“ਵੱਡੇ-ਭਰਾ ਇਕਬਾਲ ਨੂੰ ਤੀਜੀ ਬਰਸੀ ’ਤੇ ਯਾਦ ਕਰਦਿਆਂ”!!!!!

“ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ-ਕੁ ਦਿਨਾਂ ਦਾ ਮੇਲਾ” ……

“ਸੁੰਨੇਂ ਮਾਪਿਆਂ ਬਿਨਾਂ ਵਿਸ਼ਾਲ-ਵਿਹੜੇ, ਲੱਗਣ ਰੌਣਕਾਂ ਫਿੱਕੀਆਂ ਬਾਝ ਭਾਈਆਂ”

ਸੱਚ ਹੀ ਨਹੀਂ ਆ ਰਿਹਾ ਕਿ ਇਕਬਾਲ ਨੂੰ ਗਿਆਂ ਤਿੰਨ ਸਾਲ ਲੰਘ ਗਏ! ਕੁਦਰਤ ਵੀ ਬੜੀ ਕਾਹਲ਼ੀ ਪੈ ਕੇ ਮੇਰੇ ਵੱਡੇ-ਵੀਰ ਨੂੰ ਛੇਤੀ ਹੀ ਖੋਹ ਕੇ ਲੈ ਗਈ! ਹੁਣ, ਅਕਸਰ ਹੀ ਝਉਲ਼ੇ ਪੈਂਦੇ ਰਹਿੰਦੇ ਹਨ ਕਿ ਜਿਵੇਂ ਉਹ ਮੇਰੇ ਇਰਦ-ਗਿਰਦ ਸਾਵੇਂ ਦਾ ਸਾਵਾਂ ਖੜੋਤਾ ਹੋਵੇ! ਅਤੇ ਆਦਤ ਮੁਤਾਬਿਕ ਨਿੱਕਾ ਜਿਹਾ ਗੱੜਕਵਾਂ-ਖੰਘੂਰਾ ਮਾਰ ਕੇ ਕੁੱਝ ਕਹਿ ਰਿਹਾ ਹੋਵੇ! ਮੈਂਨੂੰ ਸਮਝਾ ਰਿਹਾ ਹੋਵੇ ਕਿ ਓਦਰ ਨਾ ਛੋਟੇ-ਭਾਈ, ਭਾਵੀ ਦੀ ਇਸ ਖੇਡ ’ਚ ਕਿਸੇ ਦੀ ਵੀ ਕੋਈ ਵਾਹ ਨਹੀਂ ਚਲਦੀ! ਅੱਗੋਂ-ਪਿੱਛੋਂ ਹਰ ਇੱਕ ਨੇ ਇਸ ਸੰਸਾਰਕ-ਵਿਹੜੇ ਵਿੱਚ ਪੈਂਦੇ ਹਾਸੇ-ਠੱਠਿਆਂ ਦੇ ਗਿੱਧੇ ’ਚੋਂ, ਆਪਣੀ-ਆਪਣੀ ਬੋਲੀ-ਪਾਉਣ ਦੀ ਵਾਰੀ ਲਾ ਕੇ, ਅੰਤ ਨੂੰ ਘਚਾਨੀ ਦੇ ਕੇ ਅੱਖੋਂ ਓਹਲੇ ਹੋ ਜਾਣੈਂ! ਤੇ ਪਿੱਛੇ ਮਿੱਠੀਆਂ-ਕੌੜੀਆਂ ਯਾਦਾਂ ਦੀ ਗੱਠੜੀ ਛੱਡ ਜਾਣੀ ਹੈ।

