ਮਾਪੇ ਕੁੱਲ ਦੁਨੀਆਂ ਨੂੰ ਮਿਲਦੇ ਆਖਰੀ ਵਾਰ ਆਪਣੇ ਬੱਚੇ ਦਾ ਮੂੰਹ ਦੇਖ ਕੇ ਹੀ ਜਾਣਾ ਲੋਚਦੇ ਹਨ।
ਜਿੰਨ੍ਹਾਂ ਨੂੰ ਜਾਣਿਆਂ ਸੀ ਜਾਨ ਤੋਂ ਪਿਆਰਿਆਂ ਦੇ ਵਾਂਗ,
ਓਹੀਓ ਹੱਥਾਂ ਵਿੱਚੋਂ ਉੱਡ ਗਏ ਗੁਬਾਰਿਆਂ ਦੇ ਵਾਂਗ।
ਜਦੋਂ ਤਾਹਨਿਆਂ ਉਲਾਹਮਿਆਂ ਦੇ ਵਹਿਣ ਤੇਜ਼ ਹੋਏ,
ਅਸੀਂ ਦੂਰ ਦੂਰ ਹੋ ਗਏ ਕਿਨਾਰਿਆਂ ਦੇ ਵਾਂਗ। (ਜ ਸਿੰਘ ਸ਼ਾਦ)
ਸਾਡੇ ਮੁੱਠੀ-ਬੰਦ ਪਰਿਵਾਰਾਂ ਵਿੱਚ ਮਾਪੇ ਅਤੇ ਉਲਾਦ ਦੀ ਆਪਸੀ ਸਾਂਝ ਹੁਣ ਤੱਕ ਦੁਵੱਲੀ ਹੀ ਨਿਭਦੀ ਰਹੀ ਹੈ। ਬੱਚੇ, ਜਿਸ ਨੂੰ ਅਸੀਂ ਜੱਗ ਵਿੱਚ ਸੀਰ ਆਖਦੇ ਹਾਂ, ਸਾਡੇ ਜਹਾਨੋਂ ਤੁਰ ਜਾਣ ਪਿੱਛੋਂ ਸਾਡਾ ਬਚਦਾ ਨਿਸ਼ਾਨ, ਸਾਡਾ ਨਾਮ ਜਾਂ ਬਚਦਾ ਹਿੱਸਾ ਕਹੇ ਜਾ ਸਕਦੇ ਹਨ। ਜਿਵੇਂ ਇੱਕ ਬੀਜ ਨੂੰ ਧਰਤੀ ਹੇਠਲਾ ਹਨੇਰਾ, ਤਪਸ਼, ਗਰਮੀ, ਅਤੇ ਸਲਾਭਾ ਜਰਨਾ ਹੁੰਦਾ ਹੈ, ਫੇਰ ਦੋ ਕੋਮਲ ਪੱਤੀਆਂ ਨਿਕਲ ਕੇ ਪੂਰਾ ਬੂਟਾ ਜਾਂ ਰੁੱਖ ਬਣਦਾ ਹੈ, ਉਵੇਂ ਹੀ ਮਨੁੱਖਾ ਨਸਲ ਦੇ ਮਾਪੇ ਇਹ ਸਭ ਕੱੁਝ ਜਰ ਕੇ ਕੱੁਝ ਰਾਤਾਂ ਝਾਗ ਕੇ ਦੁੱਖ ਦਰਦ ਸਹਿ ਕੇ ਇੱਕ ਆਲ਼ੇ ਭੋਲ਼ੇ ਬੱਚੇ ਨੂੰ ਸਿਲ਼ਤ ਤੋਂ ਸ਼ਤੀਰ ਤੱਕ ਅਪੜਾ ਦੇਣ ਦੀ ਪੂਰੀ ਵਾਹ ਲਾ ਦਿੰਦੇ ਹਨ। ਇਸ ਸਭ ਕੁਰਬਾਨੀ ਦਾ ਕੋਈ ਅਹਿਸਾਨ ਨਹੀਂ ਹੁੰਦਾ, ਕੋਈ ਕਰਜ਼ ਨਹੀਂ ਹੁੰਦਾ। ਸੁਖਵਿੰਦਰ ਅੰਮ੍ਰਿਤ ਲਿਖਦੀ ਹੈ –ਨਾ ਲੋਰੀ ਮੁੱਲ ਵਿਕਦੀ ਹੈ ਨਾ ਮਮਤਾ ਕਰਜ਼ ਹੁੰਦੀ ਹੈ
