ਅੱਜ ਪੰਨੇ ਇਤਿਹਾਸ ਦੇ ਫੋਲ ਬੈਠੀ ,
ਸਾਰੇ ਪੰਨੇ ਹੀ ਮੈਂ ਬੇਰੰਗ ਦੇਖੇ।
ਜਦੋਂ ਸਿੱਖ ਇਤਿਹਾਸ ਤੇ ਨਿਗ੍ਹਾ ਮਾਰੀ,
ਸਾਰੇ ਪੰਨਿਆਂ ਤੇ ਲਹੂ ਦੇ ਰੰਗ ਦੇਖੇ ।
ਮਹੀਨਾ ਪੋਹ ਦਾ ਜਦੋਂ ਵੀ ਆਉਂਦਾ ਏ,
ਕੰਧਾਂ ਸਰਹਿੰਦ ਦੀਆਂ ਦਿਸਣ ਖ਼ਾਬ ਅੰਦਰ।
ਕਿਧਰੇ ਗੜ੍ਹੀ ਚਮਕੌਰ ਦੀ ਨਜ਼ਰ ਆਵੇ,
ਉਦਾਸੀ ਫੈਲ ਜਾਏ ਦੇਸ਼ ਪੰਜਾਬ ਅੰਦਰ।
ਰੁੱਖ ਡੁਸਕਦੇ ਪੰਛੀ ਵਿਰਲਾਪ ਕਰਦੇ,
ਧਰਤ ਕੰਬਦੀ ਅੰਬਰ ਕੁਰਲਾਉਂਦਾ ਏ।
ਜਦ ‘ ਫਤਿਹ’ ਤੇ ‘ ਜ਼ੋਰਾਵਰ ` ਦਿਸਣ ਮੈਂਨੂੰ,
ਨਿਕਲ ਕਾਲਜਾ ਮੂੰਹ ਨੂੰ ਆਉਂਦਾ ਏ।
ਲਿਆ ਕੇ ਲਾਲ ਜਦ ਕੰਧਾਂ ਚ ਖੜ੍ਹੇ ਕੀਤੇ,
ਰਾਜ ਮਿਸਤਰੀ ਸੀ ਥਰ ਥਰਾਉਂਣ ਲੱਗਾ ।
ਲਾਲੀ ਚਿਹਰਿਆਂ ਦੇ ਉੱਤੇ ਦੇਖ ਭਖਦੀ,
ਉਹਨੂੰ ਠੰਡ ਚ ਪਸੀਨਾ ਆਉਣ ਲੱਗਾ।
ਦਿਸਣ ਬਿਰਖ ਉਦਾਸੀਆਂ ਵਿਚ ਡੁੱਬੇ,
ਵਾਵਾਂ ਰੁਕ ਰੁਕ ਏਥੇ ਵਗਦੀਆਂ ਨੇ।
ਜਿੰਦਾਂ ਨਿੱਕੀਆਂ ਦੇ ਵੱਡੇ ਦੇਖ ਸਾਕੇ,
ਮੈਂਨੂੰ ਸਿਜਦੇ ਕਰਦੀਆਂ ਲਗਦੀਆਂ ਨੇ।
ਦੋ ਸੂਰਜਾਂ ਨੂੰ ਚਮਕਦੇ ਦੇਖ ਸੂਰਜ,
ਛੇਤੀ ਸ਼ਰਮ ਦਾ ਮਾਰਿਆ ਛੁਪ ਜਾਂਦਾ।
ਇਸ ਧਰਤ ਦਾ ਜਿਸ ਦੀਦਾਰ ਪਾਇਆ,
ਸਿਰ ਓਸਦਾ ਆਪੇ ਹੀ ਝੁਕ ਜਾਂਦਾ।
ਠੰਡੀਆਂ ਰਾਤਾਂ ਚ ਭੁੰਜੇ ਸੌਣ ਲੋਕੀ,
ਨਾ ਖੁਸ਼ੀਆਂ ਜਗ ਨੂੰ ਭਾਉਂਦੀਆਂ ਨੇ।
ਸਾਰਾ ਪੰਜਾਬ ਹੀ ਗਮ ਵਿਚ ਡੁੱਬ ਜਾਂਦਾ,
ਜਦੋਂ ਯਾਦ ਸ਼ਹਾਦਤਾਂ ਆਉਂਦੀਆਂ ਨੇ।
ਡਾ ਹਰਬੰਸ ਕੌਰ ਗਿੱਲ
9646449871