ਯਾਦਾਂ ਬਾਕੀ ਨੇ --

ਲਾਸਾਨੀ ਯੋਧਾ ਸ਼ਹੀਦ ਊਧਮ ਸਿੰਘ

                                               

ਕਿਸੇ ਵਿਦਵਾਨ ਨੇ ਇੱਕ ਜਗ੍ਹਾ ਬੜਾ ਸੁੰਦਰ ਲਿਿਖਆ ਹੈ ਕਿ ਜੇ ਤੁਹਾਡਾ ਮਨ ਜ਼ਿੰਦਗੀ ਤੋਂ ਉਚਾਟ ਹੋ ਚੁੱਕਾ ਹੋਵੇ ਤਾਂ ਕਿਸੇ ਸੂਰਮਗਤੀ ਦੀ ਗਾਥਾ ਤੇ ਸਰਸਰੀ ਨਿਗਾਹ ਮਾਰੋ, ਤੁਹਾਡੀ ਸੁੱਤੀ ਚੇਤਨਾ ਚ ਨਵਾਂ ਉਤਸ਼ਾਹ ਭਰ ਜਾਵੇਗਾ।

                ਐਸੇ ਹੀ ਮਹਾਨ ਗਾਥਾ ਦਾ ਧਾਰਨੀ ਹੈ, ਸਿਰ-ਲੱਥ ਯੋਧਾ ਸ਼ਹੀਦ ਊਧਮ ਸਿੰਘ।ਇਸ ਮਹਾਨ ਯੋਧੇ ਨੇ ਦੇਸ ਦੀ ਕੌਮੀ ਗੈਰਤ ਲਈ ਜਿਸ ਬੀਰਤਾ ਤੇ ਸਾਹਸ ਦਾ ਪ੍ਰਦਰਸ਼ਨ ਕੀਤਾ, ਉਹ ਸਾਹਸ ਲਗਭਗ ਪੌਣੀ ਸਦੀ ਗੁਜ਼ਰਨ ਬਾਦ ਵੀ ਪੰਜਾਬੀ ਨੌਜਵਾਨਾਂ ਵਿੱਚ ਦੇਸ ਲਈ ਮਰ-ਮਿਟਣ ਦੀ ਚਿਣਘ ਮਘਾਈ ਬੈਠਾ ਹੈ।ਇਸ ਮਹਾਨ ਸੂਰਬੀਰ ਦਾ ਜਨਮ 26 ਦਸੰਬਰ 1899 ਈ: ਨੂੰ  ਸ: ਟਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਘਰ ਸੁਨਾਮ ( ਪਟਿਆਲਾ ਰਿਆਸਤ) ਵਿਖੇ ਇੱਕ ਅਤਿ-ਸਧਾਰਨ ਪਰਿਵਾਰ ਵਿੱਚ ਹੋਇਆ।ਸ: ਟਹਿਲ ਸਿੰਘ ਦਾ ਪਹਿਲਾ ਨਾਂ ਚੂਹੜ ਸਿੰਘ ਸੀ ਜੋ ਕਿ ਅੰਮ੍ਰਿਤਧਾਰੀ ਹੋਣ ਉਪਰੰਤ ਟਹਿਲ ਸਿੰਘ ਦੇ ਨਾਂ ਨਾਲ ਜਾਣੇ ਜਾਣ ਲੱਗੇ।ਆਪ ਦੇ ਮਾਤਾ ਪਿਤਾ ਨੇ ਆਪਦਾ ਨਾਮਕਰਣ ਸ਼ੇਰ ਸਿੰਘ ਵਜੋਂ ਕੀਤਾ।ਸ਼ਾਇਦ ਉਹਨਾਂ ਦੇ ਅਚੇਤ ਮਨ ਚ ਪਹਿਲਾਂ ਹੀ ਕੋਈ ਤਾਰ ਖੜਕ ਰਹੀ ਸੀ ਕਿ ਇਹ ਬਾਲਕ ਕਿਸੇ ਵਕਤ ਹਿੰਦੁਸਤਾਨ ਦੀ ਇੱਜ਼ਤ-ਆਬਰੂ ਦੀ ਰਾਖੀ ਲਈ ਸ਼ੇਰ ਵਾਂਗ ਦਹਾੜੇਗਾ। ਆਪ ਦੇ ਪਿਤਾ ਜੀ ਉਸ ਵਕਤ ਨੇੜਲੇ ਪਿੰਡ ਉੱਪਲ ਵਿਖੇ ਰੇਲਵੇ ਫਾਟਕ ਤੇ ਚੌਂਕੀਦਾਰ ਵਜੋਂ ਤਾਇਨਾਤ ਸਨ।1907 ਈ. ਨੂੰ ਆਪ ਦੇ ਪਿਤਾ ਜੀ ਸਖਤ ਬੀਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ।ਮਾਤਾ ਜੀ ਪਹਿਲਾਂ ਹੀ ਸਦੀਵੀ ਰਿਹਾਈ ਪਾ ਚੁੱਕੇ ਸਨ।ਬਾਲਕ ਸ਼ੇਰ ਸਿੰਘ ਆਪਣੇ ਭਰਾ ਸਾਧੂ ਸਿੰਘ ਸਮੇਤ ਸੱਤ-ਅੱਠ ਸਾਲ ਦੀ ਬਾਲ-ਉਮਰੇ ਯਤੀਮ ਹੋ ਚੁੱਕਾ ਸੀ।