ਇਕਬਾਲ ਜਿੰਨਾਂ ਚਿਰ ਜੀਵਿਆ ਬਹੁਤ ਸਾਰੀਆਂ ਵੱਖਰੀਆਂ ਤੇ ਵਿਸ਼ੇਸ਼-ਕਿਸਮ ਦੀਆਂ ਸਦੀਵੀ-ਪੈੜਾਂ ਦੇ ਅਮਿੱਟ-ਨਿਸ਼ਾਨ ਵਾਹ ਗਿਆ। ਸੁਰਤ ਸੰਭਾਲਣ ਤੋਂ ਲੈ ਕੇ ਸਾਹਾਂ ਦੀ ਡੋਰ ਦੇ ਟੁੱਟਣ ਤੱਕ, ਉਹ ਪ੍ਰਗਤੀਸ਼ੀਲ-ਸੰਘਰਸ਼ਾਂ ਵਿੱਚੋਂ ਦੀ ਯੋਧਾ ਬਣਕੇ ਉਭਰਿਆ, ਅਤੇ ਜੀਵਨ ਦੇ ਹਰ ਮੁਹਾਜ਼ ’ਤੇ ਅਣਖੀਲਾ ਜੁਝਾਰੂ-ਪਹਿਰੇਦਾਰ ਬਣ ਕੇ ਡਟਿਆ ਰਿਹਾ।

ਦਾਨਸ਼ਵਰ-ਮਦਦਗੀਰ ਬਣਨ, ਯੋਗ-ਰਹਿਨਮਾਈ ਕਰਨ, ਨੇਕ-ਮਸ਼ਵਰਾ ਦੇਣ, ਅਤੇ ਸੁਆਬ ਦੇ ਕੰਮਾਂ ’ਚ ਸਖੀ-ਮਿਜ਼ਾਜ਼ ਹੋਣ ਦੀ ਉਹਨੂੰ ਹਮੇਸ਼ਾ ਉਤਾਵਲੀ-ਚੇਸ਼ਟਾ ਲੱਗੀ ਰਹਿੰਦੀ। ਫ਼ਰਜ਼ਾਂ ਅਤੇ ਅਸੂਲਾਂ ਨਾਲ਼ ਕਦੇ ਵੀ, ਕਿਸੇ ਵੀ ਹਾਲਤ ਵਿੱਚ, ਕਿਸੇ ਵੀ ਕੀਮਤ ’ਤੇ ਸਮਝੌਤਾ “ਨਾ ਕਰਨ” ਵਰਗੇ ਵਿਲੱਖਣ–ਗੁੱਣ, ਅੰਤਮ ਘੜੀਆਂ ਤੱਕ ਉਹਦੇ ਸੁਭਾਓ ਦੇ ਸ਼ਕ਼ਤੀਸ਼ਾਲੀ-ਅੰਗ ਰਖਿਅਕ ਅਤੇ ਨਿੱਘੇ-ਪ੍ਰੇਮੀਂ ਬਣੇ ਰਹੇ! ਇਕਬਾਲ ਬਹੁ-ਪੱਖੀ ਕਲਾਵਾਂ ਦੇ ਮਿਸ਼ਰਣ ਵਾਲ਼ੀ ਸ਼ਖ਼ਸੀਅਤ ਦਾ ਇਲਮੋਂ-ਫਾਜ਼ਲ ਆਲਮਗ਼ੀਰ ਸੀ। ਉਸ ਦੀਆਂ ਸਾਹਿਤ ਦੇ ਸਾਰੇ ਰੂਪਾਂ ਵਿੱਚ ਪਾਈਆਂ ਬੇ-ਸ਼ੁਮਾਰ ਨਵੀਆਂ ਪਿਰਤਾਂ, ਖਾਸ ਤੌਰ ’ਤੇ “ਪਲ਼ੰਘ-ਪੰਘੂੜਾ” ਕਾਵਿ-ਨਾਟਕ ਨੇ, ਅਦਬੀ-ਸੰਸਾਰ ਵਿੱਚ ਉਹਦੇ ਨਾਮ ਅਤੇ ਸ਼ੈਲੀ ਨੂੰ ਮਾਣ-ਮੱਤਾ ਸਤਿਕਾਰ ਬਖ਼ਸ਼ਿਆ। ਉਹਨੇ ਬਹੁਤ ਸਾਰੀ ਸ਼ਲਾਘਯੋਗ, ਯਥਾਰਥਵਾਦੀ, ਅਤੇ ਤਰਕ਼ਵਾਦੀ-ਕਿਸਮ ਦੀ ਸਾਹਿਤਕ-ਰਚਨਾ ਰਚਕੇ ਪੰਜਾਬੀ ਮਾਂ-ਬੋਲੀ ਦੀ ਝੋਲ਼ੀ ’ਚ ਜੋ ਵੱਡ-ਮੁੱਲਾ ਯੋਗਦਾਨ ਪਾਇਆ ਹੈ, ਉਹ ਉਸਦੇ ਨਾਮ ਨੂੰ ਹਮੇਸ਼ਾ ਜੀਵਤ ਰਖੇਗਾ।

ਇਕਬਾਲ ਸਾਰਥਕ-ਗੁਣਾਂ ਦਾ ਇੱਕ ਅਜਿਹਾ ਸ਼ਾਂਤ-ਵਗਦਾ ਨਿੱਘਾ-ਚਸ਼ਮਾਂ ਸੀ ਕਿ ਜਦੋਂ ਵੀ ਕਿਸੇ ਵੀ ਅਜਨਬੀ, ਮਿੱਤਰ-ਸੱਜਣ ਜਾਂ ਜਾਣ-ਪਹਿਚਾਣ ਵਾਲ਼ੇ ਦੇ ਸੁੰਗੜੇ, ਠਠੰਬਰੇ, ਸਹਿਮੇਂ, ਢੱਠੇ, ਬੌਂਦਲ਼ੇ, ਉਲ਼ਝੇ, ਟੁੰਡ-ਮਰੁੰਡ ਹੋ ਕੇ ਮੁਰਝਾਏ, ਆਕੜੇ, ਅਤੇ ਕਠੋਰ ਬਣਕੇ ਜੰਮੇਂ ਹੋਏ ਜਜ਼ਬਾਤਾਂ, ਖਿਆਲ਼ਾਂ ਤੇ ਚਾਵਾਂ ਦੇ ਮਧੋਲ਼ੇ ਸੁਪਨੇ, ਜਿਉਂ ਹੀ ਉਸ ਦੇ ਉਤਸ਼ਾਹਿਤ ਕਰਨ ਵਾਲ਼ੇ “ਸਲਾਹ-ਰੂਪੀ ਕਿਨਾਰਿਆਂ” ’ਚ ਆਪਣਾ ਪੈਰ ਪਾਉਂਦੇ, ਤਾਂ ਉਹ ਤਰਲ ਬਣਕੇ ਤੁਰਦੇ-ਤੁਰਦੇ ਅੱਠ-ਖੇਲੀਆਂ ਕਰਨ ਲੱਗ ਪੈਂਦੇ। ਅਤੇ ਕੁੱਝ ਨਵਾਂ ਕਰਨ ਦੀ ਠਾਣ ਲੈਂਦੇ!

