ਲੋਕ ਨੁਮਾਇੰਦੇ ਕਿਸ ਤਰਾਂ ਦੇ ਹੋਣ ?

ਰਵਿੰਦਰ ਸਿੰਘ ਸੋਢੀ
ਲੋਕ ਰਾਜ ਦਾ ਭਾਵ ਹੀ ਹੈ ਲੋਕਾਂ ਦਾ ਰਾਜ। ਲੋਕ ਰਾਜ ਭਾਵੇਂ ਕਿਸੇ ਕਿਸਮ ਦਾ ਵੀ ਹੋਵੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਹੀ ਚਲਾਇਆ ਜਾਂਦਾ ਹੈ। ਇਸ ਦਾ ਭਾਵ ਹੈ ਕਿ ਲੋਕ ਨੁਮਾਇੰਦੇ ਜਿੰਨੇ ਵੀ ਕਾਬਲ, ਦੂਰ ਅੰਦੇਸ਼ੀ, ਮਿਹਨਤੀ ਅਤੇ ਆਪਣੇ ਚੁਣਨ ਵਾਲੇ ਲੋਕਾਂ ਪ੍ਰਤੀ ਵਫ਼ਾਦਾਰ ਹੋਣਗੇ, ਉਤਨੇ ਹੀ ਉਹ ਆਪਣੇ ਦੇਸ ਦੀ ਆਮ ਜਨਤਾ ਲਈ ਭਲਾਈ ਵਾਲੇ ਕੰਮ ਕਰਨਗੇ। ਇਸ ਦੇ ਨਾਲ ਹੀ ਇਹ ਵੀ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਪਣੀ ਚੋਣ ਕਰਨ ਵਾਲਿਆਂ ਨਾਲ ਕਿੰਨੇ ਕੁ ਸੰਪਰਕ ਵਿਚ ਰਹਿੰਦੇ ਹਨ। ਸੰਪਰਕ ਦਾ ਇਹ ਅਰਥ ਬਿਲਕੁਲ ਨਹੀਂ ਕਿ ਉਹ ਹਰ ਚੋਣ ਕਰਤਾ ਨਾਲ ਰਾਬਤਾ ਬਣਾ ਕੇ ਰੱਖਣ। ਇਹ ਤਾਂ ਕੇਵਲ ਪਿੰਡਾਂ ਦੇ ਪੱਧਰ ਤੇ ਹੀ ਸੰਭਵ ਹੋ ਸਕਦਾ ਹੈ। ਸੂਬਿਆਂ ਦੀਆਂ ਵਿਧਾਨ ਸਭਾਵਾਂ ਜਾਂ ਕੇਂਦਰੀ ਸਰਕਾਰ ਲਈ ਚੁਣੇ ਗਏ ਉਮੀਦਵਾਰਾਂ ਲਈ ਨਹੀਂ, ਕਿਉਂ ਜੋ ਉਹਨਾਂ ਦੇ ਚੋਣ ਹਲਕੇ ਵੱਡੇ ਹੁੰਦੇ ਹਨ। ਪਰ ਫੇਰ ਵੀ ਉਹ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਚੋਣ ਹਲਕੇ ਦੇ ਲੋਕਾਂ ਨਾਲ ਮੇਲ-ਮਿਲਾਪ ਰੱਖ ਸਕਦੇ ਹਨ। ਕਿਸੇ ਖਾਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਕੇ, ਆਪਣੇ ਇਲਾਕੇ ਵਿਚ ਸਮੇਂ-ਸਮੇਂ ਕੁਝ ਲੋਕਾਂ ਨੂੰ ਮਿਲ ਕੇ, ਜਾਂ ਕਿਸੇ ਨਿਊਜ਼ ਲੈਟਰ ਰਾਹੀਂ। ਅਸਲ ਵਿਚ ਇਹ ਸਭ ਕੁਝ ਜਨ-ਪਰਤੀਨਿਧੀਆਂ ਦੀ ਸੋਚ ਤੇ ਵੀ ਨਿਰਭਰ ਕਰਦਾ ਹੈ ਕਿ ਉਹ ਆਪਣੀ ਜਿੱਮੇਵਾਰੀ ਕਿਵੇਂ ਨਿਭਾਉਣਾ ਚਾਹੁੰਦੇ ਹਨ। ਉਹਨਾਂ ਦੇ ਦੇਸ ਦਾ ਸੰਵਿਧਾਨ, ਲੋਕ ਰਾਜੀ ਪਰੰਪਰਾਵਾਂ, ਕਾਨੂੰਨ ਉਹਨਾਂ ਤੋਂ ਕੀ ਆਸ ਕਰਦਾ ਹੈ ਅਤੇ ਸਭ ਤੋਂ ਵੱਧ, ਉਥੋਂ ਦੇ ਆਮ ਲੋਕ ਕਿੰਨੇ ਕੁ ਜਾਗਰੂਕ ਹਨ। ਆਮ ਲੋਕਾਂ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੁਆਰਾ ਚੁਣੇ ਨੁਮਾਇੰਦਿਆਂ ਦਾ ਇਹ ਇਖ਼ਲਾਕੀ ਫਰਜ਼ ਹੈ ਕਿ ਉਹਨਾਂ ਦੀਆਂ ਲੋੜਾਂ ਦਾ ਆਪ ਹੀ ਧਿਆਨ ਰੱਖਣ, ਪਰ ਜੇ ਚੁਣੇ ਹੋਏ ਮੈਂਬਰ ਉਹਨਾਂ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ ਤਾਂ ਨਿਸ਼ਚਿਤ ਤੌਰ ਤੇ ਅਗਲੀ ਬਾਰ ਉਹ ਅਜਿਹੇ ਮੈਂਬਰ ਨੂੰ ਸਬਕ ਜਰੂਰ ਸਿਖਾ ਸਕਦੇ ਹਨ।
ਅਮਰੀਕਾ, ਕੈਨੇਡਾ ਅਤੇ ਪੱਛਮੀ ਮੁਲਕਾਂ ਵਿਚ ਸਰਕਾਰ ਚਲਾ ਰਹੀ ਜਾਂ ਵਿਰੋਧੀ ਬੈਂਚਾਂ ਤੇ ਬੈਠੇ ਮੈਂਬਰ ਆਮ ਤੌਰ ਤੇ ਆਪਣੇ-ਆਪਣੇ ਸੰਸਦੀ ਖੇਤਰਾਂ ਵਿਚ ਸੁਰੱਖਿਆ ਕਰਮਚਾਰੀਆਂ ਤੋਂ ਬਿਨਾ ਹੀ ਘੁੰਮਦੇ ਫਿਰਦੇ ਹਨ। ਜਿਆਦਾ ਸਮਾਂ ਆਪਣੇ ਦਫ਼ਤਰ ਵਿਚ ਰਹਿੰਦੇ ਹਨ। ਆਮ ਲੋਕ ਉਹਨਾਂ ਦੇ ਦਫ਼ਤਰੀ ਕਰਮਚਾਰੀਆਂ ਨਾਲ ਸੰਪਰਕ ਕਰ ਕੇ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਮਿਲਣ ਦਾ ਸਮਾਂ ਲੈ ਸਕਦੇ ਹਨ ਜਾਂ ਆਪਣੀ ਸਮੱਸਿਆਵਾਂ ਦੱਸ ਸਕਦੇ ਹਨ। ਪਰ ਕੀ ਸਾਡੇ ਦੇਸ਼ ਵਿਚ ਇਹ ਸਭ ਕੁਝ ਵਾਪਰ ਰਿਹਾ ਜਾਂ ਵਾਪਰ ਸਕਦਾ ਹੈ? ਇਹ ਇਕ ਵੱਡਾ ਸਵਾਲ ਹੈ। ਇਸ ਤੋਂ ਪਹਿਲਾਂ ਕਿ ਆਪਣੇ ਦੇਸ਼ ਦੇ ਚੁਣੇ ਨੁਮਾਇੰਦਿਆਂ ਦੀ ਗੱਲ ਕੀਤੀ ਜਾਵੇ, ਅਮਰੀਕਾ ਅਤੇ ਕੈਨੇਡਾ ਦੇ ਜਨ ਪਰਤੀਨਿਧੀਆਂ ਅਤੇ ਆਮ ਜਨਤਾ ਦੇ ਆਪਸੀ ਸੰਬੰਧਾਂ ਦੀਆਂ ਕੁਝ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਜਰੂਰੀ ਹੈ ਜਿੰਨਾਂ ਸੰਬੰਧੀ ਇਹਨਾਂ ਸਤਰਾਂ ਦੇ ਲੇਖਕ ਨੂੰ ਵਿਅਕਤੀਗਤ ਤੌਰ ਤੇ ਜਾਣਕਾਰੀ ਹੈ।