                ਆਪ ਦੇ ਚਾਚਾ ਸ: ਚੈਂਚਲ ਸਿੰਘ ਜੋ ਕਿ ਉਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਗ-ਵਿੱਦਿਆ ਹਾਸਲ ਕਰ ਰਹੇ ਸਨ,ਉਹਨਾਂ ਦੀ ਵੀ ਮਾਲੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ।ਉਹ ਆਪਣੇ ਦੋਨਾਂ ਭਤੀਜਆਂ ਦੀ ਚੰਗੀ ਪਰਵਰਿਸ਼ ਦੀ ਆਸ ਨਾਲ ਉਹਨਾਂ ਨੂੰ ਅੰਮ੍ਰਿਤਸਰ ਦੇ ਪੁਤਲੀਘਰ ਵਾਲੇ ਸੈਂਟਰਲ ਯਤੀਮਖਾਨੇ ਚ ਦਾਖਲ ਕਰਵਾ ਆਏ।ਯਤੀਮਖਾਨੇ ਚ ਦਾਖਲ ਹੋਣ ਤੇ ਉਸ ਵਕਤ ਦੀ ਰਹੁ-ਰੀਤੀ ਮੁਤਾਬਕ ਦੋਨਾਂ ਭਰਾਵਾਂ ਨੂੰ ਸ੍ਰੀ ਅਕਾਲ ਤਖਤ ਤੋਂ ਅੰਮ੍ਰਿਤ ਛਕਾਇਆ ਗਿਆ ।ਸ਼ੇਰ ਸਿੰਘ ਨੂੰ ਨਵਾਂ ਨਾਂ ‘ਊਧਮ ਸਿੰਘ’ ਦਿੱਤਾ ਗਿਆ ਤੇ ਸਾਧੂ ਸਿੰਘ ਦਾ ਨਾਂ ਮੁਕਤਾ ਸਿੰਘ ਰੱਖਿਆ ਗਿਆ।1917 ਵਿੱਚ ਮੁਕਤਾ ਸਿੰਘ ਵੀ ਸ: ਊਧਮ ਸਿੰਘ ਦਾ ਸਦੀਵੀ ਸਾਥ ਛੱਡ ਗਿਆ ਅਤੇ ਊਧਮ ਸਿੰਘ ਲੰਬੀ-ਚੌੜੀ ਦੁਨੀਆਂ ਚ ਇਕੱਲਾ ਰਹਿ ਗਿਆ।

                ਊਧਮ ਸਿੰਘ ਨੇ ਅਗਲੇ ਹੀ ਸਾਲ 1918 ਚ ਮੈਟ੍ਰਿਕ ਦੀ ਪ੍ਰੀਖਿਆ ਬੜੇ ਚੰਗੇ ਨੰਬਰਾਂ ਨਾਲ ਪਾਸ ਕਰ ਲਈ। ਉਸਨੇ ਯਤੀਮਖਾਨੇ ਚ ਰਹਿੰਦਿਆਂ ਤਰਖਾਣੇ ਕੰਮ ਨੂੰ ਵੀ ਬੜੀ ਨੀਝ ਨਾਲ ਸਿੱਖ ਲਿਆ ਸੀ।ਹੁਣ ਉਹ 19 ਸਾਲ ਦਾ ਭਰ ਜਵਾਨ ਗੱਭਰੂ ਹੋ ਚੁੱਕਾ ਸੀ। ਉਸਨੇ ਆਪਣੇ ਰਸਤੇ ਆਪ ਬਨਾਉਣ ਦਾ ਤਹੱਈਆ ਕਰ ਲਿਆ ਸੀ।ਇਹਨੀਂ ਹੀ ਦਿਨੀਂ ਅੰਗਰੇਜ਼ ਸਰਕਾਰ ਨੇ ਇੱਕ ਕਾਲਾ ਕਾਨੂੰਨ ‘ਰੌਲਟ ਐਕਟ’ ਪਾਸ ਕਰ ਦਿੱਤਾ ਸੀ। ਇਸ ਐਕਟ ਦੀ ਆੜ ਅਧੀਨ ਭਾਰਤੀਆਂ ਦੇੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦਾ ਪੂਰਾ ਪ੍ਰਬੰਧ ਕਰ ਦਿੱਤਾ ਗਿਆ। ਏਸੇ ਲਈ ਆਮ ਭਾਰਤੀ ਲੋਕਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਦੇਸਭਗਤ ਤੇ ਕ੍ਰਾਂਤੀਕਾਰੀ ਸੜਕਾਂ ਤੇ ਉੱਤਰੇ ਹੋਏ ਸਨ। ਪੰਜਾਬ ਦੇ ਵੱਡੇ ਸ਼ਹਿਰਾਂ ਲਾਹੌਰ, ਕਸੂਰ ਤੇ ਗੁਜਰਾਂਵਾਲੇ ਵਿੱਚ ਵੀ ਲੋਕ ਸੜਕਾਂ ਤੇ ਉੱਤਰੇ ਹੋਏ ਸਨ।ਜਨ-ਸਧਾਰਨ ‘ਤੇ ਅੰਗਰੇਜ਼ਾਂ ਦੀ ਲਾਠੀ ਦਾ ਵਰ੍ਹਨਾ ਆਮ ਗੱਲ ਹੋ ਚੁੱਕੀ ਸੀ।

