ਸੁੰਦਰਤਾ ਮੁਕਾਬਲੇ: ਪਰਖ ਸੀਰਤ ਤੇ ਸੂਰਤ ਦੀ
‘‘ਮਿਸ ਇੰਡੀਆ ਨਿਊਜ਼ੀਲੈਂਡ’ ਬਣੀ 21 ਸਾਲਾ ਨੂਰ ਰੰਧਾਵਾ ਨੂੰ ਹੈ ਪੰਜਾਬੀਅਤ ਉਤੇ ਮਾਣ
-ਨਿਊਜ਼ੀਲੈਂਡ ਜਨਮੀ ਪਰ ਪਹਿਲਾ ਜਨਮ ਦਿਨ ਮਨਾਇਆ ਸੀ ਇੰਡੀਆ
– ਇਸ ਸਾਲ ਦੇ ਔਕਲੈਂਡ ਦਿਵਾਲੀ ਮੇਲੇ ਨੂੰ ਕਰੇਗੀ ਹੋਸਟ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 24 ਸਤੰਬਰ :-ਵਿਸ਼ਵ ਭਰ ਦੇ ਵਿਚ ਸੁੰਦਰਤਾ ਮੁਕਾਬਲੇ ਸਿਰਫ ਸੂਰਤਾਂ ਤੱਕ ਹੀ ਸੀਮਿਤ ਨਹੀਂ ਹੁੰਦੇ ਵੱਖ-ਵੱਖ ਪਰਖ ਪੜਾਵਾਂ ਦੇ ਵਿਚੋਂ ਨਿਕਲ ਕੇ ਆਖਿਰ ਅੰਤਿਮ ਗੇੜ ਦੇ ਵਿਚ ਜੱਜਾਂ ਦੇ ਸਾਹਮਣੇ ਜਿੱਥੇ ਤੁਸੀਂ ਆਪਣੀ ਸੀਰਤ ਤੇ ਸੁੰਦਰਤਾ ਦੇ ਰਾਹੀਂ ਆਪਣਾ ਸਭਿਆਚਾਰ ਪੇਸ਼ ਕਰਨਾ ਹੁੰਦਾ ਹੈ ਉਥੇ ਤੁਹਾਡੀ ਸਿਆਣਪ ਪਰਖਣ ਲਈ ਸਵਾਲ ਵੀ ਪੁੱਛੇ ਜਾਂਦੇ ਹਨ। ਬੀਤੇ ਦਿਨੀਂ ਔਕਲੈਂਡ ਵਿਖੇ 22ਵਾਂ ਮਿਸ ਇੰਡੀਆ ਨਿਊਜ਼ੀਲੈਂਡ ਮੁਕਾਬਲਾ ‘ਰਿਦਮ ਹਾਊਸ’ ਵੱਲੋਂ ਕਰਵਾਇਆ ਗਿਆ। ਫਾਈਨਲ ਗੇੜ ਤੱਕ 23 ਲੜਕੀਆਂ ਪਹੁੰਚੀਆਂ ਦੇ ਵਿਚ 4-5 ਪੰਜਾਬੀ ਕੁੜੀ ਵੀ ਸਨ। ਵੱਖ-ਵੱਖ ਪੇਸ਼ਕਾਰੀਆਂ ਦੇ ਬਾਅਦ ਜਦੋਂ ਨਤੀਜੇ ਐਲਾਨੇ ਗਏ ਤਾਂ ਪੰਜਾਬੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਇਸ ਵਾਰ ‘ਮਿਸ ਇੰਡੀਆ ਨਿਊਜ਼ੀਲੈਂਡ 2024’ ਦਾ ਤਾਜ਼ ਪੰਜਾਬੀ ਮਾਪਿਆਂ ਦੀ ਇਥੇ ਜਨਮੀ ਧੀਅ ‘ਨੂਰ ਰੰਧਾਵਾ’ ਦੀ ਝੋਲੀ ਪਿਆ। ਇਸ ਤਾਜ਼ ਦੇ ਲਈ ਉਸਨੂੰ ਬਹੁਤ ਮਾਣ ਹੈ, ਉਸਦਾ ਪੰਜਾਬੀ ਪਿਛੋਕੜ ਅਤੇ ਸਭਿਆਚਾਰ ਉਸਦੇ ਲਈ ਅਹਿਮ ਹਿੱਸਾ ਸੀ।
ਲੁਧਿਆਣਾ ਨਾਨਕਾ ਪਰਿਵਾਰ ਅਤੇ ਚੰਡੀਗੜ੍ਹ ਦਾਦਕੇ ਪਰਿਵਾਰ ਨਾਲ ਸਬੰਧ ਰੱਖਦਾ ਇਹ ਪਰਿਵਾਰ 2001 ਦੇ ਵਿਚ ਇਥੇ ਆਇਆ। 2003 ਦੇ ਵਿਚ ਇਥੇ ਜਨਮੀ ਨੂਰ ਨੇ ਆਪਣੀ ਪੜ੍ਹਾਈ ਸੇਂਟ ਕਥਬਰਟਸ ਕਾਲਜ ਵਿੱਚ ਕੀਤੀ ਅਤੇ ਹਾਲ ਹੀ ਵਿੱਚ ਆਕਲੈਂਡ ਯੂਨੀਵਰਸਿਟੀ ਤੋਂ ਕਾਮਰਸ ਦੀ ਡਿਗਰੀ ਹਾਸਲ ਕੀਤੀ। 