ਪਹਿਲੀ ਘਟਨਾ 25 ਕੁ ਸਾਲ ਪੁਰਾਣੀ ਹੈ। ਪੰਜਾਬ ਦੇ ਇਕ ਪ੍ਰਸਿੱਧ ਰਿਹਾਇਸ਼ੀ ਸਕੂਲ ਦਾ ਅਮਰੀਕਾ ਦੀ ਇਕ ਯੂਨੀਵਰਸਿਟੀ ਨਾਲ ਸਮਝੌਤਾ ਹੋਇਆ ਕਿ ਯੂਨੀਵਰਸਿਟੀ ਆਏ ਸਾਲ ਉਸ ਸਕੂਲ ਦੇ ਬਾਹਰਵੀਂ ਕਲਾਸ ਦੇ ਕੁਝ ਵਿਦਿਆਰਥੀਆਂ ਦੀ ਚੋਣ ਕਰਕੇ ਅਗਲੀ ਪੜਾਈ ਲਈ ਦਾਖ਼ਲਾ ਦੇਵੇਗੀ ਅਤੇ ਕੁਝ ਸ਼ਕਾਲਰਸ਼ਿਪ ਵੀ ਦੇਵੇਗੀ। ਪਹਿਲੇ ਸਾਲ ਪੰਜ ਵਿਦਿਆਰਥੀ ਅਮਰੀਕਾ ਚਲੇ ਵੀ ਗਏ ਅਤੇ ਉਹਨਾਂ ਦਾ ਪੱਧਰ ਦੇਖ ਕੇ ਯੂਨੀਵਰਸਿਟੀ ਵੱਲੋਂ ਇਹ ਸਕੀਮ ਜਾਰੀ ਰੱਖਣ ਦੀ ਸਹਿਮਤੀ ਵੀ ਹੋ ਗਈ। ਦੂਜੇ ਸਾਲ ਪੰਜ ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਪਰ ਅਮਰੀਕਨ ਅੰਮਬੈਸੀ ਨੇ ਕਿਸੇ ਨੂੰ ਵੀ ਵੀਜ਼ਾ ਨਾ ਦਿੱਤਾ। ਵੀਜ਼ਾ ਲਈ ਇੰਟਰਵੀਊ ਲੈ ਰਹੀ ਅਫਸਰ ਨੇ ਬਹੁਤੀ ਗੱਲਬਾਤ ਕਰੇ ਬਿਨਾਂ ਹੀ ਇਸ ਮੁੱਦੇ ਤੇ ਇਨਕਾਰ ਕੀਤਾ ਕਿ ਵਿਦਿਆਰਥੀਆਂ ਦੀ ਪਰਿਵਾਰਕ ਆਰਥਿਕ ਅਵਸਥਾ ਅਮਰੀਕਾ ਦਾ ਖਰਚਾ ਝੱਲਣ ਯੋਗ ਨਹੀਂ। ਉਹਨਾਂ ਦਿਨਾਂ ਵਿਚ ਹੀ ਅਮਰੀਕਨ ਯੂਨੀਵਰਸਿਟੀ ਦਾ ਉੱਚ ਅਫਸਰ ਸੰਬੰਧਿਤ ਸਕੂਲ ਵਿਚ ਆਇਆ ਹੋਇਆ ਸੀ। ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਵੀਜ਼ਾ ਲੈਣ ਗਈ ਇਕ ਲੜਕੀ ਨੂੰ ਬੁਲਾ ਕੇ ਸਭ ਕੁਛ ਪੁੱਛਿਆ। ਉਸ ਦੀ ਗੱਲ ਸੁਣ ਕੇ ਉਸ ਨੂੰ ਮਹਿਸੂਸ ਹੋਇਆ ਕਿ ਇੰਟਰਵਿਊ ਲੈਣ ਵਾਲੀ ਵੀਜ਼ਾ ਅਫਸਰ ਦਾ ਬੱਚਿਆਂ ਪ੍ਰਤੀ ਵਿਵਹਾਰ ਠੀਕ ਨਹੀਂ ਸੀ। ਉਸ ਨੇ ਲੜਕੀ ਨੂੰ ਅੰਮਬੈਸੀ ਵਿਚ ਜੋ ਕੁਝ ਵੀ ਵਾਪਰਿਆ ਉਹ ਲਿਖਤੀ ਰੂਪ ਵਿਚ ਦੇਣ ਨੂੰ ਕਿਹਾ। ਉਹ ਰਿਪੋਰਟ ਉਸ ਨੇ ਸਕੂਲ ਦੇ ਹੈਡਮਾਸਟਰ ਦੇ ਸਾਹਮਣੇ ਹੀ ਇਕ ਖਾਲੀ ਲਿਫਾਫੇ ਵਿਚ ਬੰਦ ਕਰ ਦਿੱਤੀ। ਉਸ ਤੋਂ ਅਗਲੇ ਦਿਨ ਹੀ ਉਸ ਨੇ ਅਮਰੀਕਾ ਵਾਪਿਸ ਜਾਣਾ ਸੀ। ਅਮਰੀਕਾ ਜਾਂਦੇ ਹੀ ਉਸ ਨੇ ਆਪਣੇ ਇਲਾਕੇ ਦੇ ਐਮ ਪੀ ਨੂੰ ਮਿਲਣ ਦਾ ਸਮਾਂ ਲਿਆ ਅਤੇ ਸਾਰੀ ਗੱਲ ਦੱਸੀ ਅਤੇ ਵੀਜ਼ੇ ਲਈ ਗਈ ਲੜਕੀ ਦੀ ਰਿਪੋਰਟ ਵਾਲਾ ਬੰਦ ਲਿਫਾਫਾ ਵੀ ਐਮ ਪੀ ਨੂੰ ਫੜਾ ਦਿੱਤਾ। ਐਮ ਪੀ ਨੇ ਯੂਨੀਵਰਸਿਟੀ ਦੇ ਅਧਿਕਾਰੀ ਨੂੰ ਭਰੋਸਾ ਦਿੱਤਾ ਕਿ ਉਹ ਇਸ ਸੰਬੰਧੀ ਦਿੱਲੀ ਅੰਮਬੈਸੀ ਨਾਲ ਗੱਲ ਕਰੇਗਾ। ਹਫ਼ਤੇ ਬਾਅਦ ਹੀ ਅਮਰੀਕਨ ਅੰਮਬੈਸੀ ਵੱਲੋਂ ਉਸ ਲੜਕੀ ਨੂੰ ਫੋਨ ਆ ਗਿਆ ਕਿ ਉਹ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਦੱਸ ਦੇਵੇ ਕਿ ਨਿਸ਼ਚਿਤ ਦਿਨ 11 ਵਜੇ ਅੰਮਬੈਸੀ ਪਹੁੰਚ ਕੇ ਵੀਜ਼ਾ ਸੈਕਸ਼ਨ ਦੀ ਇੰਚਾਰਜ ਕੋਲ ਪਹੁੰਚ ਜਾਣ। ਨਿਯਤ ਦਿਨ ਉਹਨਾਂ ਵਿਦਿਆਰਥੀਆਂ ਨਾਲ ਗੱਲ ਬਾਤ ਤੋਂ ਬਾਅਦ ਸਭ ਨੂੰ ਵੀਜ਼ਾ ਦੇ ਦਿੱਤਾ ਗਿਆ ਅਤੇ ਐਮ ਪੀ ਨੂੰ ਰਿਪੋਰਟ ਭੇਜੀ ਗਈ ਕਿ ਪੰਜੇ ਵਿਦਿਆਰਥੀ ਵੀਜ਼ੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ।
ਦੂਜੀ ਘਟਨਾ ਵੀ ਅਮਰੀਕਾ ਦੀ ਹੀ ਹੈ। ਇਕ ਪੰਜਾਬੀ ਲੜਕਾ(ਇਹਨਾਂ ਸਤਰਾਂ ਦੇ ਲੇਖਕ ਦੀ ਜਾਣ ਪਹਿਚਾਣ ਵਾਲਾ) ਅਮਰੀਕਾ ਪੜਾਈ ਲਈ ਗਿਆ ਹੋਇਆ ਸੀ। ਪੜਾਈ ਪੂਰੀ ਕਰਨ ਬਾਅਦ ਉਸ ਨੇ ਇਕ ਗੋਰੀ ਨਾਲ ਵਿਆਹ ਕਰਵਾ ਲਿਆ। ਕੁਝ ਦੇਰ ਬਾਅਦ ਉਸ ਨੇ ਆਪਣੇ ਮਾਤਾ-ਪਿਤਾ ਨੂੰ ਵਿਜ਼ਟਰ ਵੀਜ਼ੇ ਤੇ ਬੁਲਵਾਉਣ ਲਈ ਕਾਗਜ਼ ਭੇਜ ਦਿੱਤੇ, ਪਰ ਉਹਨਾਂ ਨੂੰ ਵੀਜ਼ਾ ਨਾ ਮਿਲਿਆ। ਇਹ ਪਤਾ ਲੱਗਦੇ ਹੀ ਲੜਕਾ ਕਾਫੀ ਮਾਊਸ ਹੋ ਗਿਆ। ਉਸ ਦੀ ਅਮਰੀਕਨ ਪਤਨੀ ਨੇ ਆਪਣੇ ਪਤੀ ਦੀ ਇਹ ਹਾਲਤ ਦੇਖ ਕੇ ਆਪ ਹੀ ਕੁਝ ਕਰਨ ਦਾ ਫੈਸਲਾ ਕੀਤਾ। ਸਮਾਂ ਮਿਲਦੇ ਹੀ ਉਸ ਨੇ ਆਪਣੇ ਇਲਾਕੇ ਦੇ ਐਮ ਪੀ ਨੂੰ ਫੋਨ ਕੀਤਾ। ਉਸ ਸਮੇਂ ਐਮ ਪੀ ਦੇ ਦਫ਼ਤਰ ਦਾ ਟੈਲੀਫ਼ੋਨ ਵਾਈਸ ਮੈਸੇਜ ਤੇ ਲੱਗਿਆ ਹੋਇਆ ਸੀ। ਉਸ ਨੇ ਸੁਨੇਹਾ ਛੱਡ ਦਿੱਤਾ ਕਿ ਇਕ ਜਰੂਰੀ ਕੰਮ ਲਈ ਐਮ ਪੀ ਦੀ ਸਹਾਇਤਾ ਦੀ ਜ਼ਰੂਰਤ ਹੈ। ਜਦੋਂ ਐਮ ਪੀ ਨੇ ਆਪਣੇ ਦਫਤਰ ਪਹੁੰਚ ਕੇ ਮੈਸੇਜ ਚੈਕੱ ਕੀਤਾ ਤਾਂ ਉਸੇ ਸਮੇਂ ਉਸ ਨੂੰ ਫੋਨ ਮਿਲਾਇਆ। ਗੋਰੀ ਕੁੜੀ ਨੇ ਉਸ ਨਾਲ ਆਪਣੇ ਸੱਸ-ਸਹੁਰੇ ਨੂੰ ਵੀਜ਼ਾ ਨਾ ਮਿਲਣ ਦੀ ਗੱਲ ਕੀਤੀ ਅਤੇ ਦੱਸਿਆ ਕਿ ਉਸ ਦਾ ਪਤੀ ਪੰਜ ਸਾਲ ਤੋਂ ਆਪਣੇ ਮਾਂ-ਪਿਉ ਨੂੰ ਨਹੀਂ ਮਿਲਿਆ। ਐਮ ਪੀ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਸੱਸ-ਸਹੁਰਾ ਦੇ ਸਾਰੇ ਕਾਗਜ਼ ਉਸ ਨੂੰ ਫੈਕਸ ਕਰ ਦੇਵੇ, ਉਹ ਅਮਰੀਕਨ ਅੰਮਬੈਸੀ ਨਾਲ ਗੱਲ ਕਰੇ ਗਾ। ਕੁਝ ਦਿਨਾਂ ਬਾਅਦ ਹੀ ਉਹਨਾਂ ਨੂੰ ਵੀਜ਼ਾ ਮਿਲ ਗਿਆ । ਪਰ ਇਕ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਜੇ ਸਬੰਧਿਤ ਐਮ ਪੀ ਨੂੰ ਲੱਗਦਾ ਹੈ ਕਿ ਜਿਹੜੇ ਬੰਦੇ ਸੰਬੰਧੀ ਉਹ ਅੰਮਬੈਸੀ ਨਾਲ ਸੰਪਰਕ ਕਰ ਰਿਹਾ ਹੈ, ਉਹ ਠੀਕ ਹੈ ਤਾਂ ਹੀ ਉਹ ਅਗੇ ਗੱਲ ਕਰਦਾ ਹੈ। ਇਹ ਨਹੀਂ ਕਿ ਆਪਣੀ ਪਾਰਟੀ ਦੇ ਕਿਸੇ ਬੰਦੇ ਜਾ ਹਮਾਇਤੀ ਦੀ ਸਿਫ਼ਾਰਿਸ਼ ਤੇ ਗਲਤ ਬੰਦੇ ਬਾਰੇ ਕਹੇ ਗਾ।
ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਰਹਿੰਦੇ ਹੋਏ ਮੈਂ ਦੇਖਿਆ ਹੈ ਕਿ ਅਸੈਂਬਲੀ ਮੈਂਬਰ ਅਤੇ ਫੈਡਰਲ ਸਰਕਾਰ (ਕੇਂਦਰੀ ਸਰਕਾਰ) ਦੇ ਚੁਣੇ ਹੋਏ ਨੁਮਾਇੰਦੇ ਆਪਣੇ-ਆਪਣੇ ਇਲਾਕੇ ਦੇ ਲੋਕਾਂ ਨੂੰ ਸਮੇਂ-ਸਮੇਂ ਤੇ ਦੋ-ਚਾਰ ਪੰਨਿਆਂ ਦੇ ਨਿਊਜ਼ ਲੈਟਰ ਭੇਜਦੇ ਰਹਿੰਦੇ ਹਨ ਅਤੇ ਆਪਣੇ ਇਲਾਕੇ ਦੇ ਆਮ ਲੋਕਾਂ ਨਾਲ ਸੰਪਰਕ ਵਿਚ ਰਹਿੰਦੇ ਹਨ। ਇਸ ਸਮੇਂ ਮੇਰੇ ਸਾਹਮਣੇ ਰਿਚਮੰਡ (ਬੀ ਸੀ) ਦੇ ਐਮ ਪੀ ਦੇ ਦੋ ਨਿਊਜ਼ ਲੈਟਰ ਪਏ ਹਨ। ਫਰਵਰੀ 2024 ਦੇ ਨਿਊਜ਼ ਲੈਟਰ ਵਿਚ ਐਮ ਪੀ, ਪਰਮ ਬੈਂਸ ਨੇ ਦੱਸਿਆ ਹੈ ਕਿ ਉਸ ਦੇ ਯਤਨਾਂ ਸਦਕਾ ਉਸਦੀ ਪਾਰਟੀ ਦੀ ਫੈਡਰਲ ਸਰਕਾਰ ਵੱਲੋਂ ਉਸਦੇ ਸੰਸਦੀ ਖੇਤਰ ਵਿਚ ਪਿਛਲੇ ਤਿੰਨ ਸਾਲਾਂ ਵਿਚ ਚਾਰ ਸੌ ਮਿਲੀਅਨ ਡਾਲਰਾਂ ਤੋਂ ਵੱਧ ਦਾ ਖਰਚ ਹੋਇਆ ਹੈ। ਇਹ ਰਕਮ ਕਿਹੜੇ-ਕਿਹੜੇ ਖੇਤਰਾਂ ਲਈ ਵਰਤੀ ਗਈ, ਇਸ ਦਾ ਵੇਰਵਾ ਦਿੱਤਾ ਹੋਇਆ ਹੈ। ਪਿਛਲੇ ਸਮੇਂ ਦੌਰਾਨ ਉਸ ਨੇ ਆਪਣੇ ਖੇਤਰ ਦੇ ਕਿਹੜੇ ਸਮਾਗਮਾਂ ਵਿਚ ਸ਼ਿਰਕਤ ਕੀਤੀ, ਉਹਨਾਂ ਦੀਆਂ ਫ਼ੋਟੋਆਂ ਹਨ। ਇਸ ਤੋਂ ਇਲਾਵਾ ਉਸ ਨੇ ਪਾਰਲੀਮੈਂਟ ਮੈਂਬਰ ਹੋਣ ਕਰਕੇ ਉਹ ਆਮ ਲੋਕਾਂ ਦੀ ਕਿਹੜੇ ਮਾਮਲਿਆਂ ਵਿਚ ਮਦਦ ਕਰ ਸਕਦਾ ਹੈ, ਇਸ ਦਾ ਬਿਊਰਾ ਵੀ ਦਿੱਤਾ ਗਿਆ ਹੈ। ਇਹ ਵੀ ਦੱਸਿਆ ਹੈ ਕਿ ਐਮ ਐਲ ਏ ਅਤੇ ਸ਼ਹਿਰ ਦੇ ਸਿਟੀ ਹਾਲ ਦੇ ਮੈਂਬਰ ਲੋਕਾਂ ਦੀ ਕਿਹੜੇ-ਕਿਹੜੇ ਕੰਮ ਲਈ ਸਹਾਇਤਾ ਕਰ ਸਕਦੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੰਬੰਧਿਤ ਕੰਮ ਲਈ ਉਸਦੇ ਦਫਤਰ ਨਾਲ ਸੰਪਰਕ ਕਰਨ। ਸੰਪਰਕ ਕਰਨ ਲਈ ਟੈਲੀਫ਼ੋਨ ਨੰਬਰ, ਈ ਮੇਲ ਆਈ ਡੀ, ਇੰਸਟਾਗਰਾਮ, ਵੈਬਸਾਈਟ ਆਦਿ ਦਾ ਵੇਰਵਾ ਦਿੱਤਾ ਗਿਆ ਹੈ।
ਦੂਜੇ ਨਿਊਜ਼ ਲੈਟਰ ਵਿਚ ਕੈਨੇਡਾ ਦੀ ਕੇਂਦਰੀ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਲਈ ਦੰਦਾਂ ਦੇ ਇਲਾਜ ਲਈ ਨਵੀਂ ਸਕੀਮ ਸੰਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਲੋਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜੇ ਇਸ ਨਵੀਂ ਸਕੀਮ ਸੰਬੰਧੀ ਉਹਨਾਂ ਨੇ ਕੁਝ ਪੁਛ-ਗਿੱਛ ਕਰਨੀ ਹੈ ਤਾਂ ਉਸ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਹੁੰਦੇ ਹਨ ਲੋਕਾਂ ਦੁਆਰਾ ਚੁਣੇ ਗਏ ਪਰਤੀਨਿਧੀਆਂ ਦੇ ਫਰਜ਼। ਕੀ ਅਸੀਂ ਭਾਰਤ ਦੇ ਕਿਸੇ ਵੀ ਐਮ ਐਲ ਏ ਜਾਂ ਐਮ ਪੀ ਤੋਂ ਅਜਿਹੀ ਆਸ ਕਰ ਸਕਦੇ ਹਾਂ? ਇਸ ਵਿਚ ਕਈ ਵਾਰ ਕਸੂਰ ਆਮ ਲੋਕਾਂ ਦਾ ਵੀ ਹੁੰਦਾ ਹੈ। ਬਹੁਤੇ ਲੋਕ ਜਨ ਪਰਤੀਨਿਧੀਆਂ ਕੋਲ ਨੌਕਰੀ ਜਾਂ ਬਦਲੀ ਦੀ ਸਫ਼ਾਰਸ਼ ਕਰਨ ਦੀ ਬੇਨਤੀ ਕਰਨ ਜਾਂਦੇ ਹਨ ਜਾਂ ਪੁਲਿਸ ਤੋਂ ਕੋਈ ਜਾਇਜ਼-ਨਜਾਇਜ਼ ਕੰਮ ਕਰਵਾਉਣ। ਪੱਛਮੀ ਮੁਲਕਾਂ ਵਿਚ ਚੁਣੇ ਹੋਏ ਨੁਮਾਇੰਦੇ ਸਰਕਾਰੀ ਤੰਤਰ ਵਿਚ ਇਸ ਤਰਾਂ ਦੀ ਦਖ਼ਲ ਅੰਦਾਜ਼ੀ ਨਹੀਂ ਕਰਦੇ। ਇਸ ਦਾ ਇਕ ਕਾਰਨ ਹੋਰ ਵੀ ਹੈ ਕਿ ਪੁਲਿਸ ਜਾਂ ਸਰਕਾਰੀ ਦਫ਼ਤਰ ਰਾਜਸੀ ਦਖ਼ਲ ਅੰਦਾਜ਼ੀ ਤੋਂ ਮੁਕਤ ਹਨ।