                 ਇਹ ਰੋਹ ਵਧਦਾ ਵਧਦਾ ਪਵਿੱਤਰ ਨਗਰੀ ਅੰਮ੍ਰਿਤਸਰ ਤੱਕ ਵੀ ਆ ਚੁੱਕਾ ਸੀ।ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਸ: ਹਿੰਮਤ ਸਿੰਘ ਜੱਲ੍ਹੇ ਵੱਲੋਂ ਆਬਾਦ ਕੀਤੇ ਜਲ੍ਹਿਆਂ ਵਾਲੇ ਬਾਗ ਵਿੱਚ ਵੀ ਦੇਸਭਗਤਾਂ ਨੇ ਇੱਕ ਰੋਹ ਭਰਪੂਰ ਜਲਸੇ ਦਾ ਆਯੋਜਨ ਕੀਤਾ।ਅੰਗਰੇਜ਼ ਸਰਕਾਰ ਪਹਿਲਾਂ ਹੀ ਇਸ ਪ੍ਰਕਾਰ ਦੇ ਇਕੱਠਾਂ ਨੂੰ ਸਖਤੀ ਨਾਲ ਕੁਚਲਣ ਦਾ ਇਰਾਦਾ ਬਣਾਈ ਬੈਠੀ ਸੀ।ਸੋ, ਬ੍ਰਿਗੇਡੀਅਰ ਜਨਰਲ ਆਰ.ਈ. ਐਚ. ਡਾਇਰ ਨੂੰ ਜਲੰਧਰ ਛਾਉਣੀ ਤੋਂ ਖਾਸ ਤੌਰ ‘ਤੇ ਅੰਮ੍ਰਿਤਸਰ ਬੁਲਾ ਲਿਆ ਗਿਆ ਸੀ।ਉਸਦੀ ਕਮਾਨ ਹੇਠ ਮਸ਼ੀਨ ਗੰਨਾਂ ਨਾਲ ਲੈਸ ‘ਗੋਰਖਾ ਰਾਇਫਲ’ ਦੀ ਅੰਗਰੇਜ਼ੀ ਤੇ ਭਾਰਤੀ ਰਲੀ-ਮਿਲੀ ਸੈਨਾ ਨੇ ਇਹਨਾਂ ਸ਼ਾਂਤਮਈ ਇਕੱਠੇ ਹੋਏ ਸਧਾਰਨ ਲੋਕਾਂ ਨੂੰ ਘੇਰਾ ਪਾ ਲਿਆ। ਅੰਗਰੇਜ਼ਾਂ ਵੱਲੋਂ ਗਰਦਾਨੇ ਇਹਨਾਂ ਦੇਸਭਗਤਾਂ ਚ ਬਹੁਤੀ ਗਿਣਤੀ ਪਿੰਡਾਂ ਦੇੇ ਸਧਾਰਨ ਕਿਸਾਨਾਂ ਦੀ ਸੀ ਜੋ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁਖ ਰੱਖਦਿਆਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ।

