ਖੇਡਾਂ ਖੇਡਦਿਆਂ

ਲੋਕ ਖੇਡਾਂ (ਵਿਰਾਸਤੀ)–      ਖੇਡ – ਪ੍ਰਸੰਗ ਦੇ ਅੰਗ-ਸੰਗ

ਤਰਸੇਮ ਚੰਦ ਕਲਹਿਰੀ

ਮਨੁੱਖ ਆਦਿ ਕਾਲ ਤੋਂ ਹੀ ਖੇਲ੍ਹਦਾ ਜਾਂ ਖੇਡਦਾ ਆ ਰਿਹਾ ਹੈ। ਕੁਦਰਤ ਨੇ ਹਰ ਪ੍ਰਾਣੀ ਅੰਦਰ ਖੇਡਣ ਦਾ ਤੱਤ ਭਰਿਆ ਹੋਇਆ ਹੈ। ਹਰ ਪ੍ਰਾਣੀ ਨੇ ਆਪਣੇ ਸੁਭਾਅ, ਮਾਜਨੇ ਅਤੇ ਸ਼ਰੀਰ ਮੁਤਾਬਕ ਆਪੋ ਆਪਣੀਆਂ ਖੇਲਾਂ ਜਾਂ ਖੇਡਾਂ ਦੀ ਸਿਰਜਣਾ ਕੀਤੀ ਹੈ।ਸੰਸਕ੍ਰਿਤ ਭਾਸ਼ਾ ਅੰਦਰ “ਖੇਲਿ” ਸ਼ਬਦ ਦਾ ਅਰਥ ਹੈ “ਕ੍ਰੀੜਾ”। ਭਾਈ ਕਾਹਨ ਸਿੰਘ ਨਾਭਾ ਜੀ ਵੀ  ਆਪਣੇ ਮਹਾਨ ਕੋਸ਼ ਅੰਦਰ ਇਸ ਦਾ ਅਰਥ (ਮਤਲਬ) ਸਰੀਰਕ ਕ੍ਰੀੜਾ ਕਰਦੇ ਹਨ। ਜਿਸ ਸਰੀਰਕ ਕ੍ਰੀੜਾ ਅੰਦਰ ਨਿਯਮਾਂ ਨਾਲ ਮੁਕਾਬਲਾ ਹੋਵੇ ਅਤੇ ਜਿਸ ਵਿੱਚ ਭਰਪੂਰ ਅਨੰਦ ਦੀ ਪ੍ਰਾਪਤੀ ਹੋਵੇ ਨੂੰ ਖੇਲ ਜਾਂ ਖੇਡ ਆਖਦੇ ਹਨ। “ਖੇਲਿ” ਤੋਂ ਹੀ ਖੇਲ ਅਤੇ ਖੇਡ ਸ਼ਬਦ ਵਿਊਂਤਪਤ ਹੋਇਆ ਹੈ। ਖੇਡ ਸ਼ਬਦ ਦੀ ਜੇਕਰ ਪੈੜ ਦੱਬੀਏ ਤਾਂ ਇਹ ਪੂਰਨ ਮਨੁੱਖ ਦੀ ਹੋਂਦ ਤੋਂ ਪਹਿਲਾਂ ਹੋਈ ਜਾਪਦੀ ਐ। ਜਾਨਵਰਾਂ ਅਤੇ ਪੰਛੀਆਂ ਅੰਦਰ ਵੀ ਇਸ ਦੀ ਹੋਂਦ ਅਤੇ ਤੱਤ ਪਏ ਹਨ। ਜਦੋਂ ਉਹ ਮਸਤੀ ਦੇ ਆਲਮ ਵਿੱਚ ਹੁੰਦੇ ਹਨ ਤਾਂ ਉਹ ਅਨੋਖੀਆਂ ਤੋਂ ਅਨੋਖੀਆਂ ਸਰੀਰਕ ਕ੍ਰੀੜਾਵਾਂ  ਕਰਦੇ ਨਜ਼ਰ ਪੈਂਦੇ ਹਨ। ਜਿੰਹਨਾਂ ਨੂੰ ਦੁੜੰਗੇ ਮਾਰਨਾ, ਲਾਡ – ਪਾਂਡੀਆਂ ਕਰਨਾ, ਟੱਪਣਾ, ਅੜਿੰਗਣਾ ਕਹਿੰਦੇ ਹਨ। ਲਾਡ – ਪਾਂਡੀਆਂ ਵੇਲੇ ਕੁੱਤੇ ਇੱਕ ਦੂਜੇ ਦੇ ਪਿੱਛੇ ਭੱਜਦੇ ਹਨ, ਇੱਕ ਦੂਜੇ ਦੇ ਪੋਲੀਆਂ ਪੋਲੀਆਂ ਦੰਦੀਆਂ ਵੱਢਦੇ ਹਨ। ਇੱਕ ਦੂਜੇ ਦੇ ਤਨਾਂ ਨੂੰ ਲਿਪਟ ਦੇ ਹਨ। ਕਦੇ ਕਦੇ ਪਿਛਲੀਆਂ ਲੱਤਾਂ ਉੱਪਰ ਖੜ੍ਹਕੇ ਇੱਕ ਖ਼ਾਸ ਤਰ੍ਹਾਂ ਦੀ ਆਵਾਜ਼ ਕੱਢਕੇ ਇੱਕ ਦੂਜੇ ਨਾਲ ਗੁੱਥਮ – ਗੁੱਥਾ ਹੁੰਦੇ ਹਨ। ਇਹ ਵੀ ਇੱਕ ਤਰ੍ਹਾਂ ਦੀ ਸਰੀਰਕ ਕ੍ਰੀੜਾ ਹੀ ਹੈ ਜਿਸ ਵਿੱਚੋਂ ਉਹ ਅਨੰਦ ਪ੍ਰਾਪਤ ਕਰਦੇ ਹਨ। ਗਊਆਂ, ਮੱਝਾਂ, ਕੱਟੇ – ਕੱਟੀਆਂ, ਬੱਛੇ – ਬੱਛੀਆਂ ਪੂਛਾਂ ਚੱਕਕੇ ਅੱਗੜ ਪਿੱਛੜ ਭੱਜਦੇ ਹਨ। ਇਹਨਾਂ ਨੂੰ ਦੁੜੰਗੇ ਮਾਰਨਾ ਕਿਹਾ ਜਾਂਦਾ ਹੈ। ਇਹ ਵੀ ਸਰੀਰਕ ਕ੍ਰੀੜਾ ਰਾਹੀਂ ਅਨੰਦ ਮਗਨਤਾ ਦੀ ਕਹਾਣੀ ਹੀ ਹੈ। ਉਹਨਾਂ ਦਾ ਇੱਕ ਦੂਜੇ ਨੂੰ ਝਕਾਨੀ ਦੇ ਕੇ ਗੂਚੀ ਮਾਰਨਾ ਕ੍ਰੀੜਾ ਹੀ ਹੈ। ਕਿੱਲੇ ਨਾਲ ਬੰਨੀ ਗਾਂ, ਮੱਝ ਦਾ ਚਾਰੇ ਪੈਰ ਚੱਕ ਕੇ ਟੱਪਣਾ ਕ੍ਰੀੜਾ ਹੀ ਹੈ। ਤਿੱਤਲੀਆਂ ਇੱਕ ਦੂਜੇ ਮਗਰ ਉੱਡ ਕੇ ਹਿੱਤ ਜਗਾਉਂਦੀਆਂ ਹਨ। ਕਾਟੋਆਂ ਵੀ ਇੱਕ ਦੂਜੇ ਪਿੱਛੇ ਭੱਜਦੀਆਂ ਚੋਹਲ ਕਰਦੀਆਂ ਨਜ਼ਰ ਆਉਂਦੀਆਂ ਹਨ। ਪੌਦੇ ਲਹਿਰ ਦੇ ਝੂਮਦੇ ਹਨ। ਗਟਾਰਾਂ ਨੂੰ ਸਰੀਰਕ ਕ੍ਰੀੜਾ ਕਰਦੇ ਆਮ ਵੇਖਿਆ ਜਾਂਦਾ ਹੈ।  ਕਬੂਤਰਾਂ, ਚਿੜੀਆਂ ਆਦਿ ਪੰਛੀਆਂ ਵਿੱਚ ਇਹ ਸਾਰੇ ਤੱਤ ਪਏ ਹਨ।

