ਮੈਂ ਰੋਬਿਟ ਬੋਲਦਾ ਹਾਂ

  (ਕਹਾਣੀ)

             ਦੀਵਾਲ਼ੀ ਨੇੜੇ ਹੋਣ ਕਰਕੇ ਆਲ਼ੇ-ਦੁਆਲ਼ੇ ਰੰਗ-ਬਿਰੰਗੀਆਂ ਰੌਸ਼ਨੀਆਂ ਨਜ਼ਰ ਆ ਰਹੀਆਂ ਸਨ। ਪਰ ਅਚਾਨਕ ਹਨੇਰੀ-ਝੱਖੜ ਕਰਕੇ ਬਿਜਲੀ ਗੁੱਲ ਹੋ ਗਈ ਸੀ,ਮੈਂ ਪਿਛਲੇ ਵਿਹੜੇ ਵਿੱਚ ਘੁੰਮ ਰਿਹਾ ਸੀ,ਆਲ਼ੇ-ਦੁਆਲ਼ੇ ਦੀ ਬਿੜਕ ਲੈਣ ਖਾਤਰ।ਮੇਰੀ ਇੱਕ ਅਵਾਜ਼ ਨਾਲ ਹੀ ਆਲ਼ਾ-ਦੁਆਲ਼ਾ ਠਠੰਬਰ ਜਾਂਦਾ ਸੀ ਤੇ ਫਿਰ ਮੈਂ ਸ਼ਾਂਤ-ਚਿੱਤ ਹੋ ਕੇ ਬੈਠ ਜਾਂਦਾ।ਪਰ ਮੈਨੂੰ ਸਾਰੀ ਰਾਤ ਨੀਂਦ ਨਾ ਆਉਂਦੀ।ਮੈਂ ਘੁੰਮਦਾ ਰਹਿੰਦਾ,ਕਦੀ ਇਧਰ ਤੇ ਕਦੀ ਉਧਰ।ਹੁਣ ਬਿਜਲੀ ਆ ਗਈ ਤੇ ਘਰ ਵਿੱਚ ਫਿਰ ਚਾਨਣ ਹੋ ਗਿਆ।ਪਰ ਕਾਹਦਾ ਚਾਨਣ,ਮੈਨੂੰ ਤਾਂ ਸਿਖਰ ਦੁਪਹਿਰੇ ਵੀ ਇੱੱਥੇ ਹਨੇਰਾ ਹੀ ਵਿਖਾਈ ਦਿੰਦਾ ਸੀ,ਕਿਉਂਜੁ ਮੈਨੂੰ ਇੱੱਥੇ ਕੋਈ ਵੀ ਆਪਣਾ ਵਿਖਾਈ ਨਹੀਂ ਸੀ ਦਿੰਦਾ।

            ਇਹ ਉਹੀ ਘਰ ਸੀ,ਜਿਸ ਵਿੱਚ ਮੈਨੂੰ ਨਿੱਕੇ ਜਿਹੇ ਨੂੰ ਲੈ ਕੇ ਆਏ ਸਨ।ਉਹ ਦੋਵੇਂ ਜੀਅ ਬੜੇ ਖੁਸ਼ ਸਨ ਤੇ ਉਹਨਾਂ ਨੇ ਮੈਨੂੰ ਬੜੇ ਲਾਡ ਨਾਲ ਪਾਲਿਆ ਸੀ।ਮੈਂ ਅੰਦਰ-ਬਾਹਰ ਘੁੰਮਦਾ ਰਹਿੰਦਾ ਤੇ ਕਿਸੇ ਦੇ ਆਉਣ ਤੇ ਮੈਨੂੰ ਮੇਰੇ ਛੋਟੇ ਜਿਹੇ ਘਰ ਵਿੱਚ ਭੇਜ ਦਿੱਤਾ ਜਾਂਦਾ ।ਮੈਂ ਬਹੁਤ ਖ਼ੁਸ਼ ਹੁੰਦਾ ਜਦੋਂ ਆਪਣੇ ਮਾਲਕ ਨਾਲ ਘਰੋਂ ਨਿਕਲ ਕੇ ਸੜਕ ਤੱਕ ਸੈਰ ਕਰਨ ਜਾਂਦਾ।ਕਈ ਵਾਰ ਤਾਂ ਮੈਂ ਸੰਗਲੀ ਛੁਡਾ ਕੇ ਦੂਰ ਦੌੜ ਜਾਂਦਾ ਤੇ ਉਹਨਾਂ ਦੇ ਅਵਾਜ਼ਾਂ ਮਾਰਨ ‘ਤੇ ਥੋੜ੍ਹੀ ਮਸਤੀ ਕਰਕੇ ਵਾਪਸ ਆ ਜਾਂਦਾ।