                ਬ੍ਰਿਗੇਡੀਅਰ ਆਰ.ਈ. ਐਚ. ਡਾਇਰ ਪਹਿਲਾਂ ਹੀ ਪੰਜਾਬ ਦੇ ਗਵਰਨਰ ਜਨਰਲ ਸਰ ਮਾਈਕਲ ਓਡਵਾਇਰ ਤੋਂ ਹਰ ਤਰ੍ਹਾਂ ਦੀ ਸਖਤ ਤੋਂ ਸਖਤ ਕਾਰਵਾਈ ਦਾ ਫਤਵਾ ਲੈ ਚੁੱਕਾ ਸੀ।ਕਿਹਾ ਜਾਂਦਾ  ਹੈ ਕਿ ਜਦ  ਫੌਜਾਂ ਬਾਗ ਚ ਦਾਖਲ ਹੋਈਆਂ ਤਾਂ ਕਰਤਾਰ ਸਿੰਘ ਨਾਂ ਦਾ ਇਕ ਜੋਸ਼ੀਲਾ ਨੌਜਵਾਨ ਉਸ ਵਕਤ  ਤਕਰੀਰ ਕਰ ਰਿਹਾ ਸੀ ਜਦ ਅੰਗਰੇਜ਼ਾਂ ਨੇ ਉਸਨੂੰ ਤਕਰੀਰ ਬੰਦ ਕਰਨ ਲਈ ਲਲਕਾਰਿਆ ਤਾਂ ਉਸਨੇ ਜੋਸ਼ ਵਿੱਚ ਆਏ ਨੇ ਛਾਤੀ ਤੇ ਹੱਥ ਮਾਰਦਿਆਂ ਅੰਗਰੇਜ਼ ਜਨਰਲ ਨੂੰ ਲਲਕਾਰਿਆ।ਸੋ ਅੰਗਰੇਜ਼ ਜਰਨੈਲ ਨੇ ਏਨੀ ਗੱਲ ਤੇ ਤੈਸ਼ ਚ ਆਉਂਦਿਆਂ ਬਿਨਾ ਕੋਈ ਹੋਰ  ਚੇਤਾਵਨੀ ਦਿੱਤਿਆਂ ਇਸ ਇਕੱਠ ਤੇ ਅੰਧਾ-ਧੁੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।ਚਾਰ ਚੁਫੇਰੇ ਚੀਕ-ਚਿਹਾੜਾ ਮੱਚ ਚੁੱਕਾ ਸੀ।ਲੋਕ ਗੋਲੀਆਂ ਦੀ ਮਾਰ ਤੋਂ ਬਚਣ ਲਈ ਬਾਗ ਵਿਚਲੇ ਖੂਹ ਚ ਛਾਲਾਂ ਮਾਰ ਰਹੇ ਸਨ।ਸਰਕਾਰੀ ਤੇ ਗੈੇਰ ਸਰਕਾਰੀ ਅੰਕੜਿਆਂ ਮੁਤਾਬਕ ਚਲਾਈਆਂ ਗੋਲੀਆਂ ਦੀ ਗਿਣਤੀ 1650 ਦੇ ਕਰੀਬ ਬਣਦੀ ਹੈ।ਇਹਨਾਂ ਗੋਲੀਆਂ ਨਾਲ ਸ਼ਹੀਦ ਹੋਣ ਵਾਲੇ ਲੋਕਾਂ ਦੀ ਗਿਣਤੀ ਬ੍ਰਿਿਟਸ਼ ਦਫਤਰੀ ਰਿਕਾਰਡ ਮੁਤਾਬਕ ਭਾਵੇਂ 379 ਹੀ ਦੱਸੀ ਗਈ ਪਰ ਉਸ ਵਕਤ ਦੇ ਸਿਵਲ ਸਰਜਨ ਦਫਤਰ ਨੇ ਇਹਨਾਂ ਮੌਤਾਂ ਦੀ ਗਿਣਤੀ 1500 ਦੇ ਕਰੀਬ ਦੱਸੀ। ਬਾਦ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਵੀ ਆਪਣੀ ਰਿਪੋਰਟ ਚ ਮੌਤਾਂ ਦੀ  ਗਿਣਤੀ 1500 ਤੇ ਸਖਤ ਜ਼ਖਮੀਆਂ ਦੀ ਗਿਣਤੀ 1000 ਦੇ ਕਰੀਬ ਦੱਸੀ।

