ਮੈਨੂੰ ਤੁਹਾਡੇ ਬਾਰੇ ਤਾਂ ਕੁਝ ਨਹੀਂ ਪਤਾ
ਮੈਂ ਤਾਂ ਆਪਣੇ ਬਾਰੇ ਹੀ ਦੱਸ ਸਕਦਾ
ਜੋ ਸੋਚ ਮੇਰੇ ਦਿਮਾਗ਼ ਵਿੱਚ ਲੁਕਣ ਮੀਟੀਆਂ
ਖੇਡ ਰਹੀ ਹੈ
ਮੈਂ ਤਾਂ ਉਸ ਬਾਰੇ ਹੀ ਦੱਸ ਸਕਦਾ ਹਾਂ
ਤੁਹਾਡੇ ਦਿਮਾਗ਼ ਵਿੱਚ ਕੀ ਹੋ ਰਿਹਾ ਹੈ
ਇਸ ਬਾਰੇ ਮੈਨੂੰ ਕੋਈ ਗਿਆਨ ਨਹੀਂ
ਪਰ ਮੈਂ ਇਹ ਸੋਚਦਾ ਹਾਂ ਕਿ
ਸੱਚੋਂ ਸੱਚ ਦੱਸੂ
ਕਿ ਜਾਂ ਪਰਦੇ ਮੈਂ ਰਹਿਨੇ ਦੂੰ
ਅੱਜ ਸਵੇਰੇ ਸਵੇਰੇ ਛੋਟੇ ਸਾਹਿਬਜ਼ਾਦਿਆਂ
ਦੇ ਸ਼ਹੀਦੀ ਦਿਨ ਵਾਰੇ ਪੜ੍ਹਿਆ
ਛੋਟੇ ਸਾਹਿਬਜ਼ਾਦਿਆਂ ਦੀ ਤਸਵੀਰ ਦੇਖੀ
ਉਸਰ ਰਹੀ ਕੰਧ ਦੇ ਵਿੱਚ ਬੈਠਿਆਂ ਦੀ
ਤਲਵਾਰ ਦੀ ਉਡੀਕ ਕਰਦਿਆਂ ਦੀ
ਮੁਸਕਰਾਉਂਦੇ ਚਿਹਰਿਆਂ ਦੀ
ਆਪਣੇ ਆਪ ਨਾਲ ਹੀ ਗੱਲ ਕਰਨ ਵਾਲੀ
ਮੇਰੇ ਅੰਦਰ ਤੰਦ ਪੁੰਗਰੀ
ਤੰਦ ਪੁੱਛਦੀ ?
ਉਹ “ਸੰਨੀ” ਤੂੰ ਉਸ ਵਕਤ ਕੀ ਕਰਦਾ ?
ਥੋੜਾਂ ਜਿਹਾ ਦਿਮਾਗ਼ ਨੂੰ ਖੁਰਚਿਆਂ, ਖੁਰਕਿਆਂ
ਡਰ ਤੇ ਸਹਿਮ ਨਾਲ ਸਰੀਰ ਵਿੱਚ
ਕੰਬਣੀ ਜਿਹੀ ਛਿੜ ਗਈ
ਝੁਰਝਨਾਹਟ ਜਿਹੀ ਹੋਈ
ਨੰਗੀ ਤਲਵਾਰ ਡਰਾਉਣ ਲੱਗੀ
ਸਾਹ ਚੜਾਉਣ ਲੱਗੀ
ਖੂਨ ਮੰਗਣ ਲੱਗੀ
ਚੀਕਾਂ ਮੇਰੀਆਂ ਮਰਵਾਉਣ ਲੱਗੀ
ਮੈਂ ਚੁੱਪ ਜਿਹਾ ਰਿਹਾ !
ਫੇਰ ਆਵਾਜ਼ ਆਈ
ਚੱਲ ਦੱਸ !
ਤੂੰ ਉਸ ਵਕਤ ਕੀ ਕਰਦਾ ?
ਮੈਂ!
ਮੈਂ ਤਾਂ ਹੱਥ ਜੋੜਕੇ, ਸਿਰ ਨਿਵਾਂ ਕੇ
ਪੈਰੀ ਪੈ ਜਾਣਾ ਸੀ
“ਮੈਂ ਤਾਂ ਵਿੱਕ ਜਾਣਾ ਸੀ”
ਹੀਰੇ, ਮੋਤੀ, ਸੋਨਾ, ਚਾਂਦੀ,
ਮਰੱਬੇ, ਜ਼ਗੀਰਾਂ ਅਤੇ ਹੁਸੀਨ ਨਾਰਾਂ
ਨੂੰ ਆਪਣੀ ਬੁੱਕਲ ਵਿੱਚ ਪਵਾ ਲੈਣਾ ਸੀ
ਮੈਂ ਤਾਂ ਸਭ ਕੁਝ ਲੈ ਲੈਣਾ ਸੀ
ਹੱਸ ਹੱਸ ਕੇ ਸਭ ਕੁਝ
ਆਪਣੇ ਮੌਢੇ ਤੇ ਰਖਵਾ ਲੈਣਾ ਸੀ
ਮੈਨੂੰ ਤੁਹਾਡੇ ਬਾਰੇ ਨਹੀਂ ਪਤਾ ?
