ਕੁਰਸੀ ਦੇ ਆਲੇ ਦੁਆਲੇ

ਟਰੰਪ ਬੱਕਰੇ ਬੁਲਾਉਂਦਾ ਆਵੇ !

“ ਅਮਰੀਕਾ ਫਸਟ “ : ਮੁੜ ਟਰੰਪ
‘ ਬੱਕਰੇ ਬੁਲਾਉਂਦਾ ‘ ਆਵੇ !

.. ਭੱਜ ਜਾ ਬਦਾਮੀ ਰੰਗੀਏ , 
 ਜੱਟ ਬੱਕਰੇ ਬੁਲਾਉਂਦਾ ਆਵੇ.. !
ਇਹਨੂੰ ਵੀ ‘ਟਰੰਪ ਕਾਰਡ‘  ਕਹੋ ,  ਟਰੰਪ ਬੜ੍ਹਕ  ਜਾਂ  ਟਰੰਪ ਜਾਦੂ, 
— ਡਾ. ਦਰਸ਼ਨ ਸਿੰਘ ਹਰਵਿੰਦਰ

ਲਾਲ ਝੰਡੇ ਵਾਲੇ ‘ਹਾਥੀ‘ ‘ਤੇ ਚੜ੍ਹ ਕੇ ਵਾਈਟ ਹਾਊਸ ਪਹੁੰਚਣ ਦੀ ਦੌੜ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਚਾਰ ਸਾਲਾਂ ਬਾਅਦ ਮੁੜ ਝੰਡੀ ਰਹੀ ਹੈ ਇਤਿਹਾਸਕ ਬਾਜ਼ੀ ਮਾਰਨ ‘ਚ।

   ਝੰਡੀ ਵੀ ਇੰਨੀ ਉੱਚੀ ਤੇ ਇਤਿਹਾਸਕ ਕਿ ਜੋ ਸ਼ਖ਼ਸ 4 ਸਾਲ ਪਹਿਲਾਂ ਮੁੜ ਰਾਸ਼ਟਰਪਤੀ ਬਣਨੋਂ ਖੁੰਝ ਗਿਆ ਹੋਵੇ , ਜਿਸ ਨੂੰ ਰਾਸ਼ਟਰਪਤੀ ਰਹਿੰਦਿਆਂ ਇੰਪੀਚਮੈਂਟ ਦਾ ਸਾਹਮਣਾ ਕਰਨਾ ਪਿਆ ਹੋਵੇ , ਜਿਸ ‘ਤੇ ਚੱਲ ਰਹੇ ਅਦਾਲਤੀ ਕੇਸਾਂ  ਵਿਚ ਦੋਸ਼ੀ ਪਾਏ ਜਾਣ ‘ਤੇ ਜੇਲ ਜਾਣ ਦੇ ਖ਼ਦਸ਼ੇ ਹੋਣ, ਉਹ ਕਿਸੇ ਜਾਦੂਮਈ ਚਮਤਕਾਰ ਤੋਂ ਘੱਟ ਤਾਂ ਨਹੀਂ।

  ਅਮਰੀਕੀ ਇਤਿਹਾਸ ਦੀ ਇਸ ਵਿਲੱਖਣ ਕਰਵਟ ਰਾਹੀਂ 78 ਸਾਲਾ ਟਰੰਪ ਨੇ ਇਹ ਚੋਣ ਜਿਸ ਵਿਚ ਉਹਨਾਂ ਨਾਲ ਜ਼ਬਰਦਸਤ ਆਹਢਾ ਲੈਣ ਵਾਲੀ ਕਮਲ਼ਾ ਹੈਰਿਸ ਮੁਲਕ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨੋਂ ਰਹਿ ਗਈ , ਜਿੱਤ ਕੇ 131 ਸਾਲ ਬਾਅਦ ਇਤਿਹਾਸ ਦੁਹਰਾ ਦਿੱਤਾ ਹੈ।

  ਅਮਰੀਕਾ ਵਿਚ ਇਹ ਦੂਜੀ ਵਾਰ ਹੋਇਆ ਹੈ ਜਦ ਕੋਈ ਰਾਸ਼ਟਰਪਤੀ ਇਕ ਚੋਣ ਹਾਰਨ ਬਾਅਦ ਮੁੜ ਤੋਂ ‘ ਵਾਈਟ ਹਾਊਸ ‘ ਪਰਤ ਰਿਹਾ ਹੋਵੇ ..ਤੇ ਫਿਰ ਉਹ ਵੀ ਆਪਣੀ ਪਿਛਲੀ ਪਾਰੀ ਨਾਲੋਂ ਮਜ਼ਬੂਤ ਹੋ ਕੇ। 2016 ਵਿਚ ਰਾਸ਼ਟਰਪਤੀ ਬਣੇ ਟਰੰਪ ਪਿਛਲੀ ਵਾਰ 2020 ਵਿਚ ਜਦ ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਤੋਂ ਹਾਰ ਗਏ ਸਨ ਤਾਂ ਕਿਸੇ ਦੇ ਚਿੱਤ-ਚੇਤੇ ਵੀ ਵੀ ਨਹੀਂ ਹੋਣਾ ਕਿ ਮਹਿਜ਼ ਚਾਰ ਸਾਲਾਂ ਬਾਅਦ ਹੀ ਡੋਨਲਡ ਟਰੰਪ ਦੀ ਮੁੜ ਜਿੱਤ ਇਤਿਹਾਸ ਹੀ ਦੁਹਰਾ ਦੇਵੇਗੀ। 

   ਇਸ ਤੋਂ ਪਹਿਲਾਂ 1885 ਵਿਚ ਏਸੇ ਤਰ੍ਹਾਂ ਗਰੋਵਰ ਕਲੀਵਲੈਂਡ  ਜਿੱਤੇ ਸਨ ਤੇ 1889 ਵਿਚ ਹਾਰ ਜਾਣ ਮਗਰੋਂ 1893 ਵਿਚ ਰਾਸ਼ਟਰਪਤੀ ਬਣੇ। 

ਇਹ ਵੀ ਕਮਾਲ ਨਹੀਂ ਕਿ ਅਮਰੀਕਾ ਦੇ 235 ਸਾਲਾ ਇਤਿਹਾਸ ਵਿਚ ਅਜੇ ਤੱਕ ਕੋਈ ਮਹਿਲਾ ਰਾਸ਼ਟਰਪਤੀ ਨਹੀਂ ਬਣ ਸਕੀ। ਵਿਕਟੋਰੀਆ ਵੁਡਹਿਲ 1872 ਵਿਚ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਪਹਿਲੀ ਚਰਚਿਤ ਔਰਤ ਸੀ।

    ਇਸ ਵਾਰ ਕਮਲਾ ਹੈਰਿਸ ਟਰੰਪ ਤੋਂ ਰਾਸ਼ਟਰਪਤੀ ਚੋਣ ਹਾਰ ਗਈ , ਬਿਲਕੁਲ ਉਵੇਂ ਜਿਵੇਂ 2016 ਵਿਚ ਵੀ ਹਿਲੇਰੀ ਕਲਿੰਟਨ ਅਮਰੀਕਨ ਰਾਸ਼ਟਰਪਤੀ ਦੀ ਕੁਰਸੀ ਦੇ ਨੇੜੇ ਪਹੰਚ ਕੇ ਇਸ ‘ਤੇ ਬੈਠਣੋਂ ‘ਖੁੰਝ’ ਗਈ ਸੀ। 

    ਐਤਕੀਂ ਵੈਸੇ ਅਮਰੀਕਨਾਂ ਸਾਹਮਣੇ ਦੋ ਹੀ ਬਦਲ ਸਨ : 

