1968 ਦੀ ਗੱਲ ਹੈ , ਜਦੋਂ ਪ੍ਰਸਿੱਧ ਗਾਇਕ ਹਰਚਰਨ ਗਰੇਵਾਲ ਦੀ ਤੂਤੀ ਬੋਲਦੀ ਸੀ ਅਤੇ ਕੁਲਦੀਪ ਮਾਣਕ ਗਰੇਵਾਲ ਦੀ ਪਾਰਟੀ ਵਿੱਚ ਸਹਾਇਕ ਵਜੋਂ ਕੰਮ ਕਰਦਾ ਸੀ। ਉਸ ਸਮੇਂ ਤਵੇ ਤੇ ਵੀ ਦੋ ਹੀ ਰਿਕਾਰਡ ਗੀਤ ਹੁੰਦੇ ਸਨ। ਗਰੇਵਾਲ ਸਹਿ ਗਾਇਕਾ ਸੀਮਾ ਨਾਲ ਦੋ ਗੀਤਾਂ ਦੀ ਤਿਆਰੀ ਕਰਕੇ ਦਿੱਲੀ ਰਿਕਾਰਡਿੰਗ ਵਾਸਤੇ ਗਏ। ਉਸ ਸਮੇਂ ਕੰਪਨੀ ਤੋਂ ਰਿਕਾਰਡਿੰਗ ਦੀ ਤਾਰੀਖ ਵੀ ਬੜੀ ਮੁਸ਼ਕਿਲ ਮਿਲਦੀ ਸੀ। ਰਿਕਾਰਡਿੰਗ ਦਾ ਸਮਾਂ ਨਿਸ਼ਚਿਤ ਸੀ ਪਰ ਉਸ ਤੋਂ ਪਹਿਲਾਂ ਗਰੇਵਾਲ ਆਪਣੀ ਮਿੱਤਰਾਂ ਨਾਲ ਬਾਹਰ ਘੁੰਮਣ ਚਲੇ ਗਏ। ਟਾਇਮ ਪਾਸ ਕਰਨ ਲਈ ਜਿਨ੍ਹਾਂ ਦੋ ਗੀਤਾਂ ਦੀ ਰਿਕਾਰਡਿੰਗ ਹੋਣੀ ਸੀ ਸੀਮਾ ਤਿਆਰੀ ਕਰਨ ਲੱਗ ਪਈ ਮਾਣਕ ਢੋਲਕੀ ਵਜਾਉਣ ਲੱਗ ਪਿਆ ਤੇ ਨਾਲ ਹੀ ਉਹੀ ਗੀਤ ਗਾਉਣ ਲੱਗ ਪਿਆ । ਗਰੇਵਾਲ ਲੇਟ ਹੋ ਗਿਆ । ਉਸ ਸਮੇਂ ਐਚਐਮਵੀ ਕੰਪਨੀ ਦਾ ਮੈਨੇਜਰ ਸੰਤ ਰਾਮ ਹੁੰਦਾ ਸੀ । ਰਿਕਾਰਡਿੰਗ ਲੇਟ ਹੁੰਦੀ ਦੇਖ ਸੰਤ ਰਾਮ ਖੁਦ ਇਹ ਕਹਿਣ ਲਈ ਆਇਆ ਕਿ ਤੁਸੀਂ ਲੇਟ ਹੋ ਰਹੇ ਹੋ। ਸੀਮਾ ਨੇ ਕਿਹਾ ਜੀ ਗਰੇਵਾਲ ਸਾਹਿਬ ਬਾਜ਼ਾਰ ਗਏ ਹੋਏ ਹਨ ਥੋੜੀ ਦੇਰ ਚ ਆ ਜਾਣਗੇ
