ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ

ਰਵਿੰਦਰ ਸਿੰਘ ਸੋਢੀ ਸਰਬੰਗੀ ਸਾਹਿਤਕਾਰ ਹੈ। ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਇਸ ਲਈ ਉਸਦੀ ਸਾਹਿਤ ਦੇ ਹਰ ਰੂਪ ਦੀ
ਮੁਹਾਰਤ ਹੈ। ਉਸਨੇ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜਮਾਇਆ ਹੈ। ਮੁੱਖ ਤੌਰ ‘ਤੇ ਉਹ ਵਾਰਤਕਾਰ ਹੈ। ਉਸ ਦੀਆਂ ਡੇਢ ਦਰਜਨ
ਪੁਸਤਕਾਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ, ਪ੍ਰੰਤੂ ਉਸਨੇ ਬਹੁਤੇ ਨਾਟਕ ਲਿਖੇ ਹਨ। ਉਸ ਦੀਆਂ
ਨਾਟਕ, ਆਲੋਚਨਾ, ਖੋਜ, ਜੀਵਨੀ, ਕਹਾਣੀ ਅਤੇ ਕਵਿਤਾ ਦੀਆਂ ਪੁਸਤਕਾਂ ਸਾਹਿਤਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ
ਹਨ। ਕਵੀ ਹੋਣ ਕਰਕੇ ਉਸ ਦੀ ਵਾਰਤਕ ਰਸਦਾਇਕ ਹੁੰਦੀ ਹੈ। ਉਸ ਦੀਆਂ ਕਵਿਤਾ ਦੀਆਂ ਦੋ ਪੁਸਤਕਾਂ ‘ਧੰਨਵਾਦ! ਧੰਨਵਾਦ!
ਧੰਨਵਾਦ!’ ਅਤੇ ‘ਅੱਧਾ ਅੰਬਰ ਅੱਧੀ ਧਰਤੀ’ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘ਰਾਵਣ ਹੀ ਰਾਵਣ’ ਉਸਦਾ ਤੀਜਾ ਕਾਵਿ
ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ 43 ਰਚਨਾਵਾਂ, ਜਿਨ੍ਹਾਂ ਵਿੱਚ 18 ਗ਼ਜ਼ਲਾਂ, 19 ਕਵਿਤਾਵਾਂ ਅਤੇ 6 ਗੀਤ ਸ਼ਾਮਲ ਹਨ। ਕਵੀ ਨੇ
ਸਮਾਜਿਕ ਅਲਾਮਤਾਂ ਨੂੰ ਰਾਵਣ ਦਾ ਦਰਜਾ ਦਿੱਤਾ ਹੈ। ਸਮਾਜ ਆਪਣੇ ਅੰਦਰਲੇ ਰਾਵਣ ਨੂੰ ਤਾਂ ਮਾਰਦਾ ਨਹੀਂ ਪ੍ਰੰਤੂ ਹਰ ਸਾਲ ਰਾਵਣ ਦੇ
ਪੁਤਲੇ ਨੂੰ ਸਾੜ ਕੇ ਬਹਾਦਰੀ ਦਾ ਪ੍ਰਗਟਾਵਾ ਕਰਦਾ ਹੈ। ਕਾਵਿ ਸੰਗ੍ਰਹਿ ਦੇ ਨਾਮ ਵਾਲੀ ਕਵਿਤਾ ‘ਰਾਵਣ ਹੀ ਰਾਵਣ’ ਸਮਾਜ ਵਿੱਚ ਅਨੇਕ
