ਲਿਖਾਰੀ ਤੇ ਉਨ੍ਹਾਂ ਦੀਆਂ ਮਾਵਾਂ ਵਰਗੇ ਪਾਠਕ !

ਲਿਖਾਰੀ ਤੇ ਉਨ੍ਹਾਂ ਦੀਆਂ ਮਾਵਾਂ ਵਰਗੇ ਪਾਠਕ !
ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀਐੱਚਡੀ ਕਰਨ ਵਾਲ਼ੀ ਪਹਿਲੀ ਬੀਬੀ ਅਤੇ ਸਾਹਿਤ ਅਕਾਦਮੀ, ਸਰਸਵਤੀ ਸਨਮਾਨ, ‘ਪੰਜਾਬੀ ਸਾਹਿਤ ਰਤਨ’ ਅਤੇ ‘ਪਦਮ ਸ਼੍ਰੀ’ ਜਿਹੇ ਵੱਡੇ ਸਨਮਾਨ ਪ੍ਰਾਪਤ ਕਰਨ ਵਾਲ਼ੀ ਲੇਖਿਕਾ ਬੀਬੀ ਦਲੀਪ ਕੌਰ ਟਿਵਾਣਾ ਦੀ ਗੱਲ ਕਰਨ ਜਾ ਰਿਹਾ ਹਾਂ !

ਇੱਕ ਵਾਰ ਮੈਂ ਆਪਣੇ ਪ੍ਰੋਫੈਸਰ ਭਰਾ ਨਾਲ਼ ਪਟਿਆਲ਼ੇ ਬੀਬੀ ਟਿਵਾਣਾ ਹੁਣਾ ਦੇ ਘਰੇ ਗਿਆ।ਚਾਹ-ਪਾਣੀ ਪੀ ਰਹੇ ਸਾਂ ਉਨ੍ਹਾਂ ਆਪਣੀ ਮਾਂ ਨੂੰ ਯਾਦ ਕਰਦਿਆਂ ਇੱਕ ਗੱਲ ਸੁਣਾਈ! ਜਿਵੇਂ ਸੁਰਜੀਤ ਪਾਤਰ ਦੀ ਇੱਕ ਕਵਿਤਾ ਹੈ-
‘ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ
ਭਾਵੇਂ ਮੇਰੀ ਮਾਂ-ਬੋਲੀ ਵਿੱਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੱੁਖ ਹੈ ਕੋਈ
ਪਰ ਇਸਦਾ ਦੱੁਖ ਮੇਰੇ ਹੁੰਦਿਆਂ
ਆਇਆ ਕਿੱਥੋਂ ?
ਨੀਝ ਲਗਾਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ…।!’

ਇਵੇਂ ਦੀ ਹੀ ਗੱਲ ਬੀਬੀ ਟਿਵਾਣਾ ਨੇ ਸੁਣਾਈ ! ਕਹਿੰਦੇ ਮੇਰੇ ਲਿਖੇ ਨਾਵਲਾਂ ਕਹਾਣੀਆਂ ‘ਤੇ ਮੈਨੂੰ ਬੜੇ ਵੱਡੇ ਵੱਡੇ ਮਾਣ-ਸਨਮਾਨ ਮਿਲ਼ੇ ਪਰ ਮੇਰੀ ਮਾਂ ‘ਕੇਰਾਂ ਮੈਨੂੰ ਕਹਿੰਦੀ-
‘ਕੁੜੇ ਤੂੰ ਲਿਖ ਲਿਖ ਕੇ ਕਿਆ ‘ਕਮਲ਼ ਜਿਹਾ’ ਘੋਟਦੀ ਰਹਿਨੀ ਐਂ? ਕੋਈ ‘ਚੱਜਦੀ ਕਿਤਾਬ’ ਲਿਖ ਵੀ !’
ਬੀਬੀ ਟਿਵਾਣਾ ਕਹਿੰਦੇ-ਮੈਂ ਆਪਣੀ ਮਾਂ ਦੀ ਭਾਵਨਾ ਸਮਝ ਗਈ ਅਤੇ ਸਿੱਖ ਇਤਹਾਸ ਨਾਲ਼ ਸਬੰਧਿਤ ਸਤਿਕਾਰਿਤ ਬੀਬੀਆਂ ਮਾਤਾਵਾਂ ਦੀਆਂ ਜੀਵਨੀਆਂ ਬਾਰੇ ਕਿਤਾਬ ਲਿਖਣੀ ਸ਼ੁਰੂ ਕੀਤੀ !
ਮੈਨੂੰ ਅਫਸੋਸ ਕਿ ਇਹ ਕਿਤਾਬ ਛਪਣ ਤੋਂ ਪਹਿਲਾਂ ਹੀ ਮੇਰੀ ਮਾਂ ਸਦੀਵੀ ਵਿਛੋੜਾ ਦੇ ਗਈ !!ਉਹ ਮੇਰੀ ਲਿਖੀ ‘ਚੱਜਦੀ’ ਕਿਤਾਬ ਨਾ ਦੇਖ ਸਕੀ !
ਇਹ ਦੱਸਦਿਆਂ ਬੀਬੀ ਟਿਵਾਣਾ ਦੀਆਂ ਅੱਖਾਂ ਛਲਕ ਪਈਆਂ ਸਨ !!

