> ਹੁੰਦਾ ਏ ਇਸ਼ਾਰਾ ਜਦੋਂ ਮਾਲਕਾਂ ਦਾ ਕਰੋ ਭਾਈ
> ਅੰਤਰਿੰਗ ਕਮੇਟੀ ਵਾਲ਼ੇ ਰੱਖਦੇ ‘ਮੀਟਿੰਗ’ ਜੀ।
> ਘੜੀ ਘੰਟਾ ਬੈਠ ਭੇੜ ਯਾਭਾਂ ਵਾਲ਼ੇ ਕਰੀ ਜਾਂਦੇ
> ਆਏ ਹੋਏ ਹੁਕਮਾਂ ਦੀ ਕਰਦੇ ‘ਰਪੀਟਿੰਗ’ ਜੀ।
> ਕੌਮ ਤਾਈਂ ‘ਪਿੱਠ ਦੇ ਕੇ’ ਭੁੱਲ ਕੇ ਵਿਰਾਸਤਾਂ ਨੂੰ
> ਸੁੱਤੀਆਂ ਜ਼ਮੀਰਾਂ ਕਰ ਦਿੰਦੀਆਂ ਚੀਟਿੰਗ ਜੀ।
> ਗੁਰੂ ਘਰੋਂ ਆ ਜਾਂਦਾ ਏ ਲੰਗਰ ‘ਸਵਾਦੀ’ ਬਣ
> ਲਾ ਲਾ ਚਟਖਾਰੇ ਕਰ ਲੈਂਦੇ ਨੇ ‘ਈਟਿੰਗ’ ਜੀ।
> ਦੇਸੀ ਘਿਉ ਦੇ ਹਲਵੇ ‘ਚ ਪਾਏ ਹੁੰਦੇ ਸੁੱਕੇ ਮੇਵੇ
> ਘਿਉ ਦੀ ਘੂਕੀ ਨਾਲ਼ ਹੋ ਜਾਣ ਸਲੀਪਿੰਗ ਜੀ।
> ਦੂਜੇ ਦਿਨ ਛਪੀ ਅਖਬਾਰਾਂ ਵਿਚ ‘ਫੋਟੋ’ ਦੇਖ
> ਫੋਨ ਉੱਤੇ ਦੇਣ ਇਕ ਦੂਜੇ ਨੂੰ ‘ਗਰੀਟਿੰਗ’ ਜੀ !
-ਤਰਲੋਚਨ ਸਿੰਘ ਦੁਪਾਲ ਪੁਰ
78146-92724