ਰਵਨੀਤ ਬਿੱਟੂ ਦੇ ਪੱਗ ਬਨਵ੍ਹਾਈ ਸੀ ‘ਅਤਿਵਾਦੀ’ ਨੇ !

ਰਵਨੀਤ ਬਿੱਟੂ ਦੇ ਪੱਗ ਬਨਵ੍ਹਾਈ ਸੀ ‘ਅਤਿਵਾਦੀ’ ਨੇ !
      ਅਜੋਕੇ ਸਾਰੇ ਸਿਆਸਤਦਾਨਾਂ ਦਾ ਵਿਵਹਾਰ ਅਜਿਹਾ ਹੋ ਗਿਆ ਹੈ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਵਲੋਂ ਭੂਤ-ਕਾਲ ‘ਚ ਕਹੀਆਂ ਗੱਲਾਂ ਜਾਂ ਕੀਤੇ ਦਾਅਵਿਆਂ ਦਾ ਵਰਤਮਾਨ ਨਾਲ਼ ਟਾਕਰਾ ਕਰਕੇ ਸਵਾਲ ਪੁੱਛੇ।ਕਿਸੇ ਵਿਰੋਧੀ ਦੀ ‘ਮੁਕਾਣੇ ਵੀ ਨਾ ਜਾਣ’ ਦੇ ਐਲਾਨ ਕਰਨ ਵਾਲ਼ਾ ਆਗੂ ਜਦ ਉਸੇ ਵਿਰੋਧੀ ਦੇ ਗੋਡੇ ਮੁੰਢ ਬਹਿ ਕੇ ਉਸਦੇ ਸੋਹਲੇ ਗਾਉਣ ਲੱਗ ਪਵੇ ਤਾਂ ਕੋਈ ਜਣਾ ਉਸਨੂੰ ‘ਮੁਕਾਣੇ ਨਾ ਜਾਣ ਵਾਲ਼ਾ ਮੁਹਾਵਰਾ’ ਯਾਦ ਕਰਵਾ ਵੀ ਦੇਵੇ ਤਾਂ ਉਹਦੀ ਸਿਹਤ ‘ਤੇ ਕੋਈ ਅਸਰ ਨਹੀਂ ਹੋਣਾ !

ਅਮਰੀਕਾ ਵਿਚ ਰਾਹੁਲ ਗਾਂਧੀ ਵਲੋਂ ਸਿੱਖਾਂ ਦੇ ‘ਹੇਜ’ ਵਿਚ ਦਿੱਤੇ ਬਿਆਨ ਤੋਂ ਬਾਅਦ ਕਾਂਗਰਸੀ ਪਰ ਹੁਣ ਭਾਜਪਾ ਦੇ ਆਗੂ ਬਣੇ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਉਕਤ ਬਿਆਨ ਬਦਲੇ ‘ਅਤਿਵਾਦੀ’ ਕਿਹਾ! ਇਹ ‘ਵਿਸ਼ੇਸ਼ਣ’ ਪੜ੍ਹ ਕੇ ਨਾ ਮੈਨੂੰ ਰਾਹੁਲ ਗਾਂਧੀ ਪ੍ਰਤੀ ਕੋਈ ਹਮਦਰਦੀ ਹੋਈ ਹੈ ਤੇ ਨਾ ਹੀ ਸ੍ਰੀ ਬਿੱਟੂ ਉੱਤੇ ਕੋਈ ਹਿਰਖ ਹੋਇਆ।