                ਇਸ ਕਤਲੇਆਮ ਤੋਂ ਬਾਦ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਜਿੰਨ੍ਹਾਂ ਨੂੰ ਬਾਦ ਵਿੱਚ ਜਲਾਵਤਨੀ ਤੋਂ ਇਲਾਵਾ ਲੰਮੀਆਂ ਕੈਦਾਂ ਦਿੱਤੀਆਂ ਗਈਆਂ।ਏਸ ਔਖੇ ਸਮੇਂ ਚ ਯਤੀਮਖਾਨਾ ਲਾਹੌਰ ਦੇ ਵਿਿਦਆਰਥੀ ਮੌਤ ਦਾ ਕਫਨ ਸਿਰ ਤੇ ਬੰਨ੍ਹ ਕੇ ਇਹਨਾਂ ਤੜਫ ਰਹੇ ਦੇਸੀ ਭੈਣਾਂ-ਭਰਾਵਾਂ ਦੀ ਸਹਾਇਤਾ ਲਈ ਮੂਹਰੇ ਆਏ।ਸ਼ਹੀਦ ਊਧਮ ਸਿੰਘ ਵੀ ਇਸ ਵਕਤ ਇਹਨਾਂ ਸਾਥੀਆਂ ਦੇ ਨਾਲ ਸੀ। ਉਹਦੀ ਰੂਹ ਇਹ ਮੰਜ਼ਰ ਦੇੇਖ ਕੇ ਧੁਰ ਅੰਦਰ ਤੱਕ ਕੰਬ ਚੁੁੱਕੀ ਸੀ। ਉਸਨੇ ਜਲ੍ਹਿਆਂ ਵਾਲੇ ਬਾਗ ਤੋਂ ਬਾਹਰ ਆਉਂਦਿਆਂ ਹੀ ਸ੍ਰੀ ਹਰਿਮੰਦਰ ਸਾਹਿਬ ਵੱਲ ਮੁੱਖ ਕਰਕੇ ਇਸ ਬੁੱਚੜਤਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਪ੍ਰਣ ਲੈ ਲਿਆ ਸੀ।ਇਸ ਪ੍ਰਣ ਦੀ ਪੂਰਤੀ ਲਈ ਉਸਨੇ ਕਈ ਪਾਪੜ ਵੇਲੇ।ਜਲ੍ਹਿਆਂ ਵਾਲੇ ਬਾਗ ਦੇ ਨੇੜੇ ਹੀ ‘ਰਾਮ ਮੁਹੰਮਦ ਸਿੰਘ ਆਜ਼ਾਦ’ ਨਾਂ ਦਾ ਫੱਟਾ ਇੱਕ ਦੁਕਾਨ ਤੇ ਲਗਾ ਕੇ ਲੱਕੜ-ਸਾਜ਼ੀ ਦਾ ਕੰਮ ਸ਼ੁਰੂ ਕੀਤਾ। ਅਸਲ ਚ ਇਥੇ ਤਰਖਾਣਾ ਕੰਮ ਘੱਟ ਤੇ ਅੰਗਰੇਜ਼ੀ ਸਰਕਾਰ ਨੂੰ ਮੁਲਕ ਚੋਂ ਭਜਾਉਣ ਦੀਆਂ ਸਕੀਮਾਂ ਵੱਧ ਬਣਦੀਆਂ ਸਨ।

                ਏਸੇ ਹੀ ਸਮੇਂ ਆਪ ਨੇ ਵਿਦੇਸ਼ ਜਾਣ ਦਾ ਫੈਸਲਾ ਕਰ ਲਿਆ।ਸਭ ਤੋਂ ਪਹਿਲਾਂ ਆਪ ਨੇ ਅਫਰੀਕੀ ਮੁਲਕਾਂ ਦਾ ਰੁਖ ਕੀਤਾ। ਉਥੋਂ ਉਹ ਅਮਰੀਕਾ ਚਲੇ ਗਏ। ਗਦਰ ਪਾਰਟੀ ਦੇ ਅਹਿਮ ਕਾਰਕੁਨਾਂ ਨਾਲ ਸੰਬੰਧ ਬਣਾਏ। ਫਿਰ ਭਾਰਤ ਨੂੰ ਆਜ਼ਾਦ ਕਰਾਉਣ ਦੀ ਇੱਛਾ ਮਨ ਚ ਲੈ ਕੇ ਲਾਹੌਰ ਪਰਤ ਆਏ॥ਇੱਥੇ ਹੀ ਸੀ.ਆਈ.ਡੀ. ਪੁਲਿਸ ਨ ਆਪਨੂੰ ਸ਼ੱਕੀ ਹਾਲਤ ਚ ਫੜ ਲਿਆ ਤੇ ਤਲਾਸ਼ੀ ਲੈਣ ਤੇ ਚਾਰ ਪਿਸਤੌਲਾਂ ਆਪਦੇ ਵੱਖ-ਵੱਖ ਖੀਸਿਆਂ ਚੋਂ ਨਿਕਲ ਆਈਆਂ।ਸਿੱਟੇ ਵਜੋਂ ਆਪਨੂੰ ਢਾਈ ਸਾਲ ਦੀ ਜੇਲ੍ਹ ਕੱਟਣੀ ਪਈ। ਬੇਸ਼ੱਕ ਇੱਕ ਲਾਟ ਪਾਦਰੀ ਦੀ ਧੀ ‘ਮਿਸ ਬਰਾਊਨ’ ਨੇ ਆਪ ਨਾਲ ਹਮਦਰਦੀ ਜ਼ਾਹਰ ਕਰਦਿਆਂ ਆਪਨੂੰ ਬਚਾਉਣ ਦੀ ਪੂਰਾ ਵਾਹ ਲਾਈ ਪਰ ਆਪਨੇ ਦੁਨਿਆਵੀ ਇਸ਼ਕ ਨਾਲੋਂ ਦੇਸ ਪ੍ਰਤੀ ਹਕੀਕੀ-ਇਸ਼ਕ ਨੂੰ ਪ੍ਰਵਾਨ ਕਰਦਿਆਂ ਮਿਸ ਬ੍ਰਾਊਨ ਦੀ ਕੀਤੀ ਹਰ ਪੇਸ਼ਕਸ਼ ਨੂੰ ਠੁਕਰਾ ਦਿੱਤਾ।

