ਖ਼ਬਰ ਪੰਜਾਬ ਤੋਂ ਆਈ ਐ ਬਈ

ਮੁੱਦਾ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਚਲੀ ਮੀਟਿੰਗ ਦਾ : ਕੌਣ ਠੀਕ, ਕੌਣ ਗਲਤ ?

ਮੁੱਦਾ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਚਲੀ ਮੀਟਿੰਗ ਦਾ : ਕੌਣ ਠੀਕ, ਕੌਣ ਗਲਤ

ਪਿਛਲੇ ਦਿਨੀਂ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਫਿਲਹਾਲ ਮੁਅਤੱਲ ਮੁੱਖ ਪੁਜਾਰੀ ਗਿਆਨੀ ਹਰਪ੍ਰੀਤ ਸਿੰਘ ਦੇ ਬਠਿੰਡਾ ਨਿਵਾਸ ਵਿਖੇ ਹੈਲੀਕਾਪਟਰ ਰਾਹੀਂ ਉਚੇਚੇ ਤੌਰ ਤੇ ਜਾ ਕੇ ਉਹਨਾਂ ਨਾਲ ਮੁਲਾਕਾਤ ਕਰਨ ਦੀ ਖਬਰ ਸਿੱਖ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮੀਟਿੰਗ ਵਿੱਚ ਕੀ ਗੱਲਬਾਤ ਹੋਈ, ਕਿਹੜੇ-ਕਿਹੜੇ ਮੁੱਦੇ ਵਿਚਾਰੇ ਗਏ ਜਾਂ ਮੀਟਿੰਗ ਦੀ ਲੋੜ ਬਾਰੇ ਨਾ ਤਾਂ ਡੇਰਾ ਬਿਆਸ ਨੇ ਕੋਈ ਜਾਣਕਾਰੀ ਦਿੱਤੀ ਤੇ ਨਾ ਹੀ ਗਿਆਨੀ ਹਰਪ੍ਰੀਤ ਸਿੰਘ ਨੇ। ਇਸ ਲਈ ਉਕਤ ਮੀਟਿੰਗ ਦੇ ਮੰਤਵ ਬਾਰੇ ਵੱਖ-ਵੱਖ ਧਿਰਾਂ ਵੱਲੋਂ ਵੱਖ-ਵੱਖ ਅੰਦਾਜੇ ਲਗਾਏ ਜਾ ਰਹੇ ਹਨ।

ਜਿੱਥੇ ਕਈ ਲੋਕ ਇਹ ਕਹਿ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕਰ ਰਹੇ ਹਨ ਕਿ ਕਿਸੇ ਵੀ ਹੋਰ ਧਾਰਮਕ ਜਾਂ ਸਿਆਸੀ ਸ਼ਖਸੀਅਤ ਨਾਲ ਮੁਲਾਕਾਤ ਕਰਨਾ ਕੋਈ ਗੁਨਾਹ ਨਹੀਂ ਅਤੇ ਖੁਦ ਸਿਆਸਤਦਾਨ ਵੀ ਹੋਰਨਾਂ ਸਿਆਸੀ ਲੋਕਾਂ ਅਤੇ ਡੇਰੇਦਾਰਾਂ ਨਾਲ ਮੁਲਾਕਾਤ ਕਰਦੇ ਰਹਿੰਦੇ ਹਨ ਅਤੇ ਉਹਨਾਂ ਤੋਂ ਖੁਦ ਵਾਸਤੇ ਵੋਟਾਂ ਅਤੇ ਹੋਰ ਕਿਸਮ ਦਾ ਸਮਰਥਨ ਮੰਗਦੇ ਰਹਿੰਦੇ ਹਨ। ਜਦਕਿ ਇਸਦੀ ਵਿਰੋਧਤਾ ਵਿੱਚ ਇਹ ਵਿਚਾਰ ਆ ਰਿਹਾ ਹੈ ਕਿ ਤਖਤਾਂ ਦੇ ਜਥੇਦਾਰਾਂ ਨੂੰ ਕਿਸੀ ਵੀ ਡੇਰੇਦਾਰ ਨਾਲ ਮੇਲ ਮੁਲਾਕਾਤ ਨਹੀਂ ਕਰਨੀ ਚਾਹੀਦੀ ਅਤੇ ਉਹਨਾਂ ਨੂੰ ਸਿਰਫ ਸਿੱਖਾਂ ਅਤੇ ਪੰਥਕ ਮਸਲਿਆਂ ਤੱਕ ਹੀ ਆਪਣੀਆਂ ਗਤੀਵਿਧੀਆਂ ਸੀਮਿਤ ਰੱਖਣੀਆਂ ਚਾਹੀਦੀਆਂ ਹਨ।