ਸੰਤ ਰਾਮ ਨੇਂ ਕਿਹਾ ‘ ਆਹ ਮੁੰਡਾ ਕੌਣ ਐ , ਜੋ ਗਾ ਰਿਹਾ ?’ । ਸੀਮਾ ਕਹਿੰਦੀ ‘‘ ਇਹ ਤਾਂ ਸਾਡੇ ਨਾਲ ਢੋਲਕ ਵਜਾਉਂਦੇ ’’ । ਸੰਤ ਰਾਮ ਕਹਿੰਦਾ ‘‘ ਬਹੁਤ ਜਿਆਦਾ ਲੇਟ ਹੋ ਚੁੱਕੇ ਹਾਂ । ਚਲੋ ਏਸੇ ਦੀ ਆਵਾਜ਼ ਚ ਹੀ ਰਿਕਾਰਡਿੰਗ ਕਰਦੇ ਹਾਂ ’’। ਮਾਣਕ ਡਰ ਗਿਆ ਤੇ ਕਹਿਣ ਲੱਗਾ ‘‘ ਜੀ ਨਹੀਂ ਮੈਂ ਨੀਂ ਜੀ ਗਾਉਣਾ, ਉਸਤਾਦ ਜੀ ਘੂਰਨਗੇ ’’ ।
ਸੰਤ ਰਾਮ ਕਹਿੰਦਾ ‘‘ ਕੋਈ ਨੀਂ ਘੂਰਦਾ..ਜਦ ਮਾਲਕ ਮੈਂ ਜੋ ਹਾਂ’’।
ਸਾਜੀ ਵੀ ਤਿਆਰ ਬੈਠੇ ਸਨ । ਦੋ ਗੀਤ ਜਿਨ੍ਹਾਂ ਚੋਂ ਇਕ ਬਾਬੂ ਸਿੰਘ ਮਾਨ ਦਾ ‘ਜੀਜਾ ਅੱਖੀਆਂ ਨਾ ਮਾਰ’ ਤੇ ਦੂਜਾ ‘ਲੌਂਗ ਕਰਾ ਮਿਤਰਾ’ ਗੁਰਦੇਵ ਸਿੰਘ ਮਾਨ ਦਾ ਲਿਖਿਆ ਸੀ । ਦੋਨੋਂ ਗੀਤ ਸੰਤ ਰਾਮ ਨੇਂ ਮਾਣਕ ਤੇ ਸੀਮਾ ਦੀ ਆਵਾਜ਼ ਵਿੱਚ ਹੀ ਰਿਕਾਰਡ ਕਰ ਲਏ । ਪਰ ਗੱਲ ਉਹੀਓ ਹੋਈ ਜਿਸਦਾ ਡਰ ਸੀ। ਗਰੇਵਾਲ ਆ ਕੇ ਮਾਣਕ ਦੇ ਗਲ ਪੈ ਗਿਆ । ਸੰਤ ਰਾਮ ਨੇਂ ਗਰੇਵਾਲ ਨੂੰ ਸਮਝਾਇਆ ਤੇ ਅਗਾਂਹ ਹੋਰ ਤਾਰੀਖ ਦੇ ਦਿਤੀ ਤੇ ਆਖਿਆ ਹੁਣ ਹੋਰ ਗੀਤ ਤਿਆਰ ਕਰ ਕੇ ਲੈ ਆਵੀਂ ਰਿਕਾਰਡ ਹੋ ਜਾਣਗੇ’’। ਉਹਨਾਂ ਦਿਨਾਂ ਵਿੱਚ ਜੋ ਕਲਾਕਾਰ ਜਿਆਦਾ ਵਿਕਦੇ ਸਨ ਉਨ੍ਹਾਂ ਦਾ ਤਵਾ ਐਚਐਮਵੀ ਦੇ ਨਾਮ ਨਾਲ ਰੀਲੀਜ਼ ਹੁੰਦਾ ਸੀ ਜੋ ਘੱਟ ਵਿਕਦੇ ਸਨ ਉਹ ਤਵਾ ਕੋਲੰਬੀਆ ਨਾਮ ਥੱਲੇ ਬਣਾਇਆ ਜਾਂਦਾ ਸੀ ਜੋ ਐਚਐਮਵੀ ਦੀ ਹੀ ਬਰਾਂਚ ਸੀ। ਇਹ ਦੋ ਗੀਤ ਕੋਲੰਬੀਆ ਦੇ ਬੈਨਰ ਹੇਠ ਰੀਲੀਜ਼ ਹੋ ਕੇ ਜਦੋਂ ਮਾਰਕੀਟ ਵਿੱਚ ਆਏ ਤਾਂ ਚਾਰੇ ਪਾਸੇ ਮਾਣਕ – ਮਾਣਕ ਹੋ ਗਈ ।