           ਸੋ ਸਾਫ਼ ਹੈ ਕਿ ਚੌਪਾਇਆ ਹੋਮੋ‌- ਸੇਪੀਅਨ ਇੱਕ ਕਿਸਮ ਦਾ ਬਾਂਦਰ ਵੀ ਇਹ ਨਜ਼ਾਰਾ ਲੈਂਦਾ ਖੁਸ਼ੀ ਵਿੱਚ ਕ੍ਰੀੜਾ ਕਰਦਾ ਹੋਵੇਗਾ ?  ਹੋਮੋ – ਸੇਪੀਅਨ ਤੋਂ ਪਹਿਲਾਂ ਹਾਲਤਾਂ ਵਾਲੇ ਵੀ ਜਿਸ ਤਰ੍ਹਾਂ ਅੱਜ ਦੇ ਗਿਬਨ ਵਾਂਗੂੰ ਰੁੱਖਾਂ ਟਾਹਣੀਆਂ ਤੇ ਛਲਾਂਗਾਂ ਮਾਰਦੇ ਹੋਣਗੇ ? ਗਿਬਨ ਵਾਂਗੂੰ ਹੀ ਰੁੱਖਾਂ ਦੀਆਂ ਟਾਹਣੀਆਂ ਫੜਕੇ ਭੱਜਦਾ ਫਿਰਦਾ, ਟੱਪਦਾ, ਹੇਠਾਂ ਉੱਤਰ ਦਾ, ਉੱਪਰ ਚੜ੍ਹਦਾ ਹੋਵੇਗਾ ਤੇ ਕ੍ਰੀੜਾ ਕਰਦਾ ਹੋਵੇਗਾ ? ਖੁਸ਼ੀ ਵਿੱਚ ਆਇਆ ਆਪਣੇ ਝੁੰਡ ਦੇ ਸਾਥੀਆਂ ਨਾਲ਼ ਕਲੋਲਾਂ ਕਰਦਾ ਰਿਹਾ ਹੋਵੇਗਾ ? ਇਸ ਗੱਲ ਤੋਂ ਸਾਫ਼ ਹੈ ਕਿ ਹੋਮੋ – ਸੇਪੀਅਨ ਬਣਨ ਤੋਂ ਪਹਿਲਾਂ ਵੀ ਉਹ ਖੇਲ੍ਹਦਾ ਜਾਂ ਖੇਡਦਾ ਸੀ। ਸੋ ਖੇਡ ਨਾਲ ਮਨੁੱਖ ਦਾ ਪੁਰਾਣਾ ਰਿਸ਼ਤਾ ਹੈ ਜਾਂ ਐਂ ਕਹਿ ਲਈਏ ਕਿ ਮਨੁੱਖ ਦਾ ਚੌਪਾਏ ਹੋਣ ਵੇਲੇ ਤੋਂ।ਇਹ ਖੁਸ਼ੀ ਦੇ ਅਹਿਸਾਸ ਵਿੱਚੋਂ ਨਿਕਲੀ ਮਾਨਸਿਕ ਅਵਸਥਾ ਹੈ। ਮਾਨਸਿਕ ਅਵਸਥਾ ਜਦੋਂ ਮਨੁੱਖ ਨੂੰ ਕ੍ਰੀੜਾ ਕਰਨ ਲਈ ਉਤਸ਼ਾਹਿਤ ਕਰਦੀ ਹੈ , ਪ੍ਰੇਰਦੀ ਹੈ ਤਾਂ ਫਿਰ ਖੇਡ ਦਾ ਜਨਮ ਹੁੰਦਾ ਹੈ। ਇਸ ਦਾ ਉਦੇਸ਼ ਮਾਨਸਿਕ ਤੌਰ ਤੇ ਸਰੀਰਕ ਕਿਰਿਆ ਰਾਹੀਂ ਪ੍ਰਗਟ ਕਰਨ ਦਾ ਹੀ ਲੱਗਦਾ ਹੈ।ਆਮ ਧਾਰਨਾ ਹੈ ਕਿ ਮਨ ਦਾ ਸ਼ਰੀਰ ਉੱਤੇ ਅਤੇ ਸ਼ਰੀਰ ਦਾ ਮਨ ਉੱਤੇ ਪ੍ਰਸਪਰ ਅਸਰ ਪੈਂਦਾ ਹੈ। ਡਿੱਗਿਆ ਹੋਇਆ ਮਨ ਕਦੇ ਵੀ ਦੁੜੰਗੇ ਨਹੀਂ ਮਾਰਦਾ। ਇਸੇ ਤਰ੍ਹਾਂ ਸ਼ਰੀਰ ਥਕਾਵਟ ਨਾਲ ਢੈਅਲਾ ਪਿਆ ਹੋਵੇ ਤਾਂ ਮਨ ਵੀ ਖੁਸ਼ ਨਹੀਂ ਹੁੰਦਾ। ਉਸ ਦਾ ਉਤਸ਼ਾਹ ਮੱਠਾ ਪੈ ਜਾਂਦਾ ਹੈ। ਮੁਹਾਵਰੇ ਵਰਗਾ ਤੱਥ ਕਿ ” ਮਨ ਖ਼ੁਸ਼ ਤਨ ਖੁਸ਼”।  ਜਿੱਤ ਹੋਈ ਹੋਵੇ ਤਾਂ ਇਹ ਭਾਵੇਂ ਢੁੱਕੇ ਨਾ ਪਰ ਇਥੇ ਉਤਸ਼ਾਹ ਨੂੰ ਜਿੱਤ ਦਾ ਚਾਅ ਉਗਾਸਾ ਦੇਈ ਰੱਖਦਾ ਹੈ। ਏਹੀ ਉਗਾਸਾ ਮਨ ਨੂੰ ਓਗ ਲਾਈ ਰੱਖਦਾ ਹੈ ਪਰ ਇਹ ਧਾਰਨਾ ਹਾਰੇ ਹੋਏ ਤੇ ਢੁੱਕਾ ਕੇ ਤਾਂ ਵੇਖੋ। ਹਾਰੇ ਦਾ ਮਨ ਹਾਰ ਜਾਂਦਾ ਤੇ ਤਨ ਥਕੇਵੇਂ ਕਾਰਨ ਨਿਢਾਲ ਹੋ ਜਾਂਦਾ ਹੈ। ਆਮ ਧਾਰਨਾ ਤੋਂ ਵੇਖਿਆ ਜਾਵੇ ਤਾਂ ਇਹੀ ਸਾਫ਼ ਹੁੰਦਾ ਹੈ ਕਿ ਬਾਲ ਉਮਰ ਤੋਂ ਲੈਕੇ ਬੁਢਾਪੇ ਤੱਕ ਇਨਸਾਨ ਨੂੰ ਖੇਡ ਦੀ ਚਾਹਤ ਰਹਿੰਦੀ ਹੈ। ਬੁਢਾਪਾ ਆਖਦਾ ਹੈ ਚਲੋ ਤਾਸ਼ ਹੀ ਕੁੱਟ ਲੈਂਦੇ ਹਾਂ ਘੜੀ ਮਨ ਪ੍ਰਚਾਵਾ ਹੋਜੂ। ਨਹੀਂ ਤਾਂ ਸੱਥ ਵਿੱਚ ਬਾਰਾਂ – ਡੀਟੀ ਕਿਧਰੇ ਨਹੀਂ ਗਈ । ਕਬੱਡੀ ਦਾ ਮੁਕਾਬਲਾ ਹੋਵੇ ਚਾਹੇ ਘੋਲ ਦਾ। ਬੁਢਾਪਾ ਡੰਗੋਰੀ  ਦੇ ਸਹਾਰੇ ਖੇਡ ਦਾ ਮੰਨੋਰੰਜਨ ਕਰਨੋਂ ਨਹੀਂ ਖੁੰਝਦਾ। ਉਹ ਆਪਣੇ ਖੇਡ ਜੀਵਨ ਨੂੰ ਯਾਦ ਕਰਕੇ ਹੀ ਮਾਨਸਿਕ ਸੰਤੁਸ਼ਟੀ ਦਿੰਦਾ ਹੈ।