                ਸ: ਊਧਮ ਸਿੰਘ ਇੱਕ ਮਹਾਨ ਯਾਤਰੀ ਸੀ। ਉਹ ਦੁਨੀਆਂ ਦੇ ਹਰ ਤਰ੍ਹਾਂ ਦੇ ਲੋਕਾਂ ਨੂੰ ਮਿਲ ਕੇ ਹਰ ਪ੍ਰਕਾਰ ਦੀ ਰਾਜਨੀਤਕ ਵਿਵਸਥਾ ਨੂੰ ਸਮਝਣਾ ਚਾਹੁੰਦਾ ਸੀ।ਉਸਨੇ ਏਸ਼ੀਅਨ ਦੇਸ਼ਾਂ ਤੋਂ ਇਲਾਵਾ ਰੂਸ, ਅਮਰੀਕਾ ਤੇ ਅਫਰੀਕੀ ਦੇਸਾਂ ਦੇ ਹਰ ਕੋਨੇ ਨੂੰ ਟੋਹ ਕੇ ਵੇਖਿਆ। ਆਖਰ ਉਸਨੇੇ ਆਪਣੀ ਪ੍ਰਣ-ਪੂਰਤੀ ਲਈ ‘ਰਾਮ ਮੁਹੰਮਦ ਸਿੰਘ ਆਜ਼ਾਦ’ ਨਾਂ ਥੱਲੇ ਇੰਗਲੈਂਡ ਆ ਡੇਰੇ ਲਾਏ।ਇੱਥੇ ਆਪਣੀ ਰੋਜ਼ੀ-ਰੋਟੀ ਲਈ ਕਈ ਪ੍ਰਕਾਰ ਦੇ ਧੰਦੇ ਸ਼ੁੁਰੂ ਕੀਤੇ।

                ਇੱਕ ਦਿਨ ਆਪ ਨੂੰ ਪਤਾ ਲੱਗਾ ਕਿ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਲਈ ਫਤਵਾ ਜਾਰੀ ਕਰਨ ਵਾਲਾ ਸਾਬਕਾ ਗਵਰਨਰ ਜਨਰਲ ਮਾਈਕਲ ਓਡਵਾਇਰ ਲੰਦਨ ਦੇ ‘ਕੈਕਸਟਨ ਹਾਲ’ ਚ ਪਹੁੰਚਣ ਵਾਲਾ ਹੈ ਤਾਂ ਆਪਨੇੇ ਸਥਾਨਕ ਸਾਥੀਆਂ ਦੀ ਸਹਾਇਤਾ ਨਾਲ ਪਾਸ ਦਾ ਪ੍ਰਬੰਧ ਕੀਤਾ ਤੇ ਰਿਵਾਲਵਰ ਸਮੇਤ ਕੈਕਸਟਨ ਹਾਲ ਦੀ ਮੁਹਰਲੀ ਕਤਾਰ ਚ ਥਾਂ ਬਣਾ ਲਈ।13 ਮਾਰਚ 1940 ਵਾਲੇ ਦਿਨ ਜਦ ਓਡਵਾਇਰ ਹਿੰਦੁਸਤਾਨ ਚ ਕੀਤੀ ਬਰਬਰਤਾ ਦੇ ਸੋਹਿਲੇ ਗਾ ਰਿਹਾ ਸੀ ਤਾਂ ਓਸੇ ਵਕਤ ਇਹ ਸ਼ੇਰ ਭਬਕਿਆ ਤੇ ਇਸ ਜ਼ਾਲਮ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ।ਇਸ ਹਮਲੇ ਚ ਇਸ ਇਜਲਾਸ ਦੀ ਪ੍ਰਧਾਨਗੀ ਕਰਨ ਵਾਲਾ ਇੱਕ ਵੱਡਾ ਨੌਕਰਸ਼ਾਹ ਮਾਰਕੁਈਸ ਜੈਟਲੈਂਡ ਵੀ ਸਖਤ ਜ਼ਖਮੀ ਹੋਇਆ।ਸ਼ੇਰ ਊਧਮ ਸਿੰਘ ਨੇ ਇਸ ਇਜਲਾਸ ਚ ਸਾਮਲ ਕੁਲੀਨ- ਵਰਗ ਦੇ ਅੰਗਰੇਜ਼ ਪਦਾਧਿਕਾਰੀਆਂ ਨੂੰ ਰੀਂਗ ਰੀਂਗ ਕੇ ਬਿਲਕੁਲ ਓਸੇ ਤਰ੍ਹਾਂ ਗੇਟੋਂ ਬਾਹਰ ਜਾਣ ਲਈ ਮਜ਼ਬੁਰ ਕੀਤਾ ਜਿਸ ਤਰ੍ਹਾਂ ਜਲ੍ਹਿਆਂ ਵਾਲੇ ਬਾਗ ਚੋਂ ਬਚੇ  ਭਾਰਤੀਆਂ ਨੂੰ ਕਿਹਾ ਗਿਆ ਸੀ।