ਤਰ੍ਹਾਂ ਦੇ ਰਾਵਣਾ ਬਾਰੇ ਜਾਣਕਾਰੀ ਦਿੰਦੀ ਹੈ, ਜਿਸ ਤੋਂ ਪਤਾ ਲਗਦਾ ਹੈ ਸਮਾਜ, ਸਮਾਜਿਕ ਬੁਰਾਈਆਂ ਵਿੱਚ ਬੁਰੀ ਤਰ੍ਹਾਂ ਗ੍ਰਹਿਸਤ ਹੋ
ਚੁੱਕਿਆ ਹੈ। ਬਿਲਕੁਲ ਏਸੇ ਤਰ੍ਹਾਂ ‘ਅੱਜ ਦੇ ਡਾਇਨਾਸੋਰ’ ਕਵਿਤਾ ਵਿੱਚ ਦਰਸਾਇਆ ਗਿਆ ਹੈ ਕਿ ਸੰਸਾਰ ਵਿੱਚ ਰਾਜਨੀਤਕ ਲੋਕ ਆਪੋ
ਆਪਣੀ ਮਾਨਸਿਕਤਾ ਨੂੰ ਖੁਰਾਕ ਦੇਣ ਲਈ ਇਨਸਾਨੀਅਤ ਦਾ ਘਾਣ ਕਰ ਰਹੇ ਹਨ। ਕਵੀ ਨੇ ਸੰਸਾਰ ਦੇ ਰਾਜਨੀਤਕ ਲੋਕਾਂ ਦੀਆਂ
ਆਪਣੇ ਹਿੱਤਾਂ ਦੀ ਪੂਰਤੀ ਲਈ ਕੀਤੀਆਂ ਗਈਆਂ ਅਤੇ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਦਾ ਪਰਦਾ ਫਾਸ਼ ਕੀਤਾ ਹੈ। ਸਮਾਜ,
ਸਰਕਾਰਾਂ ਤੇ ਪਰਮਾਤਮਾ ਵੀ ਅਮੀਰਾਂ ਨੂੰ ਹੋਰ ਅਮੀਰ ਬਣਾ ਰਿਹਾ ਹੈ, ਗ਼ਰੀਬਾਂ ‘ਤੇ ਤਸ਼ੱਦਦ ਹੋ ਰਹੇ ਹਨ, ਜ਼ਾਤਪਾਤ ਦਾ ਬੋਲਬਾਲਾ ਹੈ,
ਇਸਦੇ ਨਾਲ ਹੀ ਕਵੀ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗ੍ਰਤ ਵੀ ਕਰ ਰਿਹਾ ਹੈ। ਲੋਕਾਂ ਲਈ ਹੁਣ ਬਰਦਾਸ਼ਤ ਕਰਨਾ ਅਸੰਭਵ ਹੋ ਗਿਆ ਹੈ।
ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ, ਬਿਰਧ ਘਰ ਬਣ ਰਹੇ ਹਨ, ਸ਼ਾਹੀ ਲੰਗਰ ਬਣ ਰਹੇ ਹਨ, ਰਿਸ਼ਤੇ ਨਿਭਾਏ ਨਹੀਂ ਜਾ ਰਹੇ, ਤਾਹਨੇ
ਮਿਹਣਿਆਂ ਦਾ ਜ਼ੋਰ ਹੈ, ਕਵੀ ਲੋਕਾਈ ਨੂੰ ਕਹਿ ਰਿਹਾ ਹੈ ਕਿ ਹੁਣ ਇਨ੍ਹਾਂ ਅਲਾਮਤਾਂ ਤੋਂ ਖਹਿੜਾ ਛੁਡਾ ਲਓ ਸਮਾਂ ਲੰਘੇ ਤੋਂ ਬਾਅਦ ਵਿੱਚ
ਪਛਤਾਉਣ ਦਾ ਕੋਈ ਲਾਭ ਨਹੀਂ ਹੋਵੇਗਾ। ਰੁੱਖਾਂ ਨੂੰ ਬਚਾਈਏ, ਪੰਛੀਆਂ ਦੇ ਰੈਣ ਬਸੇਰੇ ਨਾ ਉਜਾੜੀਏ, ਨਸ਼ੇ ਤੋਂ ਜਵਾਨੀ ਨੂੰ ਬਚਾਈਏ,