“ਦੀਪ ਸਿੰਆਂ ! ਖੇਡਾਂ ਤਾਂ ਸਾਡੇ ਵੇਲੇ ਹੁੰਦੀਆਂ ਸਨ। ਕਬੱਡੀ, ਘੋੜਾ ਕਬੱਡੀ, ਘੋਲ, ਸੌਂਚੀ ਪੱਕੀ। ਅੱਜ ਕੱਲ ਕਾਹਦੀਆਂ ਖੇਡਾਂ” ।

“ਆਹੋ ਕਲਹਿਰੀ, ਯਾਦ ਐ, ਆਪਾਂ ਫਫੜੇ ਭਾਈ ਕੇ ਮੇਲੇ ਤੇ ਕੌਡੀ ਖੇਡੀ ਸੀ “।

“ਹਾਂ!  ਫੇਰ ਦਿੱਤਾ ਨਾ ਗੇੜਾ  ” ਰੱਲੀ” ਆਲੇ ਨਿਰਮਲ ਉੱਤੋਂ ਦੀ। ਆਖੇ ! ਮੈਂ ਜਿੰਦਾ ਲਾ ਕੇ ਕੂੰਜੀਆਂ ਖੂਹ ਵਿੱਚ ਸਿੱਟ ਦਿੰਦਾ ਹੈ। ਤੋੜੇ ਨਾ ਜਿੰਦੇ, ਮਾਰ ਕੇ ਛਾਲ ਘੋੜੀ ਵਾਂਗੂੰ ਟੱਪ ਗਿਆ। ਜੱਟ ਖੜ੍ਹਾ ਝਾਕੇ। ਇਹ ਹੇਰਵਾ ਨਹੀਂ, ਖੇਡਾਂ ਨੂੰ ਯਾਦ ਦੇ ਬਹਾਨੇ ਅਨੰਦ ਲੈਣਾ ਹੈ। ਇਹ ਖੇਡਾਂ ਸਰੀਰਕ ਕਸਰਤ  ਦੇ ਨਾਲ ਨਾਲ ਲੋਕਾਂ ਦੇ ਮੰਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਹਨ। ਇਹ ਖੇਡਾਂ ਜਿਥੇ ਸਰੀਰਕ ਬਲ ਬਖਸ਼ਦੀਆਂ ਹਨ ਓਥੇ ਰੂਹ ਨੂੰ ਵੀ ਖੁਸ਼ੀ ਪ੍ਰਦਾਨ ਕਰਦੀਆਂ ਹਨ।ਲੋਕ ਖੇਡਾਂ ਵੀ ਪੰਜਾਬੀ ਲੋਕਧਾਰਾ ਦੇ ਹੋਰਨਾ ਅੰਗਾਂ ਲੋਕ ਕਹਾਣੀਆਂ, ਲੋਕ ਗੀਤ, ਬੁਝਾਰਤਾਂ, ਪਖਾਣਿਆਂ (ਅਖਾਣਾ) ਵਾਂਗ ਪੰਜਾਬੀ ਸੰਸਕ੍ਰਿਤੀ ਅਤੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਖੇਡਾਂ ਸੈਂਕੜਿਆਂ ਦੀ ਗਿਣਤੀ ਵਿੱਚ ਉਪਲਬਧ ਹਨ। ਜਿੰਨ੍ਹਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ। ਪੰਜਾਬੀਆਂ ਦਾ ਸੁਭਾਅ, ਰਹਿਣ – ਸਹਿਣ, ਖਾਣ – ਪੀਣ, ਮੇਲੇ – ਮੁਸਾਹਵੇ, ਨੈਤਿਕ ਕਦਰਾਂ ਕੀਮਤਾਂ ਇਹਨਾਂ ਵਿੱਚ ਓਤ – ਪੋਤ ਹਨ।

