ਲਾਹੌਰ (ਜਸਵਿੰਦਰ ਸਿੰਘ ਰੁਪਾਲ) ਸਿੱਖ ਕੌਮ ਲਈ ਖੁਸ਼ੀ ਅਤੇ ਮਾਣ ਵਾਲੀ ਖਬਰ ਹੈ ਕਿ ਪਾਕਿਸਤਾਨ ਦੇ ਸਭ ਤੋਂ ਵਡੇ ਵਿਦਿਅਕ ਅਦਾਰੇ ਯੂਨੀਵਰਸਿਟੀ ਆਫ਼ ਦੀ ਪੰਜਾਬ, ਲਾਹੌਰ ਵਿੱਚ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲੇਬਸ ਵਿੱਚ ਪੜ੍ਹਾਇਆ ਜਾਏਗਾ।
ਸ ਪ੍ਰਸ਼ਾਂਤ ਸਿੰਘ ਜੀ ਦੇ ਹਵਾਲੇ ਨਾਲ ਲਿਖ ਰਹੇ ਹਾਂ ਜਿਹੜੇ ਇਸ ਯੂਨੀਵਰਸਿਟੀ ਵਿੱਚ ਅਸਿਸਟੈਂਟ ਰਜਿਸਟਰਾਰ ਵਜੋਂ ਸੇਵਾ ਨਿਭਾ ਰਹੇ ਹਨ। ਉਹ ਨਾ ਕੇਵਲ ,1947 ਦੀ ਵੰਡ ਪਿੱਛੋ ਸਭ ਤੋਂ ਵਡੇ ਅਦਾਰੇ ਦੇ ਪਹਿਲੇ ਸਿੱਖ ਆਫ਼ੀਸਰ ਹੀ ਹਨ, ਇਸ ਦੇ ਨਾਲ ਨਾਲ ਉਹ ਪਾਕਿਸਤਾਨ ਵਿਚ ਧਾਰਮਿਕ ਵਿਦਿਅਕ ਸਲੇਬਸ ਨਿਰਧਾਰਨ ਕਮੇਟੀ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਹੀ ਗੁਰੂ ਗੰਥ ਸਾਹਿਬ ਜੀ ਦਾ ਸਲੇਬਸ ਸਿੱਖ ਵਿਦਿਆਰਥੀਆਂ ਲਈ ਤਿਆਰ ਕੀਤਾ ਹੈ। ਪਾਕਿਸਤਾਨੀ ਪੰਜਾਬ ਦੇ ਵਿਦਿਅਕ ਅਦਾਰਿਆਂ ਵਿਚ ਬੀ.ਐੱਸ.(+2 ਤੋ ਬਾਅਦ 4ਸਾਲ ਦੀ ਡਿਗਰੀ) ਦੇ ਮੁਸਲਿਮ ਵਿਦਿਆਰਥੀਆਂ ਲਈ ਜਿੱਥੇ ਕੁਰਾਨ ਦੀ ਪੜ੍ਹਾਈ ਜਰੂਰੀ ਹੈ, ਉੱਥੇ ਗੈਰ – ਮੁਸਲਿਮ ਵਿਦਿਆਰਥੀਆਂ ਲਈ ਨੈਤਿਕਤਾ ਦੇ ਨਾਂ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਗੁਰਮਤਿ ਫਿਲਾਸਫੀ ਪੜ੍ਹਾਈ ਜਾਏਗੀ। ਯੂਨੀਵਰਸਿਟੀ ਦੀ ਵਿਦਿਅਕ ਕੌਂਸਲ ਨੇ ਉਹੀ ਸਲੇਬਸ ਨੂੰ ਪ੍ਰਵਾਨ ਕਰ ਲਿਆ ਹੈ ਜੋ ਪ੍ਰਸ਼ਾਂਤ ਸਿੰਘ ਜੀ ਵਲੋਂ ਤਿਆਰ ਕਰਕੇ ਭੇਜਿਆ ਗਿਆ ਸੀ। ਯੂਨਿਵਰਸਿਟੀ ਦੇ ਗੈਰ ਮੁਸਲਿਮ ਵਿਦਿਆਰਥੀਆਂ ਲਈ ਇਹ ਬੜਾ ਵਡਾ ਕਦਮ ਹੈ ,ਜਿਸ ਨਾਲ ਇੱਕ ਪਾਸੇ ਪੰਜਾਬੀ ਭਾਸ਼ਾ ਦਾ ਪ੍ਰਸਾਰ ਹੋਏਗਾ ,ਉਥੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਵੀ ਫੈਲੇਗਾ। ਯਾਦ ਕਰਵਾ ਦੇਈਏ ਕਿ ਸਰਦਾਰ ਪ੍ਰਸ਼ਾਂਤ ਸਿੰਘ ਜੀ ਪਾਕਿਸਤਾਨ ਸਰਕਾਰ ਦੀ ਮਨਿਸਟਰੀ ਆਫ ਫੈਡਰਲ ਐਜੂਕੇਸ਼ਨ ਐਂਡ ਪ੍ਰੋਫੈਸ਼ਨਲ ਟਰੇਨਿੰਗ ਦੇ ਰਾਸ਼ਟਰੀ ਪਾਠਕ੍ਰਮ ਵਿਚ ਸਿੱਖ ਸਲੇਬਸ ਲਿਖਣ ਵਾਲੇ ਇੱਕਲੇ ਸਿੱਖ ਲੇਖਕ ਹਨ। ਇਸ ਦੇ ਨਾਲ ਹੀ ਉਹ ਐਥਿਕਸ ਰੀਵੀਊ ਕਮੇਟੀ, ਅਤੇ ਪੰਜਾਬ ਪਾਠਕ੍ਰਮ ਅਤੇ ਟੈਕਸਟ ਬੁੱਕ ਬੋਰਡ ਦੀ ਰੀਵੀਊ ਕਮੇਟੀ ਦੇ ਮੈਂਬਰ ਵੀ ਹਨ। ਸਰਦਾਰ ਪ੍ਰਸ਼ਾਂਤ ਸਿੰਘ ਦੇ ਇਹਨਾਂ ਯਤਨਾਂ ਨਾਲ ਸਿੱਖ ਕੌਮ ਦਾ ਸਿਰ ਮਾਣ ਨਾਲ ਹੋਰ ਉੱਚਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਸ ਪ੍ਰਸ਼ਾਂਤ ਸਿੰਘ ਜੀ ਨੂੰ ਮੋਬਾਈਲ ਨੰਬਰ +92 313 3455343 ਅਤੇ ਈ ਮੇਲ ਆਈ ਡੀ parshanthaswani@gmail.com ਸੰਪਰਕ ਕੀਤਾ ਜਾ ਸਕਦਾ ਹੈ।