ਔਰਤ ‘ਤੇ ਮਾੜੀ ਨਜ਼ਰ ਨਾ ਰੱਖੀਏ, ਸਗੋਂ ਇੱਜ਼ਤ ਕਰੀਏ, ਦਾਜ ਬੰਦ ਕਰੀਏ, ਪਾਣੀ ਪਲੀਤ ਹੋਣ ਤੋਂ ਬਚਾਈਏ, ਸਰਵਣ ਪੁੱਤਰ ਬਣੀਏਂ,
ਦੋਸਤੀ ਵਧਾਈਏ, ਭੀਖ ਨਾ ਮੰਗੀਏ, ਝੂਠ ਫਰੇਬ ਤੋਂ ਬਚੀਏ, ਇਹ ਸਭ ਖੁਦਕਸ਼ੀ ਦੇ ਬਰਾਬਰ ਹਨ।
ਇਸ ਕਾਵਿ ਸੰਗ੍ਰਹਿ ਦੀ ਸਭ ਤੋਂ ਪਹਿਲੀ ਕਵਿਤਾ ‘ਕੈਦ ਕਰੋ, ਕੈਦ ਕਰੋ’ ਸਿਰਲੇਖ ਵਾਲੀ ਹੈ, ਜੋ ਸਾਰੀ ਦੀ ਸਾਰੀ ਸਿੰਬਾਲਿਕ ਹੈ। ਜੇ
ਇਉਂ ਕਹਿ ਲਿਆ ਜਾਵੇ ਕਿ ਇਸ ਕਾਵਿ ਸੰਗ੍ਰਹਿ ਦਾ ਸਾਰ ਹੈ, ਤਾਂ ਵੀ ਕੋਈ ਅਤਕਥਨੀ ਨਹੀਂ। ਇਸ ਕਵਿਤਾ ਵਿੱਚ ਰੁੱਤਾਂ, ਰੁੱਖਾਂ, ਥੋਹਰਾਂ ਦੇ
ਸਿੰਬਲਾਂ ਰਾਹੀਂ ਸਮਾਜ ਵਿੱਚ ਵਾਪਰ ਰਹੀਆਂ ਅਣਹੋਣੀਆਂ ਨੂੰ ਰੋਕਣ ਦੀ ਤਾਕੀਦ ਕੀਤੀ ਗਈ ਹੈ। ਬਜ਼ੁਰਗਾਂ ਦੀ ਅਣਵੇਖੀ, ਪਤੀ ਪਤਨੀ
ਦੇ ਸੰਬੰਧ, ਡੇਰਿਆਂ ਦੇ ਦੁਸ਼ਕਰਮ, ਧਰਮਾਂ ਦੇ ਪਖੰਡ, ਬੇਜ਼ਮੀਰੇ ਲੋਕਾਂ, ਧੋਖੇਬਾਜ਼ਾਂ, ਪ੍ਰਵਾਸ ਵਿੱਚ ਜਾਣ ਲਈ ਜ਼ਾਹਲੀ ਵਿਆਹ,
ਨੰਗੇਜ਼ਵਾਦ, ਟੱਬਰਾਂ ਦਾ ਟੁੱਟਣਾ, ਸਿਆਸਤ ਵਿੱਚ ਪਰਿਵਾਰਵਾਦ, ਮਿਲਾਵਟ, ਰਿਸ਼ਵਤ, ਸਿਖਿਆ ਵਿੱਚ ਨਿਘਾਰ, ਜੁਗਾੜਾਂ ਨਾਲ ਮਾਨ

ਉਜਾਗਰ ਸਿੰਘ

ਸਨਮਾਨ ਪ੍ਰਾਪਤ ਕਰਨੇ, ਵਿਦੇਸ਼ੀ ਰਾਵਣਾਂ ਆਦਿ ਬਾਰੇ ਬਾਕਮਾਲ ਟਿਪਣੀਆਂ ਕੀਤੀਆਂ ਹਨ। ਪੰਜਾਬੀ ਵਿਦੇਸ਼ਾਂ ਵਿੱਚ ਵੀ ਆਪਣੀਆਂ
ਆਦਤਾਂ ਤੋਂ ਬਾਜ ਨਹੀਂ ਆਉਂਦੇ, ਵਿਦਿਆਰਥੀਆਂ ਦਾ ਸ਼ੋਸ਼ਣ ਕਰਦੇ ਹਨ। ਸਰਕਾਰਾਂ ਦੀਆਂ ਵਿਸੰਗਤੀਆਂ ਤੇ ਵਿਅੰਗ ਕਸਿਆ ਗਿਆ ਹੈ।
ਨੌਜਵਾਨਾਂ ਅਤੇ ਮੁਟਿਆਰਾਂ ਦੀਆਂ ਹਰਕਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਕਵਿਤਾ ਤੋਂ ਬਾਅਦ ਗ਼ਜ਼ਲਾਂ ਫਿਰ ਕਵਿਤਾਵਾਂ