ਇੱਕ ਪਾਸੇ ਅਮਰੀਕਾ ਤੇ ਵਿਸ਼ਵ ਦੇ ਦੂਜੇ ਸਾਰੇ ਮਸਲਿਆਂ ਦਾ ਹੱਲ ‘ਹੀ ਮੈਨ’ , ਬੱਕਰੇ ਬੁਲਾਉਂਦਾ ‘ਮਰਦ’ ਡੋਨਲਡ ਟਰੰਪ ਤੇ ਦੂਜੇ ਪਾਸੇ ਵਿਸ਼ਵ ਦੇ ਸਭ ਤੋਂ ਤਾਕਤਵਰ ਸਮਝੇ ਜਾਂਦੇ ਮੁਲਕ ਅਮਰੀਕਾ ਦੇ ‘ਕਮਜ਼ੋਰ’ ਜਿਹੇ ਚਿਹਰੇ ਵਾਲੇ ਜੋਅ ਬਾਇਡਨ ਜੋ ਯੁਕਰੇਨ ਯੁੱਧ ਨਾ ਰੁਕਵਾ ਪਾਏ , ਇਜ਼ਰਾਈਲ ਦੀ ਮਨਮਾਨੀ ਨਾ ਰੋਕ ਸਕੇ ,ਚੀਨ ਨੂੰ ਕਾਬੂ ਵਿਚ ਨਾ ਰੱਖ ਸਕਣ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਦਿਸ ਰਹੀ ‘ਔਰਤ‘ ਕਮਲਾ ਹੈਰਿਸ ! ਇਸੇ ਲਈ ਉਹਨਾਂ ਅਮਰੀਕਾ ਫਸਟ ਨੂੰ ਤਰਜੀਹ ਦੇਣ ਵਾਲੇ ‘ ਮਰਦ’ ਨੂੰ ਤਰਜੀਹ ਦਿੱਤੀ।

    ਇਤਿਹਾਸ ਸਿਰਜ ਰਹੀ ਇਸ ਚੋਣ ਨੇ ਐਤਕੀਂ ਵੀ ਇਹ ਦਰਸਾ ਦਿੱਤਾ ਹੈ ਕਿ ਬੇਸ਼ੱਕ ਵਿਸ਼ਵ ਭਰ ਵਿਚ ਔਰਤਾਂ ਛਾਈਆਂ ਹੋਈਆਂ ਹਨ , ਔਰਤ ਹੁਕਮਰਾਨਾਂ ਦੀ ਝੰਡੀ ਰਹੀ ਹੈ , ਪਰ ਅਮਰੀਕਾ ਵਿਚ ਅੱਜ ਵੀ ਹੁਕਮਰਾਨ ਬਣਨ ਦਾ ਰਾਹ ਸੁਖਾਲਾ ਨਹੀਂ। 

  ਅਗਲੇ ਸਾਲ 20 ਜਨਵਰੀ 2025 ਨੂੰ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਮੁਲਕ ਦੇ ਮੁੜ ਬਣਨ ਜਾ ਰਹੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬੇਝਿਜਕ ਧੜੱਲੇਦਾਰ ਬਿਆਨਾਂ ਨੇ ਉਹਨਾਂ ਨੂੰ ਨਾ ਕੇਵਲ ਪਾਰਟੀ ਸਗੋਂ ਉੱਥੋਂ ਦੇ ਅਵਾਮ ਦਾ ਹੀਰੋ ਬਣਾਇਆ । ਇਹਨਾਂ ਚੋਣਾਂ ਵਿਚ ਖੁਦ ਨੂੰ ਵੱਡਾ ਰਾਸ਼ਟਰਵਾਦੀ ਨੇਤਾ ਸਥਾਪਿਤ ਕਰਦਿਆਂ ਉਹ ਇਹ ਪੈਗ਼ਾਮ ਦੇਣ ਵਿਚ ਸਫਲ ਰਹੇ ਕਿ ਅਮਰੀਕੀ ਹਿਤਾਂ ਦੀ ਰੱਖਿਆ ਕਰਨ ਵਾਲੇ ਉਹੀ ਝੰਡਾਬਰਦਾਰ ਹਨ। ਇਸੇ ਲਈ ਟਰੰਪ ਜਾਦੂ ਅੱਗੇ ਕਿਸੇ ਦਾ ਵੱਸ ਨਹੀਂ ਚੱਲਿਆ।  

   ਮੌਜੂਦਾ ਰਾਸ਼ਟਰਪਤੀ ਬਾਈਡਨ ਵੱਲੋਂ ਅੱਧਵਾਟੇ ਚੋਣ ਮੈਦਾਨ ਛੱਡਣ ਵਿਚ ਕੀਤੀ ਦੇਰੀ ਕਾਰਨ  ਹਾਲਾਤ ਆਪਣੇ ਅਨੁਕੂਲ ਕਰਨ ਲਈ ਕਮਲ਼ਾ ਨੂੰ ਮਹਿਜ ਦੋ-ਤਿੰਨ ਮਹੀਨੇ ਹੀ ਮਿਲ ਸਕੇ। ਹੈਰਿਸ ਕਦੇ ਵੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਤਰ੍ਹਾਂ ਪ੍ਰੇਰਿਤ ਕਰ ਸਕੀ ਤੇ ਅਮਰੀਕਾ ਨੂੰ ਪਹਿਲੀ ਔਰਤ ਹੁਕਮਰਾਨ ਮਿਲਣ ਦਾ ਸੁਪਨਾ ਵੀ ਟੁੱਟ ਗਿਆ। 

