ਯੂ ਐਸ ਏ(ਪੰਜਾਬੀ ਅਖ਼ਬਾਰ ਬਿਊਰੋ) ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਟੀ ਦੇ ਭਾਰਤੀ- ਅਮਰੀਕੀ ਸਹਿਯੋਗੀ ਵਿਵੇਕ ਰਾਮਾਸਵਾਮੀ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਅਮਰੀਕਾ ‘ਚ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ‘ਖਸਤਾਹਾਲ’ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਮਰੀਕਾ ‘ਚ ਦਾਖ਼ਲ ਹੋ ਕੇ ਕਾਨੂੰਨ ਤੋੜਦੇ ਹਨ, ਉਨ੍ਹਾਂ ਨੂੰ ਇਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਉਨ੍ਹਾਂ ਨੂੰ ਅਪਣੇ ਦੇਸ਼ ਵਾਪਸ ਜਾਣਾ ਪਵੇਗਾ। ਬਿਜ਼ਨਸਮੈਨ ਤੋਂ ਸਿਆਸਤਦਾਨ ਬਣੇ ਰਾਮਾਸਵਾਮੀ ਨੇ ਇੱਕ ਅਖ਼ਬਾਰ ਨੂੰ ਦਿਤੇ ਇੰਟਰਵਿਊ ‘ਚ ਕਿਹਾ, “ਕੀ ਸਾਡੇ ਕੋਲ ਇਕ ਢਹਿ-ਢੇਰੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਹੈ, ਪਰ ਮੈਨੂੰ ਲਗਦਾ ਹੈ ਕਿ ਪਹਿਲਾ ਕਦਮ ਕਾਨੂੰਨ ਵਿਵਸਥਾ ਨੂੰ ਬਹਾਲ ਕਰਨਾ ਹੋਵੇਗਾ ਅਤੇ ਇਸ ਨੂੰ ਬਹੁਤ ਹੀ ਵਿਹਾਰਕ ਤਰੀਕੇ ਨਾਲ ਕਰਨਾ ਹੋਵੇਗਾ।” ਅਮਰੀਕਾ ਦੇ ਅਖ਼ਬਾਰਾਂ ਵਿੱਚ ਛਪੀ ਖ਼ਬਰ ਅਨਸਾਰ ਟਰੰਪ ਨੇ ਹੁਣ ਰਾਮਾਸਵਾਮੀ ਨੂੰ ਇੱਕ ਖਾਸ ਅਹੁਦੇ (ਡਿਪਾਰਟਮੈਂਟ ਆਫ ਗਵਰਨਮੈਨਟ ਐਫੀਸੈਂਸੀ) ਉੱਪਰ ਬਿਰਾਜਮਾਨ ਵੀ ਕਰ ਦਿੱਤਾ ਹੈ।