ਇਸ ਵਿੱਚ ਕੋਈ ਸ਼ੱਕ ਦੀ ਗੱਲ ਵੀ ਨਹੀਂ ਕਿ ਸਿੱਖਾਂ ਦੇ ਧਾਰਮਿਕ ਅਸਥਾਨਾਂ ਖਾਸ ਕਰ ਤਖਤ ਸਾਹਿਬਾਨ ਦੇ ਮੁੱਖ ਪੁਜਾਰੀਆਂ ਨੂੰ ਡੇਰੇਦਾਰਾਂ ਨਾਲ ਮੁਲਾਕਾਤਾਂ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਕਿਉਂਕਿ ਇਹ ਤੱਥ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਪੰਜਾਬ ਵਿਚਲੇ ਲਗਭਗ ਸਾਰੇ ਡੇਰੇਦਾਰਾਂ ਦਾ ਮਕਸਦ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ, ਦੇਹਧਾਰੀ ਪੂਜਾ ਪਰੰਪਰਾ ਨਾਲ ਜੋੜਨਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਤੋੜ-ਮਰੋੜ ਕੇ ਪ੍ਰਚਾਰਿਤ ਕਰਨਾ ਹੀ ਹੈ – ਤਾਂ ਜੋ ਸਿੱਖ ਕੌਮ ਨਿਵੇਕਲੀ ਗੁਰਮਤਿ ਵਿਚਾਰਧਾਰਾ ਤੋਂ ਭਟਕ ਕੇ, ਸਿੱਖੀ ਦੇ ਹਿੰਦੂਵਾਦੀ ਰੂਪ ਵਿੱਚ ਜੱਬ ਹੋ ਸਕੇ। ਕਿਉਂਕਿ ਜਿਵੇਂ ਕਹਾਵਤ ਹੈ ਕਿ ਭਾਵੇਂ ਖਰਬੂਜਾ ਛੁਰੀ ’ਤੇ ਡਿੱਗੇ ਜਾਂ ਛੁਰੀ ਖਰਬੂਜੇ ’ਤੇ, ਕੱਟਿਆ ਖਰਬੂਜੇ ਨੇ ਹੀ ਜਾਣਾ ਹੁੰਦਾ ਹੈ – ਉਸੇ ਤਰ੍ਹਾਂ ਭਾਵੇਂ ਤਖ਼ਤਾਂ ਦੇ ਪੁਜਾਰੀ ਕਿਸੇ ਡੇਰੇਦਾਰ ਨਾਲ ਮੀਟਿੰਗ ਲਈ ਜਾਣ ਜਾਂ ਕੋਈ ਡੇਰੇਦਾਰ ਉਨ੍ਹਾਂ ਨਾਲ ਮੀਟਿੰਗ ਕਰਨ ਆਵੇ – ਵਿਸ਼ਵਸਨੀਕਤਾ ਤਖ਼ਤਾਂ ਦੇ ਪੁਜਾਰੀਆਂ ਦੀ ਹੀ ਘੱਟਣੀ ਹੁੰਦੀ ਹੈ, ਜਦ ਤੱਕ ਕਿ ਅਜਿਹੀ ਕਿਸੇ ਮੀਟਿੰਗ ਉਪਰੰਤ, ਸਬੰਧਿਤ ਡੇਰੇਦਾਰ ਵੱਲੋਂ ਆਪਣੀਆਂ ਸਿੱਖੀ-ਵਿਰੋਧੀ ਹਰਕਤਾਂ ਤੋਂ ਬਾਜ਼ ਆਉਣ ਤੋਂ ਤੌਬਾ ਨਹੀਂ ਕੀਤੀ ਜਾਂਦੀ।
ਜਿੱਥੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਹੈ, ਉਹ ਪਹਿਲਾਂ ਵੀ ਸ਼ਰੇਆਮ ਇਸ ਤੱਥ ਨੂੰ ਕਬੂਲ ਕਰਦੇ ਰਹੇ ਹਨ ਕਿ ਉਹਨਾਂ ਦੀ ਦਿੱਲੀ ਦਰਬਾਰ ਦੇ ਸੂਤਰਾਂ ਨਾਲ ਫੋਨ ’ਤੇ ਗੱਲਬਾਤ ਹੁੰਦੀ ਰਹਿੰਦੀ ਹੈ – ਹਾਲਾਂਕਿ ਉਹ ਇਸ ਨੂੰ ਇਹੀ ਕਹਿ ਕੇ ਜਾਇਜ਼ ਠਹਿਰਾਉਂਦੇ ਰਹੇ ਹਨ ਕਿ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਅਤੇ ਬਾਦਲ ਦਲ ਦੇ ਆਗੂਆਂ ਦੇ ਵੀ ਦਿੱਲੀ ਦਰਬਾਾਰ ਦੇ ਸੂਤਰਾਂ ਨਾਲ ਸੰਬੰਧ ਹੁੰਦੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ।

ਲੇਕਿਨ ਇਸ ਘਟਨਾਕ੍ਰਮ ਬਾਰੇ ਇਹ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਉਹ ਇਹ ਹੈ ਕਿ ਸ਼ਾਇਦ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੋ ਤਨਖਾਹੀਆ ਕਰਾਰ ਦੇਣ ਅਤੇ ਉਸਨੂੰ ਅਕਾਲੀ ਦਲ ਬਾਦਲ ਦੇ ਮੁਖੀ ਵਜੋਂ ਅਸਤੀਫ਼ਾ ਦੇ ਕੇ, ਪਾਰਟੀ ਤੋਂ ਸਥਾਈ ਤੌਰ ’ਤੇ ਲਾਂਭੇ ਹੋ ਜਾਣ ਵਾਲੇ ਜੋ ਨਿਰਦੇਸ਼ ਦਿੱਤੇ ਗਏ ਸਨ, ਉਹਨਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਕੋਈ ਅਹਿਮ ਭੂਮਿਕਾ ਨਿਭਾਈ ਸੀ, ਜਿਸ ਕਾਰਨ ਗੁੱਸੇ ਵਿੱਚ ਆਏ ਹੋਏ ਬਾਦਲ ਦਲ ਨੇ, ਸ਼੍ਰੋਮਣੀ ਕਮੇਟੀ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੂੰ, ਉਹਨਾਂ ਦੇ ਕਿਰਦਾਰ ’ਤੇ ਲਗਾਏ ਜਾਂਦੇ ਕਾਫੀ ਪੁਰਾਣੇ ਇਲਜਾਮਾਂ ਦੇ ਤਹਿਤ ਉਹਨਾਂ ਦੀਆਂ ਸੇਵਾਵਾਂ ਤੋਂ 15 ਦਿਨਾਂ ਵਾਸਤੇ ਮੁਅਤੱਲ ਕਰਵਾ ਕੇ ਉਨ੍ਹਾਂ ਨੂੰ ਇਕ ਚੇਤਾਵਨੀ ਦਿੱਤੀ ਸੀ।

ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਾਦਲ ਦਲ ਦੇ ਤਰਕਸ਼ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ‘‘ਕਾਬੂ ਕਰਨ ਲਈ’’ ਹਾਲਾਂ ਹੋਰ ਵੀ ਕੁਝ ਤੀਰ ਬਚੇ ਹੋਣ, ਜਿਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਨਾਲ ਹੋਰ ਵਧੇਰੇ ਟਕਰਾਵ ਲੈਣ ਤੋਂ ਸੰਕੋਚ ਕੀਤਾ ਹੋਵੇ। ਪਰ ਇਹ ਗੱਲ ਉਹਨਾਂ ਦੇ ਦਿੱਲੀ ਦਰਬਾਰ ਦੇ ਸੂਤਰਾਂ ਨੂੰ ਮਾਫਿਕ ਨਾ ਆ ਰਹੀ ਹੋਵੇ ਅਤੇ ਇਸੇ ਕਰਕੇ ਉਹਨਾਂ ਨੇ ਰਾਧਾ ਸੁਆਮੀ ਸੰਪਰਦਾਅ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੂੰ ਗਿਆਨੀ ਹਰਪ੍ਰੀਤ ਸਿੰਘ ਕੋਲ ਵਿਸ਼ੇਸ਼ ਤੌਰ ’ਤੇ ਹੈਲੀਕਾਪਟਰ ਵਿੱਚ ਭੇਂ ਦਿੱਤਾ ਹੋਵੇ, ਤਾਂ ਜੋ ਇਸ ਮੀਟਿੰਗ ਦੀ ਖਬਰ ਲੁਕੀ ਰਹਿਣ ਦੀ ਕੋਈ ਗੁੰਜਾਇਸ਼ ਨਾ ਬਚੇ – ਨਹੀਂ ਤਾਂ ਦੱਸਿਆ ਜਾਂਦਾ ਕਿ ਕੁਝ ਦਿਨ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਗੁੜਗਾਉਂ ਵਿਖੇ ਸੁਖਬੀਰ ਬਾਦਲ ਨਾਲ ਵੀ ਗੁਪਤ ਮੁਲਾਕਾਤ ਕੀਤੀ ਸੀ। ਲੇਕਿਨ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਗੁਪਤ ਮੀਟਿੰਗ ਦੀ ਨੀਤੀ ਨੂੰ ਕਿਸੇ ਵਿਸ਼ੇਸ਼ ਮੰਤਵ ਦੀ ਪ੍ਰਾਪਤੀ ਵਾਸਤੇ ਦਰਕਿਨਾਰ ਕਰ ਦਿੱਤਾ ਗਿਆ।