  ਇਸ ਚੋਣ ਦੰਗਲ ਵਿਚ ਮਿਲੇ ਫਤਵੇ ਨੂੰ ‘ ਬੇਮਿਸਾਲ ਤੇ ਸ਼ਕਤੀਸ਼ਾਲੀ’ ਕਰਾਰ ਦਿੰਦਿਆਂ ਅਮਰੀਕਾ ਲਈ ‘ ਸੁਨਹਿਰੀ ਯੁੱਗ’ ਲਿਆਉਣ ਦਾ ਵਾਅਦਾ ਕਰਨ ਵਾਲੇ ਬਕੌਲ ਡੋਨਲਡ ਟਰੰਪ :
  “ਇਹ ਅਮਰੀਕਾ ਲਈ ਸਚਮੁਚ ਸੁਨਹਿਰੀ ਯੁੱਗ ਹੋਵੇਗਾ। ਇਹ ਸ਼ਾਨਦਾਰ ਜਿੱਤ ਹੈ ਜੋ ਸਾਨੂੰ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਵਿਚ ਸਹਾਇਤਾ ਕਰੇਗੀ।”

   ਡੋਨਲਡ ਟਰੰਪ ਵੀ ਹਣ ਪਹਿਲਾਂ ਵਾਲਾ ਟਰੰਪ ਨਹੀਂ ਜੋ ਪਿਛਲੀ ਹਕੂਮਤ ਦੌਰਾਨ ਸੀ। ਉਹਦੇ ਕੋਲ ਨਾ ਕੇਵਲ ਪਿਛਲੀ ਸਰਕਾਰ ਚਲਾਉਣ ਦਾ ਤਜਰਬਾ ਹੈ ,ਉਸ ਤੋਂ ਬਾਅਦ ਆਪੋਜੀਸ਼ਨ ਵਿਚ ਰਹਿ ਕੇ ਸਰਕਾਰ ਦੀ ਆਲੋਚਨਾ ਕਰਨ ਦਾ ਵੀ ਤੇ ਐਤਕੀਂ ਤਾਂ ਉਹ ਪਹਿਲਾਂ ਨਾਲੋਂ ਵੱਧ ਮਜ਼ਬੂਤ ਸਥਿਤੀ ਵਿਚ ਹੈ। 

    ਖ਼ੈਰ !  ਸਭ ਦੀਆਂ ਨਜ਼ਰਾਂ ਇਸ ਵੇਲੇ ਵਿਸ਼ਵ ਦੇ ਸਭ ਤੋਂ ਚਰਚਿਤ ਮੁਲਕ ਅਮਰੀਕਾ ‘ਤੇ ਟਿਕੀਆਂ ਹੋਈਆਂ ਹਨ ਕਿ ਅਗਲੇ ਸਾਲ 20 ਜਨਵਰੀ 2025 ਨੂੰ ਅਮਰੀਕਾ  ਦਾ ਮੁੜ ਸ਼ਕਤੀਸ਼ਾਲੀ ਹੁਕਮਰਾਨ ਬਣਦਿਆਂ ਐਤਕੀਂ ਚੋਣ ਜਿੱਤਣ ਸਮੇਂ ਪਹਿਲੀ ਤਕਰੀਰ ‘ਚ ਕੀਤੇ ਕਬੂਲਨਾਮੇ “ਅਸੀਂ ਯੁੱਧ (ਇਸ਼ਾਰਾ ਇਜਰਾਈਲ -ਯੁਕਰੇਨ) ਖ਼ਤਮ ਕਰਨਾ ਚੁਾਹੁੰਦੇ ਹਾਂ , 