                ਖੈਰ, ਸ਼ਹੀਦ ਊਧਮ ਸਿੰਘ ਦੌੜਿਆ ਨਹੀਂ।ਉਸਨੇ ਲੰਦਨ ਪੁਲਿਸ ਸਾਹਮਣੇ ਕਿਹਾ ਕਿ ਉਸਨੂੰ ਆਪਣੇ ਕੀਤੇ ਤੇ ਕੋਈ ਅਫਸੋਸ ਨਹੀਂ।ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।4 ਜੂਨ 1940 ਨੂੰ ਜਸਟਿਸ ਐਟਕਿਨਸਨ ਦੀ ਅਦਾਲਤ ਚ ਉਸ ਖਿਲਾਫ ਦੋਸ਼ ਪੱਤਰ ਪੇਸ਼ ਕੀਤਾ ਗਿਆ। ਉਸਨੇ ਡਟ ਕੇ ਆਪਣਾ ਜ਼ੁਰਮ ਕਬੂਲਿਆ ਤੇ ਕਿਹਾ ਕਿ ਜਦ ਤੱਕ ਅੰਗਰੇਜ਼ ਸਰਕਾਰ ਭਾਰਤੀਆਂ ਤੇੇ ਐਸੀ ਬਰਬਰਤਾ ਦਾ ਪ੍ਰਗਟਾਵਾ ਕਰਦੀ ਰਹੇਗੀ ਤਦ ਤੱਕ ਪੰਜਾਬ ਦੇ ਘਰ-ਘਰ ਚ ਊਧਮ ਸਿੰਘ ਪੈਦਾ ਹੁੰਦੇ ਰਹਿਣਗੇ। 15 ਜੁਲਾਈ ਨੂੰ ਫਿਰ ਅਪੀਲ ਤੇ ਬਹਿਸ ਹੋਈ। ਸ਼ਹੀਦ ਊਧਮ ਸਿੰਘ ਨੇ ਡਟ ਕੇ ਅੰਗਰੇਜ਼ਾਂ ਦੁਆਰਾ ਭਾਰਤੀਆਂ ਤੇ ਢਾਹੇ ਜਾਂਦੇ ਜ਼ੁਲਮਾਂ ਦਾ ਜੱਜ ਮੂਹਰੇ ਕੱਚਾ ਚਿੱਠਾ ਫੋਲਿਆ।ਉਹ ਲਾੜੀ ਮੌਤ ਵਿਆਹੁਣ ਲਈ ਉਤਾਵਲਾ ਸੀ।ਆਖਰ 31 ਜੁਲਾਈ 1940 ਨੂੰ ਲੰਦਨ ਦੀ ਪੇਂਟੋਵਿਲੇ ਜੇਲ੍ਹ ਚ ਇਸ ਸੂਰਮੇ ਨੂੰ ਫਾਂਸੀ ਦੇ ਦਿੱਤੀ ਗਈ। ਸ਼ਹੀਦ ਨੇ ਬੜੀ ਬਹਾਦਰੀ ਨਾਲ ਆਪਣੇ ਹੱਥੀਂ ਫਾਂਸੀ ਦਾ ਰੱਸਾ ਚੁੰਮਿਆ।

