ਸੰਦੂਕ ਲੱਕੜ ਦਾ ਬਣਿਆ ਇੱਕ ਬਕਸਾ ਹੁੰਦਾ ਹੈ, ਜਿਸ ਨੂੰ ਸੰਦੂਕ ਕਿਹਾ ਜਾਂਦਾ ਹੈ ਇਸ ਵਿੱਚ ਕੱਪੜੇ ਅਤੇ ਘਰ ਦਾ ਸਾਮਾਨ ਸੰਭਾਲ ਕੇ ਰੱਖਿਆ ਜਾਂਦਾ । ਭਾਵੇਂ ਅੱਜਕੱਲ੍ਹ ਲੜਕੀ ਨੂੰ ਦਾਜ ਵਿੱਚ ਲੋਹੇ ਦੀ ਪੇਟੀ, ਅਲਮਾਰੀ ਦਿੱਤੀ ਜਾਂਦੀ ਹੈ, ਪਰ ਪੁਰਾਤਨ ਸਮੇਂ ਵਿੱਚ ਸੰਦੂਕ ਦਾਜ ਵਿੱਚ ਦੇਣ ਵਾਲੀ ਇੱਕ ਅਹਿਮ ਵਸਤੂ ਹੁੰਦਾ ਸੀ। ਸੰਦੂਕ ਅਕਸਰ ਵਧੀਆ ਅਤੇ ਮਜ਼ਬੂਤ ਲੱਕੜੀ ਦਾ ਕਿਸੇ ਮਾਹਿਰ ਕਾਰੀਗਰ ਵੱਲੋਂ ਤਿਆਰ ਕੀਤਾ ਜਾਂਦਾ ਸੀ। ਇਸ ਲਈ ਕਾਲੀ ਟਾਹਲੀ, ਨਿੰਮ ਜਾਂ ਕਿੱਕਰ ਦੀ ਲੱਕੜ ਵਰਤੀ ਜਾਂਦੀ ਸੀ। ਪਹਿਲਾਂ ਛੋਟੇ ਸੰਦੂਕਾਂ ਦਾ ਰਿਵਾਜ ਸੀ ਜੋ ਚਾਰ ਫੁੱਟ ਲੰਬੇ ਹੁੰਦੇ ਸਨ। ਹੌਲੀ-ਹੌਲੀ ਛੇ ਫੁੱਟ ਉੱਚੇ ਲੰਬੇ ਸੰਦੂਕ ਵੀ ਬਣਨ ਲੱਗੇ। ਸੰਦੂਕ ਦਾ ਪਿਛਲਾ ਪਾਸਾ ਆਮ ਤੌਰ ’ਤੇ ਸਾਫ਼ ਰੱਖਿਆ ਜਾਂਦਾ ਸੀ ਜਿਸ ਵਿੱਚ ਸਿੱਧੇ ਫੱਟੇ ਜੋੜੇ ਜਾਂਦੇ, ਪਰ ਸਾਹਮਣੇ ਵਾਲੇ ਅਤੇ ਦੋਹਾਂ ਪਾਸਿਆਂ ’ਤੇ ਬਹੁਤ ਹੀ ਮਹੀਨ ਕਾਰੀਗਰੀ ਦੇ ਨਮੂਨੇ ਬਣਾਏ ਜਾਂਦੇੇ ਜਿਨ੍ਹਾਂ ’ਤੇ ਕਢਾਈ ਕੀਤੀ ਜਾਂਦੀ ਸੀ। ਇਨ੍ਹਾਂ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ ਇਨ੍ਹਾਂ ਵਿੱਚ ਪਿੱਤਲ ਦੇ ਪੱਤਰੇ ਜੜੇ ਜਾਂਦੇ ਅਤੇ ਵਿੱਚ-ਵਿੱਚ ਚਮਕਦਾਰ ਮੇਖਾਂ, ਫੁੱਲੀਆਂ, ਛੋਟੇ-ਛੋਟੇ ਰੰਗਦਾਰ ਸ਼ੀਸ਼ਿਆਂ ਦੇ ਟੁਕੜੇ ਫਿੱਟ ਕਰਕੇ ਕਈ ਦਿਲਚਸਪ ਨਮੂਨੇ ਤਿਆਰ ਕੀਤੇ ਜਾਂਦੇ ਸਨ। ਇਸ ਨੂੰ ਲੋਹੇ ਦੀ ਪੱਤੀ ਨਾਲ ਚੰਗੀ ਤਰ੍ਹਾਂ ਮੜ੍ਹ ਦਿੱਤਾ ਜਾਂਦਾ ਜਿਸ ਨਾਲ ਇਹ ਹੋਰ ਮਜ਼ਬੂਤ ਬਣ ਜਾਂਦਾ। ਸਾਹਮਣੇ ਵਾਲੇ ਪਾਸੇ ਨਿੱਕੇ-ਨਿੱਕੇ ਦੋ ਤਖ਼ਤਿਆਂ ਵਾਲਾ ਦਰਵਾਜ਼ਾ ਰੱਖਿਆ ਜਾਂਦਾ। ਕਈ ਵਾਰ ਵੱਡਾ ਸੰਦੂਕ ਹੋਣ ਕਰਕੇ ਇਸ ਦੇ ਵਿਚਕਾਰ ਇੱਕ ਛੱਤ ਪਾ ਕੇ ਦੋ ਹਿੱਸੇ ਕੀਤੇ ਜਾਂਦੇ ਅਤੇ ਦੋਹਾਂ ਛੱਤਾਂ ਦੇ ਵੱਖਰੇ-ਵੱਖਰੇ ਦਰਵਾਜ਼ੇ ਵੀ ਰੱਖੇ ਜਾਂਦੇ ਸਨ। ਹੇਠਲੇ ਹਿੱਸੇ ਵਿੱਚ ਘੱਟ ਵਰਤੋਂ ਵਾਲੀਆਂ ਭਾਰੀਆਂ ਵਸਤਾਂ ਰੱਖੀਆਂ ਜਾਂਦੀਆਂ ਸਨ ਅਤੇ ਉੱਪਰਲੇ ਹਿੱਸੇ ਵਿੱਚ ਹਲਕੀਆਂ ਅਤੇ ਆਮ ਵਰਤੋਂ ਵਾਲੀਆਂ ਵਸਤਾਂ ਰੱਖੀਆਂ ਜਾਂਦੀਆਂ ਸਨ। ਕਈ ਕਾਰੀਗਰ ਸੰਦੂਕ ਦੇ ਅੰਦਰ ਇੱਕ ਰਖਣਾ (ਸੇਫ) ਵੀ ਬਣਾ ਦਿੰਦੇ ਸਨ। ਜਿਸ ਵਿੱਚ ਔਰਤਾਂ ਆਪਣਾ ਨਿੱਕਾ, ਪਰ ਕੀਮਤੀ ਸਾਮਾਨ ਜਿਵੇਂ ਗਹਿਣਿਆਂ ਵਾਲਾ ਡੱਬਾ, ਹਾਰ ਸ਼ਿੰਗਾਰ ਦਾ ਸਾਮਾਨ ਆਦਿ ਰੱਖਦੀਆਂ ਸਨ। ਸੰਦੂਕ ਦੀ ਪੱਕੀ ਲੱਕੜ ਪਾਲਿਸ਼ ਕਰਨ ਕਰਕੇ ਬਹੁਤ ਹੀ ਚਮਕਦਾਰ ਹੁੰਦੀ ਸੀ। ਉੱਪਰ ਲੱਗੇ ਸ਼ੀਸ਼ੇ ਦੂਰੋਂ ਖਿੱਚ ਪਾਉਂਦੇ ਸਨ। ਹੋਰ ਸੁੰਦਰਤਾ ਵਧਾਉਣ ਲਈ ਕਾਰੀਗਰਾਂ ਵੱਲੋਂ ਸੰਦੂਕ ਉੱਪਰ ਛੇਜਾ ਬਣਾਇਆ ਜਾਂਦਾ, ਜਿਸ ਵਿੱਚ ਬਹੁਤ ਹੀ ਮਹੀਨ ਮੀਨਾਕਾਰੀ ਕੀਤੀ ਹੁੰਦੀ ਸੀ। ਇਸ ਵਿੱਚ ਧਾਰਮਿਕ ਫੋਟੋਆਂ ਲਗਾਈਆਂ ਜਾਂਦੀਆਂ ਸਨ। ਇੱਕ ਪਾਸੇ ਮੂੰਹ ਦੇਖਣ ਲਈ ਵੱਡਾ ਸ਼ੀਸ਼ਾ ਵੀ ਫਿੱਟ ਕੀਤਾ ਜਾਂਦਾ ਸੀ। ਸੰਦੂਕ ਘਰ ਦਾ ਸ਼ਿੰਗਾਰ ਹੁੰਦਾ ਸੀ। ਵਿਆਹ ਸਮੇਂ ਲੜਕੀ ਨੂੰ ਦਿੱਤੇ ਜਾਣ ਵਾਲੇ ਸੰਦੂਕ ਦੀ ਤਿਆਰੀ ਵੀ ਉਸ ਦੇ ਦਾਜ ਵਾਂਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਸੀ। ਕਈ ਵਾਰ ਸੰਦੂਕ ਸਮੇਂ ’ਤੇ ਤਿਆਰ ਨਾ ਹੁੰਦਾ ਤਾਂ ਸਾਹਾ (ਵਿਆਹ) ਜਾਂ ਮੁਕਲਾਵਾ ਵੀ ਅੱਗੇ ਪਾ ਦਿੱਤਾ ਜਾਂਦਾ। ਸੰਦੂਕ ਨੂੰ ਬਣਾਉਣ ਲਈ ਮਾਹਿਰ ਕਾਰੀਗਰ ਕੋਲੋਂ ਪਹਿਲਾਂ ਹੀ ਸਮਾਂ ਲਿਆ ਜਾਂਦਾ ਸੀ। ਇਸ ਕੰਮ ਲਈ ਕਈ ਵਾਰ ਦੋ ਮਹੀਨਿਆਂ ਤਕ ਦਾ ਸਮਾਂ ਵੀ ਲੱਗ ਜਾਂਦਾ ਸੀ। ਕਦੇ-ਕਦੇ ਤਾਂ ਕਾਰੀਗਰ ਨੂੰ ਇਸ ਕੰਮ ਲਈ ਘਰ ਵੀ ਬਿਠਾ ਲਿਆ ਜਾਂਦਾ ਸੀ। ਆਰਥਿਕ ਪੱਖੋਂ ਤਕੜੇ ਲੋਕ ਵਿਆਹ ਵਿੱਚ ਦੋ-ਦੋ ਸੰਦੂਕ ਵੀ ਦੇ ਦਿੰਦੇ ਸਨ। ਇਸ ਤਰ੍ਹਾਂ ਸੰਦੂਕ ਦਾ ਸੱਭਿਆਚਾਰਕ ਤੌਰ ’ਤੇ ਵੀ ਬਹੁਤ ਮਹੱਤਵ ਰਿਹਾ ਹੈ। ਪਰੁਾਤਨ ਸਮੇਂ ਵਿੱਚ ਬਰਾਤ ਊਠ, ਘੋੜਿਆਂ ਅਤੇ ਬੈਲ ਗੱਡੀਆਂ ’ਤੇ ਜਾਂਦੀ ਤੇ ਸੰਦੂਕ ਵੀ ਗੱਡੀ ’ਤੇ ਹੀ ਲਿਆਂਦੇ ਜਾਂਦੇ। ਪਾਰਖੂ ਨਜ਼ਰਾਂ ਵਾਲੇ ਲੋਕ ਸੰਦੂਕ ਦੀ ਦਿਖ ਦੇਖ ਕੇ ਹੀ ਅੰਦਾਜ਼ਾ ਲਾ ਲੈਂਦੇ ਸਨ:
ਕਿਹੜੇ ਪਿੰਡ ਮੁਕਲਾਵੇ ਜਾਣੈ ,
ਨਿੰਮ ਦੇ ਸੰਦੂਕ ਵਾਲੀਏ…