ਤੇ ਗੀਤ ਦਿੱਤੇ ਗਏ ਹਨ। ਇਹ ਤਰਤੀਵ ਅਖ਼ੀਰ ਤੱਕ ਚਲਦੀ ਹੈ ਤਾਂ ਜੋ ਕਾਵਿ ਸੰਗ੍ਰਹਿ ਦਿਲਚਸਪ ਬਣਿਆਂ ਰਹੇ। ਕਾਵਿ ਸੰਗ੍ਰਹਿ ਆਕਾਰ
ਵਿੱਚ ਭਾਵੇਂ ਛੋਟਾ ਹੈ ਪ੍ਰੰਤੂ ਵਿਸ਼ੇ, ਵਿਚਾਰ, ਅਰਥ ਅਤੇ ਵਿਅੰਗ ਵੱਡੇ ਹਨ, ਜਿਹੜੇ ਪਾਠਕਾਂ ਨੂੰ ਝੰਜੋੜਦੇ ਹਨ। ਕਵੀ ਨੇ ਸਿਰਫ ਦੇਸ਼ ਦੇ ਮੁੱਦੇ
ਹੀ ਚੁੱਕੇ ਨਹੀਂ ਸਗੋਂ ਸੰਸਾਰ ਵਿੱਚ ਜੋ ਵਾਪਰ ਰਿਹਾ ਹੈ, ਉਸਨੂੰ ਦ੍ਰਿਸ਼ਟਾਂਤਿਕ ਰੂਪ ਵਿਚ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਰਾਹੀਂ ਦਰਸਾ ਦਿੱਤਾ
ਹੈ।

ਸ਼ਾਇਰ ਨੌਜਵਾਨਾਂ ਨੂੰ ਮਿਹਨਤ ਕਰਨ ਲਈ ਪ੍ਰੇਰਦਾ ਹੋਇਆ ਵਾਤਾਵਰਨ ਨੂੰ ਸਵੱਛ ਬਣਾਉਣ ਲਈ ਰੁੱਖ ਲਗਾਉਣ ਦੀ ਤਾਕੀਦ ਵੀ
ਕਰਦਾ ਹੈ। ਪਰਵਾਸ ਦੇ ਸੰਤਾਪ ਦੀ ਗੱਲ ਕਰਦਾ ਦੇਸ਼ ਦੇ ਮੋਹ, ਬੇਘਰਿਆਂ ਲਈ ਘਰਾਂ, ਭੁੱਖਮਰੀ, ਬਲਾਤਕਾਰ ਅਤੇ ਬਜ਼ੁਰਗਾਂ ਦਾ ਨਿੱਘ
ਮਾਨਣ ਦੀ ਗੱਲ ਕਰਦਾ ਹੈ। ‘ਸਦੀਵੀ ਸੱਚ’ ਅਤੇ ‘ਅੱਜ ਦੇ ਬੇਦਾਵੀਏ’ ਕਵਿਤਾਵਾਂ ਵਿੱਚ ਜ਼ੁਲਮ ਨੂੰ ਸਹਿਣ ਦੀ ਥਾਂ ਮੁਕਾਬਲਾ ਕਰਨ,
ਕੁਰਬਾਨੀ ਦੇਣ, ਲੋਕਾਈ ਦਾ ਦਰਦ ਮਹਿਸੂਸ ਕਰਨ, ਗੁਰੂ ਤੋਂ ਬੇਮੁੱਖ ਹੋਣ ਦਾ ਲਗਾਤਾਰ ਜ਼ਾਰੀ ਰਹਿਣ, ਗੋਲਕਾਂ ਦੀ ਲੁੱਟ ਤੇ ਲੁੱਟ ਪਿੱਛੇ
ਆਪਸੀ ਲੜਾਈਆਂ ਦਾ ਜ਼ਿਕਰ ਕਰਦਿਆਂ ਸਿੱਖੀ ਦੇ ਬਚਾਅ ਲਈ ਨਵੀਂ ਪਨੀਰੀ ਨੂੰ ਸਿੱਖੀ ਅਤੇ ਆਪਣੀ ਵਿਰਾਸਤ ਨਾਲ ਜੁੜਨ ਦੀ
ਸਲਾਹ ਦਿੱਤੀ ਗਈ ਹੈ। ਕਵੀ ਅੱਗੋਂ ਆਪਣੀਆਂ ਕਵਿਤਾਵਾਂ ਵਿੱਚ ਲਿਖਦਾ ਹੈ ਕਿ ਧੋਖੇਬਾਜ ਅਧਰਮੀ ਲੋਕ ਧਰਮ ਨੂੰ ਨੁਕਸਾਨ ਪਹੁੰਚਾ