                 ਮੈਂ ਆਪਣੀ ਪੁਸਤਕ “ਲੋਕ ਖੇਡਾਂ” ਅੰਦਰ ਜਿੰਨੀਆਂ ਵੀ ਖੇਡਾਂ ਦਾ ਜ਼ਿਕਰ ਕੀਤਾ ਹੈ,  ਉਹ ਖੇਡਾਂ ਮੈਂ ਆਪਣੇ ਪਿੰਡੇ ਤੇ ਹੰਢਾਈਆਂ ਹਨ ਉਹ ਵੀ  ਸਿੱਧੇ ਪਧਰੇ ਮਾਨਸਾ ਦੇ ਖਿੱਤੇ ਦੇ ਪੇਂਡੂ ਜੀਵਨ ਵਿੱਚੋਂ ਲਈਆਂ ਹਨ।   ਕਿਸੇ ਕਾਲਪਨਿਕ ਉਡਾਰੀ ਅੰਦਰੋਂ ਨਹੀਂ ਲਈਆਂ। ਮੈਂ ਇਹਨਾਂ ਖੇਡਾਂ ਦੇ ਅੰਗ ਸੰਗ ਹੀ ਨਹੀਂ ਸਗੋਂ ਇਹਨਾਂ ਨਾਲ ਮੇਰਾ ਵਾਸਤਾ ਘਿਓ ਖਿਚੜੀ ਵਾਲਾ ਹੈ।  ਇਹਨਾਂ “ਲੋਕ ਖੇਡਾਂ” ਦੇ ਅੰਦਰ  ਲੋਕ ਗੀਤ, ਲੋਕ ਨਾਟ ਅਤੇ ਲੋਕ ਨਾਚ  ਸਮਾਏ ਹੋਏ ਹਨ।  ਮੈਂ ਇਹਨਾਂ ਲੋਕ ਖੇਡਾਂ ਦੀ ਵੰਡ ਵਿੱਚ —

ੳ.  ਨਿਯਮਤ ਖੇਡਾਂ ।

ਅ.  ਅਨਿਯਮ ਖੇਡਾਂ।

ਨਿਯਮਤ ਖੇਡਾਂ :-  ਖੇਡਾਂ ਜਾਂ ਖੇਲਾਂ ਦਾ ਤੱਤ ਕ੍ਰੀੜਾ ਅਤੇ ਮੰਨੋਰੰਜਨ ਹੈ। ਉਹ ਸਰੀਰਕ ਕ੍ਰਿਆਵਾਂ, ਜਿਹਨਾਂ ਵਿੱਚੋਂ ਅਨੰਦ ਉਪਜੇ। ਮੁਕਾਬਲਾ ਹੋਵੇ। ਜਿੱਤ – ਹਾਰ ਹੋਵੇ ਨੂੰ ਨਿਯਮਤ ਖੇਡਾਂ ਦਾ ਨਾਮ ਦਿੱਤਾ ਜਾ ਸਕਦਾ ਹੈ। ਇਹਨਾਂ ਖੇਡਾਂ ਦੇ ਨਿਯਮ ਬਣਾਏ ਗਏ। ਇਸ ਅੰਦਰ ਟੀਮਾਂ ਹੁੰਦੀਆਂ ਹਨ। ਟੀਮ ਮੈਂਬਰਾਂ ਦੀ ਗਿਣਤੀ ਘੱਟੋ – ਘੱਟ ਦੋ ਤੇ ਵੱਧ ਤੋਂ ਵੱਧ ਕਿੰਨੀਂ ਵੀ ਹੋ ਸਕਦੀ ਐ। ਨਿਯਮਤ ਖੇਡਾਂ ਦੀ ਇੱਕ ਹੋਰ ਵੰਡ ਵੀ ਕੀਤੀ ਹੈ।

1. ਮੁੰਡਿਆਂ ਦੀਆਂ ਖੇਡਾਂ।

2. ਕੁੜੀਆਂ ਦੀਆਂ ਖੇਡਾਂ।

3. ਮਿਸ਼ਰਤ ਖੇਡਾਂ।

ਇੱਕ ਹੋਰ ਵੰਡ :-

1.ਧਰਤੀ ਤੇ ਖੇਡਾਂ ।

2.ਹਵਾ ਅੰਦਰ ਖੇਡਾਂ।

3. ਰੁੱਖਾਂ ਦੀਆਂ ਖੇਡਾਂ।

4. ਪਾਣੀ ਦੀਆਂ ਖੇਡਾਂ।

ਇੱਕ ਹੋਰ ਵੰਡ :- ਨਾਟਕ ਸਮੱਗਰੀ ਵਾਂਗੂੰ ਖੇਡਾਂ ਅੰਦਰ ਵੀ ਖੇਡ ਸਮੱਗਰੀ ਹੁੰਦੀ ਐ। ਜਿਸ ਨਾਲ ਖੇਡਾਂ ਖੇਡੀਆਂ ਜਾਂਦੀਆਂ ਹਨ। ਲੋਕ ਖੇਡਾਂ ਲਈ ਇਹ ਸਮੱਗਰੀ ਕੁਦਰਤੀ ਸੋਮਿਆਂ ਵਿੱਚੋਂ ਹੀ ਪ੍ਰਾਪਤ ਹੋ ਜਾਂਦੀ ਹੈ। ਕੋਈ ਬਾਹਲੀ ਖੇਚਲ ਨਹੀਂ ਕਰਨੀ ਪੈਂਦੀ। ਖੇਡ ਸਮੱਗਰੀ ਘਰੇ ਹੀ ਤਿਆਰ ਕੀਤੀ ਜਾਂਦੀ ਹੈ। ਕਈ  ਸਮੱਗਰੀਆਂ ਨੂੰ ਮਿਸਤਰੀ ਜਾਂ ਪੇਂਡੂ ਲੁਹਾਰ ਤਿਆਰ ਕਰ ਦਿੰਦੇ ਸਨ। ਸਮੱਗਰੀ ਦੇ ਪਰਿਪੇਖ ਵਿੱਚ ਇਹਨਾਂ ਖੇਡਾਂ ਦੀ ਵੰਡ ਇਸ ਪ੍ਰਕਾਰ ਹੈ :- ੳ. ਮਿੱਟੀ ਦੀਆਂ ਖੇਡਾਂ।

ਅ. ਕੱਪੜੇ ਦੀਆਂ ਖੇਡਾਂ।

ੲ. ਧਾਗਿਆਂ ਦੀਆਂ ਖੇਡਾਂ।

ਸ. ਕਾਨਿਆਂ ਦੀਆਂ ਖੇਡਾਂ।

ਹ. ਲੋਹੇ ਦੀਆਂ ਖੇਡਾਂ।

ਕ. ਲੱਕੜ ਦੀਆਂ ਖੇਡਾਂ।

ਖ. ਕਾਗਜ਼ ਦੀਆਂ ਖੇਡਾਂ।

ਗ. ਰਬੜ ਦੀਆਂ ਖੇਡਾਂ।

ਘ. ਰੋੜਿਆਂ ਦੀਆਂ ਖੇਡਾਂ।

ਨਿਯਮਤ ਖੇਡਾਂ ਦੀਆਂ ਇਹ ਤਿੰਨ ਵੰਡਾਂ ਸਧਾਰਨ ਰੂਪ ਵਿੱਚ ਹੁੰਦੀਆਂ ਸਨ। ਇਹਨਾਂ ਖੇਡਾਂ ਵਿੱਚ ਇੱਕ ਹੋਰ ਵਿਧੀ ਵੀ ਹੈ।ਖੇਡ ਖੇਡਣ ਲਈ ਪੁੱਗਣਾ, ਦੋ ਟੀਮਾਂ ਬਣਾਕੇ ਮਿੱਤ ਲੈਣ ਦਾ ਫ਼ੈਸਲਾ ਵੀ ਖੇਡ ਹੁੰਦੀ ਹੈ । ਅੰਗਰੇਜ਼ੀ ਵਿੱਚ “ਟਾਸ” ਸ਼ਬਦ ਵਰਤਿਆ ਜਾਂਦਾ ਹੈ।

ਅ. ਅਨਿਯਮਤ ਖੇਡਾਂ :–

ਇਹਨਾਂ ਖੇਡਾਂ ਵਾਰੇ ਖੇਡ ਸ਼ਾਸਤਰੀਆਂ ਦੇ ਵਿਚਾਰ ਵੱਖ ਵੱਖ ਹਨ। ਕਈ ਇਹਨਾਂ ਨੂੰ ਬਚਪਨ ਦੀਆਂ ਖੇਡਾਂ ਮੰਨਦੇ ਹਨ। ਪਰ ਕਈ ਇਹਨਾਂ ਨੂੰ ਸਰੀਰਕ ਪ੍ਰਕ੍ਰਿਆਵਾਂ ਹੀ ਮੰਨਦੇ ਹਨ। ਪਰ ਜਦੋਂ ਬਚਪਨ ਦੀਆਂ ਖੇਡਾਂ ਨੂੰ ਲੋਕ – ਧਾਰਾਈ ਪੱਧਰ ਤੇ ਪਰਖਦੇ ਹਾਂ ਤਾਂ ਇਹ ਪ੍ਰਕ੍ਰਿਆਵਾਂ ਹੀ ਖੇਡਾਂ ਜਾਪਦੀਆਂ ਹਨ।  ਚਲੋ ਮਾਤ – ਭਾਸ਼ਾ ਦੀ ਗਵਾਹੀ ਲੈਂਦੇ ਹਾਂ।

ੳ. ਘਰ ਵਿੱਚ ਬੱਚੇ ਦੀ ਹੋਂਦ ਜ਼ਰੂਰੀ ਸੀ।  ਘਰ ਦਾ ਵਿਹੜਾ ਤਰਸਿਆ ਪਿਆ ਸੀ। ਕੁੱਖ ਹਰੀ ਹੋ ਗਈ। ਵੇਲ ਵਧ ਗਈ। ਦੇਹਲੀ ਅੱਗੇ ਤੁਰ ਪਈ।  ਸ਼ਗਨ ਮਨਾਏ ਗਏ। ਖ਼ੁਸ਼ੀਆਂ ਮਨਾਈਆਂ ਗਈਆਂ। ਜੱਚਾ ਨੂੰ ਕੁੱਝ ਮਹੀਨੇ ਪਿੱਛੋਂ, ਪੇਟ ਅੰਦਰ ਬੱਚੇ ਦੀ ਹਿੱਲਜੁੱਲ ਮਹਿਸੂਸ ਹੋਣ ਲੱਗ ਪਈ। ਖੀਵੀ ਹੋਈ ਜੱਚਾ, ਆਪਣੇ ਪੇਟ ਨੂੰ ਪਤੀ ਦਾ ਕੰਨ ਲਵਾਉਂਦੀ ਐ। ਮਾਤ – ਭਾਸ਼ਾ ਦੇ ਸ਼ਬਦਾਂ ਦਾ ਸਹਾਰਾ ਲੈ ਕੇ ਮੋਹ ਨਾਲ ਆਖਦੀ ਹੈ,” ਜੀ ਹੁਣ ਤਾਂ ਸੁੱਖ ਨਾਲ, ਮੇਰੇ ਪੇਟ ਅੰਦਰ ਮੇਰਾ ਪੁੱਤ/ਧੀ ਖੇਡਣ ਲੱਗ ਪਿਆ/ ਪਈ ਹੈ”। ਭਾਈ ! ਮਾਤ – ਭਾਸ਼ਾ ਦੀ ਗਵਾਹੀ ਖੇਡ ਦੇ ਹੱਕ ਅੰਦਰ ਹੀ ਹੈ। ਚਾਹੇ ਇਹ ਕ੍ਰਿਆ ਕ੍ਰੀੜਾ ਹੀ ਹੈ। ਜੇ ਇਹ ਸਰੀਰਕ ਕ੍ਰੀੜਾ ਹੈ ਤਾਂ ਫਿਰ ਤਾਂ ਖੇਡ ਹੀ ਹੋਈ।

ਅ. ਬੱਚੇ ਨੂੰ ਦੁੱਧ ਚੁੰਘਾ ਦਿੱਤਾ। ਮੰਜੇ ਉੱਪਰ ਪਾ ਦਿੱਤਾ। ਆਪ ਕੰਮ ਲੱਗ ਪਈ। ਕਰਨ ਲੱਗ ਪਿਆ ਬੱਚਾ ਸਰੀਰਕ ਹਿੱਲਜੁੱਲ। ਲੱਤਾਂ ਬਾਹਾਂ ਲੱਗ ਪਿਆ ਮਾਰਨ। ਮੁਤਰ ਮੁਤਰ ਝਾਕਣ ਲੱਗ ਪਿਆ। ਕਦੇ ਕਦੇ ਨਰਮ ਬੁੱਲੀਆਂ ਤੇ ਹਾਸਾ  ਬਿਖੇਰਦਾ ਹੈ। ਦਾਦੀ ਆਖਦੀ ਐ, ” ਪ੍ਰੀਤ ! ਸੁੱਖ ਨਾਲ ਵੇਖ ਕਿਵੇਂ ਹੱਥ ਪੈਰ ਮਾਰਕੇ ਖੇਡਦਾ ਹੈ/ਖੇਡਦੀ ਹੈ। ਰੱਬ ਲੰਮੀ ਉਮਰ ਕਰੇ”।ਇਹਨਾਂ ਦੋਹਾਂ ਉਦਾਹਰਨਾਂ ਤੋਂ ਸਾਫ਼ ਹੋ ਜਾਂਦਾ ਹੈ ਕਿ ਮਾਤ ਭਾਸ਼ਾ ਦੀ ਗਵਾਹੀ, ਕ੍ਰੀੜਾ ਦਾ ਅਰਥ , ਇਹਨਾਂ ਮੁਢੱਲੀਆਂ ਸਰੀਰਕ ਕ੍ਰਿਆਵਾਂ ਨੂੰ ਖੇਡ ਹੀ ਹਾਮੀ ਭਰਦੀ ਹੈ। ਖੇਡ ਵਿਦਵਾਨਾਂ ਨੂੰ ਲੱਗਦਾ ਹੈ ਕਿ ਇਹ ਖੇਡ ਕਿਵੇਂ ਹੋਈ ? ਜਿਥੇ ਇਸ ਅੰਦਰ ਨਾ ਤਾਂ ਟੀਮਾਂ ਹਨ ਅਤੇ ਨਾ ਹੀ ਮੁਕਾਬਲਾ। ਪਰ ਬੱਚਾ ਸਰੀਰਕ ਕ੍ਰੀੜਾ ਕਰਦਾ ਹੈ। ਹੱਥ ਪੈਰ ਮਾਰਦਾ ਹੈ। ਚਿਹਰੇ ਤੇ ਖੁਸ਼ੀ ਹੈ। ਅਨੰਦ ਵਿੱਚ ਆ ਕੇ ਸਿਰ ਵੀ ਹਿਲਾਉਂਦਾ ਹੈ। ਖੇਡ ਵਿਦਵਾਨ ਇਸ ਨੂੰ ਖੇਡ ਮੰਨਣ ਚਾਹੇ ਨਾ।  ਇੱਕ ਹੋਰ ਵੀ ਉਦਾਹਰਣ ਹੈ। ਬੱਚੇ ਨੇ ਗੇਂਦ (ਬਾਲ) ਲੈ ਲਈ । ਕੱਲਾ ਹੀ ਹੱਥਾਂ ਉੱਪਰ ਗੇਂਦ ਬਾਚੀਆਂ ਪਾਉਂਦਾ ਹੈ। ਗਿਣ ਵੀ ਰਿਹਾ ਹੈ ਬਾਚੀਆਂ। ਕ੍ਰੀੜਾ ਕਰ ਰਿਹਾ ਹੈ। ਅਨੰਦ ਲੈ ਰਿਹਾ ਹੈ ਪਰ ਮੁਕਾਬਲਾ ਨਹੀਂ ਹੈ।  ਵੱਧ ਤੋਂ ਵੱਧ ਬਾਚੀਆਂ ਲੈਣ ਦੀ ਮਨ ਅੰਦਰ ਚਾਹਤ ਹੈ। ਮਨ ਅਤੇ ਤਨ ਦੋਵੇਂ ਲੀਨ ਹਨ। ਕਰੋ ਫ਼ੈਸਲਾ ਕੀ ਇਹ ਖੇਲ/ਖੇਡ ਨਹੀਂ। ਬੱਚੀ ਕੱਲੀ ਬੈਠੀ ਹੈ। ਗਿੱਲੇ ਰੇਤੇ ਉੱਪਰ ਰੇਤ ਦੀ ਘੋੜੀ ਬਣਾ ਰਹੀ ਹੈ। ਇੱਕ ਦੁਨੀਆਂ ਹੀ ਅਲੱਗ ਵਸਾਈ ਬੈਠੀ ਹੈ। ਕਦੇ ਮਿੱਟੀ ਦੀ ਘੋੜੀ ਬਣ ਜਾਂਦੀ ਹੈ ਕਦੇ ਢਹਿ ਜਾਂਦੀ ਹੈ। ਕੱਲੀ ਹੈ । ਕ੍ਰੀੜਾ ਕਰਦੀ ਹੈ। ਅਨੰਦ ਆਉਂਦਾ ਹੈ ਪਰ ਟੀਮ ਨਹੀਂ। ਮੁਕਾਬਲਾ ਨਹੀਂ। ਹੋ ਸਕਦਾ ਬੱਚੀ ਆਪਣੀ ਸਹੇਲੀ ਨਾਲ ਮਿੱਟੀ ਦੀ ਘੋੜੀ ਬਣਾਉਣ ਦਾ ਮਨ ਚਿਤਾਰਦੀ ਹੈ। ਕੀ ਨਾਂ ਧਰੋਂਗੇ ਇਸ ਕ੍ਰੀੜਾ ਦੀ ਪ੍ਰਕ੍ਰਿਆ ਦਾ ?

