ਮੋਦੀ – ਸ਼ਾਹ ਨੂੰ ਮਨਮਾਨੀਆਂ ਨਹੀਂ ਕਰਨ ਦੇਵੇਗੀ ਵਿਰੋਧੀ ਧਿਰ

 ਲੋਕ ਸਭਾ ’ਚ ਵਿਰੋਧੀ ਧਿਰ ਨੇ ਬਾਖੂਬੀ ਆਪਣੀ ਜੁਮੇਵਾਰੀ ਨਿਭਾਈ
             ਇਸ ਵਾਰ ਮੋਦੀ ਸ਼ਾਹ ਨੂੰ ਮਨਮਾਨੀਆਂ ਨਹੀਂ ਕਰਨ ਦੇਵੇਗੀ ਵਿਰੋਧੀ ਧਿਰ

ਬਲਵਿੰਦਰ ਸਿੰਘ ਭੁੱਲਰ


ਨਵੇਂ ਬਣੇ ਸੰਸਦ ਭਵਨ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਣੀ ਭਾਰਤੀ ਜਨਤਾ ਪਾਰਟੀ ਦੀ ਤੀਜੀ ਸਰਕਾਰ ਦਾ ਪਹਿਲਾ ਸੈਸਨ ਚਣੌਤੀਆਂ ਭਰਪੂਰ ਰਿਹਾ। ਸੱਤਾਧਾਰੀ ਧਿਰ ਦਾ ਰਵੱਈਆਂ ਪਹਿਲਾਂ ਵਾਂਗ ਆਕੜ ਹੰਕਾਰ ਵਾਲਾ ਹੀ ਸੀ, ਪਰ ਵਿਰੋਧੀ ਧਿਰ ਨੇ ਵੀ ਆਪਣੀ ਮਜਬੂਤੀ ਦਾ ਚੰਗਾ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਨੇ ਇਹ ਸਪਸ਼ਟ ਕੀਤਾ ਕਿ ਉਹ ਕੇਵਲ ਕਾਂਗਰਸ ਪਾਰਟੀ ਵੱਲੋਂ ਨਹੀਂ ਸਮੁੱਚੀ ਵਿਰੋਧੀ ਧਿਰ ਵੱਲੋਂ ਰਾਸਟਰਪਤੀ ਦ੍ਰੋਪਤੀ ਮੁਰਮੂ ਦੇ ਭਾਸ਼ਣ ਦੇ ਧੰਨਵਾਦੀ ਮਤੇ ਤੇ ਬੋਲ ਰਹੇ ਹਨ। ਉਹਨਾਂ ਅਗਨੀਵੀਰ ਸਕੀਮ, ਨੀਟ ਅਤੇ ਕਿਸਾਨੀ ਮੁੱਦਿਆਂ ਤੇ ਭਾਜਪਾ ਦੀ ਪਿਛਲੀ ਸਰਕਾਰ ਤੇ ਸੁਆਲ ਖੜੇ ਕਰਕੇ ਉਹਨਾਂ ਆਪਣੀ ਜੁਮੇਵਾਰੀ ਬਾਖੂਬੀ ਨਿਭਾਈ। ਦੂਜੇ ਪਾਸੇ ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਨੇ ਮੋਦੀ ਸਰਕਾਰ ਦਾ ਪੱਖ ਪੂਰਦਿਆਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸ੍ਰੀ ਰਹੁਲ ਗਾਂਧੀ ਦੇ ਸੱਚ ਦੇ ਆਧਾਰ ਤੇ ਬੋਲੇ ਸ਼ਬਦਾਂ ਨੂੰ ਕਾਰਵਾਈ ਚੋਂ ਕੱਢ ਕੇ ਪ੍ਰਧਾਨ ਮੰਤਰੀ ਦੇ ਅਹਿਸਾਨ ਦਾ ਮੁੱਲ ਮੋੜਿਆ।