“ਜੰਗ ਨਹੀਂ ਹੋਣ ਦਿਆਂਗੇ” ‘ਤੇ ਕਿੰਨੀ ਦ੍ਰਿੜਤਾ ਨਾਲ ਪਹਿਰਾ ਦਿੰਦੇ ਹਨ।

    ਟਰੰਪ ਦੀ ‘ ਅਮਰੀਕਾ ਫਸਟ ‘ ਦੀ ਨੀਤੀ ਦਾ ਵਿਸ਼ਵ ਭਰ ਵਿਚਲੇ ਕਈ ਦੇਸ਼ਾਂ ‘ਤੇ ਅਸਰ ਪਵੇਗਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਂ ਟਰੰਪ ਜਿੱਤ ‘ਤੇ ਰਸਮੀ ਵਧਾਈ ਦੇ ਦਿੱਤੀ ਜਦ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੇਲੇ ਸਿਰ ਵਧਾਈ ਦੇਣੋਂ ਵੀ ਖੁੰਝ ਗਏ। 

    ਆਲਮ ਇਹ ਹੈ ਕਿ ਯੂਰਪ ਤੇ ਜਪਾਨ ਰਾਸ਼ਟਰਪਤੀ ਬਣਨ ਜਾ ਰਹੇ ਟਰੰਪ ਦੇ ਮੁੜ ਹੁਕਮਰਾਨ ਬਣਨ ਨੂੰ ਲੈ ਕੇ ਬੇਚੈਨ ਹਨ। ਬੰਗਲਾਦੇਸ਼ ਵਿਚ ਵੀ ਟੈਂਨਸ਼ਨ ਰਹੇਗੀ ਜਿੱਥੇ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦੇ ਰਾਜ ਵਿਚ ਉੱਥੇ  ਜੋ ਹੋ ਰਿਹਾ ਹੈ ਉਹ ਸਹੀ ਨਹੀਂ ਹੈ ਕਹਿ ਕੇ ਬੰਗਲਾਦੇਸ਼ੀ ਹਿੰਦੂਆਂ ਲਈ ਵੀ ਆਵਾਜ਼ ਉਠਾ ਚੁੱਕੇ ਹਨ। 
    ਆਪਣੇ ਤੁਣਕ ਮਿਜ਼ਾਜ ਸੁਭਾਅ ਵਾਲੇ ਟਰੰਪ ਜਿਨ੍ਹਾਂ  ਪਿਛਲੇ ਕਾਰਜਕਾਲ ਦੌਰਾਨ ਆਪਣੇ ਕੱਟੜ ਵਿਰੋਧੀ ਚੀਨ ਨੂੰ ‘ ਵਾਇਰਸ’ ਤੱਕ ਕਰਾਰ ਦਿੱਤਾ ਸੀ , ਇਹ ਸਥਿਤੀ ਭਾਰਤ-ਅਮਰੀਕਾ ਦਰਮਿਆਨ ਰੱਖਿਆ ਸਬੰਧਾਂ ਨੂੰ ਹੋਰ ਕਿੰਨਾ ਮਜ਼ਬੂਤ ਕਰ ਪਾਏਗੀ। 

    ਟਰੰਪ ਦੀ ਵਾਪਸੀ ਨਾਲ ਸਾਡੇ ਸ਼ਰੀਕ ਗੁਆਂਢੀ ਪਾਕਿਸਤਾਨ ਦੀ ਸਿਆਸਤ ਵਿਚ ਵੀ ਉਥਲ -ਪੁਥਲ ਹੋ ਸਕਦੀ ਹੈ। ਉੱਥੇ ਜੇਲ੍ਹ ਵਿਚ ਨਜ਼ਰਬੰਦ ਪਾਕਿ ਦੇ ਸਾਬਕਾ ਹੁਕਮਰਾਨ ਸਿਮਰਨਾਂ ਖਾਨ ਤੇ ਟਰੰਪ ਦੇ ਚੰਗੇ ਸਬੰਧ ਹਨ। ਟਰੰਪ ਵਾਪਸੀ ਨਾਲ ਇਮਰਾਨ ਸਮਰਥਕਾਂ ਦੇ ਹੌਸਲੇ ਬੁਲੰਦ ਹੋਣਗੇ।  
     ਖ਼ੁਸ਼ਨਸੀਬੀ ਨਾਲ ਹਿੰਦੁਸਤਾਨ ਦੀ ਡੋਨਲਡ ਟਰੰਪ ਨਾਲ ਚੰਗੀ ਬਣਦੀ ਹੈ। ਟਰੰਪ ਹਾਲਾਂਕਿ ਹਿੰਦੁਸਤਾਨ ਦੇ ਹੁਕਮਰਾਨ ਨਰੇਂਦਰ ਮੋਦੀ ਨੂੰ ‘ ਮੇਰਾ ਮਿੱਤਰ’ ਕਹਿ ਕੇ ਬੁਲਾਉਂਦੇ ਹਨ ਤੇ ਮੋਦੀ ਵੀ ਆਪਣੇ ‘ਦੋਸਤ’ ਟਰੰਪ ਦੀ ‘ ਇਤਿਹਾਸਿਕ’ ਜਿੱਤ ਤੇ ਵਧਾਈ ਦੇਣ ਸਮੇਂ    ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨ ਲਈ ਸਹਿਯੋਗ ਵਧਾਉਣ ਲਈ ਆਸਵੰਦ ਹਨ ।
        ਪਰ ਵੇਖਣਾ ਤਾਂ ਇਹ ਵੀ ਹੋਵੇਗਾ ਕਿ ਜੇ ਭਾਰਤ ਨੂੰ ਵਪਾਰ ਦਾ 