ਬੱਚਾ ਕੱਲਾ ਹੀ ਚੌਂਕੜੇ ਜਾਂ ਨੌਂਕੜੇ ਦੇ ਮੰਜੇ ਉੱਪਰ ਚੜ੍ਹਕੇ ਉੱਪਰ ਵੱਲ ਨੂੰ ਬੁੜਕਦਾ ਹੈ। ਹੁਣ ਕਿਸੇ ਬੱਚੇ ਨੂੰ ਬੁਲਾ ਕੇ ਮੁਕਾਬਲਾ ਤਾਂ ਕਰਵਾ ਨਹੀਂ ਸਕਦੇ। ਜੇ ਇਸ ਤਰ੍ਹਾਂ ਕਰੋਗੇ ਤਾਂ ਖੇਡ ਦਾ ਕੁਦਰਤੀ ਵਰਤਾਰਾ ਭੰਗ ਹੋ ਜਾਵੇਗਾ। ਜਾਂ ਇਹ ਵੀ ਹੋ ਸਕਦਾ ਹੈ ਕਿ ਬੱਚਾ ਜ਼ਿੱਦ ਫੜ ਲਏ ਕਿ ਲਿਆਂਦੇ ਬੱਚੇ ਨੂੰ ਮੰਜੇ ਉੱਪਰ ਚੜ੍ਹਨ ਹੀ ਨਾ ਦੇਵੇ। ਕਿਵੇਂ ਬਣਾਉਂਗੇ ਨਿਯਮਤ ਖੇਡ। ਸੋ ਮੇਰੀ ਨਿੱਜੀ ਧਾਰਨਾ ਹੈ ਕਿ ਮਾਂ ਦੇ ਪੇਟ ਅੰਦਰ ਕ੍ਰੀੜਾ ਕਰਨ ਤੋਂ ਲੈਕੇ ਬਜ਼ੁਰਗੀ ਤੱਕ ਸਭ ਖੇਡਾਂ ਹੀ ਹਨ। 

ਲੋਕ ਖੇਡਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਉਹ ਪ੍ਰਕ੍ਰਿਆਵਾਂ ਸ਼ਾਮਲ ਹਨ । ਜੋਂ ਬੱਚੇ ਦੇ ਜਨਮ ਤੋਂ ਪਹਿਲਾਂ ਤੋਂ ਲੈਕੇ ਪਰਿਵਾਰਕ ਮੈਂਬਰਾਂ ਨਾਲ ਅੰਤਰ ਕ੍ਰਿਆ ਦੇ ਰੂਪ ਵਿੱਚ ਮਨਪ੍ਰਚਾਵਾ ਕਰਕੇ ਖੁਸ਼ੀ ਪ੍ਰਾਪਤ ਕਰਦਾ ਹੈ। ਇਹਨਾਂ ਵਿੱਚ ਗਰਭ ਦੌਰਾਨ ਹਿੱਲਜੁੱਲ, ਬੁੱਲ੍ਹਾ ਤੇ ਉਂਗਲ ਨਾਲ ਹਸਾਉਣਾ, ਕੁਤਕੁਤਾਰੀਆਂ,  ਪੈਰਾਂ ਉੱਪਰ ਝੂਟੇ, ਰੁੜਨਾ, ਤਖ਼ਤੇ ਓਹਲੇ ਝਾਤੀ ਦੀ ਖੇਡ, ਪਹਿਲੀ ਪੁਲਾਂਘ, ਗਡੀਰਾ,  ਲਾਠੀ ਘੋੜਾ, ਕੰਧੋਲੀ ਘੋੜਾ, ਉਛਾਲ ਕੇ ਬੁੱਚਣਾ , ਮੋਢਿਆਂ ਤੇ ਚੜ੍ਹਨਾ,  ਘੋਰ ਕੰਡੇ ਚੂਹੇ ਲੰਡੇ, ਆਦਿ ਤੋਂ ਇਲਾਵਾ ਹੋਰ ਕ੍ਰਿਆਵਾਂ ਸ਼ਾਮਲ ਹਨ।

ਦੂਜੇ ਭਾਗ ਵਿੱਚ ਉਹ ਖੇਡ ਕ੍ਰਿਆਵਾਂ ਸ਼ਾਮਲ ਹਨ । ਜਿੰਨ੍ਹਾਂ ਵਿੱਚ ਬੱਚਾ ਘਰ ਦੇ ਬਾਹਰ ਆਂਢ – ਗੁਆਂਢ ਤੇ ਗਲੀ – ਮੁਹੱਲੇ ਦੇ ਬੱਚਿਆਂ ਨਾਲ ਖੇਡਦਾ ਹੈ। ਭਾਵ ਜਦੋਂ ਘਰ ਦੀ ਦੇਹਲੀ ਤੋਂ ਬਾਹਰ ਪੈਰ ਰੱਖਣਾ ਸ਼ੁਰੂ ਕਰ ਦਿੰਦਾ ਹੈ। ਇਹਨਾਂ ਵਿੱਚ ਧਾਗਿਆਂ ਦੀਆਂ ਖੇਡਾਂ ,ਲੀਰਾਂ ਦੀਆਂ ਖੇਡਾਂ, ਕਾਗਜ਼ ਦੀਆਂ ਖੇਡਾਂ, ਮਿੱਟੀ ਦੀਆਂ ਖੇਡਾਂ, ਸਰਕੰਡੇ ਦੇ ਕਾਨਿਆਂ ਦੀਆਂ ਖੇਡਾਂ, ਚੂੜੀਆਂ ਦੀਆਂ ਖੇਡਾਂ, ਬਿਨਾਂ ਸਮੱਗਰੀ ਖੇਡਾਂ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ।ਤੀਜੇ ਭਾਗ ਵਿੱਚ ਮੁਕਾਬਲੇ ਵਾਲੀਆਂ ਖੇਡਾਂ ਸ਼ਾਮਲ ਹਨ। ਇਹ ਮੁਕਾਬਲਾ ਦੋ ਟੋਲੀਆਂ ਵਿੱਚ ਹੋ ਸਕਦਾ ਹੈ।  ਦੋ ਬੱਚਿਆਂ ਵਿੱਚ ਹੋ ਸਕਦਾ ਹੈ। ਇਸ ਤੋਂ ਇਲਾਵਾ ਦਾਈ ਦਾ ਜਾਂ ਮਿੱਤ ਲੈਣ ਵਾਲੀਆਂ ਖੇਡਾਂ ਨੂੰ ਰੱਖਿਆ ਗਿਆ ਹੈ। ਇਹਨਾਂ ਵਿੱਚ ਫ਼ੜਨ – ਫੜਾਈ, ਅੱਡੀ ਟੱਪਾ, ਡੈਂ ਮੈਂ ਡੱਪ, ਚੁੰਡੀ ਮੁੱਕਾ, ਸ਼ੱਕਰ ਭੁੱਜੀ, ਪੀਚੋ ਬੱਕਰੀ, ਪਿੱਠੂ, ਖੁੱਦੋ ਖੂੰਡੀ, ਪੀਂਘ ਪਲਾਗੜਾ, ਗੁੱਲੀ ਡੰਡਾ ਦੀਆਂ ਖੇਡਾਂ, ਬੰਟਿਆਂ ਦੀਆਂ ਖੇਡਾਂ, ਊਚ ਨੀਚ, ਲੁੱਕਣ ਮੀਚੀ, ਚੋਰ ਸਿਪਾਹੀ, ਨੂਣ ਚੱਕ

