਾਲ ਜੋੜਣ ਲਈ ਆਪਣੇ ਨੈਤਿਕ ਫਰਜ਼ ਨੂੰ ਸਮਝਦੇ ਹੋਏ ਸਦਾ ਕਾਰਜਸ਼ੀਲ ਰਹਿਣਾ ਚਾਹੀਦਾ ਹੈ।


ਚਲਦੇ ਮਾਰਚ ਵਿਚ ਡਾ ਗੁਰਮੇਲ ਕੌਰ ਜੋਸ਼ੀ, ਨਰਿੰਦਰ ਗੁਪਤਾ, ਬਸੰਤ ਸਿੰਘ ਅਗਰੋਹੀਆ, ਜਸਵਿੰਦਰ ਚਹਿਲ, ਬਲਜੀਤ ਸਿੰਘ ਸੂਬਾ, ਡਾ ਗੁਰਪ੍ਰੀਤ ਕੌਰ, ਕੇ ਕੇ ਸਿੰਗਲਾ ਨੇ ਗੀਤ ਅਤੇ ਕਵਿਤਾਵਾਂ ਰਾਹੀਂ ਮਾਂ ਬੋਲੀ ਦੀ ਪਹਿਰੇਦਾਰੀ ਕਰਨ ਦਾ ਹੋਕਾ ਦਿੱਤਾ। ਜਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਤੇ ਜਿਲਾ ਭਾਸ਼ਾ ਖੋਜ ਅਫਸਰ ਗੁਰਪ੍ਰੀਤ ਸਿੰਘ ਨੇ ਮਾਰਚ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਨੂੰ ਵਧਾਈ ਦਿੱਤੀ ਕਿ ਮਾਨਸਾ ਦੀਆਂ 80 ਫੀਸਦੀ ਦੁਕਾਨਾਂ ਦੇ ਬੋਰਡ ਪਹਿਲਾਂ ਹੀ ਪੰਜਾਬੀ ਵਿੱਚ ਲੱਗੇ ਹੋਏ ਹਨ ਤੇ ਜਿੰਨਾ ਦੇ ਰਹਿੰਦੇ ਹਨ ਉਹਨਾਂ ਵੱਲੋਂ ਵੀ ਜਲਦੀ ਸਾਰੇ ਬੋਰਡ ਪੰਜਾਬੀ ਵਿੱਚ ਤਬਦੀਲ ਕਰਨ ਲਈ ਸਹਿਮਤ ਹਨ ।
ਮਾਰਚ ਵਿੱੱਚ ਉੱਘੇ ਗੀਤਕਾਰ ਗੁਰਚੇਤ ਸਿੰਘ ਫੱਤੇਵਾਲੀਆ, ਪੱਤਰਕਾਰ ਬਲਵਿੰਦਰ ਧਾਲੀਵਾਲ, ਕਲਾਕਾਰ ਬਲਜਿੰਦਰ ਸੰਗੀਲਾ, ਸ਼ਾਇਰ ਬਲਵੰਤ ਭਾਟੀਆ, ਗਜ਼ਲਗੋ ਬਲਰਾਜ ਨੰਗਲ, ਕਵੀ ਗੁਰਜੰਟ ਚਾਹਿਲ, ਆਤਮਜੀਤ ਕਾਲਾ, ਨਰੇਸ਼ ਬਿਰਲਾ ਸਮੇਤ ਰਵਾਇਤੀ ਪਹਿਰਾਵੇ ਵਿਚ ਆਏ ਰੰਗਕਰਮੀ ਮਹਿੰਦਰਪਾਲ , ਰਘਵੀਰ ਸਿੰਘ ਮਾਨਸ਼ਾਹੀਆ , ਅੰਮ੍ਰਿਤਪਾਲ ਕੂਕਾ, ਗੁਰਪ੍ਰੀਤ ਸਿੱਧੂ ਮਾਰਚ ‘ਚ ਪੰਜਾਬੀਅਤ ਦਾ ਹੋਕਾ ਦਿੰਦੇ ਨਜ਼ਰ ਆਏ । ਬਜ਼ਾਰਾਂ ਵਿੱਚੋਂ ਲੰਘਦੇ ਹੋਏ ਇਸ ਵਿਸ਼ਾਲ ਮਾਰਚ ਦਾ ਵੱਖ ਵੱਖ ਥਾਵਾਂ ਤੇ ਬਿਕਰਮਜੀਤ ਟੈਕਸਲਾ, ਰੰਜਨਾ ਮਿੱਤਲ ਐਮ ਸੀ, ਕਮਲ ਗਰਗ, ਕੰਵਲਜੀਤ ਸ਼ਰਮਾ, ਹਰਸ਼ਦੀਪ ਜਿੰਮੀ ਆਦਿ ਸ਼ਾਮਿਲ ਸਨ ਜਿੰਨਾ ਮਾਂ ਬੋਲੀ ਪ੍ਰੇਮੀਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ।

ਮਾਰਚ ਦੇ ਅੰਤ ਵਿਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਹੋਈ ਭਰਵੀਂ ਰੈਲੀ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਗਿੱਧਾ ਕੋਚ ਤੇ ਗਾਇਕ ਪਾਲ ਸਿੰਘ ਸਮਾਉਂ ਦੀ ਅਗਵਾਈ ਵਿੱਚ ਸੰਦਲੀ ਵਿਰਸਾ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਬੋਲੀਆਂ ਪਾ ਕੇ ਲੋਕਾਂ ਨੂੰ ਨਾਲ ਨੱਚਣ ਲਈ ਮਜਬੂਰ ਕਰ ਦਿੱਤਾ । ਇਸ ਮੌਕੇ ਉਹਨਾਂ ਵੱਲੋਂ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਵਿੱਚੋਂ ਟੱਪੇ ਤੇ ਲੋਕ ਗੀਤਾਂ ਨਾਲ ਅਜਿਹਾ ਸਮਾਂ ਬੰਨਿਆ ਕਿ ਰਿਟਾਇਰਡ ਪ੍ਰੋਫੈਸਰ ਦਰਸ਼ਨ ਸਿੰਘ , ਮਾਨਸਾ ਬਾਰ ਦੇ ਪ੍ਰਧਾਨ ਨਵਲ ਕੁਮਾਰ ਸਮੇਤ ਬੱਸ ਸਟੈਂਡ ਲਾਗੇ ਗੁਜ਼ਰ ਰਹੇ ਰਾਹਗੀਰਾਂ ਅਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੂੰ ਮੰਤਰ ਮੁਗਧ ਕਰਦੇ ਹੋਏ ਨੱਚਣ ਲਈ ਮਜਬੂਰ ਕਰ ਦਿੱਤਾ। ਅੰਤ ਵਿਚ ਵਾਇਸ ਆਫ ਮਾਨਸਾ ਦੇ ਭਰਪੂਰ ਸਿੰਘ ਸਿੱਧੂ ਅਤੇ ਵਿਸ਼ਵਦੀਪ ਬਰਾੜ ਨੇ ਸਾਰੀਆਂ ਸੰਸਥਾਵਾਂ ਵੱਲੋਂ ਇਸ ਮਾਰਚ ਨੂੰ ਸਫਲ ਬਣਾਉਣ ਲਈ ਪਾਏ ਗਏ ਯੋਗਦਾਨ ਲਈ ਸਭ ਦਾ ਧੰਨਵਾਦ ਕੀਤਾ। ਇਹ ਮਾਰਚ ਸਮੂਹ ਮਾਨਸਾ ਵਾਸੀਆਂ ਦੀ ਮਾਂ ਬੋਲੀ ਦੇ ਵਿਕਾਸ ਪ੍ਰਤੀ ਇੱਕ ਜੁੱਟਤਾ ਦਾ ਪ੍ਰਦਰਸ਼ਨ ਕਰਕੇ ਇਲਾਕੇ ਵਿਚ ਨਵਾਂ ਇਤਿਹਾਸ ਸਿਰਜ ਗਿਆ ।

Exit mobile version