ਇਹ ਮੰਤਵ ਹਾਲ ਫਿਲਹਾਲ ਗਿਆਨੀ ਹਰਪ੍ਰੀਤ ਸਿੰਘ ਦੀ ਵਿਸ਼ਵਸਨੀਕਤਾ ਘਟਾਉਣਾ ਹੋ ਸਕਦਾ ਹੈ ਕਿਉਂਕਿ ਜਿਹੜੇ ਲੋਕ ਸਰਕਾਰੀ ਸੂਤਰਾਂ ਦੇ ਹੁਕਮਾਂ ਜਾਂ ਯੋਜਨਾਵਾਂ ਦੀ ਇੰਨ-ਬਿੰਨ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਨ, ਸਰਕਾਰੀ ਤਾਕਤਾਂ ਉਹਨਾਂ ਦਾ ਲਿਹਾਜ਼ ਨਹੀਂ ਕਰਦੀਆਂ ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਲੀਲ ਅਤੇ ਪਰੇਸ਼ਾਨ ਕੀਤਾ ਅਤੇ ਕਰਵਾਇਆ ਜਾਂਦਾ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਵੀ ਫਿਲਵਾਲ ਇਹੀ ਕੁਝ ਹੁੰਦਾ ਪ੍ਰਤੀਤ ਹੁੰਦਾ ਹੈ।

ਲੇਕਿਨ ਇਥੇ ਅਸਲ ਮਸਲਾ ਗਿਆਨੀ ਹਰਪ੍ਰੀਤ ਸਿੰਘ ਜਾਂ ਸੁਖਬੀਰ ਬਾਦਲ ਵਿੱਚੋਂ ਕਿਸੇ ਇੱਕ ਦਾ ਸਮਰਥਨ ਜਾਂ ਵਿਰੋਧ ਕਰਨਾ ਨਹੀਂ ਬਲਕਿ ਸਿੱਖ ਕੌਮ ਦੀ ਉਸ ਲਾਚਾਰ ਸਥਿਤੀ ਤੇ ਵਿਚਾਰ ਕਰਨਾ ਹੈ, ਜਿਸ ਵਿੱਚ ਸਿੱਖਾਂ ਦੇ ਸਿਆਸੀ ਅਤੇ ਧਾਰਮਿਕ ਆਗੂਆਂ ਅਤੇ ਪਵਿੱਤਰ ਤਖ਼ਤ ਸਾਹਿਬਾਨ ਦੇ ਮੁੱਖ ਪੁਜਾਰੀਆਂ ਨੇ ਸਿੱਖਾਂ ਨੂੰ ਲਿਆ ਖੜਾ ਕੀਤਾ ਹੈ ਕਿਉਂਕਿ ਤਖਤ ਸਾਹਿਬਾਨ ਦੀ ਸਥਾਪਤੀ ਦਾ ਮਕਸਦ ਸਿੱਖਾਂ ਨੂੰ ਧਾਰਮਿਕ ਅਗਵਾਈ ਦੇਣਾ, ਸਿੱਖਾਂ ਵਿੱਚਲੇ ਵਾਦ-ਵਿਵਾਦਾਂ ਨੂੰ ਦੂਰ ਕਰਨਾ ਅਤੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਠੋਸ ਯੋਜਨਾਵਾਂ ਉਲੀਕਣਾ ਸੀ ਲੇਕਿਨ ਮੌਜੂਦਾ ਸਮੇਂ ਵਿੱਚ ਤਖਤ ਸਾਹਿਬਾਨ ਦਾ ਸਿਸਟਮ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦੀਆਂ ਰਾਹਾਂ ਵਿੱਚ ਅੜਿੱਕੇ ਖੜੇ ਕਰਨ ਜਾਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਜਾਂ ਫਿਰ ਸਿਰਫ ਸਿਆਸੀ ਲੋਕਾਂ / ਸਿੱਖ ਵਿਰੋਧੀ ਡੇਰੇਦਾਰਾਂ ਦੇ ਗਲਤ ਕੰਮਾਂ ਤੇ ਪੜਦਾ ਪਾਉਣ ਜਾਂ ਉਹਨਾਂ ਨੂੰ ਅਖੌਤੀ ਧਾਰਮਿਕ ਸਜਾਵਾਂ ਦੇ ਕੇ ਸਿੱਖ ਸਮਾਜ ਵਿੱਚ ਮੁੜ ਤੋਂ ਬਹਾਲ ਕਰਵਾਉਣਾ ਮਾਤਰ ਰਹਿ ਗਿਆ ਹੈ।

