ਲੜਕੀ ਪੈਦਾ ਹੋਣ ਤੇ ਖੁਸ਼ੀ ਮਨਾਉਂਦਿਆਂ ਫੁੱਲਾਂ ਨਾਲ ਸਜੀ ਗੱਡੀ ਵਿੱਚ ਨਵ ਜੰਮੀ ਬੱਚੀ ਨੂੰ ਘਰ ਲਿਆਂਦਾ

ਬਠਿੰਡਾ, 7 ਜਨਵਰੀ ( ਪੰਜਾਬੀ ਅਖ਼ਬਾਰ ਬਿਊਰੋ) ਲੋਕਾਂ ਦੀ ਆਮ ਧਾਰਨਾ ਤੋੜ ਕੇ ਅੱਜ ਇੱਕ ਗੁਰਸਿੱਖ ਪਰਿਵਾਰ ਨੇ ਘਰ ਵਿੱਚ ਲੜਕੀ ਪੈਦਾ ਹੋਣ ਤੇ ਨਿਰਾਸ਼ ਹੋਣ ਦੀ ਬਜਾਏ ਹਸਪਤਾਲ ਵਿੱਚੋਂ ਫੁੱਲਾਂ ਨਾਲ ਸਜੀ ਗੱਡੀ ਵਿੱਚ ਘਰ ਲਿਆਂਦਾ ਅਤੇ ਘਰ ਆਉਣ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਮੁਹੱਲਾ ਖਟੀਕਾਂ ਵਾਸੀ ਪਰਮਜੀਤ ਸਿੰਘ ਸ਼ਨੀ ਖਾਲਸਾ ਅਤੇ ਉਨ੍ਹਾਂ ਦੀ ਮਾਤਾ ਰਾਣੀ ਕੌਰ ਨੇ ਦੱਸਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚਲਦੇ ਹਨ ਅਤੇ ਪਰਮਾਤਮਾ ਦੇ ਹਰ ਹੁਕਮ ਨੂੰ ਸਿਰ ਮੱਥੇ ਮੰਨਦੇ ਹੋਏ ਉਸ ਦਾ ਸ਼ੁਕਰ ਗੁਜਾਰ ਕਰਦੇ ਹਾਂ।

ਉਨ੍ਹਾਂ ਦੱਸਿਆ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ ਬਲਕਿ ਆਪਣੀ ਪ੍ਰਤਿਭਾ ਦਿਖਾ ਰਹੀਆਂ ਹਨ। ਇਸ ਲਈ ਲੜਕੀਆਂ ਨੂੰ ਕਿਸੇ ਵੀ ਤਰ੍ਹਾਂ ਲੜਕਿਆਂ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ। ਸਾਨੂੰ ਅੱਜ ਲੜਕੀ ਪੈਦਾ ਹੋਣ ਤੇ ਸੋਗ ਨਹੀਂ ਮਨਾਉਣਾ ਚਾਹੀਦਾ ਬਲਕਿ ਖੁਸ਼ੀ ਮਨਾਉਣੀ ਚਾਹੀਦੀ ਹੈ ਸਗੋਂ ਲੜਕੀਆਂ ਨੂੰ ਬਰਾਬਰ ਮੌਕੇ ਦੇ ਕੇ ਉਨ੍ਹਾਂ ਦੀ ਪ੍ਰਤਿਭਾ ਨਿਖਾਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਲੜਕੀ ਦੇ ਨਾਨਾ ਅਵਤਾਰ ਸਿੰਘ ਤੁੰਗਵਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੁੱਗਣੀ ਖੁਸ਼ੀ ਹੈ ਕਿਉਂਕਿ ਆਮ ਕਰਕੇ ਲੜਕੀ ਪੈਦਾ ਹੋਣ ਤੇ ਲੜਕੀ ਦਾ ਸਹੁਰਾ ਪਰਿਵਾਰ ਉਸ ਨਾਲ ਨਫਰਤ ਕਰਨ ਲੱਗ ਪੈਂਦਾ ਹੈ ਪਰ ਇਸ ਪਰਿਵਾਰ ਨੇ ਸਾਡੀ ਲੜਕੀ ਨੂੰ ਭੋਰਾ ਭਰ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਬਲਕਿ ਫੁੱਲਾਂ ਨਾਲ ਗੱਡੀ ਸ਼ਿੰਗਾਰ ਕੇ ਸ਼ਹਿਜ਼ਾਦੀ ਵਾਂਗ ਘਰ ਲਿਆ ਕੇ ਉਸਦਾ ਮਾਣ ਵਧਾਇਆ ਹੈ। ਉਨ੍ਹਾਂ ਪੂਰੇ ਸਮਾਜ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਲੜਕੀਆਂ ਦੇ ਜਨਮ ਤੇ ਸੋਗ ਮਨਾਉਣ ਦੀ ਬਜਾਏ ਖੁਸ਼ੀਆਂ ਮਨਾ ਕੇ ਦੇਖੋ ਤੁਹਾਨੂੰ ਮਾਣ ਮਹਿਸੂਸ ਹੋਵੇਗਾ।