ਸਟੂਡੈਂਟ ਵੀਜ਼ੇ ਉੱਪਰ ਆਇਆ ਅਰਸ਼ਦੀਪ ਸਿੰਘ ਔਰਤਾਂ ਨਾਲ ਛੇੜਛਾੜ ਦੇ ਕਈ ਮਾਮਲਿਆਂ ਵਿੱਚ ਫਸ ਗਿਆ ਹੈ।
ਟੌਰਾਂਟੋ (ਪੰਜਾਬੀ ਅਖ਼ਬਾਰ ਬਿਊਰੋ) ਬਰੈਂਪਟਨ ਵਿੱਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਅਪਹਰਣ ਅਤੇ ਜਿਸਮਾਨੀ ਛੇੜਛਾੜ ਦੇ ਮਾਮਲਿਆਂ ਵਿੱਚ ਗ੍ਰਫਤਾਰ ਕੀਤਾ ਗਿਆ ਹੈ।
ਪੀਲ ਰੀਜਨਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 22 ਸਾਲ ਦੀ ਉਮਰ ਦਾ ਅਰਸ਼ਦੀਪ ਸਿੰਘ ਜੋ ਕਿ ਰਾਈਡ ਸ਼ੇਅਰ ਡਰਾਈਵਰ ਦੇ ਤੌਰ ਆਪਣੀ ਪਛਾਣ ਦੱਸਦਾ ਸੀ ਨੇ ਬਰੈਂਪਟਨ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਕਈ ਔਰਤਾਂ ਨਾਲ ਜਿਸਮਾਨੀ ਛੇੜਛਾੜ ਕੀਤੀ ਹੈ। ਤਿੰਨ ਔਰਤਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿਅਕਤੀ ਵੱਲੋਂ ਔਰਤਾਂ ਨਾਲ ਛੇੜਛਾੜ ਦੇ ਇਹ ਮਾਮਲੇ ਵੱਖ-ਵੱਖ ਥਾਵਾਂ ਤੇ ਕੀਤੇ ਗਏ ਹਨ। ਅਰਸ਼ਦੀਪ ਸਿੰਘ ਨੂੰ 20 ਨਵੰਬਰ ਨੂੰ ਲੰਡਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਉੱਪਰ ਕਈ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ ਨਿਕ ਲੀਨੋਵਿਕ ਨੇ ਆਖਿਆ ਕਿ ਇਸ ਵਿਅਕਤੀ ਦੀਆਂ ਸ਼ਿਕਾਰ ਹੋਰ ਔਰਤਾਂ ਵੀ ਹੋ ਸਕਦੀਆਂ ਹਨ। ਇਸ ਕਰਕੇ ਜਿਨਾਂ ਨਾਲ ਵੀ ਇਸ ਵਿਅਕਤੀ ਨੇ ਕੋਈ ਗਲਤ ਕਾਰਾ ਕੀਤਾ ਹੈ ਤਾਂ ਉਹ ਸਾਹਮਣੇ ਆਉਣ। ਪੁਲਿਸ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਸਾਲ 2022 ਦੇ ਦਸੰਬਰ ਮਹੀਨੇ ਵਿੱਚ ਸਟੂਡੈਂਟ ਵੀਜ਼ੇ ਤੇ ਕੈਨੇਡਾ ਆਇਆ ਸੀ।