ਇਸ ਲਈ ਮੌਜੂਦਾ ਵਿਵਾਦ ਨੂੰ ਗਿਆਨੀ ਹਰਪ੍ਰੀਤ ਸਿੰਘ ਜਾਂ ਸੁਖਬੀਰ ਬਾਦਲ ਵਿੱਚੋਂ ਕਿਸੇ ਇਕ ਦਾ ਵਿਰੋਧ ਜਾਂ ਸਮਰਥਨ ਕਰਨ ਤੱਕ ਸੀਮਤ ਰੱਖਣ ਦੀ ਬਜਾਏ, ਇਸ ਮਾਮਲੇ ਨੂੰ ਤਖਤ ਸਾਹਿਬਾਨ ਦੀ ਅਜ਼ਾਦ ਹਸਤੀ ਅਤੇ ਇਨ੍ਹਾਂ ਦੀ ਪੰਥ-ਪ੍ਰਸਤੀ ਕਾਇਮ ਕਾਇਮ ਰੱਖਣ ਦੇ ਨਾਲ-ਨਾਲ, ਤਖਤਾਂ ਦੇ ਮੁੱਖ ਪੁਜਾਰੀਆਂ ਵੱਲੋਂ ਕਿਸੇ ਸ਼ੱਕੀ ਕਾਰਵਾਈ / ਫਤਵੇ ਨੂੰ ਅੰਜਾਮ ਦੇਣ ਦੀ ਹਾਲਤ ਵਿੱਚ ਕੌਮ ਵੱਲੋਂ ਲੋੜੀਂਦੇ ਸੁਰੱਖਿਆਤਮਕ ਅਤੇ ਨੁਕਸਾਨ ਦੀ ਭਰਪਾਈ ਲਈ ਚੁੱਕੇ ਜਾ ਸਕਦੇ ਕਦਮਾਂ ਬਾਰੇ ਅਗਾਊਂ ਨੀਕੀਆਂ ਬਣਾਉਣ ਅਤੇ ਤਖ਼ਤਾਂ ਦੇ ਮੁੱਖ ਪੁਜਾਰੀਆਂ ਨੂੰ ਉਹਨਾਂ ਦੀਆਂ ਅਸਲ ਡਿਊਟੀਆਂ ਤੱਕ ਸੀਮਿਤ ਬਾਰੇ ਕੋਈ ਠੋਸ ਅਤੇ ਪਾਰਦਰਸ਼ੀ ਨੀਤੀ ਸਿੱਖ ਬੁੱਧੀਜੀਵੀਆਂ ਨੂੰ ਉਲੀਕਣ ਦੇ ਮੌਕੇ ਵਜੋਂ ਵਰਤਣਾ ਚਾਹੀਦਾ ਹੈ। ਬਾਦਲ ਦਲ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਮਾਧਿਅਮ ਨਾਲ ਜਲਦ ਤੋਂ ਜਲਦ ਅਜਿਹੀਆਂ ਨੀਤੀਆਂ ਲਾਗੂ ਕਰਕੇ ਤਖਤਾਂ ਦੇ ਮੁੱਖ ਪੁਜਾਰੀ ਸੇਵਾਵਾਂ ਦੀਆਂ ਸ਼ਰਤਾਂ ਸਟੀਕ ਤੌਰ ’ਤੇ ਮੁਕੱਰਰ ਕਰਨੀਆਂ ਚਾਹੀਦੀਆਂ ਹਨ। ਜੇਕਰ ਬਾਦਲ ਦਲ ਅਜਿਹਾ ਕਰਨ ਤੋਂ ਸੰਕੋਚ ਕਰਦਾ ਹੈ ਤਾਂ ਜੋ ਸਮੇਂ-ਸਮੇਂ ’ਤੇ ਉਹ ਤਖਤਾਂ ਦੇ ਮੁੱਖ ਪੁਜਾਰੀਆਂ ਦਾ ਆਪਣੀ ਸਿਆਸੀ ਸਹੂਲੀਅਤ ਜਾਂ ਆਪਣੇ ਚਾਹਵਾਨਾਂ ਨੂੰ ਕਿਸੇ ਸਖ਼ਤ ਫਤਵੇ ਤੋਂ ਬਚਾਉਣ ਵਾਸਤੇ ਗਲਤ ਢੰਗ ਨਾਲ ਉਪਯੋਗ ਕਰ ਸਕਣ, ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਜਤਨਸ਼ੀਲ ਤਾਕਤਾਂ – ਜੋ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਸਿਆਸੀ, ਸਮਾਜਕ ਅਤੇ ਆਰਥਕ ਤੌਰ ’ਤੇ ਬਹੁਤ ਤਾਕਤਵਰ ਹੋ ਚੁੱਕੀਆਂ ਹਨ – ਉਹ ਤਾਕਤਾਂ ਲਾਲਚ ਅਤੇ ਬਲੈਕ-ਮੇਲ ਦੇ ਮਿਲੇ-ਜੁਲੇ ਹਥਕੰਡਿਆਂ ਰਾਹੀਂ ਤਖਤਾਂ ਦੇ ਪੁਜਾਰੀਆਂ ਨੂੰ ਪੂਰੇ ਤਰੀਕੇ ਕਾਬੂ ਕਰਕੇ ਨਾ ਸਿਰਫ ਬਾਦਲ ਦਲ ਦੇ, ਬਲਕਿ ਸਮੁੱਚੀ ਸਿੱਖ ਕੌਮ ਦੇ ਖਿਲਾਫ ਉਪਯੋਗ ਕਰ ਪਾਉਣਗੀਆਂ। ਹੁਣ ਫੈਸਲਾ ਬਾਦਲ ਦਲ ਅਤੇ ਸ਼ੋ੍ਰਮਣੀ ਕਮੇਟੀ ਨੇ ਕਰਨਾ ਹੈ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਹਾਲਾਂਕਿ ਹੈਂਕੜ ਹੀ ਦਿਖਾਉਣੀ ਹੈ ਅਤੇ ਤਖਤਾਂ ਦੇ ਪੁਜਾਰੀਆਂ ਨੂੰ ਸਿੱਧੇ-ਟੇਡੇ ਬਹਾਨਿਆਂ ਨਾਲ ਮੁਅਤੱਲ ਜਾਂ ਬਰਖ਼ਾਸਤ ਹੀ ਕਰਦੇ ਰਹਿਣਾ ਹੈ – ਜਾਂ ਫਿਰ ਉਹਨਾਂ ਦਾ ਉਪਯੋਗ ਤੇਜ਼ੀ ਨਾਲ ਖਤਮ ਹੁੰਦੀ ਜਾ ਰਹੀ ਸਿੱਖ ਸ਼ਕਤੀ, ਜੋ ਉਹਨਾਂ ਦਾ ਇਕ-ਮਾਤਰ ਵੋਟ ਬੈਂਕ ਵੀ ਹੈ – ਨੂੰ ਪੁਨਰ-ਸੁਰਜੀਤ ਕਰਨ ਵਿੱਚ ਲਗਾਉਣਾ ਹੈ।

-ਸਰਬਜੀਤ ਸਿੰਘ ਐਡਵੋਕੇਟ, ਨਵੀਂ ਦਿੱਲੀ  
ਮਿਤੀ : 30 ਦਸੰਬਰ 2024  

Show More

Related Articles

Leave a Reply

Your email address will not be published. Required fields are marked *

Back to top button
Translate »