ਰਹੇ ਹਨ, ਸਿਆਸਤਦਾਨ ਵੋਟਾਂ ਨੂੰ ਖ੍ਰੀਦ ਕੇ ਗ਼ਰੀਬਾਂ ਦੀ ਗ਼ਰੀਬੀ ਦਾ ਨਜ਼ਾਇਜ਼ ਲਾਭ ਉਠਾ ਰਹੇ ਹਨ, ਪਰਿਵਾਰਵਾਦ ਪ੍ਰਫੁਲਤ ਹੋ ਰਿਹਾ,
ਜੁਮਲੇ ਛੱਡ ਕੇ ਲੋਕਾਈ ਨੂੰ ਵਹਿਮਾ ਭਰਮਾ ਦੇ ਜਾਲ ਵਿੱਚ ਫਸਾਈ ਜਾਂਦੇ ਹਨ, ਸਰਕਾਰੀ ਤੰਤਰ ਕੁੰਭ ਕਰਨ ਦੀ ਨੀਂਦ ਸੁੱਤੈ, ਸਿਹਤ
ਵਿਓਪਾਰ ਬਣ ਗਿਆ, ਮਿਲਾਵਟ ਭਾਰੂ ਹੈ , ਲੋਕਾਂ ਨੂੰ ਸਿਵਕਸੈਂਸ ਨਹੀਂ, ਮਜ਼ਦੂਰ ਦਿਵਸ ਹੋਟਲਾਂ ਦੀ ਸ਼ਾਨ ਹਨ ਅਤੇ ਵਕੀਲ ਤੇ
ਅਦਾਲਤਾਂ ਲੋਕਾਂ ਨਾਲ ਇਨਸਾਫ ਨਹੀਂ ਕਰ ਰਹੀਆਂ। ਲੋਕ ਨਿਰਮੋਹੀ ਹੋ ਗਏ, ਅਮੀਰ ਲੋਕਾਂ ਦਾ ਫ਼ੈਸ਼ਨ ‘ਤੇ ਜ਼ੋਰ ਗ਼ਰੀਬਾਂ ਕੋਲ ਤਨ
ਢੱਕਣ ਦੀ ਹਿੰਮਤ ਨਹੀਂ, ਵਿਖਾਵਾ ਪ੍ਰਧਾਨ, ਗ਼ਰੀਬ ਰੱਬ ਦੀ ਰਜ਼ਾ ਵਿੱਚ ਹੁੰਦੇ ਹੋਏ ਹਰ ਹਾਲਤ ਵਿੱਚ ਜੀਵਨ ਬਸਰ ਕਰਦੇ ਹਨ।
ਬਲਾਤਕਾਰੀ ਧੀਆਂ ਬਚਾਉਣ ਦੇ ਨਾਹਰੇ ਮਾਰ ਰਹੇ ਹਨ, ਕਾਨੂੰਨ ਤੋੜਨ ਵਾਲੇ ਕਾਨੂੰਨ ਬਣਾ ਰਹੇ ਹਨ, ਡੇਰਿਆਂ ਵਾਲੇ ਧਰਮ ਦੀ ਆੜ
ਵਿੱਚ ਜਨਤਾ ਨੂੰ ਕੁਰਾਹੇ ਪਾ ਕੇ ਇਸਤਰੀਆਂ ਨੂੰ ਸਬਜਬਾਗ ਵਿਖਾਕੇ ਮੌਜਾਂ ਮਾਣਦੇ ਹਨ, ਗ਼ਰੀਬ ਦੀ ਤਰੱਕੀ ਬਰਦਾਸ਼ਤ ਨਹੀਂ, ਅਬਲਾ
ਨੂੰ ਸਜ਼ਾ, ਗੁਨਾਹਗਾਰ ਨੂੰ ਫਲ, ਸਿਆਸਤਦਾਨ ਤੇ ਅਫਸਰਸ਼ਾਹੀ ਇੱਕਮਿਕ, ਅਮੀਰ ਗ਼ਰੀਬ ਦਾ ਪਾੜਾ ਵੱਧ ਰਿਹਾ, ਸਰਹੱਦਾਂ ਦੀ ਰਾਖੀ
ਕਰਨ ਵਾਲਿਆਂ ਦਾ ਮੁੱਲ ਨਹੀਂ ਪੈ ਰਿਹਾ, ਵਾੜ ਖੇਤ ਨੂੰ ਖਾ ਰਹੀ ਹੈ, ਰਾਜਸੀ ਲੋਕ ਆਗੂ ਨਹੀਂ ਰਹੇ ਪ੍ਰੰਤੂ ਲਾਲ ਗੋਦੜੀਆਂ ਵਿੱਚੋਂ ਰੌਸ਼ਨੀ
ਦਿੰਦੇ ਹਨ। ਕਵੀ ਅਨੁਸਾਰ ਸਰਕਾਰਾਂ ਦੀ ਕਾਰਗੁਜ਼ਾਰੀ ਅਮਲੀ ਰੂਪ ਵਿੱਚ ਨਹੀਂ ਸਿਰਫ ਅਖ਼ਬਾਰਾਂ ਦੇ ਇਸ਼ਤਿਹਾਰਾਂ ਵਿੱਚ ਹੈ, ਹਾਲਾਤ