। ਬੱਚੇ ਦੇ ਪਲ਼ਦੇ ਮੂੰਹ ਨਾਲ ਹੀ ਮਾਪਿਆਂ ਦੀ ਕਲਪਣਾ ਭਵਿੱਖ ਸਿਉਂ ਲੈਣ ਦੇ ਸੁਪਨੇ ਸਿਰਜਦੀ ਹੈ। ਪਰ ਸਾਡੇ ਦੇਖਦੇ ਹੀ ਇਸ ਦਾ ਸੰਘਣਾਪਣ ਲੰਘਦੇ ਪਲਾਂ ਨਾਲ ਹੀ ਪੇਤਲਾ ਹੁੰਦਾ ਵੇਖਦੇ ਹਾਂ। ਕਿਹਾ ਜਾਂਦਾ ਹੈ ਮਾਪੇ ਕੁਮਾਪੇ ਨਹੀਂ ਹੁੰਦੇ ਪੁੱਤਰ ਕਪੁੱਤਰ ਹੋ ਜਾਂਦੇ ਹਨ। ਅਸੀਂ ਆਪਣੇ ਮਾਪਿਆਂ ਦਾ ਹੁਕਮ ਸਿਰ ਨਿਵਾ ਕੇ ਮੰਨਦੇ ਰਹੇ, ਹੁਣ ਸਾਡੇ ਬੱਚੇ ਅੱਖਾਂ ਵਿਖਾ ਕੇ ਹੁਕਮ ਮਨਾ ਰਹੇ ਹਨ। ਰਿਸ਼ਤਿਆਂ ਵਿਚਲਾ ਇਹ ਅਸਾਵਾਂਪਣ ਸਾਡੀ ਪੀੜ੍ਹੀ ਨੂੰ ਹਜ਼ਮ ਨਹੀਂ ਹੋ ਰਿਹਾ। ਸਾਡੀ ਭਾਵੁਕ ਪਹੁੰਚ ਹੁਣ ਦੀ ਗਰਜ਼ਾਂ ਦੀ ਮੇਚ ਪਲਦੀ ਸਾਂਝ ਵਿਚਲੀ ਖਾਈ ਦਿਨੋ-ਦਿਨ ਵਧ ਰਹੀ ਹੈ। ਉਮਰ, ਸਮਾਜ ਜਾਂ ਮਾਪਿਆ ਦਾ ਡਰ ਮਨਫ਼ੀ ਹੋ ਗਿਆ ਹੈ। ਇਨ੍ਹਾਂ ਨੇ ਹੱਕ ਹੀ ਜਾਣੇ ਹਨ, ਫ਼ਰਜ਼ਾਂ ਦਾ ਪੰਨਾ ਮੇਟ ਧਰਿਆ ਹੈ। ਮਿਲੀ ਆਜ਼ਾਦੀ ਦੀ ਦੁਰਵਰਤੋਂ, ਨਿੱਜਮੁਖੀ ਅਤੇ ਕਾਨੂੰਨੀ ਦਖਲ ਨੇ ਸਾਂਝਾਂ ਦਾ ਰੁਖ ਹੀ ਬਦਲ ਦਿੱਤਾ ਹੈ। ਸਮਝ ਬੜੀ ਦੇਰ ਪਿੱਛੋਂ ਆਉਂਦੀ ਹੈ ਜਦ ਪਤਾ ਲੱਗਦਾ ਹੈ ਕਿ ਪੈਸੇ ਕਮਾਏ ਤੋਂ ਪਤਾ ਲੱਗਿਆ ਕਿ ਸ਼ੌਕ ਤਾਂ ਮਾਪਿਆਂ ਦੇ ਪੈਸੇ ਨਾਲ ਹੀ ਪੂਰੇ ਹੋ ਰਹੇ ਸਨ, ਆਪਣੀ ਕਮਾਈ ਨਾਲ ਤਾਂ ਬੱਸ ਜ਼ਰੂਰਤਾਂ ਹੀ ਪੂਰੀਆਂ ਕਰਦੇ ਹਾਂ। ਵਸਤਾਂ ਦੀ ਤਰਜੀਹ ਨੇ ਰਿਸ਼ਤੇ ਮਧੋਲ ਧਰੇ ਹਨ। ਵਰਤਮਾਨ ਹੀ ਜਿਉਣ ਦੀ ਲਾਲਸਾ ਨੇ ਬਜ਼ੁਰਗਾਂ ਦੀ ਨਕਦਰੀ ਪਾਲ਼ੀ ਹੈ।ਵਰਤੋ ਤੇ ਸਿੱਟੋ