ਮੈਨੂੰ ਤਾਂ ਸਿਰਫ ਸੰਨ 2009 ਦਾ ਉਹ ਸਮਾਂ ਯਾਦ ਆ ਗਿਆ ਜਦ ਕਾਂਗਰਸ ਦੀ ਟਿਕਟ ‘ਤੇ ਚੋਣ ਜਿੱਤ ਕੇ ਸ੍ਰੀ ਬਿੱਟੂ ਪਹਿਲੀ ਵਾਰ ਐੱਮ.ਪੀ ਬਣੇ ਸਨ।ਰਵਾਇਤ ਮੁਤਾਬਕ ਜਿੱਤਣ ਤੋਂ ਬਾਅਦ ਉਹ ਫੁੱਲਾਂ ਦੇ ਬੁੱਕੇ ਅਤੇ ਮਠਿਆਈ ਦਾ ਡੱਬਾ ਦੇਣ ਗਏ ਸਨ ਬੀਬੀ ਸੋਨੀਆਂ ਗਾਂਧੀ ਦੇ ਘਰੇ ਰਾਹੁਲ ਗਾਂਧੀ ਨੂੰ।ਰਾਹੁਲ ਗਾਂਧੀ ਨੇ ਵਿਲੱਖਣ ਗੱਲ ਕਰਦਿਆਂ ਉਸ ਵੇਲੇ ਕਲੀਨ-ਸ਼ੇਵਨ ਸ੍ਰੀ ਬਿੱਟੂ ਨੂੰ ਸਲਾਹ ਦਿੱਤੀ ਕਿ ਤੂੰ ਪੰਜਾਬੀ ਸਿੱਖ ਪੁੱਤਰ ਹੈਂ ਇਸ ਕਰਕੇ ਦਸਤਾਰ ਜਰੂਰ ਸਜਾਇਆ ਕਰ!

ਇਸ ਅਹਿਮ ਵਾਕਿਆ ਦੀ ਅਖਬਾਰੀ ਖਬਰ ਮੈਨੂੰ ਹੁਣ ਤੱਕ ਇਸ ਕਾਰਨ ਚੇਤੇ ਹੈ ਕਿਉਂਕਿ ਉਨ੍ਹਾਂ ਹੀ ਦਿਨਾਂ ਵਿਚ ਇਕ ਕਲੀਨ-ਸ਼ੇਵਨ ਆਗੂ ਨੂੰ ਸੁਖਬੀਰ ਬਾਦਲ ਨੇ ਅਕਾਲੀ ਦਲ ਵਿਚ ਸ਼ਾਮਲ ਕਰਿਆ ਸੀ।ਮੈਂ ਇਨ੍ਹਾਂ ਦੋਹਾਂ ਖਬਰਾਂ ਨੂੰ ਸਾਹਮਣੇ ਰੱਖ ਕੇ ਇਕ ਛੋਟਾ ਲੇਖ ਲਿਖਿਆ ਸੀ ਕਿ ਦੇਖੋ ਸਮਾਂ ਕੈਸੇ ਕੈਸੇ ਰੰਗ ਦਿਖਾ ਦਿੰਦਾ ਹੈ ਕਿ ਅਕਾਲੀ ਦਲ ਵਲੋਂ ਦਿਨ ਰਾਤ ਸਿੱਖ ਵਿਰੋਧੀ ਕਹੀ ਜਾਂਦੀ ਕਾਂਗਰਸ ਦਾ ਮੁਖੀ ਤਾਂ ਇਕ ਕਲੀਨ-ਸ਼ੇਵਨ ਨੂੰ ਪੱਗ ਬੰਨ੍ਹਵਾ ਰਿਹਾ ਹੈ ਪਰ ਅਕਾਲੀ ਦਲ ਵਾਲ਼ੇ ਇਕ ਬਿਨਾਂ ਪੱਗ ਵਾਲ਼ੇ ਆਗੂ ਨੂੰ ‘ਪੰਥਕ ਪਾਰਟੀ’ ਵਿਚ ਸ਼ਾਮਲ ਕਰ ਰਹੇ ਹਨ ! ਉਦੋਂ ਮੇਰਾ ਇਹ ਟਿੱਪਣੀ-ਨੁਮਾ ਲੇਖ ਦੇਸ-ਵਿਦੇਸ਼ ਦੀਆਂ ਕਈ ਅਖਬਾਰਾਂ ਵਿਚ ਛਪਿਆ ਸੀ,ਜੋ ਮੈਂਨੂੰ ਹੁਣ ਅਚਾਨਕ ਚੇਤੇ ਆ ਗਿਆ ! ਨਾਲ਼ੇ ਯਾਦ ਆਈ ਇਹ ਕਹਾਵਤ ਅਖੇ ਨਵਾਂ ਨਵਾਂ ਕਾਜ਼ੀ ਉੱਚੀ ਉੱਚੀ ਬਾਂਗਾਂ !

ਤਰਲੋਚਨ ਸਿੰਘ ਦੁਪਾਲ ਪੁਰ

ਤਰਲੋਚਨ ਸਿੰਘ ਦੁਪਾਲ ਪੁਰ
001-408-915-1268

Exit mobile version