             ਸਮਾਂ ਬੀਤਦਾ ਗਿਆ,ਤੇ ਹੁਣ ਮੈਂ ਵੱਡਾ ਹੋ ਗਿਆ ਸੀ।ਹੁਣ ਮੈਨੂੰ ਸਮਝ ਆ ਗਈ ਸੀ ਕਿ ਇਸ ਪਰਿਵਾਰ ਦੇ ਹੋਰ ਵੀ ਮੈਂਬਰ ਹਨ ਜੋ ਬਾਹਰਲੇ ਦੇਸ਼ ਵਿੱਚ ਹਨ,ਕਿਉਂਕਿ ਮੈਂ ਉਹਨਾਂ ਨੂੰ ਕਈ ਵਾਰ ਵੀਡਿਓ-ਕਾਲ ਵਿੱਚ ਵੇਖ ਲੈਂਦਾ ਸੀ।ਤੇ ਜਦੋਂ ਜਲੰਧਰ ਵਾਲੇ ਆਉਂਦੇ ਸਨ ਤਾਂ ਮੈਂ ਜਿਵੇਂ ਭੂਤਰ ਹੀ ਜਾਂਦਾ ਸੀ,ਮੈਂ ਪੂਛ ਹਿਲਾ ਕੇ ਬੱਚਿਆਂ ਦੇ ਅੱਗੇ-ਪਿੱਛੇ ਭੱਜਦਾ ਸੀ।ਬੱਚੇ ਕਈ ਵਾਰ ਤਾਂ ਮੇਰੇ ਤੋਂ ਡਰ ਜਾਂਦੇ,ਪਰ ਹੌਲ਼ੀ-ਹੌਲ਼ੀ ਉਹ ਜਦੋਂ ਮੇਰੇ ਲਾਡ ਨੂੰ ਸਮਝ ਕੇ ਮੇਰੇ ਤੇ ਪਿਆਰ ਨਾਲ ਹੱਥ ਫੇਰਦੇ ਤਾਂ ਮੈਂ ਬਾਗਬਾਗ ਹੋ ਜਾਂਦਾ ਸੀ।ਉਹ ਕਈ ਵਾਰ ਮੈਨੂੰ ‘ਬਾਦਸ਼ਾਹ’ ਕਹਿ ਕੇ ਅਵਾਜ਼ ਮਾਰਦੇ ਤਾਂ ਮੈਂ ਹੈਰਾਨ ਹੰੁਦਾ,ਪਰ ਫਿਰ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਵਾਂਗ ਪਹਿਲਾਂ ਬਾਦਸ਼ਾਹ ਵੀ ਇਸ ਘਰ ਦਾ ਮੈਂਬਰ ਸੀ।ਮੈਨੂੰ ਕਦੀ ਵੀ ਉਸਦੇ ਨਾਂ ਤੋਂ ਈਰਖਾ ਨਹੀਂ ਸੀ ਹੋਈ,ਸਗੋਂ ਇਹ ਨਾਂ ਵੀ ਮੈਨੂੰ ਪਿਆਰਾ ਲੱਗਦਾ ਸੀ।

         ਮੈਂ ਉਦੋਂ ਬੜਾ ਦੁਖੀ ਹੁੰਦਾ ਸੀ ਜਦੋਂ ਆਪਣੇ ਮਾਲਕ ਨੂੰ ਬਿਮਾਰ ਵੇਖਦਾ ਸਾਂ।ਉਹ ਅੰਦਰ-ਬਾਹਰ ਆਉਂਦੇ–ਜਾਂਦੇ ਮੈਨੂੰ ਪੁਚਕਾਰਦੇ ਸਨ।ਮੈਂ ਮਨ ਹੀ ਮਨ ਉਹਨਾਂ ਦੇ ਛੇਤੀ ਠੀਕ ਹੋਣ ਦੀ ਅਰਦਾਸ ਕਰਦਾ ਸੀ।ਪਰ ਸ਼ਾਇਦ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਤੇ ਜਦੋਂ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਤਾਂ ਉਹਨਾਂ ਦੇ ਸੰਸਕਾਰ ਸਮੇਂ ਬੜਾ ਰੋਇਆ ਸੀ ਮੈਂ।ਮੈਂ ਲੱਖ ਯਤਨ ਕਰਨ ਦੇ ਬਾਵਜੂਦ ਵੀ ਆਪਣੇ ਅੱਥਰੂ ਰੋਕ ਨਹੀਂ ਸੀ ਪਾਇਆ।