      (ਲੂਣ ਮਿਆਣੀ),ਲੀਡਰ ਭਾਲ, ਸ਼ੇਰ

       ਬੱਕਰੀ, ਰੁਮਾਲ ਚੁੱਕਣਾ, ਕਬੱਡੀ, ਸੌਂਚੀ

       ਪੱਕੀ ਆਦਿ ਤੋਂ ਇਲਾਵਾ ਹੋਰ ਬਹੁਤ

       ਸਾਰੀਆਂ ਖੇਡਾਂ ਸ਼ਾਮਲ ਕੀਤੀਆਂ ਗਈਆਂ

       ਹਨ। ਖੇਡ ਸ਼ੁਰੂ ਹੋਣ ਤੋਂ ਪਹਿਲਾਂ ਟੋਲੀਆਂ

       ਬਣਾਉਣ ਅਤੇ ਦਾਈ/ਮਿੱਤ ਦਾ ਫ਼ੈਸਲਾ

       ਕਰਨ ਲਈ ਪੁੱਗਣ ਦੀ ਵਿਧੀਆਂ ਦਾ ਵੀ

       ਜ਼ਿਕਰ ਕੀਤਾ ਗਿਆ ਹੈ।

ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਪੇਂਡੂ ਲੋਕਾਂ ਦੇ ਮੰਨੋਰੰਜਨ ਦਾ ਵਿਸ਼ੇਸ਼ ਸਾਧਨ ਵੀ ਹਨ।  ਭਾਈਚਾਰਕ ਸਾਂਝ ਵਧਾਉਂਦੀਆਂ ਹਨ।

ਖੇਡਾਂ ਜਿਥੇ ਸਰੀਰਕ ਬਲ ਬਖਸ਼ਦੀਆਂ ਹਨ ਓਥੇ ਰੂਹ ਨੂੰ ਅਨੰਦਮਈ ਖੁਸ਼ੀ ਵੀ ਪ੍ਰਦਾਨ ਕਰਦੀਆਂ ਹਨ। ਮਾਨਸਿਕ , ਬੋਧਿਕ ਸ਼ਕਤੀ ਨੂੰ ਤਰੋਤਾਜ਼ਾ ਕਰਦੀਆਂ ਹਨ।

ਦੁਨੀਆਂ ਦੇ ਹਰ ਖੇਤਰ ਵਿੱਚ ਬਾਲ ਖੇਡਾਂ ਜਾਂ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਉਹਨਾਂ ਦਾ ਲੋਕਾਇਤੀ ਰੰਗ, ਸਮਾਂ, ਸਥਾਨ, ਬੋਲੀ, ਤਰੀਕਾ, ਜੁਗਤ ਵੱਖ ਵੱਖ ਹੁੰਦੀਆਂ ਹਨ।

ਅੱਜ ਦੇ ਜ਼ਮਾਨੇ ਅੰਦਰ ਦੁਨੀਆਂ ਦੇ ਹਰ ਖੇਤਰ ਵਿੱਚ ਸੰਸਾਰੀਕਰਨ, ਉਦਾਰੀਕਰਨ, ਸੰਸਾਰ ਇੱਕ ਪਿੰਡ ਦੇ ਸੰਕਲਪ ਕਰਕੇ ਬਹੁਤ ਤਬਦੀਲੀ ਆ ਗਈ ਹੈ। ਜਿਸ  ਕਾਰਨ ਸਾਡਾ ਸਭਿਆਚਾਰ ਤਹਿਸ – ਨਹਿਸ ਹੋ ਗਿਆ ਹੈ। ਇਉਂ ਲੱਗਦਾ ਹੈ ਜਿਵੇਂ ਸਾਡੇ ਸਭਿਆਚਾਰ ਉੱਪਰ ਹਮਲਾ ਹੋ ਗਿਆ ਹੈ। ਇਸ ਬੇਲੋੜੀ ਤਬਦੀਲੀ ਨੇ  ਜਿਥੇ ਸਭਿਆਚਾਰ ਅੰਦਰ ਵੀ ਜ਼ਬਰਦਸਤੀ ਤਬਦੀਲੀ ਲੈ ਆਂਦੀ ਹੈ ਓਥੇ ਸਾਡੀਆਂ ਲੋਕਾਇਤੀ ਖੇਡਾਂ ਨੂੰ ਵੀ ਤਹਿਸ – ਨਹਿਸ ਕਰ ਦਿੱਤਾ ਹੈ।  ਬੱਚਿਆਂ ਨੂੰ ਛੁਣਛੁਣੇ ਦੀ ਥਾਵੇਂ ਮੋਬਾਈਲ ਹੱਥਾਂ ਵਿੱਚ ਫੜਾ ਦਿੱਤਾ। ਇਹ ਲੋਕ ਖੇਡਾਂ ਸਾਡੇ ਜੀਵਨ ਵਿੱਚੋਂ ਵਿਸਰ ਗਈਆਂ ਹਨ।  ਹੁਣ ਬੱਚੇ ਖੇਡਾਂ ਮੋਬਾਈਲ ਤੇ ਖੇਡਦੇ ਦੇਖੇ ਜਾ ਸਕਦੇ ਹਨ। ਬੱਚੇ ਸਰੀਰਕ, ਮਾਨਸਿਕ, ਬੌਧਿਕ ਪੱਖੋਂ ਕਮਜ਼ੋਰ ਹੁੰਦੇ ਜਾ ਰਹੇ ਹਨ।  ਆਓ ਅਜੋਕੇ ਸਮਾਜ ਨੂੰ ਪੁਰਾਣੀ ਵਿਰਾਸਤ ਨਾਲ ਜੋੜੀਏ।

         ਵੱਲੋਂ:-  ਤਰਸੇਮ ਚੰਦ ਕਲਹਿਰੀ

                    (ਭੋਲਾ ਕਲਹਿਰੀ)

                    ਬਲਾਕ – ਬੀ 2,

                    ਮਕਾਨ – 005,                 

                   ਕੇਂਦਰੀ ਵਿਹਾਰ-1, 

                     ਸੈਕਟਰ-125, 

                    ਮੁਹਾਲੀ (ਪੰਜਾਬ) 

                   ਪਿੰਨ – 140301       

           ਮੋਬਾਈਲ – ‪+91 9417102207

Show More

Related Articles

Leave a Reply

Your email address will not be published. Required fields are marked *

Back to top button
Translate »