ਦੂਰਅੰਦੇਸ਼ੀ-ਤਾਂਘ, ਜ਼ਰਖੇਜ਼-ਅਭਿਲਾਸ਼ਾ, ਉਪਜਾਊ-ਰੀਝ, ਉਸਾਰੂ-ਪਹੁੰਚ, ਅਗਾਂਹਵੱਧੂ-ਵਿਆਕੁਲਤਾ, ਨਿੱਗਰ-ਸੋਚ, ਅਤੇ ਲੋੜ-ਵੰਦਾਂ ਲਈ ਤਨੋਂ-ਮਨੋਂ-ਧਨੋਂ ਮਦਦ ਕਰਨ ਦੀ ਜੋਸ਼ੀਲੀ ਤੇ ਅਣਥੱਕ-ਤੜਪ ਉੱਤੇ ‘ਇਕਬਾਲ’ ਦੀ ਅਜਿਹੀ ਮਾਅਰਕੇ ਵਾਲ਼ੀ ਪਕੜ ਸੀ ਕਿ ਉਹ ਜੀਂਦੇ-ਜੀਅ ਆਪਣੇ ਅੰਗਲ਼ੀ-ਸੰਗਲ਼ੀ, ਮਿੱਤਰਾਂ-ਸੱਜਣਾਂ, ਜ਼ਰੂਰਤ-ਮੰਦਾਂ, ਅਤੇ ਵਾਕ਼ਫ਼-ਕਾਰਾਂ ਲਈ ਹੱਲਾ-ਸ਼ੇਰੀ ਦਾ ਭੱਖ਼ਦਾ ਤੇ ਦਗ਼ਦਾ ਹੋਇਆ “ਚਾਨਣ-ਮੁਨਾਰਾ” ਬਣਿਆਂ ਰਿਹਾ। ਇਸ ਤਰ੍ਹਾਂ ਜੋ ਵੀ ਘਬਰਾਇਆ, ਭੜਕਿਆ, ਬੇ-ਚੈਨ, ਉਖੜਿਆ, ਦਿਸ਼ਾ-ਹੀਣ, ਨਿਰਾਸ਼ ਤੇ ਨਿਰਾਸਤਾ ਦੀ ਦੇਗ਼ ’ਚ ਉਬਲ਼ਿਆ ਸੱਜਣ ਇੱਕ ਵਾਰ ਉਹਦੀ “ਗੁਫ਼ਤਗੂ ਰੂਪੀ” “ਸੰਪਰਕ-ਮਿਲਣੀ” ਕਰ ਲੈਂਦਾ, ਤਾਂ ਉਸ ਸਨੇਹੀਂ ਦੀ ਹਫ਼ੜਾ-ਦੱਫ਼ੜੀ ਤੇ ਤ੍ਰਿਭਕੀ-ਦੁਬਿੱਧਾ ਦਾ ਪਾਰਾ ਸ਼ਾਂਤ ਹੋ ਕੇ ਪਿਘਲ਼ ਜਾਂਦਾ। ਅਤੇ ਕਾਹਲ਼ੇਪਣ ਦੀ ਸੋਚ ਦਾ ਡੱਸਿਆ ਉਹ ਵਿਅੱਕਤੀ ਝੱਟ ਦੇਣੇ, ਠਰੰਮੇਂ ਤੇ ਨਰਮੀਂ ਦੀ “ਨਾ-ਬੁੱਝਣੀ- ਚਿਣਗ” ਬਣਕੇ, ਉਸਾਰੂ ਨਿਸ਼ਾਨਿਆਂ ਦੀ ਮਨਜ਼ਿਲ ਵੱਲੀਂ, ਵਹੀਰਾਂ ਘੱਤਣ ਲਈ ਉਤਾਵਲਾ ਹੋ ਕੇ ਜੋਸ਼ੀਲੇ-ਕਦਮ ਪੁਟਣ ਲੱਗ ਪੈਂਦਾ। ਅਗਾਂਹ ਵੱਧਣ ਦੀਆਂ ਉਥਲ਼-ਪੁਥਲ਼ ਹੋ ਕੇ ਜਰਕੀਆਂ-ਕੋਸ਼ਿਸ਼ਾਂ ਦੀਆਂ ਤ੍ਰੇੜਾਂ ਨੂੰ ਹੌਸਲੇ ਦੇ ਸੀਮੈਂਟ ਨਾਲ਼ ਕਿਵੇਂ ਮੁੰਦਣਾ ਹੈ, ਇਸ ਦੀ ਕਾਰੀਗਰੀ ਦਾ ਉਹ ਪਹੁੰਚਿਆ ਹੋਇਆ ਮਿਸਤਰੀ ਸੀ।

ਬੱਸ! ਇਹੀ ਸੀ ਮੇਰੇ “ਬਾਈ ਇਕਬਾਲ” ਦੇ ਆਚਰਣ ਅਤੇ ਸੁਭਾਅ ਦੀ ਵਿਸ਼ੇਸ਼-ਵਿਲੱਖਣਤਾ, ਜਿਸ ਨੂੰ ਮੈਂ ਅਮੂਮਨ ਹਰ-ਰੋਜ਼ ਬੜਾ ਨੇੜਿਓਂ ਹੋ ਕੇ ਮਹਿਸੂਸ ਕਰਦਾ ਰਹਿੰਦਾ। ਅਤੇ ਮਨ ਹੀ ਮਨ ਵਿੱਚ ਉਹਦੀ ਇਸ ਨਿਰਾਲੀ-ਲਗਨ ਪ੍ਰਤੀ ਸ਼ਾਬਾਸ਼ ਦੀਆਂ ਵਾਰਾਂ ਗਾ-ਗਾ ਕੇ ਆਨੰਦ ਲੈਂਣ ਦਾ ਆਦੀ ਹੋ ਗਿਆ ਸੀ। ਉਹਨੇ ਭਾਰਤ ਅਤੇ ਖਾਸ ਕਰਕੇ ਪੰਜਾਬੋਂ ਸੈਂਕੜਿਆਂ ਦੀ ਗਿਣਤੀ ’ਚ ਆਏ ਨਵੇਂ ਵਿਦਿਆਰਥੀਆਂ ਦੀ ਸੁਯੋਗ-ਰਹਿਨਮਾਈ ਕਰਦਿਆਂ, ਆਪਣੇ ਅਕੀਦੇ ਨੂੰ ਕਦੇ ਵੀ ਊਂਗਣ, ਲਿੱਸਾ, ਤੇ ਬੇਹਾ ਨਹੀਂ ਹੋਣ ਦਿੱਤਾ।