‘ ਸਭ ਤੋਂ ਵੱਡਾ’ ਸ਼ੋਸ਼ਣਕਾਰੀ ‘ ਕਹਿਣ ਦੀ ਅਜੇ ਵੀ ਟਰੰਪ ਨੇ ਰਟ ਨਾ ਛੱਡੀ ਤੇ ਟਰੰਪ- ਮੋਦੀ ਨੇੜਤਾ ਕੂਟਨੀਤਕ ਸਬੰਧਾਂ ਨੂੰ ਕਿਸ ਮੁਕਾਮ ਤੱਕ ਲਿਜਾਂਦੀ ਹੈ ਖ਼ਾਸ ਤੌਰ ‘ਤੇ ਗੁਰਪਤਵੰਤ ਸਿੰਘ ਪੰਨੂ ਕੇਸ ਜਾਂ ਇੰਡੋ -ਕੈਨੇਡਾ ਦੇ ਮੌਜੂਦਾ ਨਾਖੁਸ਼ਗਵਾਰ ਮਾਹੌਲ ਵਿਚ।

   … ਤੇ ਫਿਰ ਉਹ ਵੀ ਉਦੋਂ ਜਦੋਂ ਅਮਰੀਕਨ ਰਾਸ਼ਟਰਪਤੀ ਦੁਨੀਆਂ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਸ਼ਖ਼ਸ ਹੋਵੇ ਜੋ ਸਭ ਤੋਂ ਵੱਡੇ ਅਰਥਚਾਰੇ ,ਸਭ ਤੋਂ ਵੱਡੇ ਤਕਨੀਕੀ, ਵਿਗਿਆਨਿਕ ਚੌਖਟੇ ਤੇ ਸਭ ਤੋਂ ਵੱਡੇ ਹਥਿਆਰਬੰਦ ਦਸਤਿਆਂ ਦੀ ਅਗਵਾਈ ਕਰਦਾ ਹੋਵੇ।
         ਦਿਲੀ ਦੁਆ ਕਿ ‘ਜੰਗ ਲੜਨ -ਲੜਾਉਣ’ ਦੀ ਬਜਾਏ ਇਸ ਸ਼ਕਤੀਸ਼ਾਲੀ ਸ਼ਖ਼ਸ ਦੀ ਸਾਰੀ ਸ਼ਕਤੀ ਮਾਨਵਤਾ ਦੇ ਲਈ ਦੁਨੀਆਂ  ਭਰ ਵਿਚ ਅਮਨ, ਵਿਸ਼ਵ ਸ਼ਾਂਤੀ  ਕਾਇਮ ਕਰਨ ‘ਚ ਲੱਗੇ ਤੇ ਜੰਗ ਬੰਦ ਹੀ ਨਹੀਂ , ਕਦੇ ਜੰਗ ਨਾ ਲੱਗੇ ! 
        ਸ਼ਾਲਾ ! ਇਨਸਾਨੀਅਤ ਕਦੇ ਨਾ ਮਰੇ , ਹਮੇਸ਼ਾ ਜ਼ਿੰਦਾ ਰਹੇ !! ਆਮੀਨ !!!!!


               — ਡਾ. ਦਰਸ਼ਨ ਸਿੰਘ ਹਰਵਿੰਦਰ

Show More

Related Articles

Leave a Reply

Your email address will not be published. Required fields are marked *

Back to top button
Translate »