ਕਿਸੇ ਮਜਬੂਰੀ ਜਾਂ ਗ਼ਰੀਬੀ ਕਾਰਨ ਜੇਕਰ ਕਿਸੇ ਲੜਕੀ ਨੂੰ ਸੰਦੂਕ ਨਾ ਦਿੱਤਾ ਜਾਂਦਾ ਤਾਂ ਉਸ ਨੂੰ ਸਹੁਰੇ ਪਰਿਵਾਰ ਵਿੱਚ ਤਾਹਨੇ ਸੁਣਨੇ ਪੈਂਦੇ।
ਗੱਡੀ ਆ ਗਈ ਸੰਦੂਕੋਂ ਖਾਲੀ
ਬਹੁਤਿਆਂ ਭਰਾਵਾਂ ਵਾਲੀਏ… ।
ਉਹ ਲੜਕੀ ਆਪਣੇ ਪੇਕੇ ਪਰਿਵਾਰ ਦੀ ਸੁੱਖ ਮੰਗਦੀ ਹੋਈ ਕਿਸੇ ਖ਼ੁਸ਼ੀ ਭਰੇ ਸਮੇਂ ਦੀ ਉਡੀਕ ਕਰਦੀ ਰਹਿੰਦੀ ਅਤੇ ਮੌਕਾ ਆਉਣ ’ਤੇ ਕਹਿੰਦੀ: ਕਾਲੀ ਟਾਹਲੀ ਦਾ ਸੰਦੂਕ ਬਣਾ ਦੇ
ਵੀਰਾ ਵੇ ਮੁਰੱਬੇ ਵਾਲਿਆ… ।
‘ਸੰਦੂਕ ਖੁੱਲ੍ਹਾਈ’ ਇੱਕ ਅਹਿਮ ਰਸਮ ਹੁੰਦੀ ਸੀ ਜੋ ਨਣਦ ਭਰਜਾਈ ਦੇ ਆਪਸੀ ਮੋਹ ਅਤੇ ਵਰਤੋਂ-ਵਿਹਾਰ ਦਾ ਪ੍ਰਤੀਕ ਹੁੰਦੀ ਸੀ। ਨਣਦ ਨਵੀਂ ਭਰਜਾਈ ਦਾ ਸੰਦੂਕ ਖੋਲ੍ਹਦੀ ਅਤੇ ਆਪਣੀ ਪਸੰਦ ਦਾ ਸੂਟ ਉਸ ਵਿੱਚੋਂ ਕੱਢ ਕੇ ਆਪਣੇ ਲਈ ਰੱਖਦੀ। ਬਾਕੀ ਦਾਜ ਨੂੰ ਸਮੇਤ ਸੰਦੂਕ ਸ਼ਰੀਕੇ-ਕਬੀਲੇ ਨੂੰ ਵਿਖਾਇਆ ਜਾਂਦਾ ਸੀ। ਇਸ ਤਰ੍ਹਾਂ ਜਿੱਥੇ ਸੰਦੂਕ ਦਾ ਸੱਭਿਆਚਾਰਕ, ਸਮਾਜਿਕ ਮਹੱਤਵ ਹੈ ਉੱਥੇ ਭਾਵਨਾਤਮਕ ਤੌਰ ’ਤੇ ਵੀ ਡੂੰਘੀ ਸਾਂਝ ਹੈ। ਸੰਦੂਕ ਔਰਤ ਨੂੰ ਆਪਣੇ ਮਾਪਿਆਂ, ਭੈਣ-ਭਰਾਵਾਂ ਤੇ ਸਖੀਆਂ-ਸਹੇਲੀਆਂ ਦੀ ਯਾਦ ਦਿਵਾਉਂਦਾ ਹੈ। ਸੰਦੂਕ ਵਿੱਚ ਮਹੱਤਵਪੂਰਨ ਤੇ ਕੀਮਤੀ ਚੀਜ਼ਾਂ ਸੰਭਾਲ ਕੇ ਰੱਖੀਆਂ ਜਾਂਦੀਆਂ ਸਨ। ਮਜਬੂਰੀ ਸਮੇਂ ਕਈ ਵਾਰ ਘਰ ਦੀ ਗਰਜ ਪੂਰੀ ਕਰਨ ਲਈ ਕੀਮਤੀ ਵਸਤਾਂ (ਸੋਨੇ ਦੇ ਗਹਿਣੇ ਆਦਿ) ਨੂੰ ਸ਼ਾਹੂਕਾਰ ਕੋਲ ਗਹਿਣੇ ਰੱਖਣਾ ਪੈਂਦਾ ਤਾਂ ਨਾ ਚਾਹੁੰਦੇ ਹੋਏ ਸੰਦੂਕ ਵਿੱਚੋਂ ਕੀਮਤੀ ਵਸਤਾਂ ਦੇਣ ਸਮੇਂ ਅਕਸਰ ਮਨ ਭਰ ਆਉਂਦਾ ਅਤੇ ਇਸ ਤਰ੍ਹਾਂ ਸੰਦੂਕ ਅੰਦਰ ਮੂੰਹ ਕਰਕੇ ਰੋ ਲੈਦੀਆਂ। ਇਸ ਤਰ੍ਹਾਂ ਔਰਤਾਂ ਆਪਣਾ ਮਨ ਵੀ ਹੌਲਾ ਕਰ ਲੈਂਦੀਆਂ ਸਨ। ਕਿਰਸ ਨਾਲ ਜੋੜ ਕੇ ਰੱਖੇ ਪੈਸੇ ਵੀ ਲੋੜ ਵੇਲੇ ਸੰਦੂਕ ਵਿੱਚੋਂ ਕੱਢ ਕੇ ਵਰਤੇ ਜਾਂਦੇ। ਇਸ ਤਰ੍ਹਾਂ ਸੰਦੂਕ ਨਾਲ ਜਜ਼ਬਾਤੀ ਸਾਂਝ ਹੋਰ ਵੀ ਡੂੰਘੀ ਹੋ ਜਾਂਦੀ। ਔਰਤਾਂ ਸਮੇਂ-ਸਮੇਂ ’ਤੇ ਸੰਦੂਕ ਦੀ ਝਾੜ-ਪੂੰਝ ਕਰਦੀਆਂ ਰਹਿੰਦੀਆਂ। ਅਚਾਨਕ ਆਈ ਖ਼ੁਸ਼ੀ-ਗਮੀ ਮੌਕੇ ਲੋੜ ਮੁਤਾਬਿਕ ਕੱਪੜੇ, ਖੇਸ, ਸੂਟ ਆਦਿ ਸੰਦੂਕ ਵਿੱਚੋਂ ਕੱਢ ਕੇ ਹੀ ਮੌਕਾ ਸੰਭਾਲਦੀਆਂ ਸਨ। ਸੰਦੂਕ ਨੂੰ ਜਿੰਦਰਾ ਲਗਾਉਣਾ ਅਸ਼ੁੱਭ ਮੰਨਿਆ ਜਾਂਦਾ ਸੀ ਕਿਉਂਕਿ ਇਹ ਮਿੱਥ ਪ੍ਰਚੱਲਿਤ ਸੀ ਕਿ ਖੁੱਲ੍ਹੇ ਸੰਦੂਕ ਵਿੱਚ ਬਰਕਤ ਰਹਿੰਦੀ ਹੈ। ਸੰਦੂਕ ਵਿੱਚ ਕੀਮਤੀ ਸਾਮਾਨ ਹੋਣ ਕਰਕੇ ਕਈ ਵਾਰ ਬਾਹਰ-ਅੰਦਰ ਜਾਣ ਵੇਲੇ ਘਰ ਦੀ ਸੁਆਣੀ ਜਿੰਦਰਾ ਲਗਾ ਲੈਂਦੀ ਅਤੇ ਚਾਬੀ ਨੇੜੇ ਹੀ ਕਿਸੇ ਸੁਰੱਖਿਅਤ ਸਥਾਨ ’ਤੇ ਰੱਖਦੀ। ਦਿਨ ਤਿਉਹਾਰ ਮੌਕੇ ਵਾਰ-ਵਾਰ ਸੰਦੂਕ ਖੋਲ੍ਹਣਾਂ ਪੈਂਦਾ ਅਤੇ ਚਾਬੀ ਰੱਖ ਕੇ ਭੁੱਲਣ ਦੇ ਡਰੋਂ ਗੁੱਤ ਦੀ ਪਰਾਂਦੀ ਨਾਲ ਚਾਬੀ ਨੂੰ ਬੰਨ੍ਹਣ ਦਾ ਪ੍ਰਚਲਣ ਵੀ ਸੀ। ਸੰਦੂਕ ਵਿੱਚ ਸੰਭਾਲ ਕੇ ਰੱਖਿਆ ਸਾਮਾਨ, ਚਾਦਰਾਂ, ਫੁਲਕਾਰੀਆਂ, ਘੱਗਰੇ, ਖੇਸ, ਦਰੀਆਂ, ਪੱਖੀਆਂ, ਝੋਲੇ, ਛਿੱਕੂ ਅਤੇ ਬੋਹਟੇ ਆਦਿ ਨੂੰ ਦੇਖਦਿਆਂ ਬੀਤਿਆਂ ਅਤੀਤ ਚੇਤੇ ਦੀ ਚੰਗੇਰ ਵਿੱਚ ਪ੍ਰਤੱਖ ਹੋ ਉੱਠਦਾ, ਜਦੋਂ ਅੱਲੜ ਉਮਰ ਵਿੱਚ ਇਨ੍ਹਾਂ ਵਸਤਾਂ ਨੂੰ ਤਿਆਰ ਕਰਦੀਆਂ ਲੜਕੀਆਂ ਗੀਤ ਗਾਉਂਦੀਆਂ ਸਨ:
ਦੇਈਂ ਵੇ ਬਾਬਲ ਉਸ ਘਰੇ,
ਜਿੱਥੇ ਦਰਜੀ ਸੀਵੇ ਨਿੱਤ ।
ਇੱਕ ਲਾਹਵਾਂ ਇੱਕ ਪਾਵਾਂ,
ਮੇਰਾ ਵਿੱਚ ਸੰਦੂਕਾਂ ਦੇ ਹੱਥ।
ਵੇ… ਬਾਬੁਲ ਤੇਰਾ ਪੁੰਨ ਵੇ… ਹੋਵੇ…
ਸੰਦੂਕ ਘਰ ਦੀ ਕਾਬੀਲਦਾਰੀ ਵਿੱਚ ਅਹਿਮ ਸਥਾਨ ਰੱਖਣ ਵਾਲੀ ਵਸਤੂ ਸੀ ਜਿਸ ਦਾ ਸੱਭਿਆਚਾਰਕ, ਸਮਾਜਿਕ ਤੇ ਭਾਵਨਾਤਮਕ ਤੌਰ ’ਤੇ ਬਹੁਤ ਮੱਹਤਵ ਰਿਹਾ ਹੈ। ਇਹ ਲੋਕ ਬੋਲੀਆਂ, ਲੋਕ-ਗੀਤਾਂ, ਬੁਝਾਰਤਾਂ ਆਦਿ ਦਾ ਵਿਸ਼ਾ ਵੀ ਰਿਹਾ ਹੈ। ਜਿਵੇਂ ਬੁਝਾਰਤ ਹੈ: ਨਿੱਕੇ-ਨਿੱਕੇ ਠੇਮਣੇ ਸੰਦੂਕ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ! ਕੀ ਜਨੋਰ ਜਾਂਦੇ ਨੇ ?’ (ਰੇਲ ਦੇ ਡੱਬੇ) ਭਾਵੇਂ ਸੰਦੂਕ ਦੀ ਅੱਜ ਪਹਿਲਾਂ ਜਿੰਨੀ ਅਹਿਮੀਅਤ ਨਹੀਂ ਹੈ, ਪਰ ਅੱਜ ਲੋੜ ਹੈ ਇਸ ਦੇ ਮਹੱਤਵ ਨੂੰ ਸਮਝਦੇ ਹੋਏ ਵਿਸਰ ਰਹੀ ਸੱਭਿਅਤਾ ਦੇ ਇਨ੍ਹਾਂ ਅਮੀਰ ਚਿੰਨ੍ਹਾਂ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਨੂੰ ਇਸ ਤੋਂ ਜਾਣੂ ਕਰਵਾਉਣ ਦੀ ਤਾਂ ਜੋ ਸਾਡੀਆਂ ਪੀੜ੍ਹੀਆਂ ਇਸ ਅਮੀਰ ਵਿਰਸੇ ਤੋਂ ਜਾਣੂ ਹੋ ਸਕਣ।