ਲਾਹੌਰ ਵਿਖੇ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਮਾਪਤ-ਪੰਜਾਬ ਤੇ ਪੰਜਾਬੀ ਦੀ ਗੱਲ ਹੋ ਗਈ….

ਪੰਜਾਬ ਤੇ ਪੰਜਾਬੀ ਦੀ ਗੱਲ ਹੋ ਗਈ….
ਲਾਹੌਰ ਵਿਖੇ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਮਾਪਤ
-ਗਵਰਨਰ ਆਫ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਵੱਲੋਂ ਸਰਾਹਨਾ
-ਹਰਜਿੰਦਰ ਸਿੰਘ ਬਸਿਆਲਾ-

ਲਾਹੌਰ, 21 ਨਵੰਬਰ 2024:-‘ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ’ ਜਿਸ ਨੇ ਪੂਰੇ ਤਿੰਨ ਦਿਨ ਇਥੇ ਦਾ ਮਾਹੌਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝੀਵਾਲਤਾ ਵਰਗਾ ਬਣਾਈ ਰੱਖਿਆ, ਅੱਜ ਸਮਾਪਤ ਹੋ ਗਈ। ਇਨ੍ਹਾਂ ਦਿਨ ਦਿਨਾਂ ਦੇ ਵਿਚ ਦਰਜਨਾਂ ਵਿਸ਼ਿਆ ਉਤੇ ਗੱਲਬਾਤ ਹੋਈ, ਉਨ੍ਹਾਂ ਪ੍ਰਤੀ ਰਹਿੰਦੇ ਕਾਰਜਾਂ ਦੀ ਗੱਲ ਹੋਈ। ਸਭਿਆਚਾਰ ਅਤੇ ਗੀਤਾਂ ਦਾ ਦੌਰ ਚੱਲਿਆ। ਆਏ ਮਹਿਮਾਨਾਂ ਦਾ ਮਾਨ ਸਨਮਾਨ ਹੋਇਆ।

ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਬੀਰ ਸਿੰਘ ਨੇ ਲਗਾਤਾਰ ਕਈ ਗੀਤ ਗਾ ਕੇ ਕੀਤੀ। ਫਿਰ ਸਥਾਨਿਕ ਕੁੜੀਆਂ ਨੇ ਸੂਫੀ ਗੀਤ ਗਾ ਕੇ ਕੀਤੀ। ਚਮਕੌਰ ਸਾਹਿਬ ਤੋਂ ਪਹੁੰਚੇ ਸਵਰਨ ਸਿੰਘ ਭੰਗੂ ਨੇ ਇਸ ਪੰਜਾਬੀ ਕਾਨਫਰੰਸ ਨੂੰ ਦੂਜਿਆਂ ਨਾਲ ਮਿਲਾਉਣ ਦਾ ਇਕ ਸਬੱਬ ਵੀ ਦੱਸਿਆ।

ਬਠਿੰਡਾ ਤੋਂ ਪਹੁੰਚੇ ਚਿੱਤਰਕਾਰ ਗੁਰਪ੍ਰੀਤ ਨੇ ਪੰਜਾਬੀ ਪ੍ਰਚਾਰ ਦੇ ਅਹਿਮਦ ਰਜਾ ਦਾ ਚਿੱਤਰ, ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦਾ ਚਿੱਤਰ, ਨਾਸਿਰ ਢਿੱਲੋਂ ਦਾ ਚਿੱਤਰ, ਅੰਜੁਮਨ ਗਿੱਲ ਦਾ ਚਿੱਤਰ ਅਤੇ ਇਕ ਪੱਤਰਕਾਰ ਦਾ ਚਿੱਤਰ ਬਣਾ ਕੇ ਲਿਆਂਦਾ ਸੀ ਅਤੇ ਸੌਗਾਤਾਂ ਪੇਸ਼ ਕੀਤੀਆਂ। ਇੰਡੀਆ ਤੋਂ ਆਏ ਹਾਟਸ਼ਾਟ ਦੇ ਰਮਨ ਕੁਮਾਰ ਵੱਲੋਂ ਨਾਸਿਰ ਢਿੱਲੋਂ ਦੇ ਲਈ ਕੈਂਠਾਂ ਲਿਆਂਦਾ ਗਿਆ ਸੀ। ਜੈਬੀ ਹੰਜਰਾ ਨੂੰ ਸਨਮਾਨਿਤ ਕੀਤਾ ਗਿਆ। ਗੁਰਪ੍ਰੇਮ ਲਹਿਰੀ ਦਾ (ਬੁਲਟਨਾਮਾ) ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਮਲਕੀਤ ਰੌਣੀ ਨੇ ਆਪਣੀ ਸੰਸਥਾ ‘ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰ ਐਸੋਸੀਏਸ਼ਨ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਸਿਨਮੇ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ।

ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਕੌਰ ਭੰਗੂ ਦਾ ਸਨਮਾਨ ਕੀਤਾ ਗਿਆ। ਪੱਤਰਕਾਰੀ ਵਿਚਾਰ ਚਰਚਾ ਦੇ ਵਿਚ ਸ. ਸੁਖਦੇਵ ਸਿੰਘ ਗਿੱਲ, ਸਵਰਨ ਸਿੰਘ ਟਹਿਣਾ, ਮੈਡਮ ਹਰਮਨ ਥਿੰਦ ਅਤੇ ਡਾ. ਸੁਕੀਰਤ ਨੇ ਸ਼ਿਰਕਤ ਕੀਤੀ। ਕਿਸਾਨੀ ਮੁੱਦਿਆਂ ਦੀ ਵੀ ਗੱਲ ਹੋਈ। ਸ੍ਰੀ ਅਹਿਮਦ ਰਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਿਚ ਅਸ਼ੌਕ ਭੌਰਾ ਪੱਤਰਕਾਰੀ ਐਵਾਰਡ, ਸ. ਤਰਸੇਮ ਸਿੰਘ ਭਿੰਡਰ, ਸ. ਹਰਦੇਵ ਸਿੰਘ ਕਾਹਮਾ ਹੋਰਾਂ ਦਾ ਵੀ ਸਨਮਾਨ ਹੋਇਆ। ਹਾਸਰਸ ਜੋੜੀ ਗੋਗਾ ਅਤੇ ਅਲਬੇਲਾ ਨੇ ਖੂਬ ਰੰਗ ਬੰਨਿ੍ਹਆ। ਡਾ. ਜਸਵੰਤ ਸਿੰਘ ਜ਼ਫਰ, ਡਾ. ਗੁਰਪ੍ਰੀਤ ਕੌਰ ਭੰਗੂ, ਕਰਮਜੀਤ ਅਨਮੋਲ, ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦਾ ਵੀ ਐਵਾਰਡ ਦੇ ਕੇ ਸਨਮਾਨ ਕੀਤਾ ਗਿਆ। ਪੰਜਾਬੀ ਗਾਇਕਾ ਦਾ ਐਵਾਰਡ ਬੀਰ ਸਿੰਘ ਹੋਰਾਂ ਨੂੰ ਦਿੱਤਾ ਗਿਆ। ਗਾਇਕਾ ਫਲਕ ਇਜਾਜ ਨੇ ਇਕ ਗੀਤ ਪੇਸ਼ ਕਰਕੇ ਤਾੜੀਆਂ ਬਟੋਰੀਆਂ।

ਸ਼ਾਮ ਨੂੰ ਆਡੀਟੋਰੀਅਮ ਹਾਲ ਦੇ ਬਾਹਰ ਵਿਹੜੇ ਵਿਚ ਸਜੀ ਸਟੇਜ ਉਤੇ ਗਵਰਨਰ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਨੇ ਪੰਜਾਬੀ ਕਾਨਫਰੰਸ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਗਲੇ ਸਾਲ ਇਸਨੂੰ ਗਵਰਨਰ ਹਾਊਸ ਦੇ ਵਿਚ ਕਰਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਫਿਰ ਚਿਰਾਂ ਤੋਂ ਉਡੀਕ ਰਹੇ ਆਰਫਿ ਲੁਹਾਰ ਨੇ ਸਟੇਜ ਉਤੇ ਆ ਕੇ ਧਮਾਲ ਪਾਈ। ਅੰਤ ਇਹ ਤਿੰਨ ਦਿਨਾਂ ਪੰਜਾਬੀ ਕਾਨਫਰੰਸ ਕਈ ਆਸਾਂ ਦੇ ਨਾਲ ਸਮਾਪਤ ਹੋ ਗਈ।