ਇਕਬਾਲ ਨੇ ਆਪਣਾ ਸਾਰਾ ‘ਜੀਵਨ’ ਇੱਕ ਖਾਸ-ਨਿਵੇਕਲ਼ੀ ਕਿਸਮ ਦੇ ਜ਼ਬਤ, ਸੰਜਮ, ਅਤੇ ਨੇਮ-ਬੱਧਤਾ ਨੂੰ ਅਧਾਰ ਬਣਾਕੇ ਜਿਉਂਇਆਂ। ਇਸੇ ਲਈ ਅਸੂਲਾਂ ਦੇ ਰੇਸ਼ਮੀਂ-ਧਾਗੇ ਅਤੇ ਸੱਚ ਦੀ ਸੂਈ ਨਾਲ਼ ਸਿਊਂਤੇ ਹੋਏ ਉਹਦੇ ਦਿਰੜ੍ਹ-ਇਰਾਦੇ ਤੇ ਚੇਸ਼ਟਾ ਦੀ ਮੁਹੱਬਤ ਨਾਲ਼ ਦਗ਼-ਦਗ਼ ਕਰਦੇ ਉਹਦੇ ਚੁੰਬਕੀ-ਆਦਰਸ਼, ਜਿੱਥੇ ਵੀ ਅੱੜ ਜਾਂਦੇ ਓਥੋਂ ਝੁੱਕਣਾ ਅਤੇ ਮੁੜਨਾ ਉਹਦੇ ਨਿੱਡਰ, ਅਡੋਲ, ਤੇ ਬੇਬਾਕ ਸੁਭਾਅ ਦਾ ਕਦੇ ਵੀ ਹਿੱਸਾ ਨਾ ਬਣ ਸਕੇ।