ਪਰ, ਸੱਚੀ ਮੈਂ ਤਾਂ ਵਿਕ ਜਾਣਾ ਸੀ
ਲੋਕ ਕਵੀਆਂ ਵਾਂਗੂ, ਰਾਜ ਕਵੀ ਬਣ ਜਾਣਾ ਸੀ
15,15 ਲੱਖ ਦੇ ਇਨਾਮਾਂ ਨੂੰ
ਮਿਲੀ ਗਰਮ ਗਰਮ ਲੋਈ ਵਿੱਚ ਪਵਾ ਲੈਣਾ ਸੀ
ਜਿਹੜੇ ਉਨ੍ਹਾਂ ਵੇਲਿਆਂ ਵਿੱਚ ਵਿਕ ਗਏ ਸਨ
ਉਨ੍ਹਾਂ ਦੇ ਬੱਚੇ
‘ਸੁਨਾਵਰ’ ਵਰਗੇ ਸਕੂਲਾਂ ਵਿੱਚ ਪੜ੍ਹਦੇ ਹਨ
ਰੇਤ ਬੱਜਰੀ ਖੁੱਲੀ ਖਾਂਦੇ ਹਨ
ਹਜ਼ਾਰਾਂ ਏਕੜਾਂ ਦੇ ਮਾਲਕ ਹਨ
ਚਿੱਟਾ ਕਾਲਾ ਵੇਚੀ ਜਾਂਦੇ ਹਨ
ਜਦੋ ਵੀ ਮਨ ਵਿੱਚ ਆਵੇ
ਜਦੋ ਵੀ ਲੋੜ ਹੋਵੇ
ਧਾਰਮਿਕ ਗ੍ਰੰਥਾਂ ਦੇ ਅੰਗ ਕਟਵਾਉਂਦੇ ਨੇ
ਜਦੋਂ ਅੱਗ ਲਾਉਣ ਲਈ ਰਾਜਧਾਨੀ ਤੋਂ ਸੁਨੇਹਾ ਆਵੇ
ਦੋ ਚਾਰ ਨਾਅਰੇ
ਵੱਖਰਾ ਦੇਸ਼ ਬਣਾਉਣ ਦੇ ਲਾ ਛੱਡਦੇ ਹਨ
ਆਪਣੇ ਪੁੱਤਾਂ ਨੂੰ ਬਚਾ ਕੇ
ਗਰੀਬ ਮਾਵਾਂ ਦੇ ਪੁੱਤਾਂ ਨੂੰ ਮਰਵਾਂ ਛੱਡਦੇ ਹਨ
ਗਰੀਬ ਮਾਪਿਆਂ ਦੀਆਂ ਧੀਆਂ ਦੀ
ਇੱਜ਼ਤ ਲੁਟਵਾ ਛੱਡਦੇ ਹਨ
ਲੋਕਾਂ ਦੀਆਂ ਅੱਖਾਂ ਵਿੱਚ ਘੱਟਾਂ ਪਾ ਛੱਡਦੇ ਹਨ
ਆਪਣੇ ਬੱਚਿਆਂ ਨੂੰ, ਐਮ.ਐਲ. ਏ, ਐਮ. ਪੀ
ਮਨਿੱਸਟਰ, ਚੀਫ਼ ਮਨਿਸਟਰ ਬਣਵਾ ਛੱਡਦੇ ਹਨ
ਮੈਨੂੰ ਤੁਹਾਡਾ ਬਾਰੇ ਨਹੀਂ ਪਤਾ
ਮੈਨੂੰ ਤਾਂ ਆਪਣੇ ਬਾਰੇ ਹੀ ਪਤਾ ਹੈ
ਮੈਂ ਤਾਂ ਪੂਛ ਹਲਾਂ ਦੇਣੀ ਸੀ
ਚਊਂ-ਚਊਂ ਕਰਦੇ ਨੇ ਪੂਛ ਪਿੱਛਲੀਆਂ
ਲੱਤਾਂ ਵਿੱਚ ਫਸਾ ਲੈਣੀ ਸੀ
ਸੱਚੋ ਸੱਚ ਕਹਿਨਾ ਹਾਂ
ਭਾਵੇਂ ਬੱਦਲਵਾਈ ਹੁੰਦੀ ਜਾਂ “ਸੰਨੀ ਡੇਅ” ਹੁੰਦਾ
ਆਪਣੇ ਦਾਦੇ, ਨਾਨੇ ਤੋਂ ਸਰੋਪਾ ਕਿਸੇ ਕਾਤਲ ਦੇ
ਗਲ ਵਿੱਚ ਪਵਾ ਦੇਣਾ ਸੀ
ਮੈਂ ਤਾਂ ਹੱਸ ਕੇ ਵਿਕ ਜਾਣਾ ਸੀ
ਮੈਂ ਤਾਂ ਹੱਸ ਕੇ ਵਿਕ ਜਾਣਾ ਸੀ
ਮੈਂ ਤਾਂ ਪੂਛ ਹਿਲਾ ਦੇਣੀ ਸੀ – ਸੰਨੀ ਧਾਲੀਵਾਲ ਐਡਮਿੰਟਨ