                ਚੇਤੇ ਰੱਖਣ ਯੋਗ ਹੈ ਕਿ ‘ਗੋਰਖਾ ਰਾਈਫਲ’ ਦੀ ਕਪਤਾਨੀ ਕਰਨ ਵਾਲਾ ਬ੍ਰਿਗੇਡੀਅਰ ਆਰ.ਈ. ਐਚ. ਡਾਇਰ ਪਹਿਲਾਂ ਹੀ 1922 ਵਿੱਚ ਹਾਰਟ ਅਟੈਕ ਨਾਲ ਮਰ ਚੁੱਕਾ ਸੀ। ਸੰਭਵ ਹੈ ਕਿ ਜੇਕਰ ਉਹਵੀ ਜ਼ਿੰਦਾ ਹੁੰਦਾ ਤਾਂ ਸ਼ਹੀਦ ਊਧਮ ਸਿੰਘ ਦੀ ਗੋੋਲੀ ਦਾ ਸ਼ਿਕਾਰ ਜ਼ਰੂਰ ਬਣਦਾ।ਗੋਲੀ ਚਲਾਉਣ ਵਾਲਾ ਬ੍ਰਿਗੇਡੀਅਰ ਡਾਇਰ ਤੇ ਗੋਲੀ ਚਲਾਉਣ ਦੀ ਲਿਖਤੀ ਆਗਿਆ ਦੇਣ ਵਾਲਾ ਗਵਰਨਰ ਓਡਵਾਇਰ ਦੋਨੋਂ ਹੀ ਸ: ਊਧਮ ਸਿੰਘ ਦੀ ‘ਹਿੱਟ ਲਿਸਟ’ ਚ ਸਨ।ਕਈ ਦੁਸ਼ਵਾਰੀਆਂ ਹੰਢਾਉਣ ਦੇ ਬਾਵਜੂਦ 21 ਸਾਲਾਂ ਬਾਦ ਆਪਣੇ ਸ਼ਿਕਾਰ ਨੂੰ ਸੱਤ ਸਮੁੰਦਰੋਂ ਪਾਰ ਜਾ ਦਬੋਚਣਾ ਕ੍ਰਾਂਤੀਕਾਰੀ ਸਫਾਂ ਚ ਅੱਜ ਵੀ ਇੱਕ ਹੈਰਾਨਕੁੰਨ ਕਾਰਨਾਮਾ ਹੈ।

                ਖੈਰ, ਫਾਂਸੀ ਤੋਂ ਬਾਦ ਸ਼ਹੀਦ ਦੀ ਦੇਹ ਨੂੰ ਪੇਂਟੋਵਿਲ ਜੇਲ੍ਹ ਲੰਦਨ ਚ ਹੀ ਦਫਨਾ ਦਿੱਤਾ ਗਿਆ। ਬੇਸ਼ੱਕ ਊਧਮ ਸਿੰਘ ਚਾਹੁੰਦਾ ਸੀ ਕਿ ਉਸਦੀਆਂ ਅਸਥੀਆਂ ਹਿੰਦੁਸਤਾਨ ਭੇਜੀਆਂ ਜਾਣ ਪਰ ਅੰਗਰੇਜ਼ਾਂ ਨੇ ਸ਼ਹੀਦ ਦੀ ਇਹ ਇੱਛਾ ਵੀ ਪੂਰੀ ਨਾ ਹੋਣ ਦਿੱਤੀ। ਆਖਰਕਾਰ 1975 ਵਿੱਚ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਕਤ ਸ਼ਹੀਦ ਦੀਆਂ ਅਸਥੀਆਂ ਨੂੰ ਉਸਦੇ ਜੱਦੀ ਪਿੰਡ ਸੁਨਾਮ ਵਿਖੇ ਪੂਰੇ ਰਾਜਸੀ ਸਨਮਾਨ ਸਹਿਤ ਲਿਆਂਦਾ ਗਿਆ।ਹੁਣ ਪੰਜਾਬ ਸਰਕਾਰ ਹਰ ਸਾਲ 31 ਜੁਲਾਈ ਨੂੰ ਇਸ ਸ਼ਹੀਦ ਦਾ ਸ਼ਹੀਦੀ ਦਿਹਾੜਾ ਰਾਜ ਪੱਧਰ ਤੇ  ਮਨਾਉਂਦੀ ਹੈ। ਆਓ! ਇਸ ਮਹਾਨ ਯੋਧੇ ਦੀ ਕੁਰਬਾਨੀ ਤੋਂ ਹੱਕ-ਸੱਚ ਲਈ ਡਟਣ ਦੀ ਪ੍ਰੇਰਨਾ ਲਈਏ।

ਰਚਨਾ: ਅਮਰੀਕ ਸਿੰਘ ਸ਼ੇਰ ਖਾਂ, ਪਿੰਡ ਤੇ ਡਾ: ਸ਼ੇਰ ਖਾਂ (ਫਿਰੋਜ਼ਪੁਰ) ਮੋਬਾ:98157-58466

Show More

Related Articles

Leave a Reply

Your email address will not be published. Required fields are marked *

Back to top button
Translate »