ਤਰਲੋਚਨ ਸਿੰਘ ‘ਦੁਪਾਲ ਪੁਰ’

ਇਹ ਵਾਰਤਾ ਸੁਣਿਆਂ ਕਈ ਵਰ੍ਹੇ ਗੁਜ਼ਰ ਗਏ !ਹੁਣ ਕੱੁਝ ਦਿਨ ਪਹਿਲਾਂ ਜਦ ਮੈਂ ਇਸ ਵਾਰਤਾ ਨੂੰ ਸ਼ਬਦੀ ਜਾਮਾ ਪਹਿਨਾਉਣ ਲੱਗਾ ਤਾਂ ‘ਤਸਦੀਕ’ ਕਰਨ ਵੱਜੋਂ ਸਵਰਗੀ ਬੀਬੀ ਟਿਵਾਣਾ ਦੇ ਜੀਵਨ ਸਾਥੀ ਸਰਦਾਰ ਭੁਪਿੰਦਰ ਸਿੰਘ ਮਿਨਹਾਸ ਹੁਣਾ ਨਾਲ ਫੋਨ ‘ਤੇ ਗੱਲ ਕਰੀ ਸੀ !
ਦਰਅਸਲ ਵਿੱਚ ਮੈਂ ਇੱਕ ‘ਸ਼ਾਇਰ ਸਾਹਬ’ ਦੀ ਕਵਿਤਾ ਪੜ੍ਹ ਰਿਹਾ ਸਾਂ ਜੋ ਕਿ ਚਾਚੇ ਚੰਡੀਗੜ੍ਹੀਏ ਦੇ (ਖੁੱਲ੍ਹੀ ਕਵਿਤਾ ਨੂੰ ਮਖੌਲ ਵੱਜੋਂ ਲਿਖੇ)ਇਸ ‘ਸ਼ਿਅਰ’ ਵਰਗੀ ਹੀ ਸੀ-

‘ਸਾਡੇ ਕੋਠੇ ਨਿੰਮ ਦਾ ਬੂਟਾ
ਬਾਹਰ ਖੜ੍ਹਾ ਸਰਪੰਚ।
ਦੇਈਂ ਭੈਣੇ ਫੌਹੜਾ
ਮੈਂ ਰਜਾਈ ਨਗੰਦਣੀ !’

ਮੈਂ ਸੋਚਿਆ ਕਿ ਮਾਣਯੋਗ ਕਵੀਆਂ ਲਿਖਾਰੀਆਂ ਨੂੰ ਉਨ੍ਹਾਂ ਦੀਆਂ ਮਾਵਾਂ ਵਰਗੇ ਪਾਠਕਾਂ ਦਾ ਚੇਤਾ ਹੀ ਕਰਵਾ ਦਿਆਂ !!
ਤਰਲੋਚਨ ਸਿੰਘ ‘ਦੁਪਾਲ ਪੁਰ’  001-408-915-1268 tsdupalpuri@yahoo.com

Exit mobile version