ਸ੍ਰੀ ਗਾਂਧੀ ਨੇ ਭਾਜਪਾ ਨਾਲ ਵਿਚਾਰਧਾਰਕ ਵਖ਼ਰੇਵਿਆਂ ਨੂੰ ਜੱਗ ਜਾਹਰ ਕਰਦਿਆਂ ਭਾਜਪਾ ਤੇ ਤਕੜੇ ਹਮਲੇ ਕੀਤੇ। ਉਹਨਾਂ ਜੋਰ ਦੇ ਕੇ ਕਿਹਾ ਕਿ ਭਾਜਪਾ ਦੇ ਆਗੂ ਹਰ ਸਮੇਂ ਹਿੰਸਾ ਤੇ ਨਫ਼ਰਤ ਫੈਲਾਉਣ ਵਿੱਚ ਰੁੱਝੇ ਰਹਿੰਦੇ ਹਨ। ਉਹਨਾਂ ਵੱਖ ਵੱਖ ਧਰਮਾਂ ਦੇ ਰਹਿਬਰਾਂ ਗੁਰੂਆਂ ਦੀਆਂ ਤਸਵੀਰਾਂ ਵਿਖਾਉਂਦਿਆਂ ਕਿਹਾ ਕਿ ਧਰਮ, ਨਫ਼ਰਤ ਤੇ ਹਿੰਸਾ ਦੀ ਆਗਿਆ ਨਹੀਂ ਦਿੰਦੇ, ਸਾਰੇ ਧਰਮ ਹੀ ਸਾਂਤੀ ਦਾ ਉਪਦੇਸ਼ ਦਿੰਦੇ ਹਨ। ਭਾਜਪਾ ਦੀਆਂ ਪਿਛਲੀਆਂ ਦੋ ਸਰਕਾਰਾਂ ਦੌਰਾਨ ਘੱਟ ਗਿਣਤੀਆਂ ਉੱਪਰ ਹੋਏ ਨਸਲੀ ਹਮਲਿਆਂ ਤੋਂ ਦੇਸ਼ ਦੀ ਜਨਤਾ ਭਲੀਭਾਂਤ ਜਾਣੂ ਹੈ। ਸ੍ਰੀ ਗਾਂਧੀ ਵੱਲੋਂ ਇਹ ਸੱਚਾਈ ਪੇਸ਼ ਕਰਨ ਤੇ ਭਾਜਪਾ ਵਜ਼ੀਰਾਂ ਤੇ ਸੰਸਦ ਮੈਂਬਰਾਂ ਨੂੰ ਬਹੁਤ ਤਕਲੀਫ਼ ਹੋਈ ਅਤੇ ਉਹਨਾਂ ਇਸ ਟਿੱਪਣੀ ਨੂੰ ਸਮੁੱਚੇ ਹਿੰਦੂ ਭਾਈਚਾਰੇ ਤੇ ਹਮਲਾ ਕਰਾਰ ਦੇਣ ਦਾ ਯਤਨ ਕੀਤਾ, ਪਰ ਸ੍ਰੀ ਗਾਂਧੀ ਵੱਲੋਂ ਇਹ ਕਹਿ ਕੇ ਸਪਸ਼ਟ ਕੀਤਾ ਗਿਆ ਕਿ ਹੁਕਮਰਾਨ ਧਿਰ, ਆਰ ਐੱਸ ਐੱਸ ਤੇ ਮੋਦੀ ਸਮੁੱਚੇ ਹਿੰਦੂ ਸਮਾਜ ਦੀ ਨੁਮਾਇੰਦਗੀ ਨਹੀਂ ਕਰ ਰਹੇ। ਉਹਨਾਂ ਦਾ ਕਹਿਣਾ ਭਾਜਪਾ ਤੇ ਆਰ ਐੱਸ ਐੱਸ ਬਾਰੇ ਹੈ ਹਿੰਦੂ ਸਮਾਜ ਬਾਰੇ ਨਹੀਂ। ਸ੍ਰੀ ਰਾਹੁਲ ਗਾਂਧੀ ਵੱਲੋਂ ਕੀਤਾ ਇਹ ਵਿਚਾਰਧਾਰਕ ਹਮਲਾ ਸੀ, ਜਿਸਦੀ ਲੋਕਾਂ ਵੱਲੋਂ ਸਹਾਰਨਾ ਕੀਤੀ ਜਾ ਰਹੀ ਹੈ।
ਸ੍ਰੀ ਰਾਹੁਲ ਗਾਂਧੀ ਨੇ ਸ੍ਰੀ ਮੋਦੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨ ਵਿੱਚ ਤਬਦੀਲੀਆਂ ਕਰਨ ਦੀਆਂ ਕੋਸ਼ਿਸਾਂ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਇਸ ਮੁੱਦੇ ਨੂੰ ਆਮ ਲੋਕਾਂ ਸਾਹਮਣੇ ਰੱਖਿਆ ਗਿਆ ਸੀ ਅਤੇ ਦੇਸ਼ ਦੀ ਜਨਤਾ ਨੇ ਇਸਦਾ ਡਟਵਾਂ ਵਿਰੋਧ ਕੀਤਾ ਹੈ। ਘੱਟ ਗਿਣਤੀਆਂ ਤੇ ਕੀਤੇ ਜਾ ਰਹੇ ਹਮਲਿਆਂ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਮੁਸਲਮਾਨ, ਸਿੱਖ, ਈਸਾਈ ਆਦਿ ਸਭ ਦੇਸ਼ ਭਗਤ ਹਨ, ਪਰ ਭਾਜਪਾ ਰਾਜ ਸਮੇਂ ਦੇਸ਼ ਵਿੱਚ ਉਹਨਾਂ ਉੱਪਰ ਹਮਲੇ ਕੀਤੇ ਗਏ ਹਨ, ਜੋ ਦੇਸ਼ ਦੇ ਹਿਤ ਵਿੱਚ ਨਹੀਂ ਅਤੇ ਸੰਵਿਧਾਨ ਦੀ ਉਲੰਘਣਾ ਹੈ। ਸ੍ਰੀ ਗਾਂਧੀ ਨੇ ਆਪਣੀ ਤਕਰੀਰ ਵਿੱਚ ਜਿੱਥੇ ਭਾਰਤ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਉੱਥੇ ਸੱਤਾਧਾਰੀ ਭਾਜਪਾ ਦੇ ਚਿਹਰਿਆਂ ਤੇ ਪਸੀਨੇ ਲਿਆ ਦਿੱਤੇ। ਲੋਕ ਸਭਾ ਦੀ ਕਾਰਗੁਜਾਰੀ ਤੋਂ ਪਰਤੱਖ ਹੋਇਆ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਮਜਬੂਤ ਹੈ, ਇਸ ਵਾਰ ਮੋਦੀ ਸ਼ਾਹ ਨੂੰ ਮਨਮਾਨੀਆਂ ਨਹੀਂ ਕਰਨ ਦੇਵੇਗੀ। ਇਸਨੂੰ ਵੀ ਕੇਂਦਰ ਸਰਕਾਰ ਦਾ ਹੰਕਾਰੀ ਰਵੱਈਆ ਹੀ ਮੰਨਿਆਂ ਜਾ ਸਕਦਾ ਹੈ ਕਿ ਉਸਦੇ ਪ੍ਰਭਾਵ ਸਦਕਾ ਲੋਕ ਸਭਾ ਦੇ ਸਪੀਕਰ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਵਿਰੋਧੀ ਧਿਰ ਦੇ ਆਗੂ ਦੇ ਬੋਲੇ ਸ਼ਬਦ ਪਾਰਲੀਮੈਂਟ ਦੀ ਕਾਰਵਾਈ ਚੋਂ ਕੱਢ ਦਿੱਤੇ। ਸਪੀਕਰ ਨੇ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਭਾਜਪਾ ਵੱਲੋਂ ਬਖ਼ਸ਼ੇ ਇਸ ਆਹੁਦੇ ਦਾ ਸ੍ਰੀ ਓਮ ਬਿਰਲਾ ਨੇ ਮੁੱਲ ਮੋੜਿਆ। ਭਾਵੇਂ ਇਹ ਸ਼ਬਦ ਲੋਕ ਸਭਾ ਦੀ ਕਾਰਵਾਈ ਚੋਂ ਕੱਢੇ ਜਾ ਚੁੱਕੇ ਹਨ, ਪਰ ਇਹ ਧੋਤੇ ਨਹੀਂ ਜਾ ਸਕਦੇ, ਕਿਉਂਕਿ ਇਹ ਦੇਸ਼ ਦੇ ਸਮੁੱਚੇ ਲੋਕਾਂ ਤੱਕ ਪਹੁੰਚ ਚੁੱਕੇ ਹਨ। ਬਿਜਲੀ ਮੀਡੀਆ ਤੇ ਅਖ਼ਬਾਰੀ ਮੀਡੀਆ ਨੇ ਸ੍ਰੀ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਘਰ ਘਰ ਤੱਕ ਪਹੁੰਚਦਾ ਕਰ ਦਿੱਤਾ ਹੈ।
ਲੋਕ ਸਭਾ ਦੀ ਸਥਿਤੀ ਤੇ ਹਾਲਾਤਾਂ ਨੂੰ ਮੁੱਖ ਰਖਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਅਤੇ ਲੋਕਾਂ ਦੇ ਹਿਤਾਂ ਨੂੰ ਠੇਸ ਪਹੁੰਚਾ ਕੇ ਸੱਤ੍ਹਾ ਨਹੀਂ ਭੋਗੀ ਜਾ ਸਕਦੀ। ਇਸ ਲਈ ਉਸਨੂੰ ਵਿਰੋਧੀ ਧਿਰ ਅਤੇ ਦੇਸ਼ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਨਾਲ ਸਲਾਹ ਮਸਵਰਾ ਕਰਕੇ ਸਰਕਾਰ ਚਲਾਉਣੀ ਚਾਹੀਦੀ ਹੈ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ, ਜਨਤਾ ਦਲ ਆਦਿ ਦੀਆਂ ਸਰਕਾਰਾਂ ਵੀ ਰਹੀਆਂ ਹਨ, ਉਦੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਲਾਹ ਮਸਵਰੇ ਕੀਤੇ ਜਾਂਦੇ ਸਨ ਅਤੇ ਉਹਨਾਂ ਤੋਂ ਸੁਝਾਅ ਲਏ ਜਾਂਦੇ ਸਨ। ਦੇਸ਼ ਦਾ ਪ੍ਰਧਾਨ ਮੰਤਰੀ ਗਾਹੇ ਵਗਾਹੇ ਅਜਿਹੀਆਂ ਉੱਚ ਮੀਟਿੰਗਾਂ ਵੀ ਬੁਲਾਉਂਦੇ ਸਨ, ਜਿਹਨਾਂ ਵਿੱਚ ਕਈ ਕਈ ਸਾਬਕਾ ਪ੍ਰਧਾਨ ਮੰਤਰੀ, ਉੱਚਕੋਟੀ ਦੇ ਰਾਜਨੀਤੀਵਾਨ, ਅਰਥ ਸਾਸ਼ਤਰੀ, ਵਿਦਵਾਨ ਆਦਿ ਸ਼ਾਮਲ ਹੁੰਦੇ। ਪ੍ਰਧਾਨ ਮੰਤਰੀ ਉਹਨਾਂ ਨਾਲ ਦੇਸ਼ ਦੇ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਕਰਦੇ, ਸੁਝਾਅ ਲੈਂਦੇ ਅਤੇ ਲੋਕ ਹਿਤਾਂ ਦੀਆਂ ਨੀਤੀਆਂ ਸਕੀਮਾਂ ਤਿਆਰ ਕੀਤੀਆਂ ਜਾਂਦੀਆਂ। ਸਰਕਾਰ ਦਾ ਪਹਿਲਾ ਕੰਮ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਕਾਇਮੀ ਅਤੇ ਜਨਤਾ ਦੀ ਸੁਰੱਖਿਆ ਦਾ ਹੁੰਦਾ ਹੈ, ਪਰ ਭਾਜਪਾ ਅਜਿਹੇ ਸੁਝਾਵਾਂ ਦੀ ਬਜਾਏ ਮਨਮਾਨੀਆਂ ਕਰਕੇ ਸਰਕਾਰ ਚਲਾਉਣ ਨੂੰ ਤਰਜੀਹ ਦਿੰਦੀ ਹੈ।
ਦੇਸ਼ ਦੇ ਹਿਤਾਂ ਨੂੰ ਧਿਆਨ ਵਿੱਚ ਰਖਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਸਮੁੱਚੀਆਂ ਰਾਜਨੀਤਕ ਪਾਰਟੀਆਂ ਤੋਂ ਸੁਝਾਅ ਹਾਸਲ ਕਰੇ। ਦੁਸ਼ਮਣੀ ਜਾਂ ਨਫ਼ਰਤ ਦੀ ਸਿਆਸਤ ਛੱਡ ਕੇ ਇੱਕਮੁੱਠਤਾ ਨਾਲ ਲੋਕ ਪੱਖੀ ਸਕੀਮਾਂ ਨੀਤੀਆਂ ਤਿਆਰ ਕੀਤੀਆਂ ਜਾਣ ਅਤੇ ਲੋਕਾਂ ਵੱਲੋਂ ਦਿੱਤੀ ਸ਼ਕਤੀ ਨੂੰ ਸਹੀ ਜੁਮੇਵਾਰੀ ਨਾਲ ਨਿਭਾਇਆ ਜਾਵੇ।
ਮੋਬਾ: 098882 75913

Exit mobile version