         ਕੁੱਝ ਦਿਨਾਂ ਪਿਛੋਂ ਤਾਂ ਘਰ ਖਾਲੀ ਜਿਹਾ ਹੀ ਹੋ ਗਿਆ ਸੀ।ਹੁਣ ਮੈਂ ਘਰ ਵਿੱਚ ਬਿਲਕੁੱਲ ਓਪਰਿਆਂ ਦੇ ਆਸਰੇ ਰਹਿ ਗਿਆਂ ਸਾਂ।ਬੇਸ਼ੱਕ ਮੇਰੀ ਖੁਰਾਕ ਵਿੱਚ ਕੋਈ ਕਮੀ ਨਹੀਂ ਸੀ ਆਈ,ਪਰ ਸ਼ਾਇਦ ਮੈਨੂੰ ਮੇਰੇ ਮਾਲਕ ਦੀ ਜੁਦਾਈ ਨੇ ਵਧੇਰੇ ਕਮਜ਼ੋਰ ਕਰ ਦਿੱਤਾ ਸੀ।ਹੁਣ ਉਹਨਾਂ ਦੀ ਇੱੱਥੇ ਰਹਿੰਦੀ ਧੀ ਵੀ ਕਦੇ-ਕਦਾਈਂ ਹੀ ਗੇੜਾ ਮਾਰਦੀ ਸੀ।ਮੈਂ ਕਈ ਵਾਰ ਉਹਨਾਂ ਨੂੰ ਉਡੀਕਦਾ ਰਹਿੰਦਾ।ਇੱਕ ਦਿਨ ਜਦੋਂ ਉਹ ਕਈ ਮਹੀਨਿਆਂ ਬਾਅਦ ਇੱੱਥੇ ਆਏ ਤਾਂ ਮੈਂ ਅੰਦਰੋਂ ਦੁਖੀ ਸੀ ਮੈਂ ਆਪਣੀ ਨਰਾਜ਼ਗੀ ਜ਼ਾਹਰ ਕਰਨ ਖਾਤਰ ਪਹਿਲਾਂ ਤਾਂ ਉਹਨਾਂ ਨਾਲ ਸਿੱਧੇ ਮੂੰਹ ਬੋਲਿਆ ਨਹੀਂ ਸਾਂ,ਪਰ ਥੋੜ੍ਹੇ ਚਿਰ ਪਿੱੱਛੋਂ ਹੀ ਸਾਰਾ ਗੁੱਸਾ ਥੁੱਕ ਕੇ ਉਹਨਾਂ ਦੇ ਮਗਰ-ਮਗਰ ਤੁਰ ਪਿਆਂ ਸਾਂ।

   ਪਰ ਸੱਚ ਤਾਂ ਇਹੀ ਸੀ ਕਿ ਮੈਂ ਹੁਣ ਪਹਿਲਾਂ ਵਾਂਗ ਤੰਦਰੁਸਤ ਮਹਿਸੂਸ ਨਹੀਂ ਸੀ ਕਰਦਾ।ਮੈਂ ਅਕਸਰ ਆਪਣੇ ਮਾਲਕ ਦੇ ਅੰਤਮ-ਸੰਸਕਾਰ ਵਾਲੀ ਥਾਂ ਤੇ ਬੈਠ ਕੇ ਉਹਨਾਂ ਨੂੰ ਬਹੁਤ ਯਾਦ ਕਰਦਾ ਸੀ।ਉਹਨਾਂ ਤੋਂ ਬਿਨਾਂ ਮੈਨੂੰ ਇਹ ਆਲ਼ਾ-ਦੁਆਲ਼ਾ ਵੱਢ ਖਾਣ ਨੂੰ ਪੈਂਦਾ ਸੀ।ਹੁਣ ਮੈਂ ਮਨ ਹੀ ਮਨ ਇਸ ਦੁਨੀਆਂ ਨੂੰ ਅਲਵਿਦਾ ਆਖਣ ਦੀ ਉਡੀਕ ਕਰਨ ਲੱਗ ਪਿਆ ਸੀ।

ਕੰਵਲ ਹਿਰਦੇਪਾਲ ਕੌਰ ਛੀਨਾ   

        ਕੰਵਲ ਹਿਰਦੇਪਾਲ ਕੌਰ ਛੀਨਾ  9779052732  hirdechhina1@gmail.com

     fellow on insta=  my_thought_my_story2

Exit mobile version