ਇਤਨੇ ਮਾੜੇ ਹੋ ਗਏ ਹਨ ਕਿ ਸਾਰੇ ਪਾਸੇ ਅੰਧੇਰਾ ਹੀ ਵਿਖਾਈ ਦਿੰਦਾ ਹੈ, ਲੋਕ ਮਖੌਟੇ ਪਾਈ ਫਿਰਦੇ ਹਨ, ਅੰਦਰੋਂ ਬਾਹਰੋਂ ਇੱਕ ਨਹੀਂ,
ਦੋਸਤੀ ਦੇ ਨਾਮ ਨੂੰ ਕਲੰਕਿਤ ਕਰ ਦਿੱਤਾ, ਠੱਗੀ ਠੋਰੀ ਤੇ ਜ਼ੋਰ ਹੈ, ਮਿੰਟਾਂ ਵਿੱਚ ਪਾਸਾ ਬਦਲ ਜਾਂਦੇ ਹਨ, ਔਰਤਾਂ ਦੇ ਮਾਨਸਿਕ
ਬਲਾਤਕਾਰ ਘਰਾਂ, ਰਿਸ਼ਤੇਦਾਰੀਆਂ ਅਤੇ ਬਾਹਰ ਵੀ ਹੁੰਦੇ ਹਨ, ਅੱਗ ਲਾਈ ਡੱਬੂ ਕੰਧ ‘ਤੇ, ਗ਼ਰੀਬਾਂ ਦਾ ਕਬਾੜਾ ਦੂਜੇ ਘਰ ਲੱਗੀ ਅੱਗ
ਬਸੰਤਰ ਦਿਸਦੀ ਹੈ, ਸਹਿਜਤਾ ਤੇ ਸ਼ਹਿਨਸ਼ੀਲਤਾ ਪਰ ਲਾ ਕੇ ਉਡ ਗਈ, ਵਿਰਾਸਤ ਦਾ ਮੋਹ ਪ੍ਰਵਾਸ ਵਿੱਚ ਜ਼ਿਆਦਾ ਹੁੰਦੈ, ਜ਼ਿਆਦਾ
ਖੁਲ੍ਹਦਿਲੀ ਨੁਕਸਾਨ ਕਰਦੀ ਹੈ ਅਤੇ ਦਿੱਲੀ ਦੇ ਹਾਕਮ ਨਿਰਮੋਹੀ ਸਾਬਤ ਹੁੰਦੇ ਹਨ। ਗੀਤਾਂ ਅਤੇ ਕੁਝ ਗ਼ਜ਼ਲਾਂ ਵਿੱਚ ਰੋਮਾਂਸਵਾਦ ਦੀ
ਝਲਕ ਵੀ ਪੈਂਦੀ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਰਵਿੰਦਰ ਸਿੰਘ ਸੋਢੀ ਨੇ ਆਪਣੀਆਂ ਰਚਨਾਵਾਂ ਵਿੱਚ ਲੋਕਾਈ ਦੇ ਦਰਦ ਨੂੰ ਪ੍ਰਗਟਾਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕਵੀ ਨੇ ਆਪਣੀਆਂ ਵਾਰਤਕ ਦੀਆਂ ਪੁਸਤਕਾਂ ਦੀ ਤਰ੍ਹਾਂ ਕਾਵਿਕ ਰੂਪ ਵਿੱਚ ਵੀ ਲੋਕਾਂ
ਦੇ ਹੱਕਾਂ ਦੀ ਪ੍ਰਤੀਨਿਧਤਾ ਕੀਤੀ ਹੈ।
80 ਪੰਨਿਆਂ, 130 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਜੇ.ਪੀ.ਪਬਲੀਕੇਸ਼ਨ ਘਲੌੜੀ ਗੇਟ ਪਟਿਆਲਾ ਨੇ
ਪ੍ਰਕਾਸ਼ਤ ਕੀਤਾ ਹੈ।
ਸੰਪਰਕ ਰਵਿੰਦਰ ਸਿੰਘ ਸੋਢੀ : 0016043692371
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

Exit mobile version