ਸਾਡੇ ਦੇਸ ਦੀ ਚੋਣ ਪ੍ਰਕਿਰਿਆ ਵੀ ਦੋਸ਼ ਪੂਰਨ ਹੈ। ਸਾਰੀਆਂ ਹੀ ਪਾਰਟੀਆਂ ਬਹੁਤੀ ਵਾਰ ਪੜ੍ਹੇ ਲਿਖੇ ਸੂਝਵਾਨ ਉਮੀਦਵਾਰਾਂ ਦੀ ਥਾਂ ਅਣ ਪੜ੍ਹ, ਚਰਿੱਤਰ ਹੀਨ, ਬਦਮਾਸ਼ ਕਿਸਮ ਦੇ ਲੋਕਾਂ ਨੂੰ ਉਮੀਦਵਾਰ ਬਣਾਉਂਦੇ ਹਨ, ਜੋ ਪੈਸੇ ਦੇ ਸਿਰ ਜਾਂ ਪੋਲਿੰਗ ਬੂਥਾ ਤੇ ਕਬਜ਼ਾ ਕਰ ਕੇ ਜਿੱਤਦੇ ਹਨ। ਸਾਡੀ ਜਨਤਾ ਵੀ ਸੂਝਵਾਨ ਉਮੀਦਵਾਰਾਂ ਦੀ ਜਗਾ ਕਿਸੇ ਖਾਸ ਪਾਰਟੀ, ਖਾਸ ਨੇਤਾ ਪ੍ਰਤੀ ਵਫ਼ਾਦਾਰੀ ਨੂੰ ਮੁਖ ਰੱਖਦੇ ਹਨ। ਇਸੇ ਲਈ ਫ਼ਿਲਮੀ ਐਕਟਰ, ਕਲਾਕਾਰ, ਖਿਡਾਰੀ, ਗਾਇਕ ਆਦਿ ਜੋ ਰਾਜਨੀਤੀ ਦੇ ‘ਓ, ਅ’ ਤੋਂ ਵੀ ਅਣਜਾਣ ਹੁੰਦੇ ਹਨ, ਚੋਣ ਜਿੱਤ ਜਾਂਦੇ ਹਨ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਕਿ ਇਕ ਵਾਰ ਰਾਜੀਵ ਗਾਂਧੀ ਨੇ ਸ੍ਰੀ ਵਾਜਪਾਈ ਵਿਰੁਧ ਅਮਿਤਾਬ ਬਚਨ ਨੂੰ ਖੜਾ ਕਰ ਦਿੱਤਾ। ਸਾਡੀ ਜਨਤਾ ਦਾ ਵੀ ਹਾਲ ਦੇਖ ਲਓ ਕਿ ਵਾਜਪਾਈ ਸਾਹਿਬ ਵਰਗੇ ਸੁਲਝੇ ਹੋਏ ਰਾਜਸੀ ਨੇਤਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਬੀ ਜੇ ਪੀ ਨੇ ਵੀ ਸਮੇਂ-ਸਮੇਂ ਵੱਡੇ-ਵੱਡੇ ਫ਼ਿਲਮੀ ਕਲਾਕਾਰਾਂ ਨੂੰ ਪਾਰਟੀ ਦੇ ਉਮੀਦਵਾਰ ਬਣਾ ਕਰੇ ਲੋਕ ਸਭਾ ਵਿਚ ਭੇਜਿਆ ਹੈ। ਪੰਜਾਬ ਦੇ ਇਕ ਚੋਣ ਹਲਕੇ ਤੋਂ ਤਾਂ ਉਹ ਹਮੇਸ਼ਾ ਫ਼ਿਲਮੀ ਐਕਟਰਾਂ ਦੇ ਸਿਰ ਤੇ ਉਹ ਸੀਟ ਜਿੱਤਦੇ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਐਮ ਪੀ ਬਣਨ ਤੋਂ ਬਾਅਦ ਉਹਨਾਂ ਫ਼ਿਲਮੀ ਸਿਤਾਰਿਆਂ ਨੇ ਆਪਣੇ ਚੋਣ ਹਲਕੇ ਵਿਚ ਕਦਮ ਵੀ ਨਹੀਂ ਪਾਏ। ਦੂਜੀਆਂ ਪਾਰਟੀਆਂ ਵੀ ਇਹੋ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੀਆਂ। ਪੰਜਾਬ ਦੇ ਇਕ ਮਸ਼ਹੂਰ ਗਾਇਕ ਨੂੰ ਕਾਂਗਰਸ ਨੇ ਪਹਿਲਾਂ ਤਾਂ ਅਸੈਂਬਲੀ ਦਾ ਮੈਂਬਰ ਬਣਾਇਆ ਅਤੇ ਬਾਅਦ ਵਿਚ ਉਸ ਨੂੰ ਲੋਕ ਸਭਾ ਦਾ ਮੈਂਬਰ ਵੀ ਬਣਵਾਇਆ। ਇਹ ਵੱਖਰੀ ਗੱਲ ਹੈ ਕਿ ਦੋਵੇਂ ਥਾਂਵਾਂ ਤੇ ਉਸਦੀ ਕਾਰਗੁਜ਼ਾਰੀ ਸੰਬੰਧੀ ਜੇ ਕੁਝ ਨਾ ਹੀ ਕਿਹਾ ਜਾਵੇ ਤਾਂ ਚੰਗਾ ਹੈ। ਪੰਜਾਬ ਦਾ ਇਕ ਹੋਰ ਗਾਇਕ ਪਹਿਲਾਂ ਅਕਾਲੀ ਦਲ ਵੱਲੋਂ, ਅਗਲੀ ਵਾਰ ਕਾਂਗਰਸ ਵੱਲੋਂ ਪਾਰਲੀਮੈਂਟ ਚੋਣਾ ਵਿਚ ਖੜਾ ਹੋਇਆ, ਪਰ ਦੋਵੇਂ ਵਾਰ ਹਾਰ ਗਿਆ। ਤੀਜੀ ਵਾਰ ਬੀ ਜੇ ਪੀ ਵੱਲੋਂ ਚੋਣ ਲੜ ਕੇ ਪਾਰਲੀਮੈਂਟ ਵਿਚ ਪਹੁੰਚਿਆ। ਹੁਣ ਫੇਰ ਉਹ ਚੌਥੀ ਵਾਰੀ ਬੀ ਜੇ ਪੀ ਵੱਲੋਂ ਹੀ ਚੋਣ ਲੜ ਰਿਹਾ ਹੈ। ਉਸ ਦੀ ਕਾਰਗੁਜਾਰੀ ਸੰਬੰਧੀ ਵੀ ਚੁੱਪ ਰਹਿਣਾ ਹੀ ਬਿਹਤਰ ਹੈ। 2024 ਦੀਆਂ ਵਰਤਮਾਨ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਨੇ ਇਕ ਕਲਾਕਾਰ ਨੂੰ ਟਿੱਕਟ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਵੱਲੋਂ ਇਕ ਸਾਬਕੀ ਕ੍ਰਿਕਟ ਖਿਡਾਰੀ ਨੂੰ ਰਾਜ ਸਭਾ ਵਿਚ ਭੇਜਿਆ ਗਿਆ ਹੈ। ਕਿਸੇ ਸਮੇਂ ਅਕਾਲੀ ਦਲ ਦੇ ਇਕ ਪ੍ਰਧਾਨ ਨੇ ਆਪਣੇ ਡਰਾਇਵਰ ਨੂੰ ਵੀ ਐਮ ਪੀ ਬਣਾ ਦਿੱਤਾ ਸੀ। ਸਾਰੇ ਦੇਸ਼ ਵਿਚ ਹੀ ਇਸ ਤਰਾਂ ਚਲ ਰਿਹਾ ਹੈ। ਰਾਜਸੀ ਪੱਖ ਤੋਂ ਕੋਰੇ ਬੰਦਿਆਂ ਨੂੰ ਐਮ ਐਲ ਏ ਜਾਂ ਐਮ ਪੀ ਦੀਆਂ ਚੋਣਾਂ ਲੜਵਾਈਆਂ ਜਾ ਰਹੀਆਂ ਹਨ। । ਕਈ ਐਮ ਪੀ ਅਤੇ ਰਾਜਾਂ ਦੇ ਐਮ ਐਲ ਏ ਅਜਿਹੇ ਹਨ ਜਿੰਨਾ ਵਿਰੁਧ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ। ਇਹ ਕਿਸੇ ਇਕ ਪਾਰਟੀ ਵਿਚ ਨਹੀਂ, ਤਕਰੀਬਨ ਸਾਰੀਆਂ ਹੀ ਪਾਰਟੀਆਂ ਵਿਚ ਹੈ। ਕੀ ਅਜਿਹੇ ਜਨ ਪਰਤੀਨਿਧੀਆਂ ਤੋਂ ਅਸੀਂ ਪੱਛਮੀ ਮੁਲਕਾਂ ਦੇ ਚੁਣੇ ਨੁਮਾਇੰਦਿਆਂ ਵਰਗੇ ਕੰਮਾਂ ਦੀ ਆਸ ਕਰ ਸਕਦੇ ਹਾਂ?

ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ, ਕੈਨੇਡਾ