2023 ਵਿੱਚ ਉਸਨੇ ’ਬਿਜ਼ਨਸ ਸਟੂਡੈਂਟ ਆਫ਼ ਦਿ ਈਅਰ’ ਲਈ ’ਜੱਜਜ਼ ਚੋਈਸ’ ਦਾ ਇਨਾਮ ਵੀ ਜਿੱਤਿਆ ਸੀ। ਇਸ ਵੇਲੇ ਨੂਰ ਰੰਧਾਵਾ ਇਕ ਗਲੋਬਲ ਪ੍ਰੋਡਕਟ ਏਗਜ਼ਿਕਿਊਟਿਵ ਦੇ ਤੌਰ ’ਤੇ ਕੰਮ ਕਰ ਰਹੀ ਹੈ। ਆਪਣੀ ਸਖਤ ਨੌਕਰੀ ਦੇ ਨਾਲ ਨਾਲ, ਨੂਰ ਨੂੰ ਤੈਰਨ ਅਤੇ ਪਾਣੀ ਦੇ ਖੇਡਾਂ ਨਾਲ ਵੱਡਾ ਪਿਆਰ ਹੈ, ਜੋ ਉਸਨੇ ਪੜਾਈ ਦੌਰਾਨ ਇੱਕ ਲਾਈਫਗਾਰਡ ਵਜੋਂ ਕੰਮ ਕਰਦੇ ਸਮੇਂ ਸਿੱਖੀਆਂ ਸਨ।
ਨੂਰ, ਜੋ ਆਪਣੀ ਮਾਂ, ਦਾਦੇ-ਦਾਦੀ ਅਤੇ ਦੋ ਛੋਟੀਆਂ ਭੈਣਾਂ ਨਾਲ ਰਹਿੰਦੀ ਹੈ, ਕਹਿੰਦੀ ਹੈ ਕਿ ਉਸਦੀ ਪਾਲਣਾ ਉਸਨੂੰ ਆਪਣੀਆਂ ਜੜ੍ਹਾਂ ਨਾਲ ਜੁੜਿਆ ਰੱਖਦੀ ਹੈ। ਪਰਿਵਾਰ ਨਾਲ ਰਹਿਣ ਦੇ ਕਾਰਨ ਮੈਨੂੰ ਆਪਣੀ ਸੱਭਿਆਚਾਰ ਅਤੇ ਭਾਸ਼ਾ ਦੀ ਹੋਰ ਵੀ ਵਧੇਰੇ ਕਦਰ ਹੋਈ ਹੈ। ਇਹ ਗੱਲਾਂ ਮੈਨੂੰ ਹਮੇਸ਼ਾ ਯਾਦ ਕਰਾਉਂਦੀਆਂ ਹਨ ਕਿ ਮੈਂ ਕਿੱਥੋਂ ਆਈ ਹਾਂ। ਉਸਦੀ ਸਭ ਤੋਂ ਵੱਡੀ ਪ੍ਰੇਰਣਾ ਉਸ ਦੀ ਮਾਂ ਹੈ, ਜਿਸਨੇ 2019 ਵਿੱਚ ‘ਇੰਡੀਆਨ ਬਿਜ਼ਨਸਵੂਮਨ ਆਫ਼ ਦਿ ਈਅਰ’ ਦਾ ਖਿਤਾਬ ਵੀ ਜਿੱਤਿਆ ਸੀ।
ਸਹਾਇਕ ਪਰਿਵਾਰ ਅਤੇ ਦੋਸਤਾਂ ਦੇ ਬਾਰੇ, ਨੂਰ ਬਹੁਤ ਧੰਨਵਾਦੀ ਹੈ। ਭਵਿੱਖ ਲਈ, ਨੂਰ ਦੇ ਸੁਪਨੇ ਹਨ ਕਿ ਉਹ ਅੰਤਰਰਾਸ਼ਟਰੀ ਪੱਧਰ ਉਤੇ ਕੰਮ ਕਰੇ। 19-20 ਅਕਤੂਬਰ ਨੂੰ ਔਕਲੈਂਡ ਸਿਟੀ ਦੇ ਦਿਵਾਲੀ ਮੇਲੇ ਨੂੰ ਇਹ ਕੁੜੀ ਹੋਸਟ ਵੀ ਕਰੇਗੀ। ਮਿਸ ਇੰਡੀਆ ਨਿਊਜ਼ੀਲੈਂਡ 2024 ਦੇ ਤੌਰ ’ਤੇ ਤਾਜ ਪਾ ਕੇ, ਨੂਰ ਰੰਧਾਵਾ ਸਿਰਫ਼ ਨਿਊਜ਼ੀਲੈਂਡ ਵਿੱਚ ਭਾਰਤੀ ਕਮਿਊਨਿਟੀ ਦੀ ਪ੍ਰਤਿਨਿਧਤਾ ਹੀ ਨਹੀਂ ਕਰ ਰਹੀ ਹੈ, ਸਗੋਂ ਨੌਜਵਾਨ ਕੁੜੀਆਂ ਲਈ ਪ੍ਰੇਰਣਾ ਦਾ ਸਰੋਤ ਵੀ ਹੈ।
ਇਸ ਪੰਜਾਬੀ ਧੀਅ ਨੂੰ ਇਸ ਮਾਣਮੱਤੀ ਪ੍ਰਾਪਤੀ ਉਤੇ ਕਮਿਊਨਿਟੀ ਵੱਲੋਂ ਲੱਖ-ਵੱਖ ਵਧਾਈ!