ਉਹ ਨਿਧੱੜਕ ਹੋ ਕੇ ਗੱਲ ਕਹਿਣ ਦੀ ਸਮਰੱਥਾ ਅਤੇ ਸਾਹਿਸ ਰਖਣ ਵਾਲ਼ਾ ਵਚਨਬੱਧ ਤਰਕ਼ਵਾਦੀ-ਇਨਸਾਨ ਸੀ। ਜੋ ਵੀ ਸੱਚ ਲਗੇ ਉਹ ਝੱਟ ਮੂੰਹ ਉਤੇ ਹੀ ਕਹਿ ਦੇਣ ਦੀ ਜੁਅਰਤ ਅਤੇ ਦਲੇਰੀ ਕਰਨ ਵਾਲ਼ੀ ਖੁਦ-ਦਾਰ ਪ੍ਰਤਿਭਾ ਦਾ ਦਿਲ-ਦਰਿਆ ਮਾਲਕ ਸੀ। ਉਹ ਢੁੱਕਵਾਂ-ਜੁਵਾਬ ਦੇਣ ਅਤੇ ਉਸਾਰੂ-ਕਿਸਮ ਦੀ ਦਲੀਲ ਭਰਪੂਰ ਗ਼ਿਰਿਆਜ਼ਾਰੀ ਕਰਨ ਵਾਲ਼ਾ ਪਾਬੰਦ ਤੇ ਪਰਪੱਕ-ਤਰਕ਼ਸ਼ੀਲ ਸੀ। ਉਹ ਸਹੀ-ਹੱਕਾਂ ਦਾ ਮੁਦੱਈ ਬਣਕੇ ਕ਼ਲਮ ਨੂੰ ਆਪਣੇ ਵਿਚਾਰਾਂ ਦੀ ਸਹੇਲੀ ਬਣਾਕੇ, ਮੁਦਿਆਂ ਨਾਲ਼ ਹੱਥੋ-ਪਾਈ ਹੋਣ ਵਾਲ਼ਾ ਸਿਰੇ ਦਾ ਸਿਰੜ੍ਹੀ ਜੁਝਾਰੂ-ਸਾਹਿਤਕਾਰ ਸੀ। ਉਸ ਨੇ ਔਖੇ ਤੋਂ ਔਖੇ ਵਕ਼ਤ ਅਤੇ ਵਖ਼ਤ ਵਿੱਚ ਆਪਣੇ ਸਵੈ-ਮਾਣ ਨੂੰ ਕਦੇ ਵੀ ਖੁਰਨ, ਖਿੰਡਰਨ, ਖਿਸਕਣ, ਤਿੜਕਣ, ਗਹਿਣੇ ਜਾਂ ਬੈਅ ਨਹੀਂ ਹੋਣ ਦਿੱਤਾ। ਪ੍ਰੀਵਾਰ ਵਿੱਚੋਂ ‘ਬਾਪੂ ਪਾਰਸ ਜੀ’ ਦੀ ਸਾਹਿਤਕ-ਵਿਰਾਸਤ ਨੂੰ ਸੰਭਾਲ਼ਣ ਅਤੇ ਅੱਗੇ ਤੋਰਨ ਦਾ ਮਾਣ ਸਿਰਫ਼ ਇਕਬਾਲ ਨੂੰ ਹੀ ਮਿਲ਼ਿਆ।

ਉਹ ਮੇਰਾ ਸੁਹਿਰਦ-ਉਸਤਾਦ, ਸੁਘੜ-ਸਲਾਹਕਾਰ, ਤੇ ਸਹੀ ਸੇਧ ਦੇਣ ਵਾਲ਼ਾ ਸੁਯੋਗ-ਸਰਬਰਾਹ ਸੀ। ਆਸੂਲੇ-ਤਾਲੀਮ ਅਤੇ ਅਦਬ-ਖੇਤਰ ਦੀਆਂ ਸੰਵੇਦਨਸ਼ੀਲ-ਬਾਰੀਕੀਆਂ ਨੂੰ ਡੂੰਘਿਆਈ ਨਾਲ਼ ਘੋਖਣ, ਸਮਝਣ, ਤੇ ਉਹਨਾਂ ਦਾ ਚੰਗੀ ਤਰ੍ਹਾਂ ਮੁਤਾਲਿਆ ਕਰਨ ਤੋਂ ਬਾਅਦ, ਸਾਹਿਤ ਦੀ ਰਚਨਾ ਕਰਨਾ ਉਹਦੀ ਤਰਜ਼-ਏ-ਜ਼ਿੰਦਗੀ ਦਾ ਅਹਿਮ-ਹਿੱਸਾ ਬਣਿਆ ਰਿਹਾ। ਉਸ ਦੀਆਂ ਰਚਨਾਵਾਂ ਦੇ ਪਾਠਕ ਉਹਨੂੰ ਇੱਕ ਯਥਾਰਥਵਾਦੀ-ਕਵੀ ਅਤੇ ਵਿਲੱਖਣ ਕਿਸਮ ਦੀ ਸ਼ੈਲੀ ਉੱਤੇ ਬੇ-ਪਨਾਹ ਸ਼ਾਨਾਮੱਤੀ-ਮੁਹਾਰਤ ਰੱਖਣ ਵਾਲ਼ਾ ਪ੍ਰੋੜ, ਤਾਮੀਜ਼-ਦਾਰ ਤੇ ਮਿਸਾਲੀ-ਲੇਖਕ ਹੋਣ ਦਾ ਮਾਣ ਬਖ਼ਸ਼ਦੇ ਹਨ। ਉਹ ਖੂਬਸੂਰਤ ਸੁਰੀਲੀ ਆਵਾਜ਼ ’ਚ ਤਰੱਨਮ ਦੀਆਂ ਬੂੰਦਾਂ ਛਿੜਕ ਕੇ ਮਹਿਫ਼ਲਾਂ ਨੂੰ ਮੁਗਧ ਕਰਨ ਵਾਲ਼ਾ ਕਲਾਕਾਰ ਅਤੇ ਸੁਰ-ਤਾਲ ਤੇ ਲੈਅ ਨੂੰ ਚੰਗੀ ਤਰ੍ਹਾਂ ਸਮਝਣ ਵਾਲ਼ਾ ਸੰਗੀਤਕ-ਰਸੀਆ ਸੀ। ਸੂਝਵਾਨ-ਬੁਲਾਰਾ ਹੋਣ ਦੀ ਸਦਾਚਾਰਕ ਅਤੇ ਸਭਿੱਅਕ-ਸਮਰੱਥਾ ਰੱਖਣ ਦੇ ਨਾਲ਼-ਨਾਲ਼ ਉਹ ਤਰਕ਼ਸ਼ੀਲ-ਸੋਚ ਨੂੰ ਅੰਗ-ਸੰਗ ਰਖਣ ਵਾਲ਼ਾ ਬੁੱਧੀ-ਜੀਵੀਆ ਅਤੇ ਵਿਦਿਅਕ ਮਹਿਕਮੇਂ ਦਾ ਹਰਮਨ-ਪਿਆਰਾ ਤਜਰਬੇਕਾਰ-ਅਧਿਆਪਕ ਵੀ ਸੀ।

ਮੇਰਾ ਵੱਡਾ ਭਰਾ ਇਕਬਾਲ 17 ਜੂਨ 2017 ਵਾਲ਼ੇ ਦਿਨ, 71 ਸਾਲ 3 ਮਹੀਨੇ ਦੀ ਕੋਈ ਬਾਹਲ਼ੀ ਵੱਡੀ-ਉਮਰ ਨਾ ਭੋਗ ਕੇ ਕਿਤੇ ਸਾਹਿਤਕ-ਮਹਿਫ਼ਲਾਂ ’ਚ ਰੰਗ-ਬਿਖੇਰਨ ਦੀਆਂ ਕਲਾ-ਬਾਜ਼ੀਆਂ ਪਾਉਂਦਾ-ਪਾਉਂਦਾ, ਕਿਤੇ ਕ਼ਬੀਲਦਾਰੀ ਦੇ ਬੋਝਲ਼-ਬੋਝ ਨੂੰ ਰੈਲ਼ਾ ਕਰਨ ਲਈ ਹੱਡ-ਭੰਨਵੀਂ ਮੁਸ਼ੱਕ਼ਤ ਕਰਦਾ-ਕਰਦਾ, “ਸਾਵੀਂ-ਚਾਲ ਚੱਲ ਰਹੀ ਖੂਬਸੂਰਤ-ਜ਼ਿੰਦਗੀ” ਦੇ ਹਾਸਿਆਂ ਦੇ ਰਾਹਾਂ ’ਚ ਖਿਲਾਰੇ ਭੱਖਦੇ-ਅੰਗਿਆਰਿਆਂ ਅਤੇ ਵਿਛਾਈਆਂ-ਸੂਲਾਂ ਨੂੰ ਚੁਗਦਿਆਂ-ਚੁਗਦਿਆਂ, ਅੰਤ ਨੂੰ ਇਸ ਜਹਾਨ ਦੇ ਭਰੇ ਮੇਲੇ ’ਚੋਂ ਸਦਾ ਲਈ ਰੁਖ਼ਸਤ ਹੋ ਗਿਆ !!

ਬਾਪੂ ਪਾਰਸ ਜੀ ਨੇ ਸੱਚ ਹੀ ਕਿਹਾ ਹੈ:- 
“ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ-ਕੁ ਦਿਨਾਂ ਦਾ ਮੇਲਾ” ………..ਆਮੀਨ !!!!

ਡਾ: ਰਛਪਾਲ ਗਿੱਲ   ਟੋਰਾਂਟੋ        

          416-669-3434

Exit mobile version