ਕੰਨ ਵੀ ਪੜਵਾ ਲਏ ਤੇ ਰੰਨ ਵੀ ਗਈ -ਲਿਬਰਲਾਂ ਨੇ ਉਮੀਂਦਵਾਰ ਪਿਛਾਂਹ ਖਿੱਚਿਆ !

ਕੰਨ ਵੀ ਪੜਵਾ ਲਏ ਤੇ ਰੰਨ ਵੀ ਗਈ
ਐਡਮਿੰਟਨ (ਪੰਜਾਬੀ ਅਖ਼ਬਾਰ ਬਿਊਰੋ) ਜਿਸ ਦਿਨ ਦਾ ਕਨੇਡਾ ਵਿੱਚ ਬੇ ਵਕਤੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਉਸੇ ਦਿਨ ਤੋਂ ਹੀ ਦੋ ਪ੍ਰਮੁੱਖ ਰਾਜਨੀਤਕ ਪਾਰਟੀਆਂ ਨੇ ਆਪੋ ਆਪਣੇ ਉਮੀਂਦਵਾਰਾਂ ਦੀਆਂ ਲਿਸਟਾਂ ਧੜਾਧੜ ਐਲਾਨ ਕਰਨੀਆਂ ਸੁਰੂ ਕਰ ਦਿੱਤੀਆਂ ਪਰ ਨਾਲ ਦੀ ਨਾਲ ਹੀ ਪਾਰਟੀਆਂ ਦੀਆਂ ਟਿਕਟਾਂ ਦੀ ਵੰਡ ਨੂੰ ਲੈਕੇ ਬੇਨਿਯਮੀਆਂ ਦਾ ਰੌਲਾ ਵੀ ਉਸੇ ਵਕਤ ਹੀ ਸ਼ੁਰੂ ਹੋ ਗਿਆ। ਦੋਵੇਂ ਪਾਰਟੀਆਂ ਮੌਜੂਦਾ ਸੱਤਾਧਰੀ ਲਿਬਰਲ ਅਤੇ ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਨੇ ਕਾਹਲੀ ਵਿੱਚ ਐਲਾਨੇ ਉਮੀਂਦਵਾਰਾਂ ਵਿੱਚੋਂ ਕੁੱਝ ਨੂੰ ਉਮੀਂਦਵਾਰੀ ਤੋਂ ਲਾਂਭੇ ਕਰ ਦਿੱਤਾ ਕਿ ਉਹਨਾਂ ਦੀ ਪ੍ਰੌਫਾਈਲ ਸਾਫ ਸੁਥਰੀ ਨਹੀਂ ਹੈ। ਉਮੀਂਦਵਾਰਾ ਦੀ ਛਾਂਟ ਛਟਾਈ ਵਾਲੀ ਮੁਹਿੰਮ ਬੀਤੇ ਦਿਨੀ ਅਲਬਰਟਾ ਦੇ ਸੂਬੇ ਐਡਮਿੰਟਨ ਵਿੱਚ ਵੀ ਲਿਬਰਲਾਂ ਦੇ ਵਿਹੜੇ ਬੋਲ ਪਈ। ਅਖੇ ਐਡਮਿੰਟਨ ਗੇਟਵੇਅ ਤੋਂ ਸਾਡੇ ਉਮੀਂਦਵਾਰ ਰੌਡ ਲੋਯੋਲਾ ਦਾ ਪਿਛਲਾ ਰਿਕਾਰਡ ਸਾਫ ਸੂਥਰਾ ਨਹੀਂ ਹੈ ਇਸ ਲਈ ਅਸੀਂ ਉਸ ਨੂੰ ਆਪਣੇ ਉਮੀਂਦਵਾਰ ਵੱਜੋਂ ਹਟਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਅਲਬਰਟਾ ਐਨ ਡੀ ਪੀ ਵਿਧਾਇਕ ਰਹੇ ਰੌਡ ਲੋਯੋਲਾ ਨੇ ਨੌਂ ਦਿਨ ਪਹਿਲਾਂ ਨਵੇਂ ਬਣੇ ਐਡਮਿੰਟਨ ਗੇਟਵੇ ਰਾਈਡਿੰਗ ਵਿੱਚ ਆਪਣੀ ਮੁਹਿੰਮ ਦਾ ਰਸਮੀ ਐਲਾਨ ਕੀਤਾ ਸੀ ਅਤੇ ਸ਼ਨੀਵਾਰ ਨੂੰ ਆਪਣੀ ਰਸਮੀ ਲਾਂਚ ਪਾਰਟੀ ਦਾ ਆਯੋਜਨ ਕੀਤਾ ਸੀ। । ਪਰ ਅੱਜ ਲਿਬਰਲ ਨੇਤਾ ਮਾਰਕ ਕਾਰਨੀ ਨੇ ਪੁਸ਼ਟੀ ਕੀਤੀ ਕਿ ਲੋਯੋਲਾ ਹੁਣ ਐਡਮਿੰਟਨ ਗੇਟਵੇ ਲਈ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਨਹੀਂ ਹਨ। ਉਹਨਾਂ ਦੀ ਉਮੀਂਦਵਾਰੀ ਕੈਂਸਲ ਕੀਤੇ ਜਾਣ ਦੇ ਕਾਰਣ ਇਹ ਦੱਸੇ ਜਾਂਦੇ ਹਨ ਕਿ ਅੱਜ ਤੋਂ ਬਹੁਤ ਸਾਲ ਪਹਿਲਾਂ ਸਾਲ 2009 ਦਾ ਇੱਕ ਵੀਡੀਓ ਮਿਿਲਆ ਹੈ ਜਿਸ ਵਿੱਚ ਉਹ ਨਾਟੋ ਵਿਰੋਧੀ ਵਿਰੋਧ ਪ੍ਰਦਰਸ਼ਨ ਵਿੱਚ ਹਿਜ਼ਬੁੱਲਾ ਅਤੇ ਹਮਾਸ ਦੀ ਪ੍ਰਸ਼ੰਸਾ ਕਰਦੇ ਦਿਖਾਈ ਦੇ ਰਹੇ ਹਨ। ਪਰ ਇਹਨੀ ਦਿਨੀ ਇਹਨਾਂ ਦੋਵਾਂ ਜਥੇਬੰਦੀਆਂ ਨੂੰ ਕੈਨੇਡਾ ਵਿੱਚ ਅੱਤਵਾਦੀ ਸਮੂਹਾਂ ਵੱਜੋਂ ਸੂਚੀਬੱਧ ਕੀਤਾ ਗਿਆ ਹੈ। ਅਲਬਰਟਾ ਦੀ ਮੁੱਖ ਵਿਰੋਧੀ ਪਾਰਟੀ ਐਨ ਡੀ ਪੀ ਵਿੱਚ ਰੌਡ ਲੋਯੋਲਾ ਦੀ ਚੰਗੀ ਪੈਂਠ ਬਣੀ ਹੋਈ ਸੀ ਪਰ ਐਮ ਐਲ ਤੋਂ ਐਮ ਪੀ ਬਣਨ ਦੇ ਚੱਕਰਾਂ ਵਿੱਚ ਆਪਣੀ ਪਹਿਲਾ ਰੁਤਬਾ ਵੀ ਗੁਆ ਬੈਠੇ। ਲੋਯੋਲਾ ਨੇ ਹਾਲ ਹੀ ਵਿੱਚ ਲਿਬਰਲਾਂ ਲਈ ਐਡਮਿੰਟਨ ਗੇਟਵੇ ਵਿੱਚ ਚੋਣ ਲੜਨ ਲਈ ਅਲਬਰਟਾ ਵਿਧਾਨ ਸਭਾ ਵਿੱਚ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਪਹਿਲੀ ਵਾਰ 2015 ਵਿੱਚ ਚੁਣੇ ਗਏ ਸਨ, ਅਤੇ ਦੋ ਸਾਲ ਪਹਿਲਾਂ ਐਡਮੰਟਨ-ਐਲਰਸਲੀ ਦੇ ਸੂਬਾਈ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਹੋਏ ਆਪਣਾ ਤੀਜਾ ਕਾਰਜਕਾਲ ਜਿੱਤਿਆ ਸੀ। ਲੋਯੋਲਾ ਦਾ ਅਲਬਰਟਾ ਵਿਧਾਨ ਸਭਾ ਤੋਂ ਅਸਤੀਫਾ ਮਾਰਚ ਦੇ ਅਖੀਰ ਵਿੱਚ ਲਾਗੂ ਹੋਇਆ ਸੀ। ਰੌਡ ਲੋਯੋਲਾ ਬਾਰੇ ਹੁਣ ਤਾਂ ਇਹੀ ਜਿਹਾ ਜਾ ਸਕਦਾ ਹੈ ਕਿ ਕੰਨ ਵੀ ਪੜਵਾ ਲਏ ਤੇ ਰੰਨ ਵੀ ਗਈ ਜਾਂ ਫਿਰ ਹੁਣ ਕੱਲਾ ਬਹਿਕੇ ਲਿਬਰਲਾਂ ਨੂੰ ਇਹੀ ਕਹਿੰਦਾ ਹੋਵੇਗਾ ਕਿ “ਕੀ ਖੱਟਿਆ ਮੈਂ ਤੇਰੀ ਹੀਰ ਬਣਕੇ “ —
ਪਰ ਹੁਣ ਆਖਿਰੀ ਖ਼ਬਰਾਂ ਮਿਲਣ ਵੇਲੇ ਤੱਕ ਉਹਨਾਂ ਨੇ ਆਜਾਦ ਉਮੀਂਦਵਾਰ ਵੱਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
#liberal#RodLoyola#edmonton#candidate