ਦੀ ਨੀਤੀ ਨੇ ਕਾਹਲ ਵਸ ਕਈ ਕੱੁਝ ਮੇਟ ਲਿਆ ਹੈ। ਠੀਕ ਹੀ ਸੁਣਿਆ ਹੈ ਦੁੱਧ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ
ਦੀ ਗਿਣਤੀ ਵਧ ਰਹੀ ਹੈ। ਮਾਪਿਆਂ ਨੇ ਮੋਹ ਵਸ ਆਪਣਾ ਸਭ ਕੁਛ ਢੇਰੀ ਕਰ ਦਿੱਤਾ ਹੈ। ਇਸੇ ਨਾਲ ਇਸ ਪੀੜ੍ਹੀ ਦੀ ਨੀਅਤ ਵਿੱਚ ਖੋਟ ਆ ਰਲੀ ਹੈ। ਨਰਿੰਦਰ ਸਿੰਘ ਕਪੂਰ ਨੇ ਲਿਿਖਆ ਹੈ,ਇਨ੍ਹਾਂ ਨੂੰ ਏਨਾ ਘੱਟ ਨਾ ਦੇ ਕੇ ਜਾਓ ਕਿ ਕੱੁਝ ਕਰ ਹੀ ਨਾ ਸਕਣ ਅਤੇ ਏਨਾ ਜ਼ਿਆਦਾ ਵੀ ਨਾ ਦਿਓ ਕਿ ਕਰਨ ਹੀ ਕੱੁਝ ਨਾ
। ਪੰਛੀ ਆਲ੍ਹਣਾ ਪਾ ਕੇ ਢਾਹ ਦਿੰਦੇ ਹਨ ਪਰ ਮਨੁੱਖ ਸਾਰੀ ਉਮਰ ਇੱਟ ਤੇ ਇੱਟ ਧਰਦਾ ਅਗਲੀ ਪੀੜ੍ਹੀ ਦੀ ਚਿੰਤਾ ਵਿਚ ਹੀ ਜੂਨ ਕਢਦਾ ਹੈ।
ਪ੍ਰਸਿੱਧ ਰਾਜਨੀਤੀਵੇਤਾ ਚਾਣੱਕਯਾ ਨੇ 2,300 ਸਾਲ ਪਹਿਲਾਂ ਇੱਕ ਸਬਕ ਦਿੱਤਾ ਸੀ ਕਿ ਬੱਚੇ ਨੂੰ ਦੋ ਤੋਂ ਪੰਜ ਸਾਲ ਤੱਕ ਪੂਰਾ ਲਾਡ ਦਿਓ, 5 ਤੋਂ 11 ਸਾਲ ਤੱਕ ਪੂਰੀ ਘੂਰ ਹੇਠ ਰੱਖੋ, ਫਿਰ ਦੋਸਤੀ ਨਾਲ ਨਿਭੋ। ਹੁਣ ਇਹ ਰਿਸ਼ਤਾ ਕੱੁਝ ਸਾਲਾਂ ਦਾ ਹੀ ਰਹਿ ਗਿਆ ਹੈ। ਬੱਚੇ ਵੀ ਪਰਿੰਦਿਆਂ ਵਰਗੇ ਹੋ ਗਏ, ਨਾਲ ਰਹਿ ਕੇ ਵੱਡੇ ਹੁੰਦੇ ਹਨ ਵੱਡੇ ਹੋ ਕੇ ਉੱਡ ਜਾਂਦੇ ਹਨ। ਜੇ ਕਿਤੇ ਬੱਚਾ ਬੀਮਾਰ ਹੋ ਕੇ ਵਿਲਕਦਾ ਹੈ, ਪੂਰੀ ਇਮਾਰਤ ਨੂੰ ਪਤਾ ਹੁੰਦਾ ਹੈ , ਪਰ ਮਾਪੇ ਰੋਂਦੇ ਹਨ ਤਾਂ ਕੋਲ਼ ਬੈਠੀ ਉਲਾਦ ਨੂੰ ਪਤਾ ਨਹੀਂ ਲੱਗਦਾ। ਕਿਹਾ ਜਾਂਦਾ ਹੈ ਇਹ ਮਲੂਕ ਰਿਸ਼ਤਾ ਹੈ, ਜੇ ਘੁੱਟ ਕੇ ਫੜਾਂਗੇ ਤਾਂ ਦਮ ਘੁੱਟ ਕੇ ਮਰ ਜਾਣਗੇ, ਜੇ ਖੁੱਲ੍ਹੇ ਛੱਡਾਂਗੇ ਤਾਂ ਉੱਡ ਜਾਣਗੇ। ਇਸ ਸਾਂਝ ਵਿਚਲੇ ਪੀੜ੍ਹੀ-ਪਾੜੇ ਦੀਆਂ ਪਲਦੀਆਂ ਕਹਾਣੀਆਂ ਸੋਸ਼ਲ ਮੀਡੀਆ ਨਿੱਤ ਖਿਲਾਰ ਰਿਹਾ ਹੈ, ਪਰ ਅਸੀਂ ਹੋਈਆਂ-ਬੀਤੀਆਂ ਤੋਂ ਨਹੀਂ ਸਿਖਦੇ। ਸਭ ਨੂੰ ਆਪਣੇ ਬੱਚੇ ਵਧੀਆ ਨਿਭਣ ਵਾਲੇ ਹੀ ਲੱਗਦੇ ਹਨ। ਇਕ ਘਟਨਾ ਦਾ ਉਲੇਖ ਹੈ – ਇੱਕ ਵਾਰ ਇੱਕ ਪਿਤਾ ਆਪਣੀ ਛੋਟੀ ਧੀ ਨਾਲ ਪੁਲ ਪਾਰ ਕਰ ਰਿਹਾ ਸੀ।
ਪਿਤਾ ਨੇ ਧੀ ਨੂੰ ਕਿਹਾ,ਮੇਰਾ ਹੱਥ ਫੜ ਲੈ, ਆਪਾਂ ਪਾਰ ਹੋ ਜਾਵਾਂਗੇ
। ਧੀ ਨੇ ਕਿਹਾ,ਤੁਸੀਂ ਮੇਰਾ ਹੱਥ ਫੜੋ
। ਪਿਤਾ ਨੇ ਫਿਰ ਕਿਹਾ,ਕੀ ਇਹ ਇੱਕੋ ਗੱਲ ਨਹੀਂ
? ਧੀ ਨੇ ਕਿਹਾ,ਸਾਡੀ ਪੀੜ੍ਹੀ ਮੁਸੀਬਤ ਸਮੇਂ ਹੱਥ ਛੱਡ ਜਾਂਦੀ ਹੈ ਪਰ ਪਿਤਾ ਆਪਣੀ ਜਾਨ ਤੇ ਖੇਡ ਕੇ ਵੀ ਨਾਲ ਨਿਭਦੇ ਹਨ
। ਇਉਂ ਦੋ ਪੀੜ੍ਹੀਆਂ ਦੀ ਸੋਚ ਨਿਤਰਦੀ ਹੈ। ਅਸਲ ਵਿੱਚ ਦਿਸਦੇ ਜਗਤ ਦੀ ਪਕੜ ਭਾਰੂ ਹੋ ਕੇ ਅੰਦਰਲੀ ਦੁਨੀਆਂ ਨੂੰ ਮੇਟਦੀ ਹੈ। ਇਸ ਵਿੱਚ ਸਾਡੀ ਪੀੜ੍ਹੀ ਦਾ ਕਸੂਰ ਹੈ ਜੋ ਆਪਣੇ ਲਈ ਜਿਉਂ ਕੇ ਹੀ ਨਹੀਂ ਦੇਖਦੇ ਰਹੇ। ਹੁਣ ਸੋਚ ਬਦਲਣ ਦੀ ਲੋੜ ਹੈ। ਵਾਰ ਵਾਰ ਨਸੀਹਤ ਕੀਤੀ ਜਾਂਦੀ ਹੈ ਕਿ ਤੁਹਾਡੇ ਪਹਿਲੇ ਸਾਹ ਵੇਲੇ ਇਹ ਮਾਪੇ ਕੋਲ਼ ਸਨ, ਤੁਸੀਂ ਇਨ੍ਹਾਂ ਦੇ ਆਖਰੀ ਸਾਹਾਂ ਤੇ ਕੋਲ਼ ਹੋਣ ਦਾ ਯਤਨ ਕਰੋ। ਮਾਪੇ ਕੁੱਲ ਦੁਨੀਆਂ ਨੂੰ ਮਿਲਦੇ ਆਖਰੀ ਵਾਰ ਆਪਣੇ ਬੱਚੇ ਦਾ ਮੂੰਹ ਦੇਖ ਕੇ ਹੀ ਜਾਣਾ ਲੋਚਦੇ ਹਨ।